ਸੁਖਪਾਲ ਖਹਿਰਾ ਨੇ ਮੰਗਿਆ 23 ਤੱਕ ਦਾ ਸਮਾਂ, ਅਮਰਜੀਤ ਸੰਦੋਆ ਨਹੀਂ ਹੋਣਗੇ ਪੇਸ਼
ਚੰਡੀਗੜ੍ਹ,(ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ ਤੋਂ ਬਗਾਵਤ ਕਰਨ ਵਾਲੇ ਪੰਜਾਬ ਦੇ ਤਿੰਨ ਵਿਧਾਇਕ ਤਲਬ ਕੀਤੇ ਜਾਣ ਦੇ ਬਾਵਜੂਦ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਪੇਸ਼ ਨਹੀਂ ਹੋਣਗੇ। ਆਪਣੀ ਵੱਖਰੀ ਸਿਆਸੀ ਪਾਰਟੀ ਬਣਾਉਣ ਵਾਲੇ ਸੁਖਪਾਲ ਖਹਿਰਾ ਨੇ ਚੋਣਾਂ ਦੇ ਨਤੀਜੇ ਤੱਕ ਦਾ ਸਮਾਂ ਮੰਗ ਲਿਆ ਹੈ ਤੇ ਰੂਪ ਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਤਲਬ ਕਰਨ ਵਾਲਾ ਨੋਟਿਸ ਹੀ ਨਾ ਮਿਲਣ ਦਾ ਬਹਾਨਾ ਮਾਰ ਦਿੱਤਾ ਹੈ, ਜਦੋਂ ਕਿ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆ ਦੇ ਮਾਤਾ ਬਿਮਾਰ ਹਨ, ਜਿਸ ਕਾਰਨ ਉਹ ਪੇਸ਼ ਨਹੀਂ ਹੋਣਗੇ।
ਜਾਣਕਾਰੀ ਅਨੁਸਾਰ ਸੁਖਪਾਲ ਖਹਿਰਾ ਪਿਛਲੇ ਸਾਲ ਆਪਣੀ ਪੰਜਾਬ ਏਕਤਾ ਪਾਰਟੀ ਬਣਾਉਂਦੇ ਹੋਏ ਲੋਕ ਸਭਾ ਚੋਣਾਂ ਵਿੱਚ ਖ਼ੁਦ ਚੋਣ ਮੈਦਾਨ ਵਿੱਚ ਉੱਤਰੇ ਹੋਏ ਹਨ। ਖਹਿਰਾ ਵੱਲੋਂ ਸਿਆਸੀ ਪਾਰਟੀ ਬਣਾਉਣ ਤੋਂ ਤੁਰੰਤ ਬਾਅਦ ਹੀ ਆਮ ਆਦਮੀ ਪਾਰਟੀ ਨੇ ਖਹਿਰਾ ਖ਼ਿਲਾਫ਼ ਸਪੀਕਰ ਰਾਣਾ ਕੇ.ਪੀ. ਸਿੰਘ ਨੂੰ ਸ਼ਿਕਾਇਤ ਕਰ ਦਿੱਤੀ ਸੀ, ਜਿਸ ਤੋਂ ਬਾਅਦ ਲਗਾਤਾਰ ਖਹਿਰਾ ਨੂੰ ਨੋਟਿਸ ਜਾ ਰਹੇ ਹਨ ਪਰ ਅਜੇ ਤੱਕ ਉਹ ਇੱਕ ਵਾਰੀ ਵੀ ਪੇਸ਼ ਨਹੀਂ ਹੋਏ ਹਨ।
ਹੁਣ ਤਾਜ਼ਾ ਨੋਟਿਸ ਜਾਰੀ ਕਰਦੇ ਹੋਏ ਸੁਖਪਾਲ ਖਹਿਰਾ ਨੂੰ 21 ਮਈ ਲਈ ਵਿਧਾਨ ਸਭਾ ਸਕੱਤਰੇਤ ਵਿਖੇ ਸਵੇਰੇ 11 ਵਜੇ ਤਲਬ ਕੀਤਾ ਹੋਇਆ ਹੈ ਪਰ ਖਹਿਰਾ ਨੇ ਅੱਜ ਹੀ ਲਿਖਤੀ ਰੂਪ ਵਿੱਚ ਵਿਧਾਨ ਸਭਾ ਨੂੰ ਭੇਜ ਦਿੱਤਾ ਹੈ ਕਿ ਉਹ ਬਠਿੰਡਾ ਲੋਕ ਸਭਾ ਹਲਕੇ ਵਿੱਚ ਹਨ ਅਤੇ ਨਤੀਜੇ ਆਉਣ ਤੋਂ ਬਾਅਦ ਹੀ ਉਹ ਪੇਸ਼ ਹੋ ਸਕਣਗੇ। ਮਾਨਸਾ ਤੋਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਆਪਣਾ ਅਸਤੀਫ਼ਾ ਦੇ ਚੁੱਕੇ ਨਾਜ਼ਰ ਸਿੰਘ ਮਾਨਸ਼ਾਹੀਆ ਨੂੰ ਨਿੱਜੀ ਤੌਰ ‘ਤੇ ਪੇਸ਼ ਹੋਣ ਲਈ ਨੋਟਿਸ ਭੇਜਿਆ ਹੋਇਆ ਹੈ। ਨਾਜ਼ਰ ਸਿੰਘ ਨੇ ਵੀ ਅੱਜ 21 ਮਈ ਨੂੰ ਪੇਸ਼ ਹੋਣਾ ਹੈ ਪਰ ਉਨ੍ਹਾਂ ਸ਼ਾਇਦ ਹੀ ਪੇਸ਼ ਹੋਣਗੇ, ਕਿਉਂਕਿ ਉਨ੍ਹਾਂ ਦੀ ਮਾਤਾ ਦੀ ਸਿਹਤ ਠੀਕ ਨਹੀਂ ਹੈ।
ਨਾਜ਼ਰ ਸਿੰਘ ਮਾਨਸਾਹੀਆ ਦਾ ਕਹਿਣਾ ਹੈ ਕਿ ਫਿਲਹਾਲ ਪੇਸ਼ ਹੋਣ ਜਾਂ ਫਿਰ ਨਹੀਂ ਹੋਣ ਦਾ ਕੋਈ ਪ੍ਰੋਗਰਾਮ ਨਹੀਂ ਹੈ। ਉਨਾਂ ਦੀ ਮਾਤਾ ਜੀ ਠੀਕ ਨਹੀਂ ਹਨ ਅਤੇ ਜੇਕਰ ਸਿਹਤ ਠੀਕ ਰਹੀਂ ਤਾਂ ਜਰੂਰ ਪੇਸ਼ ਹੋਣਗੇ ਪਰ ਅਜੇ ਕੋਈ ਪੱਕਾ ਪ੍ਰੋਗਰਾਮ ਨਹੀਂ ਦੱਸ ਸਕਦੇ ਹਨ।
ਇਥੇ ਹੀ ਰੂਪ ਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਕਾਂਗਰਸ ਵਿੱਚ ਤਾਂ ਸ਼ਾਮਲ ਹੋ ਚੁੱਕੇ ਹਨ ਪਰ ਉਨਾਂ ਨੇ ਅਸਤੀਫ਼ਾ ਨਹੀਂ ਦਿੱਤਾ ਹੈ, ਜਿਸ ਕਾਰਨ ਦਲ ਬਦਲੂ ਕਾਨੂੰਨ ਤਹਿਤ ਸ਼ਿਕਾਇਤ ਆਉਣ ‘ਤੇ ਤਲਬ ਕੀਤਾ ਹੋਇਆ ਹੈ। ਸੰਦੋਆ ਦਾ ਕਹਿਣਾ ਹੈ ਕਿ ਉਨਾਂ ਨੂੰ ਕੋਈ ਨੋਟਿਸ ਨਹੀਂ ਮਿਲਿਆ ਹੈ, ਜਿਸ ਕਾਰਨ ਉਹ ਪੇਸ਼ ਨਹੀਂ ਹੋਣ ਜਾ ਰਹੇ ਹਨ। ਉਨਾਂ ਕਿਹਾ ਕਿ ਜਦੋਂ ਨੋਟਿਸ ਆਏਗਾ ਤਾਂ ਉਸ ਤੋਂ ਬਾਅਦ ਹੀ ਉਹ ਪੇਸ਼ ਹੋਣ ਬਾਰੇ ਕੁਝ ਕਹਿਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।