ਖੇਤੀ ਸਹਾਇਕ ਧੰਦਿਆਂ ਲਈ ਠੋਸ ਯੋਜਨਾਬੰਦੀ ਸਮੇਂ ਦੀ ਮੁੱਖ ਜ਼ਰੂਰਤ!

ਖੇਤੀ ਸਹਾਇਕ ਧੰਦਿਆਂ ਲਈ ਠੋਸ ਯੋਜਨਾਬੰਦੀ ਸਮੇਂ ਦੀ ਮੁੱਖ ਜ਼ਰੂਰਤ!

ਪੰਜਾਬ ਦਾ ਨਾਮ ਖੇਤੀ ਪ੍ਰਧਾਨ ਸੂਬਿਆਂ ‘ਚ ਸ਼ੁਮਾਰ ਹੈ।ਉਪਜਾਊ ਧਰਤੀ,ਪਾਣੀ ਦੀ ਉਪਲਬਧਤਾ ਅਤੇ ਫਸਲਾਂ ਦੇ ਅਨੁਕੂਲ ਪੌਣਪਾਣੀ ਬਦੌਲਤ ਅਨਾਜ ਉਤਪਾਦਨ ‘ਚ ਪੰਜਾਬ ਦਾ ਮੋਹਰੀ ਯੋਗਦਾਨ ਰਿਹਾ ਹੈ।ਹਰੇ ਇਨਕਲਾਬ ਜਰੀਏ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਉਣ ਦੀ ਹਕੀਕਤ ਤੋਂ ਸਭ ਜਾਣੂ ਹਨ।ਫਸਲਾਂ ਦੀ ਭਰਪੂਰ ਉਪਜ ਦੇ ਬਾਵਜੂਦ ਖੇਤੀ ਲਾਹੇਵੰਦ ਧੰਦਾ ਨਹੀਂ ਬਣ ਸਕੀ।ਖੇਤੀ ਲਾਗਤਾਂ ਅਤੇ ਆਮਦਨ ’ਚ ਆਏ ਅਸਾਵੇਂਪਣ ਦੀ ਬਦੌਲਤ ਖੇਤੀ ਘਾਟੇ ਵਾਲਾ ਧੰਦਾ ਬਣ ਕੇ ਰਹਿ ਗਿਆ ਹੈ।ਕਿਸਾਨਾਂ ਵੱਲੋਂ ਕਮਜੋਰ ਆਰਥਿਕਤਾ ਦੇ ਚਲਦਿਆਂ ਕੀਤੀਆਂ ਜਾ ਰਹੀਆਂ ਆਤਮ ਹੱਤਿਆਵਾਂ ‘ਚ ਪ੍ਰਤੀ ਦਿਨ ਹੋ ਰਿਹਾ ਇਜ਼ਾਫਾ ਖੇਤੀ ਦੇ ਘਾਟੇ ਵਾਲਾ ਧੰਦਾ ਹੋਣ ਦਾ ਪ੍ਰਤੱਖ ਪ੍ਰਮਾਣ ਹੈ।ਨੌਜਵਾਨ ਵਰਗ ਦਾ ਖੇਤੀ ਪ੍ਰਤੀ ਘਟ ਰਿਹਾ ਰੁਝਾਨ ਵੀ ਖੇਤੀ ਦੇ ਘਾਟੇ ਵਾਲਾ ਧੰਦਾ ਹੋਣ ਦਾ ਪ੍ਰਮਾਣ ਹੈ।

ਆਜ਼ਾਦੀ ਦੇ 75 ਵਰਿ੍ਹਆਂ ਬਾਅਦ ਵੀ ਸਰਕਾਰਾਂ ਵੱਲੋਂ ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਕੋਈ ਠੋਸ ਯੋਜਨਾਵਾਂ ਅਮਲ ਵਿੱਚ ਨਹੀਂ ਲਿਆਂਦੀਆਂ ਜਾ ਸਕੀਆ।ਹੋਰ ਤਾਂ ਹੋਰ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਅਤੇ ਸਹੀ ਮੰਡੀਕਰਨ ਦੀ ਸਮੱਸਿਆ ਅੱਜ ਵੀ ਬਰਕਰਾਰ ਹੈ।ਫਸਲਾਂ ਦੀ ਖਰੀਦ ਅਤੇ ਮੰਡੀਕਰਨ ਪੂਰੀ ਤਰ੍ਹਾਂ ਨਾਲ ਮੁਨਾਫਾਖੋਰ ਵਪਾਰੀਆਂ ਦੀ ਮਨਮਰਜੀ ਦੀ ਖੇਡ ਬਣ ਕੇ ਰਹਿ ਗਿਆ ਹੈ।ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਤੋਂ ਅਸਮਰਥ ਸਰਕਾਰਾਂ ਵੱਲੋਂ ਕਿਸਾਨਾਂ ਅਤੇ ਹੋਰ ਉੱਦਮੀਆਂ ਨੂੰ ਖੇਤੀ ਦੇ ਨਾਲ ਨਾਲ ਖੇਤੀ ਆਧਾਰਿਤ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ।ਬੇਰੁਜ਼ਗਾਰ ਨੌਜਵਾਨਾਂ ਨੂੰ ਪਸ਼ੂ ਡੇਅਰੀ,ਮੁਰਗੀ ਪਾਲਣ,ਸੂਰ ਪਾਲਣ ਅਤੇ ਮਧੂ ਮੱਖੀ ਪਾਲਣ ਸਹਾਇਕ ਧੰਦੇ ਸ਼ੁਰੂ ਕਰਨ ਲਈ ਕਰਜ਼ਿਆਂ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾ ਰਹੀ ਹੈ।

ਪੰਜਾਬ ‘ਚ ਕਿਸਾਨਾਂ ਵੱਲੋਂ ਸਹਾਇਕ ਧੰੰਦੇ ਅਪਣਾਉਣ ਦੇ ਨਾਲ ਨਾਲ ਬਹੁਤ ਸਾਰੇ ਨੌਜਵਾਨਾਂ ਵੱਲੋਂ ਇਹਨਾਂ ਸਹਾਇਕ ਧੰਦਿਆਂ ਨੂੰ ਕਿੱਤੇ ਵਜੋਂ ਵੀ ਅਪਣਾਇਆ ਗਿਆ ਹੈ।ਬਹੁਤ ਪਰਿਵਾਰਾਂ ‘ਚ ਔਰਤਾਂ ਵੱਲੋਂ ਪਸ਼ੂ ਪਾਲਣ ਦੇ ਧੰਦੇ ਨਾਲ ਪਰਿਵਾਰ ਦਾ ਗੁਜ਼ਾਰਾ ਚਲਾਇਆ ਜਾ ਰਿਹਾ ਹੈ।ਪਰ ਇਹਨਾਂ ਸਹਾਇਕ ਧੰਦਿਆਂ ਦੀ ਹੋਣੀ ਵੀ ਖੇਤੀ ਨਾਲੋਂ ਬਹੁਤੀ ਵੱਖ ਨਹੀਂ।ਸਹਾਇਕ ਧੰਦਿਆਂ ਨੂੰ ਵੀ ਪੂਰਨ ਤੌਰ ‘ਤੇ ਲਾਹੇਵੰਦ ਬਣਾਉਣ ਲਈ ਸਰਕਾਰਾਂ ਦੀਆਂ ਕੋਸ਼ਿਸ਼ਾਂ ਨਾ ਦੇ ਬਰਾਬਰ ਹਨ।ਸਹਾਇਕ ਧੰਦੇ ਅਪਣਾਉਣ ਵਾਲੇ ਲੋਕਾਂ ਵੱਲੋਂ ਖੁਦ ਹੀ ਖਰਚੇ ਅਤੇ ਆਮਦਨ ਨੂੰ ਨਿਯਮਤ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ।ਸਹਾਇਕ ਧੰਦਿਆਂ ਦੇ ਉਤਪਾਦਨ ਦੀ ਵਿਕਰੀ ਦਾ ਆਲਮ ਵੀ ਖੇਤੀ ਉਤਪਾਦਨ ਦੀ ਵਿਕਰੀ ਨਾਲੋਂ ਬਹੁਤਾ ਵੱਖਰਾ ਨਹੀਂ ਹੈ।

ਸਹਾਇਕ ਧੰਦਿਆਂ ਨੂੰ ਪੈਣ ਵਾਲੀਆਂ ਕੁਦਰਤੀ ਮਾਰਾਂ ਬਾਬਤ ਵੀ ਸਰਕਾਰਾਂ ਕੋਲ ਕੋਈ ਪੁਖਤਾ ਯੋਜਨਾਵਾਂ ਨਹੀਂ ਹਨ।ਖੇਤੀ ਸਹਾਇਕ ਧੰਦੇ ਪਸ਼ੂਆਂ ਅਤੇ ਪੰਛੀਆਂ ਨਾਲ ਜੁੜੇ ਹੋਣ ਕਾਰਨ ਬਿਮਾਰੀਆਂ ਦਾ ਖਤਰਾ ਬਣਿਆ ਹੀ ਰਹਿੰਦਾ ਹੈ।ਪਰ ਬਦਕਿਸਮਤੀ ਵਸ ਸਰਕਾਰਾਂ ਕੋਲ ਇਸ ਤਰ੍ਹਾਂ ਦੀਆਂ ਬਿਮਾਰੀਆਂ ਦੇ ਟਾਕਰੇ ਲਈ ਕੋਈ ਸਮਰੱਥ ਸਾਧਨ ਨਹੀਂ ਹਨ।

ਇਹਨੀਂ ਦਿਨੀਂ ਡੇਅਰੀ ਧੰਦੇ ਨੂੰ ਪੈ ਰਹੀ ਚਮੜੀ ਰੋਗ ਦੀ ਮਾਰ ਦਾ ਸੱਚ ਸਭ ਦੇ ਸਾਹਮਣੇ ਹੈ।ਚਮੜੀ ਰੋਗ ਦੀ ਮਾਰ ‘ਚ ਦਿਨ ਪ੍ਰਤੀ ਦਿਨ ਇਜ਼ਾਫਾ ਹੋ ਰਿਹਾ ਹੈ।ਕਈ ਖੇਤਰਾਂ ‘ਚ ਗਊਆਂ ਤੋਂ ਵਧ ਕੇ ਮੱਝਾਂ ‘ਚ ਵੀ ਇਸ ਦੀ ਲਾਗ ਪੈਦਾ ਹੋਣ ਦੀਆਂ ਖਬਰਾਂ ਹਨ।ਸਾਡੀ ਸਰਕਾਰ ਦੀ ਹਾਲਤ ਬੂਹੇ ਆਈ ਜੰਨ ਬਿੰਨੋ ਕੁੜੀ ਦੇ ਕੰਨ ਵਾਲੀ ਹੈ।ਇੱਧਰ ਚਮੜੀ ਰੋਗ ਨੇ ਪਸ਼ੂਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆਂ ਅਤੇ ਉਧਰ ਸਰਕਾਰ ਵੈਕਸੀਨ ਦੇ ਪ੍ਰਬੰਧ ਕਰਨ ਲੱਗੀ।ਸਰਕਾਰਾਂ ਕੋਲ ਕਿਸੇ ਆਫਤ ਦੀ ਭਵਿੱਖਬਾਣੀ ਦਾ ਸ਼ਾਇਦ ਕੋਈ ਤਰੀਕਾ ਨਹੀਂ ਹੈ।

ਹੋਣਾ ਤਾਂ ਇਹ ਚਾਹੀਦਾ ਸੀ ਕਿ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਨੂੰ ਇਸ ਖਤਰਨਾਕ ਬਿਮਾਰੀ ਦੀ ਆਮਦ ਦਾ ਅਗਾਊਂ ਇਲਮ ਹੁੰਦਾ ਅਤੇ ਸਮਾਂ ਰਹਿੰਦੇ ਪਸ਼ੂਆਂ ਦੀ ਵੈਕਸੀਨੇਸ਼ਨ ਕੀਤੀ ਜਾਂਦੀ।ਪਰ ਬਦਕਿਸਮਤੀ ਵੱਸ ਅਜਿਹਾ ਨਹੀਂ ਹੋਇਆ।ਸੂਬਾ ਸਰਕਾਰ ਵੱਲੋਂ ਬਿਮਾਰੀ ਦੀ ਸ਼ੁਰੂਆਤ ਉਪਰੰਤ ਕੇਂਦਰ ਸਰਕਾਰ ਨੂੰ ਵੈਕਸੀਨ ਦੇ ਪ੍ਰਬੰਧਾਂ ਲਈ ਕਹਿਣਾ ਇਸ ਦਾ ਪ੍ਰਤੱਖ ਪ੍ਰਮਾਣ ਹੈ।ਵੈਸੇ ਇਹ ਜਿੰੰਮੇਵਾਰੀ ਕੇਵਲ ਸੂਬਾ ਸਰਕਾਰ ਦੀ ਹੀ ਨਹੀਂ ਕੇਂਦਰ ਸਰਕਾਰ ਵੱਲੋਂ ਵੀ ਸੂਬਾ ਸਰਕਾਰਾਂ ਨੂੰ ਅਗਾਊਂ ਸੁਚੇਤ ਕਰਨ ਦੇ ਨਾਲ ਨਾਲ ਲੋਂੜੀਦੀ ਮਾਤਰਾ ‘ਚ ਵੈਕਸੀਨ ਅਤੇ ਦਵਾਈਆਂ ਉਪਲਬਧ ਕਰਵਾੳਣੀਆਂ ਚਾਹੀਦੀਆਂ ਸਨ।

ਪੰਜਾਬ ‘ਚ ਪਹਿਲੀ ਵਾਰ ਦਸਤਕ ਦੇਣ ਵਾਲੇ ਪਸ਼ੂਆਂ ਦੇ ਇਸ ਚਮੜੀ ਰੋਗ ਨਾਲ ਜਲੰਧਰ,ਮੋਗਾ, ਮੁਕਤਸਰ, ਬਰਨਾਲਾ, ਬਠਿੰਡਾ ਅਤੇ ਫਰੀਦਕੋਟ ਜ਼ਿਲ੍ਹਿਆਂ ‘ਚ ਪਸ਼ੂ ਖਾਸ ਕਰਕੇ ਗਊਆਂ ਵੱਡੀ ਪੱਧਰ ‘ਤੇ ਬਿਮਾਰੀ ਦੀ ਲਪੇਟ ‘ਚ ਆ ਰਹੀਆਂ ਹਨ।ਹਜ਼ਾਰਾਂ ਦੀ ਗਿਣਤੀ ‘ਚ ਗਊਆਂ ਦੀ ਜਾਨ ਚਲੀ ਗਈ ਹੈ।ਪਸ਼ੂ ਡੇਅਰੀਆਂ ਅਤੇ ਗਊ ਸ਼ਾਲਾਵਾਂ ਦੇ ਹਾਲਾਤ ਬਹੁਤ ਮਾੜੇ ਹਨ।ਬਿਮਾਰ ਗਊਆਂ ਦਾ ਮਹਿੰਗਾ ਇਲਾਜ ਡੇਅਰੀ ਮਾਲਕਾਂ ਲਈ ਆਰਥਿਕ ਘਾਟੇ ਦਾ ਸਬੱਬ ਬਣ ਰਿਹਾ ਹੈ।ਬਹੁਤੇ ਕੇਸਾਂ ‘ਚ ਮਹਿੰਗੇ ਇਲਾਜ ਦੇ ਬਾਵਜੂਦ ਵੀ ਪਸ਼ੂਆਂ ਦੀ ਜਾਨ ਨਹੀਂ ਬਚ ਰਹੀ।

ਡੇਅਰੀ ਧੰਦੇ ਦੇ ਨਾਲ ਨਾਲ ਘਰਾਂ ਦੇ ਗੁਜ਼ਾਰੇ ਲਈ ਦੋ ਚਾਰ ਗਊਆਂ ਪਾਲਣ ਵਾਲੇ ਪਰਿਵਾਰਾਂ ਨੂੰ ਵੀ ਇਸ ਬਿਮਾਰੀ ਨੇ ਕੱਖੌਂ ਹੌਲੇ ਕਰ ਦਿੱਤਾ ਹੈ।ਬਹੁਤ ਸਾਰੇ ਪਰਿਵਾਰਾਂ ਦੇ ਗੁਜ਼ਾਰੇ ਦਾ ਸਹਾਰਾ ਹੀ ਖਤਮ ਹੋ ਗਿਆ ਹੈ।ਮੱਝਾਂ ਅਤੇ ਗਊਆਂ ਨੂੰ ਇੱਕੋ ਜਗ੍ਹਾ ਰੱਖਣ ਵਾਲੇ ਡੇਅਰੀ ਮਾਲਕ ਚਮੜੀ ਰੋਗ ਦੇ ਮੱਝਾਂ ‘ਚ ਪ੍ਰਵੇਸ਼ ਤੋਂ ਸਹਿਮ ‘ਚ ਹਨ।

ਗਊਆਂ ‘ਚ ਚਮੜੀ ਰੋਗ ਦਾ ਪ੍ਰਕੋਪ ਹਾਲੇ ਘਟਿਆ ਨਹੀਂ ਸੀ ਕਿ ਸੂਰ ਪਾਲਣ ਨੂੰ ਸਹਾਇਕ ਧੰਦੇ ਵਜੋਂ ਚਲਾਉਣ ਵਾਲੇ ਸੂਰ ਪਾਲਕਾਂ ‘ਤੇ ਬਿਪਤਾ ਦਾ ਪਹਾੜ ਆਣ ਟੁੱਟਿਆ ਹੈ।ਮੀਡੀਆ ਰਿਪੋਰਟਾਂ ਅਨੁਸਾਰ ਸੂਬੇ ‘ਚ ਤਕਰੀਬਨ ਪਚਵੰਜਾ ਹਜ਼ਾਰ ਸੂਰ ਪਾਲੇ ਜਾ ਰਹੇ ਹਨ।ਪਟਿਆਲਾ ਜ਼ਿਲ੍ਹੇ ‘ਚ ਸੂਰਾਂ ਦੀ ਹੋਈ ਮੌਤ ਦੀ ਜਾਂਚ ਤੋਂ ਸੂਰਾਂ ‘ਚ ਅਫਰੀਕਨ ਸਵਾਈਨ ਫੀਵਰ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ।ਇਸ ਵਾਇਰਸ ਦੀ ਹਾਲੇ ਤੱਕ ਕੋਈ ਵੈਕਸੀਨ ਵੀ ਉਪਲਬਧ ਨਾ ਹੋਣ ਦੀਆਂ ਖਬਰਾਂ ਹਨ।

ਇਸ ਬਿਮਾਰੀ ਨਾਲ ਪੀੜਿਤ ਜਾਨਵਰ ਦੀ ਜਾਨ ਦਾ ਜਾਣਾ ਤਕਰੀਬਨ ਤੈਅ ਮੰਨਿਆ ਜਾਂਦਾ ਹੈ।ਬਿਮਾਰੀ ਦੀ ਭਿਆਨਕਤਾ ਨੂੰ ਵੇਖਦਿਆਂ ਸਰਕਾਰ ਵੱਲੋਂ ਪ੍ਰਭਾਵਿਤ ਸੂਰਾਂ ਨੂੰ ਮਾਰਨ ਦੇ ਨਾਲ ਨਾਲ ਪ੍ਰਭਾਵਿਤ ਸੂਰ ਫਾਰਮ ਖੇਤਰਾਂ ‘ਚੋਂ ਸੂਰਾਂ ਨਾਲ ਸੰਬੰਧਿਤ ਸਮੱਗਰੀ ਦੇ ਆਦਾਨ ਪ੍ਰਦਾਨ ‘ਤੇ ਵੀ ਪਾਬੰਦੀ ਲਗਾਈ ਗਈ ਹੈ।ਸੂਬਾ ਸਰਕਾਰ ਮੁਤਾਬਿਕ ਸੂਰਾਂ ਨੂੰ ਮਾਰਨ ਤੋਂ ਹੋਣ ਵਾਲੇ ਆਰਥਿਕ ਨੁਕਸਾਨ ਦੀ ਭਰਪਾਈ ਸਰਕਾਰ ਵੱਲੋਂ ਕੀਤੀ ਜਾਵੇਗੀ।

ਪਸ਼ੂ ਡੇਅਰੀ ਅਤੇ ਸੂਰ ਪਾਲਣ ਦੇ ਨਾਲ ਨਾਲ ਮੁਰਗੀ ਫਾਰਮ ਦਾ ਸਹਾਇਕ ਧੰਦਾ ਵੀ ਅਕਸਰ ਬਿਮਾਰੀਆਂ ਦੀ ਲਪੇਟ ‘ਚ ਆਉਂਦਾ ਰਹਿੰਦਾ ਹੈ।‘ਬਰਡ ਫਲੂ‘ ਦੇ ਵਾਇਰਸ ਨਾਲ ਹੋਣ ਵਾਲਾ ਨੁਕਸਾਨ ਮੁਰਗੀ ਪਾਲਕਾਂ ਦਾ ਲੱਕ ਤੋੜ ਕੇ ਰੱਖ ਦਿੰਦਾ ਹੈ।ਖੇਤੀ ਸਹਾਇਕ ਧੰਦਿਆਂ ਨੂੰ ਪੈਣ ਵਾਲੀਆਂ ਬਿਮਾਰੀਆਂ ਦੀ ਮਾਰ ਬਾਰੇ ਸਰਕਾਰੀ ਪੱਧਰ ‘ਤੇ ਵਿਸ਼ਾਲ ਯੋਜਨਾਵਾਂ ਉਲੀਕੇ ਜਾਣ ਦੀ ਜਰੂਰਤ ਹੈ।ਸਹਾਇਕ ਧੰਦਿਆਂ ਦੀ ਪ੍ਰਫੁਲਤਾ ਲਈ ਸਮਾਂ ਰਹਿੰਦੇ ਪਸ਼ੂਆਂ ਅਤੇ ਜਾਨਵਰਾਂ ਨੂੰ ਪੈਣ ਵਾਲੀਆਂ ਬਿਮਾਰੀਆਂ ਦੀ ਵੈਕਸੀਨੇਸ਼ਨ ਅਤੇ ਇਲਾਜ ਦੇ ਪ੍ਰਬੰਧ ਕਰਨ ਦੇ ਨਾਲ ਨਾਲ ਹੋਣ ਵਾਲੇ ਆਰਥਿਕ ਨੁਕਸਾਨ ਦੀ ਭਰਪਾਈ ਲਈ ਵੀ ਠੋਸ ਬੰਦੋਬਸਤ ਹੋਣੇ ਚਾਹੀਦੇ ਹਨ।
ਮੋਬ:98786-05965
ਬਿੰਦਰ ਸਿੰਘ ਖੁੱਡੀ ਕਲਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ