ਮਾਨਸਾ ਕੈਬਨਿਟ ਮੀਟਿੰਗ ‘ਚ ਸਰਕਾਰ ਨੇ ਲਏ ਅਹਿਮ ਫ਼ੈਸਲੇ, 19-20 ਜੂਨ ਨੂੰ ਹੋਵੇਗਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ | Video

Vidhan Sabha

ਕਰੀਬ 14 ਹਜ਼ਾਰ ਅਧਿਆਪਕਾਂ ਨੂੰ ਪੱਕੇ ਕਰਨ ਸਮੇਤ ਹੋਰ ਫੈਸਲਿਆਂ ’ਤੇ ਲੱਗੇਗੀ ਮੋਹਰ

  • ਮਾਨਸਾ ’ਚ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ’ਚ ਲਿਆ ਫੈਸਲਾ | Vidhan Sabha

ਮਾਨਸਾ (ਸੁਖਜੀਤ ਮਾਨ)। ਪੰਜਾਬ ਸਰਕਾਰ ਵੱਲੋਂ 19-20 ਜੂਨ ਨੂੰ ਵਿਧਾਨ ਸਭਾ (Vidhan Sabha) ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇਗਾ ਜਿਸ ’ਚ ਅੱਜ ਹੋਈ ਕੈਬਨਿਟ ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ’ਤੇ ਮੋਹਰ ਲਗਾਈ ਜਾਵੇਗੀ। ਇਹ ਜਾਣਕਾਰੀ ਅੱਜ ਇੱਥੇ ਬੱਚਤ ਭਵਨ ’ਚ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਮਗਰੋਂ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਿੱਤੀ।

ਪ੍ਰੈੱਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਜੋ ਅਧਿਆਪਕ ਪਿਛਲੇ 10 ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ ਪਰ ਰੈਗੂਲਰ ਨਹੀਂ, ਜਿੰਨ੍ਹਾਂ ਦੀ ਗਿਣਤੀ 7902 ਹੈ ਅਤੇ 6337 ਅਜਿਹੇ ਕੱਚੇ ਅਧਿਆਪਕ ਜਿੰਨ੍ਹਾਂ ਦੀ 10 ਸਾਲ ਦੀ ਸਰਵਿਸ ਟੁੱਟਵੀਂ ਹੈ, ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇਗਾ। ਇਨ੍ਹਾਂ ਸਾਰੇ ਅਧਿਆਪਕਾਂ ਦੀ ਗਿਣਤੀ 14239 ਹੈ, ਜਿੰਨ੍ਹਾਂ ਨੂੰ ਇਹ ਫੈਸਲਾ ਰਾਹਤ ਦੇਵੇਗਾ। ਚਿੱਟ ਫੰਡ ਕੰਪਨੀਆਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਲੋਕਾਂ ਨਾਲ ਠੱਗੀਆਂ ਮਾਰਨ ਵਾਲੀਆਂ ਅਜਿਹੀਆਂ ਕੰਪਨੀਆਂ ਬਾਰੇ ਐਕਟ ’ਚ ਸੋਧ ਕਰਕੇ 10 ਸਾਲ ਦੀ ਸਖਤ ਸਜ਼ਾ ਦਾ ਫੈਸਲਾ ਲਿਆ ਗਿਆ ਹੈ।

ਇਸ ਤੋਂ ਇਲਾਵਾ ਪੰਚਾਇਤਾਂ ਅਤੇ ਨਗਰ ਨਿਗਮਾਂ ਦੀ ਵਿੱਤ ਕਮਿਸ਼ਨ ਰਿਪੋਰਟ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸੜਕਾਂ ਅਤੇ ਖੇਤਾਂ ’ਚ ਘੁੰਮਦੇ ਬੇਸਹਾਰਾ ਪਸ਼ੂਆਂ ਦੇ ਹੱਲ ਲਈ ਵੀ ਕੈਬਨਿਟ ’ਚ ਵਿਚਾਰ ਚਰਚਾ ਕੀਤੀ ਗਈ। ਇਸ ਮੁੱਦੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਉਹ ਚਾਹੁੰਦੇ ਹਨ ਕਿ ਕਿਸੇ ਵੀ ਵਿਅਕਤੀ ਦੀ ਬੇਸਹਾਰਾ ਪਸ਼ੂਆਂ ਦੇ ਕਾਰਨ ਹਾਦਸੇ ’ਚ ਜਾਨ ਨਾ ਜਾਵੇ ਇਸ ਲਈ ਉਹ ਇਸ ਮੁੱਦੇ ਨੂੰ ਪੂਰੀ ਗੰਭੀਰਤਾ ਨਾਲ ਲੈਂਦੇ ਹੋਏ ਇਸ ’ਤੇ ਕੰਮ ਕਰਨਗੇ।

ਬੇਸਹਾਰਾ ਪਸ਼ੂ ਕਾਰਨ ਹੋਈ ਮੌਤ ‘ਤੇ ਪਰਿਵਾਰ ਨੂੰ 5 ਲੱਖ ਰੁਪਏ

‘ਸੱਚ ਕਹੂੰ’ ਦੇ ਇਸ ਪੱਤਰਕਾਰ ਵੱਲੋਂ ਪੁੱਛੇ ਸਵਾਲ ਦੇ ਜਵਾਬ ’ਚ ਭਗਵੰਤ ਮਾਨ ਨੇ ਦੱਸਿਆ ਕਿ ਜੇਕਰ ਕਿਸੇ ਦੀ ਬੇਸਹਾਰਾ ਪਸ਼ੂ ਕਾਰਨ ਵਾਪਰੇ ਹਾਦਸੇ ’ਚ ਜਾਨ ਜਾਂਦੀ ਹੈ ਤਾਂ ਉਸਦੇ ਪਰਿਵਾਰ ਨੂੰ 5 ਲੱਖ ਰੁਪਏ ਵਿੱਤੀ ਸਹਾਇਤਾ ਦਿੱਤੀ ਜਾਵੇਗੀ, ਜੋ ਇਸ ਤੋਂ ਪਹਿਲਾਂ 1 ਲੱਖ ਰੁਪਏ ਸੀ। ਭਗਵੰਤ ਮਾਨ ਨੇ ਨਾਲ ਹੀ ਕਿਹਾ ਕਿ ਸਰਕਾਰ ਚਾਹੁੰਦੀ ਹੈ ਕਿ 5 ਲੱਖ ਰੁਪਏ ਵਿੱਤੀ ਸਹਾਇਤਾ ਦੀ ਥਾਂ ਬੇਸਹਾਰਾ ਪਸ਼ੂਆਂ ਦਾ ਪੱਕਾ ਹੱਲ ਕੀਤਾ ਜਾਵੇ। ਇਸ ਤੋਂ ਇਲਾਵਾ ਕੁੱਝ ਹੋਰ ਮੁੱਦੇ ਵੀ ਕੈਬਨਿਟ ’ਚ ਵਿਚਾਰੇ ਗਏ ।

ਇਹ ਵੀ ਪੜ੍ਹੋ : ਲੁਧਿਆਣਾ ’ਚ ਹੋਈ ਕਰੋੜਾਂ ਦੀ ਲੁੱਟ, ਲੁਟੇਰੇ ਵੈਨ ਲੈ ਕੇ ਫਰਾਰ