30 ਕਿਸਾਨ ਜਥੇਬੰਦੀਆਂ ਨੇ ਮੀਟਿੰਗ ਤੋਂ ਬਾਅਦ ਕੀਤਾ ਵੱਡਾ ਐਲਾਨ
ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪਿਛਲੇ ਡੇਢ ਮਹੀਨੇ ਤੋਂ ਰੇਲ ਗੱਡੀਆਂ ਨੂੰ ਰੋਕੀ ਬੈਠੀਆਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਹੁਣ ਕੇਂਦਰ ਸਰਕਾਰ ਨਾਲ ਰੇਲ ਗਫੱਡੀਆਂ ਨੂੰ ਚਲਾਉਣ ‘ਤੇ ਸਮਝੌਤੇ ਕਰਨ ਲਈ ਤਿਆਰ ਹੋ ਗਈਆਂ ਹਨ। ਕਿਸਾਨ ਜਥੇਬੰਦੀਆਂ ਨੇ ਐਲਾਨ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਮਾਲ ਗੱਡੀਆਂ ਨੂੰ ਪਹਿਲਾਂ ਚਲਾਏ ਤਾਂ ਮੁਸਾਫ਼ਰ ਗੱਡੀਆਂ ਨੂੰ ਚੱਲਣ ਦੇਣ ਸਬੰਧੀ ਕਿਸਾਨ ਤੁਰੰਤ ਮੀਟਿੰਗ ਸੱਦ ਲੈਣਗੇ ਪਰ ਪਹਿਲ ਕੇਂਦਰ ਸਰਕਾਰ ਨੂੰ ਹੀ ਕਰਨੀ ਪਵੇਗੀ। ਹੁਣ ਕਿਸਾਨ ਕੇਂਦਰ ਸਰਕਾਰ ਦੀ ਮੰਗ ‘ਤੇ ਵਿਚਾਰ ਕਰਨ ਲਈ ਤਿਆਰ ਹਨ ਤਾਂ ਕੇਂਦਰ ਸਰਕਾਰ ਨੂੰ ਵੀ ਮਾਲ ਗੱਡੀਆਂ ਚਲਾ ਦੇਣੀ ਚਾਹੀਦੀਆਂ ਹਨ।
ਕਿਸਾਨ ਜਥੇਬੰਦੀਆਂ ਪਹਿਲੀ ਵਾਰ ਪਿਛਲੇ ਡੇਢ ਮਹੀਨੇ ਦੌਰਾਨ ਕੁਝ ਹੱਦ ਤੱਕ ਪਿੱਛੇ ਹਟਣ ਲਈ ਤਿਆਰ ਹੋਈਆ ਹਨ। ਜਿਸ ਤੋਂ ਇੰਜ ਲੱਗ ਰਿਹਾ ਹੈ ਕਿ ਜਲਦ ਹੀ ਰੇਲ ਪਟੜੀ ‘ਤੇ ਦੌੜਦੀ ਨਜ਼ਰ ਆ ਸਕਦੀ ਹੈ। ਚੰਡੀਗੜ੍ਹ ਵਿਖੇ 30 ਕਿਸਾਨ ਜਥੇਬੰਦੀਆਂ ਦੀ ਹੋਈ ਸਾਂਝੀ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਮਾਲ ਗੱਡੀਆਂ ਰਾਹੀਂ ਸਾਮਾਨ ਨਾ ਪੁੱਜਣ ਕਰਕੇ ਵਪਾਰੀਆਂ ਦਾ ਨੁਕਸਾਨ ਹੋ ਰਿਹਾ ਹੈ ਤੇ ਕਿਸਾਨਾਂ ਨੂੰ ਡੀ.ਏ.ਪੀ. ਖਾਦ ਨਹੀਂ ਮਿਲ ਰਹੀ ਹੈ। ਕੇਂਦਰ ਸਰਕਾਰ ਮਾਲ ਗੱਡੀਆਂ ਨੂੰ ਚਲਾਉਣ ਦੀ ਥਾਂ ਕਿਸਾਨਾਂ ਨਾਲ ਸ਼ਰਤ ਰੱਖ ਰਹੀ ਹੈ ਕਿ ਮੁਸਾਫਰ ਗੱਡੀਆਂ ਨੂੰ ਚਲਾਉਣ ਲਈ ਕਿਸਾਨ ਨਾ ਰੋਕਣ।
ਦਿੱਲੀ ਲਈ ਕਿਸਾਨਾਂ ਨੇ ਤਿਆਰੀ ਕਰ ਲਈ ਹੈ ਅਤੇ 26 ਤਾਰੀਕ ਨੂੰ ਕਿਸਾਨ ਦਿੱਲੀ ਪੁੱਜ ਜਾਣਗੇ।
ਕੇਂਦਰ ਸਰਕਾਰ ਦੀ ਇਸ ਸ਼ਰਤ ‘ਤੇ ਪੰਜਾਬ ਦੀ ਕਿਸਾਨ ਜਥੇਬੰਦੀਆਂ ਵਿਚਾਰ ਕਰਨ ਲਈ ਤਿਆਰ ਹੈ ਪਰ ਪਹਿਲਾਂ ਕੇਂਦਰ ਸਰਕਾਰ ਨੂੰ ਮਾਲ ਗੱਡੀਆਂ ਨੂੰ ਚਲਾਉਣਾ ਪਏਗਾ। ਜੇਕਰ ਕੇਂਦਰ ਸਰਕਾਰ ਸਵੇਰੇ ਮਾਲ ਗੱਡੀਆਂ ਚਲਾ ਦਿੰਦੀ ਹੈ ਤਾਂ ਕੁਝ ਹੀ ਘੰਟਿਆ ਬਾਅਦ ਕਿਸਾਨ ਮੀਟਿੰਗ ਕਰਕੇ ਯਾਤਰੂ ਗੱਡੀਆਂ ਨੂੰ ਨਾ ਰੋਕਣ ਸਬੰਧੀ ਫੈਸਲਾ ਕਰ ਸਕਦੇ ਹਨ ਪਰ ਇਸ ਸਬੰਧੀ ਪਹਿਲ ਤਾਂ ਕੇਂਦਰ ਸਰਕਾਰ ਨੂੰ ਹੀ ਕਰਨੀ ਪਏਗੀ। ਰੁਲਦੂ ਸਿੰਘ ਮਾਨਸਾ ਨੇ ਅੱਗੇ ਦੱਸਿਆ ਕਿ ਦਿੱਲੀ ਲਈ ਕਿਸਾਨਾਂ ਨੇ ਤਿਆਰੀ ਕਰ ਲਈ ਹੈ ਅਤੇ 26 ਤਾਰੀਕ ਨੂੰ ਕਿਸਾਨ ਦਿੱਲੀ ਪੁੱਜ ਜਾਣਗੇ। ਕਿਸਾਨਾਂ ਨੂੰ ਕਿਸੇ ਪ੍ਰਵਾਨਗੀ ਦੀ ਲੋੜ ਨਹੀਂ ਹੈ, ਇਸ ਲਈ ਦਿੱਲੀ ਇਜਾਜ਼ਤ ਦੇਵੇ ਜਾਂ ਨਾ ਦੇਵੇ, ਰਾਮ ਲੀਲ੍ਹਾ ਮੈਦਾਨ ਆਮ ਜਨਤਾ ਲਈ ਹੀ ਹੈ।
ਇਸ ਲਈ ਉਥੇ ਧਰਨਾ ਦੇਣ ਲਈ ਕਿਸਾਨ ਹਰ ਹਾਲਤ ਵਿੱਚ ਜਾਣਗੇ। ਉਨਾਂ ਕਿਹਾ ਕਿ ਹਰਿਆਣਾ ਸਰਕਾਰ ਰਸਤੇ ਵਿੱਚ ਕਿਸਾਨਾਂ ਨੂੰ ਰੋਕਣ ਦੀ ਕੋਸ਼ਸ਼ ਕਰ ਸਕਦੀ ਹੈ, ਇਸ ਲਈ ਉਹ ਹਰਿਆਣਾ ਸਰਕਾਰ ਨੂੰ ਕਹਿਣਾ ਚਾਹੁੰਦੇ ਹਨ ਕਿ ਉਹ ਕਿਸਾਨਾਂ ਨੂੰ ਨਾ ਰੋਕੇ ਕਿਉਂਕਿ ਇਹ ਹਰਿਆਣਾ ਸਰਕਾਰ ‘ਤੇ ਭਾਰੀ ਪੈ ਸਕਦਾ ਹੈ, ਹਰਿਆਣਾ ਸਰਕਾਰ ਨੇ ਜਿਥੇ ਉਨਾਂ ਨੂੰ ਰੋਕਣ ਦੀ ਕੋਸ਼ਸ਼ ਕੀਤੀ ਤਾਂ ਦਿੱਲੀ ਦਾ ਧਰਨਾ ਹਰਿਆਣਾ ਦੀ ਉਸੇ ਸੜਕ ‘ਤੇ ਹੀ ਲਗ ਜਾਏਗਾ, ਜਿਥੇ ਸਰਕਾਰ ਰੋਕਣ ਦੀ ਕੋਸ਼ਸ਼ ਕਰੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.