ਧਰਤੀ ਦਿਵਸ ’ਤੇ ਵਿਸ਼ੇਸ਼
ਧਰਤੀ ਨੂੰ ਨੁਕਸਾਨ ਪਹੁੰਚਾਉਣ ਵਾਲੇ ਵੱਖ-ਵੱਖ ਮੁੱਦਿਆਂ ਅਤੇ ਵਾਤਾਵਰਨ ਦੀ ਸੰਭਾਲ ਦੇ ਯਤਨਾਂ ਨੂੰ ਸਥਿਰ ਕਰਨ ਲਈ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 22 ਅਪਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ। ਮਿੱਟੀ, ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਬਾਰੇ ਵਧ ਰਹੀ ਚਿੰਤਾ ਨੂੰ ਉਜਾਗਰ ਕਰਨ ਲਈ ਪਹਿਲਾ ਧਰਤੀ ਦਿਵਸ ਸਾਲ 1970 ਵਿੱਚ ਮਨਾਇਆ ਗਿਆ। Earth Day
ਇਸ ਵਾਰ ਤਪਸ਼ ਅਪਰੈਲ ਵਿੱਚ ਹੀ ਆ ਗਈ। ਧਰਤੀ ਦੀ ਤਪਸ਼ ਦਿਨੋ-ਦਿਨ ਵਧ ਰਹੀ ਹੈ। ਮੌਸਮ ਬਦਲ ਰਹੇ ਹਨ। ਬਹੁਤ ਹਵਾ ਦੀਆਂ ਬਿਮਾਰੀਆਂ ਵਧ ਰਹੀਆਂ ਹਨ। ਧਰਤੀ ਉੱਤੇ ਜੀਵਨ ਦੁਰਲੱਭ ਹੁੰਦਾ ਜਾ ਰਿਹਾ ਹੈ। ਅਸੀਂ ਆਪਣੇ ਵਾਤਾਵਰਨ ਨੂੰ ਬਹੁਤ ਆਸਾਨ ਢੰਗ ਨਾਲ ਧਰਤੀ ’ਤੇ ਹਰ ਵਿਅਕਤੀ ਦੁਆਰਾ ਚੁੱਕੇ ਗਏ ਕਦਮਾਂ ਨਾਲ ਬਚਾ ਸਕਦੇ ਹਾਂ। ਸਾਨੂੰ ਕੂੜੇ ਦੀ ਮਾਤਰਾ ਨੂੰ ਘਟਾਉਣਾ ਚਾਹੀਦਾ ਹੈ, ਕੂੜੇ ਨੂੰ ਸਹੀ ਜਗ੍ਹਾ ’ਤੇ ਸੁੱਟਣਾ ਚਾਹੀਦਾ ਹੈ। ਪੌਲੀ ਬੈਗ ਦੀ ਵਰਤੋਂ ਬੰਦ ਕਰਨੀ ਚਾਹੀਦੀ ਹੈ। ਪਾਣੀ ਦੀ ਬਰਬਾਦੀ, ਊਰਜਾ ਦੀ ਸੰਭਾਲ, ਬਿਜਲੀ ਦੀ ਘੱਟ ਵਰਤੋਂ ਕਰਨੀ ਚਾਹੀਦੀ ਹੈ। ਮੇਰੇ ਅਨੁਸਾਰ ਅੱਜ ਕੋਰੋਨਾ ਇਨਸਾਨ ਨੂੰ ਇਹੀ ਸਿੱਖਿਆ ਦੇ ਰਿਹਾ ਹੈ ਕਿ ਐ ਇਨਸਾਨ ਜੇ ਤੂੰ ਆਪਣੀ ਹੋਂਦ ਨੂੰ ਕਾਇਮ ਰੱਖਣਾ ਹੈ ਤਾਂ ਕੁਦਰਤ ਨਾਲ ਖਿਲਵਾੜ ਨਾ ਕਰ
ਆਓ! ਧਰਤੀ ਦੀ ਹੋਂਦ ਨੂੰ ਬਚਾਉਣ ਲਈ ਰੁੱਖ ਕੱਟਣ ਦੀ ਬਜਾਏ ਵੱਧ ਤੋਂ ਵੱਧ ਰੁੱਖ ਲਾਈਏ। ਕੁਦਰਤ ਨਾਲ ਇੱਕਮਿੱਕ ਹੋਈਏ। ਧਰਤੀ ਦਿਵਸ ਮਨਾਉਣ ਲਈ ਯਤਨ ਕਰੀਏ ਅੱਜ ਵਿਸ਼ਵ ਭਰ ਦੇ ਵਿਗਿਆਨੀ ਵਾਤਾਵਰਨ ਵਿਚ ਹੋ ਰਹੇ ਬਦਲਾਅ ਨੂੰ ਲੈ ਕੇ ਬੇਹੱਦ ਚਿੰਤਤ ਹਨ। ਜਿਸ ਤਰ੍ਹਾਂ ਅਸੀਂ ਡਾਇਨਾਸੋਰ, ਵੱਡੇ ਦੰਦਾਂ ਵਾਲੇ ਹਾਥੀ ਸਮੇਤ ਹੋਰ ਬਹੁਤ ਸਾਰੇ ਜਾਨਵਰਾਂ ਬਾਰੇ ਕਿਤਾਬਾਂ ਵਿਚ ਹੀ ਪੜ੍ਹਿਆ ਜਾਂ ਸੁਣਿਆ ਹੈ। ਓਵੇਂ ਹੀ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਘਰ ਦੇ ਵਿਹੜੇ ਵਿਚ ਚਹਿਚਹਾਉਣ ਵਾਲੀਆਂ ਚਿੜੀਆਂ, ਫੁੱਲਾਂ ’ਤੇ ਮੰਡਰਾਉਂਦੀਆਂ ਰੰਗ-ਬਿਰੰਗੀਆਂ ਤਿਤਲੀਆਂ, ਭੌਰੇ, ਪਰਾਗ਼ ਨਾਲ ਸ਼ਹਿਦ ਬਣਾਉਂਦੀਆਂ ਮਧੂ ਮੱਖੀਆਂ, ਦਾਣੇ ਲਿਜਾਂਦੀਆਂ ਕੀੜੀਆਂ ਅਤੇ ਚੀਤੇ ਵਰਗੀਆਂ ਪ੍ਰਜਾਤੀਆਂ ਬਾਰੇ ਕਿਤਾਬਾਂ ਜ਼ਰੀਏ ਜਾਣ ਸਕਣਗੀਆਂ।
ਇਸ ਲਈ ਧਰਤੀ ਦੀ ਸੰਭਾਲ ਲਈ ਬਹੁਤ ਕੁੱਝ ਕਰਨ ਦੀ ਲੋੜ ਹੈ। ਧਰਤੀ ਦੇ ਤਾਪਮਾਨ ਵਿਚ ਦਿਨੋ-ਦਿਨ ਵਾਧਾ ਹੁੰਦਾ ਜਾ ਰਿਹਾ ਹੈ। ਗਲੇਸ਼ੀਅਰ ਪਿਘਲ ਰਹੇ ਹਨ ਅਤੇ ਸਮੁੰਦਰ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ। ਜਿਸ ਨਾਲ ਸਮੁੱਚੀ ਕੁਦਰਤ ਦੀ ਹੋਂਦ ਲਈ ਸੰਕਟ ਖੜ੍ਹਾ ਹੁੰਦਾ ਜਾ ਰਿਹਾ ਹੈ। ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਕਾਰਨ ਵਾਯੂਮੰਡਲ ਵਿਚ ਗੈਸਾਂ ਦਾ ਸੰਤੁਲਨ ਵਿਗੜ ਗਿਆ ਹੈ। ਜਿਸ ਨਾਲ ਫ਼ਸਲੀ ਚੱਕਰ ਗੜਬੜਾ ਗਿਆ ਹੈ ਅਤੇ ਧਰਤੀ ਦੀ ਉਪਜਾਊ ਸ਼ਕਤੀ ਘੱਟ ਹੋ ਗਈ ਹੈ। ਸਭ ਤੋਂ ਵੱਡੀ ਗੱਲ ਹੈ ਜੈਵ ਵਿਭਿੰਨਤਾ ’ਤੇ ਮੰਡਰਾ ਰਿਹਾ ਖ਼ਤਰਾ ਅੱਜ ਹਜ਼ਾਰਾਂ ਕਿਸਮ ਦੇ ਪੰਛੀ, ਥਣਧਾਰੀ ਅਤੇ ਕੀਟ-ਪਤੰਗੇ ਅਲੋਪ ਹੋ ਰਹੇ ਹਨ ਜਾਂ ਫਿਰ ਅਲੋਪ ਹੋਣ ਕਿਨਾਰੇ ਪੁੱਜ ਗਏ ਹਨ।
ਇੱਕ ਅਧਿਐਨ ਮੁਤਾਬਕ ਵਿਸ਼ਵ ਭਰ ਵਿਚ ਕੀਟਾਂ ਦੀ ਗਿਣਤੀ ਹਰ ਸਾਲ 2.5 ਫ਼ੀਸਦੀ ਘੱਟ ਹੋ ਰਹੀ ਹੈ। ਕੀਟ-ਪਤੰਗਿਆਂ ਦਾ ਘੱਟ ਹੋਣਾ ਪਾਰਿਸਥਿਤਕ (ਈਕੋਲਾਜੀ) ਤੰਤਰ ਲਈ ਘਾਤਕ ਹੈ ਕਿਉਂਕਿ ਪਾਰਿਸਥਿਤਕ ਤੰਤਰ ਅਤੇ ਖਾਧ ਲੜੀ ਦੇ ਸੰਤੁਲਨ ਲਈ ਕੀਟ-ਪਤੰਗੇ ਬਹੁਤ ਜ਼ਰੂਰੀ ਹਨ। ਉਹ ਪੌਦਿਆਂ ਅਤੇ ਫ਼ਸਲਾਂ ਨੂੰ ਪਰਾਗਿਤ ਕਰਦੇ ਹਨ। ਕਚਰੇ ਨੂੰ ਰੀਸਾਈਕਲ ਕਰਦੇ ਹਨ ਤੇ ਖ਼ੁਦ ਦੂਜਿਆਂ ਦੇ ਭੋਜਨ ਪੈਦਾ ਕਰਨ ਦਾ ਸਰੋਤ ਹੁੰਦੇ ਹਨ।
ਜੇਕਰ ਭਾਰਤ ਦੀ ਗੱਲ ਕਰੀਏ ਤਾਂ ਇੱਥੇ ਕਈ ਜਾਨਵਰਾਂ ਦੀਆਂ ਪ੍ਰਜਾਤੀਆਂ ’ਤੇ ਅਲੋਪ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ ਜਿਨ੍ਹਾਂ ਵਿਚ ਇੱਕ ਸਿੰਗ ਵਾਲਾ ਗੈਂਡਾ, ਨੀਲਗਿਰੀ, ਬੰਗਾਲੀ ਟਾਈਗਰ, ਏਸ਼ੀਆਈ ਸ਼ੇਰ, ਕਾਲਾ ਹਿਰਨ, ਕਸ਼ਮੀਰੀ ਹਿਰਨ, ਲਾਇਨ ਟੇਲਡ ਮੈਕਾਕ, ਹਿਮ ਤੇਂਦੂਆ, ਡਾਲਫਿਨ, ਵੇਲ੍ਹ, ਫਿਸ਼ਿੰਗ ਕੈਟ, ਲਾਲ ਪਾਂਡਾ, ਕੱਛੂ, ਬੰਗਾਲ ਫਲੋਰੀਕਨ, ਚਿੱਟੀ ਗਿੱਧ, ਕਾਲਾ ਕਾਂ, ਕਠਫੋੜਾ, ਸਾਰਸ, ਚਿੜੀ ਅਤੇ ਕੋਇਲ ਆਦਿ ਪ੍ਰਜਾਤੀਆਂ ਦੇ ਨਾਂਅ ਸ਼ਾਮਲ ਹਨ। ਜੇਕਰ ਵਿਸ਼ਵ ਭਰ ਵਿਚ ਅਲੋਪ ਹੋਣ ਕੰਢੇ ਪੁੱਜੀਆਂ ਪ੍ਰਜਾਤੀਆਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਵਿਚ ਸਾਈਗਾ ਹਿਰਨ, ਧਰੁਵੀ ਭਾਲੂ, ਫਿਲੀਪੀਨਸ ਈਗਲ, ਲੰਬੇ ਨੱਕ ਵਾਲਾ ਬਾਂਦਰ, ਸਨਬ ਨੋਜ਼ਡ ਮੰਕੀ, ਜੁਗਨੂੰ, ਪਾਈਡ ਟੈਮੇਰਿਨ, ਟ੍ਰੀ ਪੈਂਗੋਲਿਨ, ਅਫ਼ਰੀਕੀ ਹਾਥੀ, ਦਰਿਆਈ ਘੋੜਾ, ਗੋਲਡਨ ਨੋਜ਼ਡ ਮੰਕੀ, ਸੀ ਏਂਜਲਸ, ਪੱਛਮੀ ਤਰਾਈ ਗੋਰਿੱਲਾ ਆਦਿ ਦੇ ਨਾਂਅ ਸ਼ਾਮਲ ਹਨ ਜੋ ਅਲੋਪ ਹੋਣ ਕੰਢੇ ਪੁੱਜੀਆਂ ਹੋਈਆਂ ਹਨ।
ਸੋ ਇਸ ਸਭ ਤੋਂ ਬਾਖ਼ੂਬੀ ਅੰਦਾਜ਼ਾ ਲਾਇਆ ਜਾ ਸਕਦਾ ਕਿ ਧਰਤੀ ’ਤੇ ਕੁੱਝ ਵੀ ਠੀਕ ਨਹੀਂ ਚੱਲ ਰਿਹਾ। ਜੇਕਰ ਇਸੇ ਰਫ਼ਤਾਰ ਨਾਲ ਧਰਤੀ ਨੂੰ ਪ੍ਰਦੂਸ਼ਿਤ ਕੀਤੇ ਜਾਣ ਦਾ ਸਿਲਸਿਲਾ ਜਾਰੀ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਰਹਿੰਦੀਆਂ-ਖੂੰਹਦੀਆਂ ਇਹ ਪ੍ਰਜਾਤੀਆਂ ਵੀ ਧਰਤੀ ਤੋਂ ਅਲੋਪ ਹੋ ਜਾਣਗੀਆਂ ਲਗਾਤਾਰ ਵਧ ਰਹੇ ਪ੍ਰਦੂਸ਼ਣ ਅਤੇ ਤਾਪਮਾਨ ਮਗਰੋਂ ਜਾਨਵਰਾਂ, ਪੰਛੀਆਂ ਤੇ ਹੋਰ ਜੀਵ-ਜੰਤੂਆਂ ਦੀਆਂ ਪ੍ਰਜਾਤੀਆਂ ਦਾ ਅਲੋਪ ਹੋਣਾ ਮਨੁੱਖ ਲਈ ਖ਼ਤਰੇ ਦੀ ਘੰਟੀ ਹੈ ਜੇਕਰ ਹੁਣ ਵੀ ਨਾ ਸੰਭਲੇ ਤਾਂ ਬਹੁਤ ਜਲਦ ਇਸ ਧਰਤੀ ਦਾ ਸਰਵਨਾਸ਼ ਹੋਣਾ ਤੈਅ ਹੈ ਸੋ ਆਓ! ਅੱਜ ਧਰਤ ਦਿਵਸ ਮੌਕੇ ਧਰਤੀ ਮਾਤਾ ਦੀ ਸਾਂਭ-ਸੰਭਾਲ ਕਰਨ ਦਾ ਪ੍ਰਣ ਲਈਏ।
ਡਾ. ਵਨੀਤ ਕੁਮਾਰ ਸਿੰਗਲਾ
ਬੁਢਲਾਡਾ, ਮਾਨਸਾ
ਮੋ. 84278-77224
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ