ਕਾਂਗਰਸ ਪ੍ਰਧਾਨ ਦੀ ਛੁੱਟੀ ਦੇ ਨਾਲ ਹੀ ਕੈਬਨਿਟ ’ਚ ਵੀ ਹੋ ਸਕਦੈ ਫੇਰਬਦਲ
- ਖੜਗੇ ਕਮੇਟੀ ਵਲੋਂ ਸੌਂਪੀ ਗਈ ਕਮੇਟੀ ਦੀ ਰਿਪੋਰਟ ’ਤੇ ਹੋਏਗੀ ਚਰਚਾ
ਅਸ਼ਵਨੀ ਚਾਵਲਾ, ਚੰਡੀਗੜ੍ਹ। ਕਾਂਗਰਸ ਹਾਈ ਕਮਾਨ ਸੋਨੀਆ ਗਾਂਧੀ ਨੇ ਦਿੱਲੀ ਵਿਖੇ 20 ਜੂਨ ਨੂੰ ਮੀਟਿੰਗ ਸੱਦ ਲਈ ਹੈ। ਜਿਸ ਵਿੱਚ ਪੰਜਾਬ ਦੇ ਕਈ ਸੀਨੀਅਰ ਕਾਂਗਰਸੀ ਅਤੇ ਕੈਬਨਿਟ ਵਿੱਚ ਸ਼ਾਮਲ ਮੰਤਰੀਆਂ ਸਣੇ ਮੁੱਖ ਮੰਤਰੀ ਅਮਰਿੰਦਰ ਸਿੰਘ ਸ਼ਾਮਲ ਹੋਣਗੇ। ਇਸ ਮੀਟਿੰਗ ਤੋਂ ਬਾਅਦ ਪੰਜਾਬ ਨੂੰ ਲੈ ਕੇ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ। ਪੰਜਾਬ ਦੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਹਟਾਉਣ ਦੇ ਨਾਲ ਹੀ ਅਮਰਿੰਦਰ ਸਿੰਘ ਦੀ ਕੈਬਨਿਟ ਵਿੱਚ ਵੀ ਫੇਰਬਦਲ ਬਾਰੇ ਫੈਸਲਾ ਲਿਆ ਜਾ ਸਕਦਾ ਹੈ। ਸੋਨੀਆ ਗਾਂਧੀ ਵਲੋਂ ਇਹ ਮੀਟਿੰਗ ਖੜਗੇ ਕਮੇਟੀ ਵਲੋਂ ਆਪਣੀ ਰਿਪੋਰਟ ਸੌਂਪਣ ਤੋਂ ਬਾਅਦ ਸੱਦੀ ਗਈ ਹੈ।
ਪੰਜਾਬ ਕਾਂਗਰਸ ਵਿੱਚ ਪਿਛਲੇ ਕੁਝ ਮਹੀਨੇ ਤੋਂ ਲਗਾਤਾਰ ਅੰਦਰੂਨੀ ਕਲੇਸ਼ ਚਲ ਰਿਹਾ ਹੈ। ਕਾਂਗਰਸ ਦੇ ਸੰਸਦ ਮੈਂਬਰਾਂ ਤੋਂ ਲੈ ਕੇ ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਵਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਹੀ ਕਟਹਿਰੇ ਵਿੱਚ ਖੜ੍ਹਾ ਕੀਤਾ ਹੋਇਆ ਹੈ ਤਾਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ’ਤੇ ਵੀ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਹਨ ਕਿ ਉਨ੍ਹਾਂ ਨੇ ਸੰਗਠਨ ਦੇ ਤੌਰ ’ਤੇ ਪੰਜਾਬ ਵਿੱਚ ਕੁਝ ਵੀ ਨਹੀਂ ਕੀਤਾ ਹੈ। ਇਸ ਅੰਦਰੂਨੀ ਕਲੇਸ਼ ਨੂੰ ਸੁਲਝਾਉਣ ਲਈ ਕਾਂਗਰਸ ਹਾਈ ਕਮਾਨ ਵਲੋਂ ਮਲਿਕਾਰਜੁਨ ਖੜਗੇ ਦੀ ਅਗਵਾਈ ਅਧੀਨ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਨੇ ਕਿ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਸਣੇ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਗੱਲਬਾਤ ਕਰਨ ਤੋਂ ਬਾਅਦ ਆਪਣੀ ਰਿਪੋਰਟ ਦੋ ਦਿਨ ਪਹਿਲਾਂ ਹੀ ਸੋਨੀਆ ਗਾਂਧੀ ਨੂੰ ਸੌਂਪੀ ਹੈ।
ਜਿਸ ਤੋਂ ਬਾਅਦ ਹੁਣ ਸੋਨੀਆ ਗਾਂਧੀ ਨੇ 20 ਜੂਨ ਨੂੰ ਮੀਟਿੰਗ ਸੱਦ ਲਈ ਹੈ, ਜਿਸ ਵਿੱਚ ਖੜਗੇ ਕਮੇਟੀ ਦੇ ਤਿੰਨੇ ਮੈਂਬਰਾਂ ਸਣੇ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਅਤੇ ਸਰਕਾਰ ‘ਚ ਮੰਤਰੀ ਸ਼ਾਮਲ ਹੋਣਗੇ। ਜਿਥੇ ਕਿ ਅੰਦਰੂਨੀ ਕਲੇਸ਼ ਬਾਰੇ ਚਰਚਾ ਕਰਦੇ ਹੋਏ ਇਸ ਦਾ ਹਲ਼ ਕੱਢਿਆ ਜਾਏਗਾ।
ਚਾਹ ’ਤੇ ਵਿਧਾਇਕਾਂ ਨੂੰ ਸੱਦ ਰਹੇ ਹਨ ਅਮਰਿੰਦਰ ਸਿੰਘ
ਅੰਦਰੂਨੀ ਕਲੇਸ਼ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਲਗਾਤਾਰ ਕਾਂਗਰਸ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਚਾਹ ’ਤੇ ਸੱਦ ਰਹੇ ਹਨ। ਪਿਛਲੇ ਇੱਕ ਹਫ਼ਤੇ ਦੌਰਾਨ ਕਈ ਵਾਰ ਵਿਧਾਇਕਾਂ ਨੂੰ ਇੱਕ ਇੱਕ ਵਾਰ ਕਰਕੇ ਚਾਹ ’ਤੇ ਸੱਦਿਆ ਜਾ ਚੁੱਕਿਆ ਹੈ ਤਾਂ ਮੰਗਲਵਾਰ ਸ਼ਾਮ ਨੂੰ ਵੀ ਕੁਝ ਵਿਧਾਇਕ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਹਾਉਸ ’ਤੇ ਚਾਹ ਦੀ ਚੁਸਕੀ ਲੈਣ ਲਈ ਪੁੱਜੇ ਹੋਏ ਸਨ। ਇਸ ਦੌਰਾਨ ਅਮਰਿੰਦਰ ਸਿੰਘ ਵਲੋਂ ਆਪਣੀ ਸਰਕਾਰ ਬਾਰੇ ਚਰਚਾ ਕਰਦੇ ਹੋਏ ਉਨ੍ਹਾਂ ਤੋਂ ਸੁਝਾਅ ਵੀ ਪੁੱਛੇ ਜਾ ਰਹੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।