ਪੀਐੱਸਈਬੀ ਇੰਜੀਨੀਅਰ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ’ਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਮਾਨ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਖਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਦੀਆਂ ਛੱਤਾਂ ’ਤੇ ਸੋਲਰ ਸਿਸਟਮ ਲੱਗਣਗੇ ਅਤੇ ਇਸ ਤੋਂ ਪਹਿਲਾਂ ਸਰਕਾਰੀ ਅਦਾਰਿਆਂ ਵੱਲ ਜੋ ਪਾਵਰਕੌਮ ਦਾ ਬਿਜਲੀ ਬਿੱਲਾਂ ਦਾ ਕਰੋੜਾਂ ਦਾ ਬਕਾਇਆ ਖੜ੍ਹਾ ਹੈ, ਉਹ ਬਕਾਇਆ ਚੁਕਤਾ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਸਰਕਾਰੀ ਦਫ਼ਤਰਾਂ ਵਿੱਚ ਰਿਚਾਰਜ਼ ਮੀਟਰ ਲੱਗਣਗੇ ਅਤੇ ਘੱਟੋ-ਘੱਟ ਸਰਕਾਰੀ ਅਦਾਰੇ ਜੋ ਬਿਜਲੀ ਵਰਤ ਰਹੇ ਹਨ ਤਾਂ ਉਹ ਤਾਂ ਬਿਲ ਦੇਣ। ਮੁੱਖ ਮੰਤਰੀ ਮਾਨ ਅੱਜ ਇੱਥੇ ਲਾਅ ਯੂਨੀਵਰਸਿਟੀ ਵਿਖੇ ਪੀਐੱਸਈਬੀ ਇੰਜੀ. ਐਸੋਸੀਏਸ਼ਨ ਦੀ ਹੋਈ ਜਨਰਲ ਬਾਡੀ ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸੰਬੋਧਨ ਕਰ ਰਹੇ ਸਨ। ਇਸ ਜਨਰਲ ਬਾਡੀ ਮੀਟਿੰਗ ਵਿੱਚ ਸਹਾਇਕ ਇੰਜਨੀਅਰ, ਸੀਨੀਅਰ ਐਕਸੀਅਨ, ਐਸ.ਈ., ਚੀਫ ਇੰਜਨੀਅਰ ਤੋਂ ਲੈ ਕੇ ਇੰਜਨੀਅਰ-ਇਨ-ਚੀਫ਼ ਸਮੇਤ ਪੂਰੇ ਪੰਜਾਬ ਵਿੱਚੋਂ 1200 ਤੋਂ ਵੱਧ ਡੈਲੀਗੇਟ ਪੁੱਜੇ ਹੋਏ ਸਨ।
ਇਸ ਮੌਕੇ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਜਲੀ ਐਕਟ 2020 ਦਾ ਡਟਵਾਂ ਵਿਰੋਧ ਕੀਤਾ ਜਾਵੇਗਾ ਅਤੇ ਇਹ ਐਕਟ ਪੰਜਾਬ ਅੰਦਰ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਜੇ ਇਹ ਬਿੱਲ ਸਟੈਂਡਿੰਗ ਕਮੇਟੀ ਕੋਲ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਰਾਜਾਂ ਦਾ ਅਧਿਕਾਰ ਹੈ ਅਤੇ ਕੇਂਦਰ ਸਰਕਾਰ ਨੂੰ ਪੰਜਾਬ ਦੇ ਹੱਕਾਂ ’ਤੇ ਡਾਕਾ ਨਹੀਂ ਮਾਰਨ ਦਿੱਤਾ ਜਾਵੇਗਾ। ਉਨ੍ਹਾਂ ਕੇਂਦਰ ਸਰਕਾਰ ’ਤੇ ਤੰਜ ਕਸਦਿਆਂ ਆਖਿਆ ਕਿ ਜਦੋਂ ਦੇਸ਼ ਦਾ ਰਾਜਾ ਹੀ ਵਪਾਰ ਕਰਨ ਲੱਗ ਜਾਵੇ ਤਾਂ ਫ਼ਿਰ ਉਹ ਰਾਜਾ ਲੋਕਾਂ ਨੂੰ ਕੀ ਸਹੂਲਤਾਂ ਦੇਵੇਗਾ। ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਕੰਮ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣਾ ਹੁੰਦਾ ਹੈ।
ਮਾਨ ਨੇ ਕਿਹਾ ਕਿ ਪੰਜਾਬ ਦੇ ਸਰਕਾਰੀ ਥਰਮਲਾਂ ਵੱਲੋਂ ਇਸ ਵਾਰ 83 ਫੀਸਦੀ ਜਿਆਦਾ ਬਿਜਲੀ ਪੈਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 2015 ਤੋਂ ਬੰਦ ਪਈ ਪਛਵਾੜਾ ਕੋਲ ਖਾਣ ਚੱਲਣ ਕਾਰਨ ਪੰਜਾਬ ਦੇ ਥਮਰਲਾਂ ਨੂੰ ਵੱਡਾ ਫਾਇਦਾ ਹੋਣ ਦੇ ਨਾਲ ਹੀ ਕਰੋੜਾਂ ਦਾ ਪੈ ਰਿਹਾ ਵਾਧੂ ਬੋਝ ਵੀ ਹਟੇਗਾ। ਉਨ੍ਹਾਂ ਕਿਹਾ ਕਿ ਬੀਬੀਐੱਮਬੀ ਵਿੱਚ ਪੰਜਾਬ ਦੇ ਹਿੱਤਾਂ ਦੀ ਰਾਖੀ ਲਈ ਬੀਬੀਐੱਮਬੀ ਵਿੱਚ ਮੈਂਬਰ ਪਾਵਰ ਦੀ ਨਿਯਮਤ ਨਿਯੁਕਤੀ ਨੂੰ ਯਕੀਨੀ ਬਣਾਇਆ ਜਾਵੇਗਾ।
-
ਕਿਹਾ, ਜਦੋਂ ਦੇਸ਼ ਦਾ ਰਾਜਾ ਹੀ ਵਪਾਰੀ ਬਣਜੇ, ਉਹ ਦੇਸ਼ ਦੇ ਲੋਕਾਂ ਨੂੰ ਕੀ ਸਹੂਲਤਾਂ ਦੇਵੇਗਾ
ਇਸ ਮੌਕੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸਰਕਾਰੀ ਵਿਭਾਗਾਂ ਨੂੰ ਪਾਵਰ ਕਾਰਪੋਰੇਸ਼ਨ ਦੀ ਡਿਫਾਲਟਿੰਗ ਨੂੰ ਦੂਰ ਕਰਨ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ ਪਾਵਰਕੌਮ ਦੀ ਬਕਾਇਆ ਸਬਸਿਡੀ ਨੂੰ ਸਮੇਂ ਸਿਰ ਨਿਪਟਾਇਆ ਜਾਵੇਗਾ ਉਨ੍ਹਾਂ ਕਿਹਾ ਕਿ ਆ ਰਹੀ ਗਰਮੀ ਅਤੇ ਝੋਨੇ ਸੀਜ਼ਨ ਸਬੰਧੀ ਪੰਜਾਬ ਸਰਕਾਰ ਵੱਲੋਂ ਪੰਜਾਬੀਆਂ ਨੂੰ ਪਹਿਲਾ ਵਾਂਗ ਹੀ ਨਿਯਮਿਤ ਬਿਜਲੀ ਮੁਹੱਈਆਂ ਕਰਵਾਈ ਜਾਵੇਗੀ। ਇਸ ਮੌਕੇ ਕੈਬਨਿਟ ਮੰਤਰੀ ਬਲਬੀਰ ਸਿੰਘ, ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਪਾਵਰਕੌਮ ਦੇ ਸੀਐਮਡੀ ਬਲਦੇਵ ਸਿੰਘ ਸਰ੍ਹਾਂ, ਤੇਜਵੀਰ ਸਿੰਘ ਪ੍ਰਮੁੱਖ ਸਕੱਤਰ ਪਾਵਰ , ਈ.ਆਰ. ਪਦਮਜੀਤ ਸਿੰਘ ਆਲ ਇੰਡੀਆ ਪਾਵਰ ਇੰਜੀਨੀਅਰਜ਼ ਫੈਡਰੇਸ਼ਨ, ਸ਼ੈਲੇਂਦਰ ਦੂਬੇ ਚੇਅਰਮੈਨ ਆਲ ਇੰਡੀਆ ਪਾਵਰ ਇੰਜਨੀਅਰਜ਼ ਫੈਡਰੇਸ਼ਨ ਆਦਿ ਨੇ ਵੀ ਸ਼ਮੂਲੀਅਤ ਕੀਤੀ
ਕੇਂਦਰ ਸਰਕਾਰ ਅਡਾਨੀ ਨੂੰ ਫਾਇਦਾ ਪਹੰਚਾਉਣ ਲਈ ਪੰਜਾਬ ’ਤੇ ਪਾ ਰਹੀ ਖਰਚਾ
ਭਗਵੰਤ ਮਾਨ ਨੇ ਅਡਾਨੀ ’ਤੇ ਕਰਾਰੀ ਚੋਟ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਆਪਣੇ ਖਾਸਮਖਾਸ ਨੂੰ ਫਾਇਦਾ ਦੇਣ ਲਈ ਹੀ ਉਡੀਸਾ ਤੋਂ ਆਉਣ ਵਾਲਾ ਕੋਲਾ ਸਿੱਧਾ ਪੰਜਾਬ ਨੂੰ ਆਉਣ ਦੀ ਥਾਂ ਪੂਰੇ ਮੁਲਕ ਤੋਂ ਉਪਰਲੇ ਪਾਸੇ ਤੋਂ ਘੁੰਮ ਕੇ ਲਿਆਉਣ ਲਈ ਆਖ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਕਹਿ ਦਿੱਤਾ ਹੈ ਕਿ ਪੰਜਾਬ ਕੋਲੇ ਤੋਂ ਬਿਜਲੀ ਪੈਦਾ ਕਰਕੇ ਚੌਲ, ਕਣਕ ਆਦਿ ਅਨਾਜ ਪੈਦਾ ਕਰ ਰਿਹਾ ਹੈ, ਜਦੋਂ ਪੰਜਾਬ ਤੋਂ ਅਨਾਜ ਲੈਕੇ ਜਾਣਾ ਹੁੰਦਾ ਹੈ ਤਾਂ ਸਿੱਧੀ ਰੇਲ ਦੀ ਸਪੈਸ਼ਲ ਲੱਗ ਜਾਂਦੀ ਹੈ, ਫਿਰ ਤੁਸੀਂ ਵੀ ਪੰਜਾਬ ਵਾਲਾ ਅਨਾਜ ਵਾਇਆ ਕਰਾਚੀ ਲੈ ਕੇ ਜਾਇਆ ਕਰੋ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਡਾਨੀਆਂ ਦੀਆਂ ਜੇਬਾਂ ਭਰਨ ਲਈ ਹੀ ਪੰਜਾਬ ਸਿਰ ਬੋਝ ਪਾ ਰਹੀ ਹੈ। ਮਾਨ ਨੇ ਕਿਹਾ ਕਿ ਅਡਾਨੀ ਦਾ ਪੁੱਠਾ ਪਾਸਾ ਇੰਡੀਆ ਹੀ ਬਣਦਾ ਹੈ, ਬੱਸ ਥੋੜ੍ਹਾ ਜਾ ਹੀ ਫਰਕ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ