ਖੂਨਦਾਨ ਸੇਵਾ ਬਾਰੇ ਝੂਠੇ ਪ੍ਰਚਾਰ ਤੋਂ ਸੁਚੇਤ ਰਹਿਣ ਖੂਨਦਾਨੀ : ਹਰਦੀਪ ਸਨੌਰ
ਪਟਿਆਲਾ, (ਖੁਸ਼ਵੀਰ ਸਿੰਘ ਤੂਰ) ਸੋਸ਼ਲ ਮੀਡੀਆ ‘ਤੇ ਖੂਨਦਾਨ ਨੂੰ ਲੈ ਕੇ ਇੱਕ ਵਾਇਰਲ ਹੋਈ ਆਡੀਓ ਖਿਲਾਫ਼ ਖੂਨਦਾਨ ਕਰਨ ਵਾਲੀਆਂ ਸੰਥਥਾਵਾਂ ਅਤੇ ਸਮਾਜ ਸੇਵੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਆਡੀਓ ਨੂੰ ਪੂਰੀ ਤਰ੍ਹਾਂ ਗੁੰਮਰਾਹਕੁੰਨ ਅਤੇ ਖੂਨਦਾਨੀਆਂ ਦੇ ਜ਼ਬਬੇ ਨੂੰ ਸੱਟ ਮਾਰਨਾ ਗਰਦਾਨਿਆ ਜਾ ਰਿਹਾ ਹੈ। ਸਮਾਜ ਸੇਵੀ ਆਗੂਆਂ ਦਾ ਕਹਿਣਾ ਹੈ ਕਿ ਉੱਕਤ ਆਡੀਓ ਵਿੱਚ ਸਬੰਧਿਤ ਵਿਅਕਤੀ ਵੱਲੋਂ ਆਪਣੀ ਸੌੜੀ ਸੋਚ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਪਿਛਲੇ ਦੋ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਕਿਸੇ ਵਿਅਕਤੀ ਦੀ ਆਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਖੂਨਦਾਨ ਕੈਂਪ ਲਾਉਣ ਵਾਲੇ ਪ੍ਰਬੰਧਕਾਂ ਵੱਲੋਂ ਪ੍ਰਤੀ ਯੂਨਿਟ ਇੱਕ ਹਜਾਰ ਰੁਪਏ ਲਏ ਜਾ ਰਹੇ ਹਨ ਅਤੇ ਉਨ੍ਹਾਂ ਵੱਲੋਂ ਆਪਣਾ ਇਹ ਵਪਾਰ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਉਸ ਵੱਲੋਂ ਕਾਫ਼ੀ ਕੁਝ ਹੋਰ ਖੂਨਦਾਨ ਕੈਪ ਲਗਾਉਣ ਵਾਲਿਆਂ ਸਬੰਧੀ ਬੋਲਿਆ ਜਾ ਰਿਹਾ ਹੈ। ਇਹ ਆਡੀਓ ਕਲਿਪ ਸ਼ੋਸਲ ਮੀਡੀਆ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ, ਜਿਸ ਕਾਰਨ ਖੂਨਦਾਨੀਆਂ ਵਿੱਚ ਵੀ ਭੰਬਲਭੂਸੇ ਦੀ ਸਥਿਤੀ ਪੈਦਾ ਹੋ ਰਹੀ ਹੈ।
ਖੂਨਦਾਨ ਕੈਂਪ ਲਾਉਣ ਵਾਲਿਆਂ ਨੂੰ ਪ੍ਰਤੀ ਯੂਨਿਟ 1 ਹਜਾਰ ਰੁਪਏ ਮਿਲਣ ਵਿੱਚ ਕੋਈ ਸੱਚਾਈ ਨਹੀਂ
ਇੱਧਰ ਇਸ ਆਡੀਓ ਕਲਿਪ ਨੂੰ ਲੈ ਕੇ ਸਮਾਜ ਸੇਵੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਇਸ ਕਲਿਪ ਨੂੰ ਮਨੁੱਖਤਾ ਭਲੇ ਲਈ ਕੰਮ ਕਰਨ ਵਾਲੇ ਲੋਕਾਂ ਖਿਲਾਫ਼ ਦੱਸਿਆ ਜਾ ਰਿਹਾ ਹੈ। ਸਮਾਜ ਸੇਵੀ ਅਤੇ ਖੂਨਦਾਨੀ ਸਾਗਰ ਅਰੋੜਾ ਅਤੇ ਮਿਸ਼ਨ ਲਾਲੀ ਅਤੇ ਹਰਿਆਲੀ ਦੇ ਹਰਦੀਪ ਸਿੰਘ ਸਨੌਰ ਦਾ ਕਹਿਣਾ ਹੈ ਕਿ ਤੰਦਰੁਸਤ ਨੌਜਵਾਨਾਂ ਵੱਲੋਂ ਖੂਨਦਾਨ ਕਰਕੇ ਲੋੜਵੰਦ ਮਰੀਜ਼ਾਂ ਦੀ ਜਾਨ ਬਚਾਉਣਾ ਮਨੁੱਖਤਾ ਦੇ ਭਲੇ ਦੀ ਪਵਿੱਤਰ ਸੇਵਾ ਹੈ ਅਤੇ ਇਸ ਬਾਰੇ ਝੂਠੇ ਪ੍ਰਚਾਰ ਤੋਂ ਸਮੂਹ ਖੂਨਦਾਨੀਆਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।
ਖੂਨਦਾਨ ਕੈਂਪ ਲਗਾਉਣ ਵਾਲਿਆਂ ਪ੍ਰਬੰਧਕਾਂ ਨੂੰ 1000 ਰੁਪਏ ਪ੍ਰਤੀ ਯੂਨਿਟ ਮਿਲਣ ਬਾਰੇ ਕੋਈ ਸੱਚਾਈ ਨਹੀਂ ਹੈ। ਇਹ ਇੱਕ ਸੌੜੀ ਸੋਚ ਵਾਲੇ ਵਿਅਕਤੀ ਵੱਲੋਂ ਖੂਨਦਾਨ ਬਾਰੇ ਜੋ ਬਿਆਨਬਾਜ਼ੀ ਕੀਤੀ ਗਈ ਹੈ, ਉਹ ਬਿਲਕੁੱਲ ਝੂਠ ਅਤੇ ਤੱਥਾਂ ਤੋਂ ਕੋਰੀ ਹੈ। ਉਸ ਵੱਲੋਂ ਪਾਈ ਆਡੀਓ ਤੋਂ ਪਤਾ ਲੱਗਦਾ ਹੈ ਕਿ ਆਡੀਓ ਪਾਉਣ ਵਾਲਾ ਵਿਅਕਤੀ ਕਿਸੇ ਨਾਲ ਨਿੱਜੀ ਰੰਜ਼ਿਸ਼ ਦਾ ਸ਼ਿਕਾਰ ਹੈ ਜਾਂ ਮਾਨਸਿਕ ਤੌਰ ‘ਤੇ ਬਿਮਾਰ ਹੈ ਅਤੇ ਇੱਕ ਹੋਰ ਕਲਿੱਪ ਵਿਚ ਉਸ ਨੇ ਅਸਿੱਧੇ ਰੂਪ ਵਿਚ ਗਲਤੀ ਮੰਨ ਲਈ ਹੈ ਤੇ ਕਿਸੇ ਰਿਸ਼ਤੇਦਾਰ ਦੇ ਬੀਮਾਰ ਹੋਣ ਕਾਰਨ ਪ੍ਰੇਸ਼ਾਨ ਦਿਸ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਜਿਹੀਆਂ ਆਡੀਓ ਜਾਂ ਵੀਡੀਓ ਕਲਿੱਪਾਂ ਸੋਸ਼ਲ ਮੀਡੀਆ ‘ਤੇ ਪਾ ਕੇ ਅਫਵਾਹਾਂ ਅਤੇ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲਿਆਂ ਖਿਲਾਫ ਪੁਲਿਸ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਨੂੰ ਨਿੱਜੀ ਤੌਰ ‘ਤੇ ਕਾਰਵਾਈ ਅਮਲ ਵਿੱਚ ਲਿਆਉਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ ਸਮੂਹ ਬਲੱਡ ਬੈਂਕ ਖੂਨਦਾਨ ਕੈਂਪ ਲਗਾਉਣ ਲਈ ਸਿਰਫ ਰਿਫਰੈਸ਼ਮੈਂਟ ਚਾਰਜਿਜ 50 ਜਾਂ 70 ਰੁਪਏ ਹੀ ਦਿੰਦੇ ਹਨ। ਜਦੋਂ ਕਿ ਕੈਂਪ ਲਗਾਉਣ ਵਾਲੀਆਂ ਸੰਸਥਾਵਾਂ ਖੂਨਦਾਨੀ ਨੂੰ 80-90 ਰੁਪਏ ਦਾ ਤਾਂ ਸਿਰਫ ਸਨਮਾਨ ਚਿੰਨ੍ਹ ਹੀ ਦੇ ਦਿੰਦੇ ਹਨ, ਬਾਕੀ ਦੁੱਧ, ਕੇਲੇ, ਚਾਹ, ਬਿਸਕੁੱਟ, ਟੈਂਟ, ਮੇਜ਼, ਕੁਰਸੀਆਂ, ਬੈਨਰ ਆਦਿ ਦਾ ਖਰਚੇ ਦਾ ਪ੍ਰਬੰਧ ਖੁਦ ਆਪ ਕਰਦੇ ਹਨ। ਉਨ੍ਹਾਂ ਕਿਹਾ ਕਿ ਖੂਨਦਾਨ ਕਰਨਾ ਮਨੁੱਖਤਾ ਦੀ ਸੱਚੀ ਸੇਵਾ ਹੈ।
ਬਲੱਡ ਬੈਂਕਾਂ ਵਿੱਚ ਟੈਸਟਾਂ ਦੇ ਪੈਸੇ, ਉਸ ਦੀ ਮਿਲੇਗੀ ਰਸੀਦ-ਸਾਗਰ ਅਰੋੜਾ
ਸਾਗਰ ਅਰੋੜਾ ਨੇ ਦੱਸਿਆ ਕਿ ਜੇਕਰ ਕੋਈ ਮਰੀਜ਼ ਸਰਕਾਰੀ ਹਸਪਤਾਲ ਵਿੱਚ ਦਾਖਲ ਹੈ ਤਾ ਉਸ ਨੂੰ ਸਰਕਾਰੀ ਬਲੱਡ ਬੈਂਕ ਵਿੱਚੋਂ ਮੁਫ਼ਤ ਖੂਨ ਮਿਲੇਗਾ ਅਤੇ ਜੇਕਰ ਕੋਈ ਮਰੀਜ਼ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਹੈ ਤਾ ਉਸ ਨੂੰ ਸਰਕਾਰੀ ਬਲੱਡ ਕੈਂਪ ਵਿੱਚੋਂ ਟੈਸਟਾਂ ਦੇ ਪੈਸੇ ਜ਼ਰੂਰ ਦੇਣੇ ਪੈਣਗੇ ਜਿਸ ਦੀ ਕਿ ਉਸ ਨੂੰ ਰਸ਼ੀਦ ਮਿਲੇਗੀ। ਉਨ੍ਹਾਂ ਦੱਸਿਆ ਕਿ ਕਈ ਹਾਲਤਾਂ ਵਿੱਚ ਤਾਜ਼ੇ ਖੂਨ ਦੀ ਜ਼ਰੂਰਤ ਹੁੰਦੀ ਹੈ, ਜਿਸ ਵਿੱਚ ਸਬੰਧੀ ਡੋਨਰ ਅਤੇ ਟੈਸਟਾਂ ਲਈ ਫੀਸ ਵੀ ਦੇਣੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜੋਂ ਇੱਕ ਹਜ਼ਾਰ ਰੁਪਏ ਦੀ ਗੱਲ ਕਹੀ ਜਾ ਰਹੀ ਹੈ, ਇਹ ਬਿਲਕੁੱਲ ਗੈਰਵਾਜਿਬ ਹੈ।
ਉੱਕਤ ਵਿਅਕਤੀ ਸਾਡਾ ਪ੍ਰੈਸ ਸਕੱਤਰ ਨਹੀਂ : ਡਾ. ਮਾਨ
ਉੱਕਤ ਵਾਇਰਲ ਹੋਈ ਆਡੀਓ ਵਿੱਚ ਸਮਾਜ ਸੇਵੀ ਡਾ. ਏ.ਐਸ. ਮਾਨ ਸੰਗਰੂਰ ਅਤੇ ਮੋਹਨ ਸ਼ਰਮਾ ਦਾ ਵੀ ਜਿਕਰ ਹੈ। Àੁੱਕਤ ਵਿਅਕਤੀ ਦਾ ਕਹਿਣਾ ਹੈ ਕਿ ਉਹ ਉਨ੍ਹਾਂ ਦੀ ਸੰਸਥਾ ਦਾ ਪ੍ਰੈਸ ਸਕੱਤਰ ਹੈ। ਡਾ. ਮਾਨ ਦਾ ਕਹਿਣਾ ਹੈ ਕਿ ਉੱਕਤ ਵਿਅਕਤੀ ਸਾਡਾ ਕੋਈ ਪ੍ਰੈਸ ਸਕੱਤਰ ਨਹੀਂ ਹੈ ਅਤੇ ਉਸ ਵੱਲੋਂ ਖੂਨਦਾਨ ਬਾਰੇ ਗਲਤ ਪ੍ਰਚਾਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੋਂ ਸੰਸਥਾਵਾਂ ਖੂਨਦਾਨ ਕੈਂਪ ਲਗਾ ਰਹੀਆਂ ਹਨ ਉਹ ਪੁੰੰਨ ਦਾ ਕੰਮ ਕਰ ਰਹੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।