ਕਿਤੇ ਸਮਾਜਿਕ ਢਾਂਚਾ ਨਾ ਵਿਗਾੜ ਦੇਵੇ ਪਰਿਵਾਰਾਂ ਦੀ ਟੁੱਟ-ਭੱਜ

Social, Structures, Disturbed, Either

ਕਮਲ ਬਰਾੜ

ਪਰਿਵਾਰ ਸਮਾਜ ਦੀ ਮੁੱਢਲੀ ਇਕਾਈ ਹੈ। ਕਿਸੇ ਵੀ ਸਮਾਜ ਦੀ ਰੂਪ-ਰੇਖਾ ਉਸ ਵਿਚਲੇ ਪਰਿਵਾਰਾਂ ਦੇ ਸੰਗਠਨ ਤੋਂ ਬਣਦੀ ਹੈ ਕਿਉਂਕਿ ਮੁੱਖ ਤੌਰ ‘ਤੇ ਸਮਾਜ ਪਰਿਵਾਰਾਂ ਦਾ ਹੀ ਸਮੂਹ ਹੈ। ਅੱਜ ਦੇ ਸਮਾਜ ਵਿੱਚ ਜੇ ਕਈ ਤਰ੍ਹਾਂ ਦੇ ਬਦਲਾਵਾਂ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹ ਬਦਲਾਅ ਸਮਾਜ ਵਿਚਲੇ ਪਰਿਵਾਰਾਂ ਦੀ ਹੀ ਉਪਜ ਹਨ। ਸਮੇਂ ਦੇ ਨਾਲ-ਨਾਲ ਪਰਿਵਾਰਾਂ ਵਿਚਲੇ ਬਦਲਾਵਾਂ ਨੇ ਅੱਜ ਦੇ ਸਮਾਜ ਨੂੰ ਪੂਰਨ ਰੂਪ ਵਿੱਚ ਬਦਲ ਕੇ ਰੱਖ ਦਿੱਤਾ ਹੈ।

ਅੱਜ-ਕੱਲ੍ਹ ਸਾਂਝੇ ਪਰਿਵਾਰ  ਸ਼ਹਿਰੀ ਅਤੇ ਪੇਂਡੂ ਦੋਵੇਂ ਖੇਤਰਾਂ ਵਿੱਚੋਂ ਲਗਭਗ ਖ਼ਤਮ ਜਿਹੇ ਹੀ ਹੋ ਗਏ ਹਨ। ਹਰ ਪਾਸੇ ਇਕਹਿਰੇ ਪਰਿਵਾਰਾਂ ਦਾ ਬੋਲਬਾਲਾ ਹੋ ਗਿਆ ਹੈ। ਸਮੇਂ ਦੇ ਨਾਲ ਹੋਰ  ਕਾਰਨਾਂ ਤੋਂ ਇਲਾਵਾ ਪਰਿਵਾਰਾਂ ਦੇ ਬਦਲਦੇ ਰੂਪ ਨੇ ਵੀ ਇਨਸਾਨ ਦੀ ਸੰਤੁਸ਼ਟੀ ਲਗਭਗ ਖ਼ਤਮ ਕਰ ਦਿੱਤੀ ਹੈ ਤੇ ਅੱਜ ਦਾ ਮਨੁੱਖ ਤਣਾਅ ਤੇ ਹੋਰ ਕਈ ਤਰ੍ਹਾਂ ਦੀਆਂ ਮੁਸੀਬਤਾਂ ਦੇ ਜਾਲ ਵਿੱਚ ਫਸ ਗਿਆ ਹੈ। ਇਸ ਲਈ ਅੱਜ ਹਰ ਮਨੁੱਖ ਦਿਲ ਦੇ ਕਿਸੇ ਨਾ ਕਿਸੇ ਕੋਨੇ ਵਿੱਚ ਸਾਂਝੇ ਪਰਿਵਾਰਾਂ ਦੀ ਲੋੜ ਵੀ ਮਹਿਸੂਸ ਕਰਦਾ ਹੈ, ਚਾਹੇ ਉਹ ਇਸ ਨੂੰ ਬਿਆਨ ਕਰੇ ਜਾਂ ਨਾ ਕਰੇ।

ਸਾਂਝੇ ਪਰਿਵਾਰ ਟੁੱਟਣ ਦੇ ਮੁੱਖ ਕਾਰਨ ਸਮੇਂ ਦੇ ਨਾਲ ਮਨੁੱਖ ਦੀਆਂ ਵਧ ਰਹੀਆਂ ਲੋੜਾਂ ਦੀ ਕਾਢ ਹੈ। ਜਦੋਂ ਮਨੁੱਖ ਨੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਸਾਧਨਾਂ ਦੀ ਭਾਲ ਕਰਨੀ ਸ਼ੁਰੂ ਕੀਤੀ ਤੇ ਇਨ੍ਹਾਂ ਨੂੰ ਪ੍ਰਾਪਤ ਕਰਨ ਲਈ ਸਾਂਝੇ ਪਰਿਵਾਰਾਂ ਨੂੰ ਛੱਡ ਕੇ ਕਿਧਰੇ ਹੋਰ ਪ੍ਰਵਾਸ ਕਰਨ ਲੱਗਾ ਜਿਵੇਂ ਕਿ ਕੰਮ ਦੀ ਭਾਲ ਵਿੱਚ ਪਿੰਡਾਂ ਵਿੱਚੋਂ ਲੋਕ ਸ਼ਹਿਰਾਂ ਵੱਲ ਆਉਣ ਲੱਗੇ। ਹੌਲੀ-ਹੌਲੀ ਆਬਾਦੀ ਉੱਥੇ ਵੀ ਵਧ ਗਈ। ਸ਼ਹਿਰਾਂ ਵੱਲ ਅਵਾਸ ਅਤੇ ਕੰਮ ਦੀਆਂ ਸਮੱਸਿਆਵਾਂ ਕਾਰਨ ਸਾਂਝੇ ਪਰਿਵਾਰ ਟੁੱਟਣੇ ਸ਼ੁਰੂ ਹੋਏ, ਪਰ ਅੱਜ ਇਕਹਿਰੇ ਪਰਿਵਾਰਾਂ ਦਾ ਪ੍ਰਸਾਰ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਇੱਕ ਰਿਵਾਜ਼ ਜਿਹਾ ਬਣ ਗਿਆ ਹੈ।

ਸਾਂਝੇ ਪਰਿਵਾਰ ਵਿੱਚ ਦਾਦਾ-ਦਾਦੀ ਤੇ ਚਾਚੇ-ਤਾਏ ਸਾਰੇ ਇਕੱਠੇ ਮਿਲ ਕੇ ਰਹਿੰਦੇ ਸਨ ਤੇ ਘਰ ਦੇ ਸਾਰੇ ਕੰਮ ਸਾਂਝੇ ਰੂਪ ਵਿੱਚ ਹੀ ਕਰ ਲਏ ਜਾਂਦੇ ਸਨ। ਜਿਵੇਂ ਘਰੇਲੂ ਕੰਮ ਸਾਰੀਆਂ ਔਰਤਾਂ ਵਿੱਚ ਵੰਡਿਆ ਜਾਂਦਾ ਸੀ। ਕਿਸੇ ਵੀ ਔਰਤ ‘ਤੇ ਕੰਮ ਦਾ ਕੋਈ ਬੋਝ ਨਹੀਂ ਸੀ ਹੁੰਦਾ। ਦੂਜਾ ਪੈਸੇ ਦੀ ਬੱਚਤ ਹੋ ਜਾਂਦੀ ਸੀ ਕਿਉਂਕਿ ਇਕੱਠ ਵਿੱਚ ਹਮੇਸ਼ਾ ਬਰਕਤ ਹੁੰਦੀ ਹੈ। ਹਰ ਔਖਾ-ਸੌਖਾ ਵਕਤ ਵੀ ਅਸਾਨੀ ਨਾਲ ਕੱਟਿਆ ਜਾਂਦਾ ਸੀ। ਵਿਸ਼ੇਸ਼ ਰੂਪ ਵਿੱਚ ਸਾਂਝਾ ਪਰਿਵਾਰ ਬੱਚਿਆਂ ਲਈ ਵਰਦਾਨ ਸਾਬਤ ਹੁੰਦਾ ਸੀ। ਬੱਚੇ ਦੀ ਦੇਖ-ਰੇਖ ਲਈ ਘਰ ਵਿੱਚ ਕਈ ਜੀਅ ਹੁੰਦੇ ਸਨ। ਉਨ੍ਹਾਂ ਨੂੰ ਘਰ ਵਿੱਚ ਛੋਟੇ-ਵੱਡੇ ਭੈਣ-ਭਰਾਵਾਂ ਤੋਂ ਲੈ ਕੇ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਸਾਥ ਮਿਲ ਜਾਂਦਾ ਸੀ ਜੋ ਉਨ੍ਹਾਂ ਦੀ ਸਾਂਭ-ਸੰਭਾਲ ਅਤੇ ਪਾਲਣ-ਪੋਸ਼ਣ ਵਿੱਚ ਵੱਖ-ਵੱਖ ਤਰ੍ਹਾਂ ਨਾਲ ਯੋਗਦਾਨ ਪਾਉਂਦੇ ਸਨ। ਇਸ ਤਰ੍ਹਾਂ ਬੱਚੇ ਦੀ ਸ਼ਖ਼ਸੀਅਤ ਦਾ ਬਹੁਪੱਖੀ ਵਿਕਾਸ ਘਰ ਵਿੱਚੋਂ ਹੀ ਹੋਣਾ ਸ਼ੁਰੂ ਹੋ ਜਾਂਦਾ ਸੀ। ਉਸ ਨੂੰ ਰਿਸ਼ਤਿਆਂ ਦੀ ਸਾਰ ਅਤੇ ਅਹਿਮੀਅਤ ਦਾ ਬਚਪਨ ਤੋਂ ਹੀ ਪਤਾ ਲੱਗ ਜਾਂਦਾ ਸੀ।  ਉਹ ਹਰ ਰਿਸ਼ਤੇ ਦਾ ਪਿਆਰ ਤੇ ਸਤਿਕਾਰ ਕਰਨਾ ਸਹਿਜ਼-ਸੁਭਾਅ ਹੀ ਸਿੱਖ ਜਾਂਦਾ ਸੀ। ਦਾਦਾ-ਦਾਦੀ ਤੇ ਹੋਰ ਵਡੇਰੇ ਮੈਂਬਰਾਂ ਤੋਂ ਮਹਾਪੁਰਸ਼ਾਂ ਦੀਆਂ ਜੀਵਨੀਆਂ ਅਤੇ ਕਹਾਣੀਆਂ ਸੁਣ ਕੇ ਬੱਚਾ ਕਈ ਤਰ੍ਹਾਂ ਦੀਆਂ ਸੇਧਾਂ ਲੈ ਲੈਂਦਾ ਸੀ। ਬੱਚੇ ਨੂੰ ਇਸ ਤਰ੍ਹਾਂ ਸਮਾਜ ਵਿੱਚ ਪੂਰੀ ਤਰ੍ਹਾਂ ਨਾਲ ਵਿਚਰਨਾ ਸਹਿਜ-ਸੁਭਾਅ ਹੀ ਆ ਜਾਂਦਾ ਸੀ। ਅਜਿਹਾ ਬੱਚਾ ਅੰਤਰਮੁਖੀ ਨਾ ਹੋ ਕੇ ਬਾਹਰਮੁਖੀ ਹੁੰਦਾ ਸੀ।  ਮੁੱਕਦੀ ਗੱਲ ਕਿ ਸਾਂਝਾ ਪਰਿਵਾਰ ਸਭ ਲਈ ਵਰਦਾਨ ਸੀ।

ਸਮਾਂ ਹਮੇਸ਼ਾ ਆਪਣੀ ਚਾਲ ਚਲਦਾ ਰਹਿੰਦਾ ਹੈ ਅਤੇ ਸਮੇਂ ਦੇ ਨਾਲ ਬਦਲਾਵਾਂ ਦਾ  ਹੋਣਾ ਸੁਭਾਵਿਕ ਹੈ। ਸਾਂਝੇ ਪਰਿਵਾਰਾਂ ਦਾ ਇਕਹਿਰੇ ਪਰਿਵਾਰਾਂ ਵਿੱਚ ਬਦਲਣਾ ਇਨ੍ਹਾਂ ਬਦਲਾਵਾਂ ਦੀ ਇੱਕ ਕੜੀ ਹੈ। ਅੱਜ ਸਮੇਂ ਨੇ ਮਨੁੱਖ ਨੂੰ ਇੱਕ ਅਜਿਹੇ ਮੋੜ ‘ਤੇ ਲਿਆ  ਖੜ੍ਹਾ ਕੀਤਾ ਹੈ ਕਿ ਉਹ ਫਿਰ ਸਾਂਝੇ ਪਰਿਵਾਰਾਂ ਦੀ ਲੋੜ ਮਹਿਸੂਸ ਕਰਨ ਲੱਗਾ ਹੈ ਕਿਉਂਕਿ ਸਮਾਜ ਵਿੱਚੋਂ ਜੋ ਕਦਰਾਂ-ਕੀਮਤਾਂ ਅੱਜ ਮਨਫੀ ਹੋ ਗਈਆਂ ਹਨ ਜਾਂ ਹੋ ਰਹੀਆਂ ਹਨ ਤੇ ਰਿਸ਼ਤਿਆਂ ਦਾ ਜੋ ਘਾਣ ਹੋ ਰਿਹਾ ਹੈ, ਬਾਕੀ ਕਾਰਨਾਂ ਦੇ ਨਾਲ ਸਾਂਝੇ ਪਰਿਵਾਰਾਂ ਦੀ ਅਣਹੋਂਦ ਵੀ ਇਸ ਦਾ ਇੱਕ ਮੁੱਖ ਕਾਰਨ ਹੈ। ਅੱਜ ਪਰਿਵਾਰਾਂ ਦੀ  ਪਰਿਭਾਸ਼ਾ ਤਾਂ ਬਿਲਕੁਲ ਹੀ ਸੁੰਘੜ ਗਈ ਹੈ। ਅੱਜ ਪਰਿਵਾਰ ਮੀਆਂ-ਬੀਵੀ ਤੇ ਉਨ੍ਹਾਂ ਦੇ ਬੱਚਿਆਂ ਤੱਕ ਹੀ ਸੀਮਤ ਹੋ ਗਿਆ ਹੈ। ਇਸ ਤਰ੍ਹਾਂ ਦੀ ਪਰਿਵਾਰ ਦੀ ਪ੍ਰਥਾ ਨੇ ਸਮਾਜ ਦਾ ਤਾਣਾ-ਬਾਣਾ ਬਿਲਕੁਲ ਹੀ ਬਦਲ ਦਿੱਤਾ ਹੈ। ਅਜੋਕੇ ਸਮੇਂ ਹਰ ਬੰਦਾ ਇਹ ਸ਼ਿਕਾਇਤ ਕਰਦਾ ਹੈ ਕਿ ਅੱਜ ਦੇ ਬੱਚੇ ਕਿਸੇ ਰਿਸ਼ਤੇ ਦੀ ਕੋਈ ਪ੍ਰਵਾਹ ਨਹੀਂ ਕਰਦੇ। ਹਾਲਾਤ ਇਹੋ-ਜਿਹੇ ਹੋ ਰਹੇ ਹਨ ਕਿ ਬੱਚੇ ਆਪਣੇ ਮਾਂ-ਬਾਪ ਦੀ ਵੀ ਪ੍ਰਵਾਹ ਘੱਟ ਹੀ ਕਰਦੇ ਹਨ। ਇਸੇ ਕਾਰਨ ਅੱਜ ਕਈ ਬਜ਼ੁਰਗ ਮਾਪਿਆਂ ਨੂੰ ਘਰੋਂ ਕੱਢ ਦਿੱਤਾ ਜਾਂਦਾ ਹੈ ਜਾਂ ਬੱਚਿਆਂ ਤੋਂ ਤੰਗ ਆ ਕੇ ਮਾਪੇ ਘਰਾਂ ਵਿੱਚ ਘੁਟਣ ਮਹਿਸੂਸ ਕਰਨ ਕਰਕੇ ਬਿਰਧ ਆਸ਼ਰਮਾਂ ਵਿੱਚ ਰਹਿਣ ਲਈ ਮਜ਼ਬੂਰ ਹੋ ਜਾਂਦੇ ਹਨ। ਇਸ ਦੀ ਮਿਸਾਲ ਬਿਰਧ ਆਸ਼ਰਮਾਂ ਦੀ ਗਿਣਤੀ ‘ਚ ਹੋ ਰਿਹਾ ਲਗਾਤਾਰ ਵਾਧਾ ਹੈ। ਮਾਪਿਆਂ ਨਾਲ ਬੱਚਿਆਂ ਵੱਲੋਂ ਗ਼ਲਤ ਵਤੀਰੇ ਦੀਆਂ ਖ਼ਬਰਾਂ ਵੀ ਅੱਜ ਆਮ  ਪੜ੍ਹਨ-ਸੁਣਨ  ਨੂੰ ਮਿਲਦੀਆਂ ਹਨ ਤੇ ਆਪਣੇ ਆਸ-ਪਾਸ ਇਹੋ-ਜਿਹਾ ਕੁਝ ਦੇਖਣ ਨੂੰ ਵੀ ਆਮ ਮਿਲ ਜਾਂਦਾ ਹੈ। ਪਿਛਲੇ ਸਾਲ ਚੰਡੀਗੜ੍ਹ ਵਿੱਚ ‘ਵਰਲਡ ਐਲਡਰ ਐਬਿਊਜ਼ ਅਵੇਰਨੈੱਸ ਡੇਅ’ ਮਨਾਇਆ ਗਿਆ ਜਿਸ ਵਿੱਚ ਹੈਮਲ ਏਜ਼ ਇੰਡੀਆਜ਼ ਰਿਪੋਰਟ ਨੇ ਦਰਸਾਇਆ ਕਿ ਚੰਡੀਗੜ੍ਹ ਵਿੱਚ 32.7 ਫ਼ੀਸਦੀ ਸੀਨੀਅਰ ਸਿਟੀਜ਼ਨ ਆਪਣੇ ਪਰਿਵਾਰਾਂ ਵੱਲੋਂ ਅਨਾਦਰ ਅਤੇ ਮਾਨਸਿਕ ਪੀੜਾ ਦਾ ਸਾਹਮਣਾ ਕਰ ਰਹੇ ਹਨ ਜਦੋਂਕਿ ਦਿੱਲੀ ਵਿੱਚ ਇਹ ਦਰ 29.8 ਫੀਸਦੀ ਹੈ।  ਮਨੁੱਖੀ ਅਧਿਕਾਰ ਕਮਿਸ਼ਨ ਨੇ ਵੀ ਇਸ ‘ਤੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ।

ਅੱਜ-ਕੱਲ੍ਹ ਕੰਮਕਾਜੀ ਮਾਪਿਆਂ ਦੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਇਕੱਲੇਪਣ ਦੀ ਆਦਤ ਹੋ ਜਾਂਦੀ ਹੈ। ਦੂਜਾ ਅੱਜ-ਕੱਲ੍ਹ ਦੇ ਬੱਚੇ ਟੀ. ਵੀ., ਇੰਟਰਨੈੱਟ ਤੇ ਮੋਬਾਈਲਾਂ ਦੇ ਆਦੀ ਹੋ ਰਹੇ ਹਨ। ਇਹ ਵੀ ਕਿਹਾ ਜਾ ਸਕਦਾ ਹੈ ਕਿ ਅੱਜ ਤਾਂ ਇਕਹਿਰੇ ਪਰਿਵਾਰ ਦੇ ਵਿੱਚ ਹੀ ਹੋਰ ਇਕਹਿਰੇ ਪਰਿਵਾਰ ਪੈਦਾ ਹੋ ਰਹੇ ਹਨ ਕਿਉਂਕਿ ਅੱਜ-ਕੱਲ੍ਹ ਹਰ ਬੱਚਾ ਆਪਣੇ ਕਮਰੇ ਵਿੱਚ ਰਹਿਣਾ ਪਸੰਦ ਕਰਦਾ ਹੈ। ਘਰ ਵਿੱਚ ਪਰਿਵਾਰ ਦੇ ਸਭ ਮੈਂਬਰਾਂ ਦੇ ਵੱਖ-ਵੱਖ ਕਮਰਿਆਂ ਵਿੱਚ ਲੋੜੀਂਦਾ ਸਭ ਕੁਝ ਹੁੰਦਾ ਹੈ, ਇਸ ਲਈ ਸਾਰੇ ਆਪਣੇ ਕਮਰਿਆਂ ਵਿੱਚ ਹੀ ਬੈਠਣਾ ਪਸੰਦ ਕਰਦੇ ਹਨ। ਇਕੱਠੇ ਮਿਲ ਕੇ ਬੈਠਣ ਦਾ ਰਿਵਾਜ ਲਗਭਗ ਖ਼ਤਮ  ਹੀ ਹੋ ਗਿਆ ਹੈ। ਜੇ ਕਦੇ ਸਾਰੇ ਮੈਂਬਰ ਇੱਕ ਥਾਂ ਇਕੱਠੇ  ਬੈਠਦੇ ਵੀ ਹਨ ਤਾਂ ਹਰ ਕੋਈ ਆਪਣੇ-ਆਪਣੇ ਮੋਬਾਈਲ ‘ਤੇ ਵਿਅਸਤ ਹੁੰਦਾ ਹੈ। ਇਸ ਤਰ੍ਹਾਂ ਰਲ-ਮਿਲ ਕੇ ਗੱਲਾਂ-ਬਾਤਾਂ ਸਾਂਝੀਆਂ ਕਰਨ ਦਾ ਘਰਾਂ ਵਿੱਚ ਘੱਟ ਹੀ ਮਾਹੌਲ ਬਣਦਾ ਹੈ, ਪਰ ਇਸ ਸਭ ਦੇ ਨਤੀਜੇ ਕੋਈ ਬਹੁਤੇ ਚੰਗੇ ਨਹੀਂ ਨਿੱਕਲ ਰਹੇ। ਇਸ ਲਈ ਲੋੜ ਹੈ ਸਮੇਂ ਦੀ ਨਜ਼ਾਕਤ ਨੂੰ ਸਮਝਣ ਦੀ। ਮਾਪਿਆਂ ਨੂੰ ਚਾਹੀਦੈ ਕਿ ਆਪਣੇ ਕੰਮਾਕਾਰਾਂ ਦੇ ਨਾਲ ਬੱਚਿਆਂ ਨੂੰ ਵੀ ਪੂਰਾ ਸਮਾਂ ਦੇਣ ਤੇ ਉਨ੍ਹਾਂ ਨਾਲ ਹਰ ਤਰ੍ਹਾਂ ਦੀਆਂ ਪਰਿਵਾਰਕ ਗੱਲਾਂ ਸਾਂਝੀਆਂ ਕਰਨ। ਆਪਣੇ ਮਾਪਿਆਂ ਅਤੇ ਹੋਰ ਬਜ਼ੁਰਗਾਂ ਤੇ ਰਿਸ਼ਤੇਦਾਰਾਂ ਦਾ ਮਾਣ-ਸਨਮਾਨ ਕਰਕੇ ਅਸੀਂ ਆਪਣੇ ਬੱਚਿਆਂ ਸਾਹਮਣੇ ਮਿਸਾਲ ਪੇਸ਼ ਕਰ ਸਕਦੇ ਹਾਂ।  ਪਰਿਵਾਰ ਦੇ ਹਰ ਔਖੇ-ਸੌਖੇ ਤੇ ਮਾੜੇ-ਚੰਗੇ ਵਕਤ ਵਿੱਚ ਬੱਚਿਆਂ ਨੂੰ ਪੂਰਨ ਤੌਰ ‘ਤੇ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਜੋ ਬੱਚੇ ਸ਼ੁਰੂ ਤੋਂ ਹੀ ਘਰ-ਪਰਿਵਾਰ ਅਤੇ ਰਿਸ਼ਤਿਆਂ ਦੀ ਅਹਿਮੀਅਤ ਸਮਝ ਜਾਣ ਅਤੇ ਇੱਕ ਸਾਂਝੇ ਨਰੋਏ ਤੇ ਮਨਭਾਉਂਦੇ ਸਮਾਜ ਦੀ ਸਥਾਪਨਾ ਹੋ ਸਕੇ।

ਕੋਟਲੀ ਅਬਲੂ 

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।