ਸੋਸ਼ਲ ਮੀਡੀਆ, ਸ਼ਹਿਦ ਜਾਂ ਜ਼ਹਿਰ!

ਸੋਸ਼ਲ ਮੀਡੀਆ, ਸ਼ਹਿਦ ਜਾਂ ਜ਼ਹਿਰ!

ਸੋਸ਼ਲ ਮੀਡੀਆ, ਥੋੜ੍ਹੇ ਸਮੇਂ ’ਚ ਈ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ’ਚ ਤੂਫਾਨ ਦੀ ਗਤੀ ਨਾਲ ਆਈ, ਇੰਟਰਨੈੱਟ ਕ੍ਰਾਂਤੀ ਰਾਹੀਂ, ਇੰਨਾ ਤਾਕਤਵਰ ਹੋ ਗਿਆ ਏ ਕਿ ਚੰਗੇ-ਭਲੇ ਵਿਕਸਿਤ ਮੁਲਕਾਂ ਨੂੰ ਹੈਰਾਨ ਕਰ ਦਿੱਤਾ ਏ। ਪਹੁੰਚ ਦੇਖੋ, ਅੱਜ-ਕੱਲ੍ਹ ਮੰਤਰੀਆਂ, ਪਾਰਟੀ ਪ੍ਰਧਾਨਾਂ ਦੇ ਅਸਤੀਫੇ ਤੋਂ ਲੈ ਕੇ, ਪਿੰਡ ’ਚ ਟੂਟੀ ਕਿੰਨੇ ਵਜੇ ਆਉਣੀ ਏ, ਸੋਸ਼ਲ ਮੀਡੀਆ ਈ ਦੱਸ ਰਿਹਾ ਏ। ਸੋਸ਼ਲ ਮੀਡੀਆ ਨੇ, ਇਸ ਵਿਸ਼ਾਲ ਦੁਨੀਆ ਨੂੰ ਛੋਟਾ ਬਣਾ ਕੇ, ਹਰੇਕ ਦੀ ਪਹੁੰਚ ਵਿਚ ਲੈ ਆਂਦਾ ਏ। ਮੀਡੀਆ ’ਤੇ ਆਮ ਈ, ਜਿੱਥੇ ਕਿਸੇ ਖਾਸ ਰਾਜਨੀਤਕ ਜਾਂ ਧਾਰਮਿਕ ਪੱਖ ਵੱਲ ਝੁਕਾਅ ਦੇ ਆਰੋਪ ਲੱਗਦੇ ਰਹਿੰਦੇ ਨੇ, ਉੱਥੇ ਈ ਖਬਰਾਂ ਦੇ ਖੇਤਰ ਵਿੱਚ, ਅੱਜ ਸੋਸ਼ਲ ਮੀਡੀਆ ਸਭ ਤੋਂ ਤਾਕਤਵਰ ਹਥਿਆਰ ਬਣ ਚੁੱਕਾ ਏ। ਸਿੱਖਿਆ, ਵਿਚਾਰ, ਸੂਚਨਾ, ਜਾਣਕਾਰੀਆਂ ਤੇ ਸਾਹਿਤ ਦਾ ਪ੍ਰਚਾਰ-ਪ੍ਰਸਾਰ, ਸੋਸ਼ਲ ਮੀਡੀਆ ਰਾਹੀਂ, ਜਿਸ ਤੇਜੀ ਨਾਲ ਹਰੇਕ ਤੀਕ ਪੁੱਜਾ ਏ, ਉਹ ਅਦਭੁੱਤ ਏ।

ਸੋਸ਼ਲ ਮੀਡੀਆ ਸਿਰਫ ਮਨੋਰੰਜਨ ਦਾ ਈ ਨ੍ਹੀਂ, ਲੱਖਾਂ ਲੋਕਾਂ ਦੇ ਰੁਜ਼ਗਾਰ ਦਾ ਵੀ ਸਾਧਨ ਏ, ਲਾਕਡਾਊਨ ’ਚ ਪੂਰੀ ਦੁਨੀਆ ਦੇ ਵਿਦਿਆਰਥੀਆਂ ਨੇ, ਸੋਸ਼ਲ ਮੀਡੀਆ ਰਾਹੀਂ ਜਿਸ ਤਰ੍ਹਾਂ ਆਪਣੀ ਪੜ੍ਹਾਈ ਜਾਰੀ ਰੱਖੀ, ਬਾਕਮਾਲ ਸੀ। ਭਿ੍ਰਸ਼ਟਾਚਾਰ ਨੂੰ ਠੱਲ੍ਹ ਪਾਉਣ ਤੇ ਧੱਕੇਸ਼ਾਹੀ ਵਿਰੁੱਧ ਲੋਕ-ਲਹਿਰ ਬਣਾਉਣ ’ਚ ਸੋਸ਼ਲ ਮੀਡੀਆ ਨੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਉਂਦਿਆਂ ਵੱਡੇ-ਵੱਡੇ ਮਗਰਮੱਛਾਂ ਨੂੰ ਲਪੇਟੇ ’ਚ ਲਿਆ ਏ। ਅੱਜ ਸਾਡੇ ਦੇਸ਼ ’ਚ ਲਗਭਗ ਹਰੇਕ ਸਰਕਾਰੀ ਤੇ ਪ੍ਰਾਈਵੇਟ ਵਿਭਾਗ ਦਾ ਕੰਮਕਾਜ, ਸੋਸ਼ਲ ਮੀਡੀਆ ਦੇ ਬਿਨਾਂ ਚਲਾਉਣਾ ਸੰਭਵ ਈ ਨਹੀਂ ਏ।

ਤੁਸੀਂ ਹੈਰਾਨ ਹੋ ਜਾਵੋਗੇ ਕਿ, ਸ਼ੁਰੂਆਤ ’ਚ ਜਿੰਨਾ ਫੇਸਬੁੱਕ ਤੇ ਵਟਸਐਪ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸਰਕਾਰਾਂ ਨੇ ਸਰਕਾਰੀ ਮੁਲਾਜ਼ਮਾਂ ਨੂੰ ਸਰਕਾਰੀ ਘੰਟਿਆਂ ’ਚ ਵਰਤਣ ਲਈ ਸਖਤ ਕਾਰਵਾਈਆਂ ਤੱਕ ਕੀਤੀਆਂ ਸਨ, ਅੱਜ ਉਸੇ ਵਟਸਐਪ ਦੇ ਸਰਕਾਰੀ ਗਰੁੱਪਾਂ ’ਚ ਸਰਕਾਰੀ ਮੈਸੇਜ ਦਾ ਰਿਪਲਾਈ ਨਾ ਕਰਨ ’ਤੇ ਕਾਰਵਾਈਆਂ ਹੁੰਦੀਆਂ ਨੇ, ਨਾਲ ਹੀ ਵਿਭਾਗਾਂ ਦੇ ਫੇਸਬੁੱਕ ਪੇਜ਼ਾਂ ਨੂੰ ਲਾਈਕ ਕਰਵਾਉਣ ਹਿੱਤ ਵੱਡੇ ਪੱਧਰ ’ਤੇ ਮੁਹਿੰਮਾਂ ਚਲਾਈਆਂ ਜਾਂਦੀਆਂ ਨੇ। ਅੱਜ ਸੋਸ਼ਲ ਮੀਡੀਆ ਰਾਹੀਂ ਲੋਕੀ ਵੱਡੇ-ਵੱਡੇ ਵਪਾਰ, ਕਾਰੋਬਾਰ ਚਲਾ ਰਹੇ ਹਨ, ਉੱਥੇ ਹੀ ਇੰਸਟਾਗ੍ਰਾਮ ਵਰਗੇ ਪਲੇਟਫਾਰਮ ’ਤੇ ਨੌਜਵਾਨ ਵਰਗ ਪੇਜਾਂ ਰਾਹੀਂ, ਵਧੀਆ ਪੈਸੇ ਕਮਾ ਰਹੇ ਹਨ। ਸੋਸ਼ਲ ਮੀਡੀਆ ਤੇ ਖਾਸਕਰ ਯੂਟਿਊਬ ਰਾਹੀਂ ਅਣਗਿਣਤ ਛਿਪੀਆਂ ਹੋਈਆਂ ਪ੍ਰਤਿਭਾਵਾਂ, ਉਸ ਥਾਂ ਤੀਕਰ ਅੱਪੜ ਚੁਕੀਆਂ ਨੇ, ਜਿਸ ਦਾ ਉਹਨਾਂ ਸੁਪਨੇ ’ਚ ਵੀ ਅੰਦਾਜ਼ਾ ਨ੍ਹੀਂ ਲਾਇਆ ਹੋਣਾ।

ਕੀ ਸੋਸ਼ਲ ਮੀਡੀਆ ਰਾਹੀਂ ਅਸੀਂ, ਸਿਰਫ ਪ੍ਰਗਤੀ ਹੀ ਕੀਤੀ ਏ? ਜੀ ਨਹੀਂ। ਸਾਡੇ ਦੇਸ਼ ’ਚ ਸੋਸ਼ਲ ਮੀਡੀਆ ਨੇ, ਸੱਭਿਆਚਾਰਕ, ਨੈਤਿਕ ਤੇ ਸਮਾਜਿਕ ਕਦਰਾਂ-ਕੀਮਤਾਂ ਦਾ ਵੱਡੇ ਪੱਧਰ ’ਤੇ ਘਾਣ ਵੀ ਕੀਤਾ ਏ। ਦੇਸ਼ ਵਿੱਚ ਅਫਵਾਹਾਂ ਰਾਹੀਂ, ਨਫਰਤ ਫੈਲਾਉਣ ਵਿੱਚ ਸਭ ਤੋਂ ਵੱਡਾ ਰੋਲ ਸੋਸ਼ਲ ਮੀਡੀਆ ਦਾ ਹੀ ਏ। ਆਪਣੇ ਸੌੜੇ ਹਿੱਤਾਂ ਲਈ ਦੇਸ਼-ਵਿਰੋਧੀ ਤੇ ਸਮਾਜ-ਵਿਰੋਧੀ ਲੋਕ, ਇਸਨੂੰ ਹਥਿਆਰ ਦੇ ਰੂਪ ’ਚ ਵਰਤਦੇ ਨੇ। ਖੁੰਬਾਂ ਵਾਂਗ ਪੈਦਾ ਹੋਏ ਵੈੱਬ-ਚੈਨਲ ਤੇ ਅਖੌਤੀ ਕੱਚੇ-ਪਿੱਲੇ ਪੱਤਰਕਾਰਾਂ ਰਾਹੀਂ ਬਿਨਾਂ ਸਿਰ-ਪੈਰ ਦੀਆਂ ਝੂਠੀਆਂ ਖਬਰਾਂ ਦੀ ਹਨ੍ਹੇਰੀ, ਸਿਰਫ ਆਪਣਾ ਪ੍ਰੋਪੇਗੰਡਾ ਸੈਟ ਕਰਨ ਜਾਂ ਸਨਸਨੀ ਫੈਲਾ ਕੇ ਲਾਈਕ, ਸ਼ੇਅਰ ਪ੍ਰਾਪਤ ਕਰਨ ਲਈ ਚੱਲ ਰਹੀ ਏ, ਜਿਸ ਨੇ ਮੁਲਕ ਦੀ ਫਿਜ਼ਾ ’ਚ ਇੱਕ ਬੇਭਰੋਸਗੀ ਦੇ ਮਾਹੌਲ ਦੀ ਸਿਰਜਣਾ ਕਰ ਦਿੱਤੀ ਏ। ਵਿਡੰਬਨਾ ਇਹ ਹੈ ਕਿ ਅੱਜ, ਸੱਚ ਲੋਕਾਂ ਤੀਕ ਅੱਪੜਨ ਤੋਂ ਪਹਿਲਾਂ ਈ, ਝੂਠ ਦੇ ਜਾਲ ’ਚ ਫਸ ਅਕਸਰ ਦਮ ਤੋੜ ਜਾਂਦਾ ਏ।

ਸੋਸ਼ਲ ਮੀਡੀਆ, ਅਸ਼ਲੀਲਤਾ ’ਤੇ ਰੋਕ ਲਾਉਣ ਦੀਆਂ ਸਰਕਾਰ ਦੀ ਕੋਸ਼ਿਸ਼ਾਂ ਦੀ ਰਾਹ ’ਚ ਵੱਡਾ ਰੋੜਾ ਏ, ਇਸ ਪਲੇਟਫਾਰਮ ਕਾਰਨ ਛੋਟੀ ਉਮਰ ਦੇ ਬੱਚੇ ਜਿੱਥੇ ਅਸ਼ਲੀਲ ਸਮੱਗਰੀ ਦੇ ਕੋਝੇ ਚੱਕਰਵਿਊ ’ਚ ਫਸ ਜਾਂਦੇ ਨੇ, ਉੱਥੇ ਹੀ ਸਾਡੀਆਂ ਧੀਆਂ-ਭੈਣਾਂ ਦੀਆਂ, ਐਡਿਟ ਕੀਤੀਆਂ ਤਸਵੀਰਾਂ-ਵੀਡੀਓ ਵਾਇਰਲ ਹੋਣ ਨਾਲ, ਕਿੰਨੇ ਹੀ ਲੋਕ ਬਦਨਾਮੀ ਕਾਰਨ, ਆਤਮਹੱਤਿਆ ਵਰਗੇ ਕਦਮ ਚੁੱਕ ਰਹੇ ਹਨ।

ਸੋਸ਼ਲ ਮੀਡੀਆ ’ਤੇ ਸਾਡੇ ਫੋਨ ਰਾਹੀਂ ਨਿੱਜੀ ਜਾਣਕਾਰੀਆਂ ਚੋਰੀ ਕਰਨ ਦੇ ਵੱਡੇ ਪੱਧਰ ’ਤੇ ਇਲਜ਼ਾਮ ਲੱਗ ਰਹੇ ਹਨ, ਪਿੱਛੇ ਜਿਹੇ ਸਰਕਾਰ ਨਾਲ ਇਸੇ ਸੰਬੰਧੀ ਵੱਡਾ ਵਿਵਾਦ ਵੀ, ਲੰਮਾ ਸਮਾਂ ਜਾਰੀ ਰਿਹਾ ਸੀ। ਬਾਕੀ ਪੈਸੇ ਨਾਲ ਖਰੀਦੇ ਝੂਠੇ ਲਾਈਕ-ਵਿਊ ਦੇ ਵਿਵਾਦ ਵੀ ਜੱਗ-ਜਾਹਿਰ ਹੀ ਨੇ। ਅੱਜ-ਕੱਲ੍ਹ ਵੱਡੇ ਪੱਧਰ ’ਤੇ ਜਿੱਥੇ, ਸੋਸ਼ਲ ਮੀਡੀਆ ਰਾਹੀਂ ਸਾਈਬਰ ਠੱਗੀਆਂ ਤੇ ਬਲੈਕਮੇਲਿੰਗ ਕਰਨ ਵਾਲੇ ਗਿਰੋਹ ਵੀ ਸਰਗਰਮ ਨੇ, ਉੱਥੇ ਹੀ ਜਾਅਲੀ ਆਈ ਡੀ ਰਾਹੀਂ ਕਿੰਨੇ ਈ ਲੋਕਾਂ ਨੂੰ ਰਗੜਾ ਲੱਗ ਚੁੱਕਾ ਏ, ਸੋਸ਼ਲ ਮੀਡੀਆ ’ਤੇ ਫੋਨ ਕਾਲ ਰਿਕਾਰਡ ਦੀ ਪੇਚੀਦਗੀ ਕਾਰਨ, ਅਪਰਾਧਿਕ ਗਤੀਵਿਧੀਆਂ ਨੂੰ ਹੱਲ ਕਰਨ ’ਚ ਪੁਲਿਸ ਵੀ ਕਈ ਵਾਰ ਨਾਕਾਮ ਹੋ ਜਾਂਦੀ ਏ।

ਸੋਸ਼ਲ ਮੀਡੀਆ ਕਾਰਨ, ਹਰ ਕੋਈ ਈਗੋ ਦੀ ਬਿਮਾਰੀ ਤੋਂ ਇਸ ਤਰ੍ਹਾਂ ਗ੍ਰਸਤ ਏ ਕਿ ਜੇਕਰ ਕੋਈ ਵੀ ਸਾਥੀ, ਤੁਹਾਡੀ ਗੱਲ ਸੋਸ਼ਲ ਮੀਡੀਆ ’ਤੇ ਕੱਟਦਾ ਏ ਤਾਂ ਸਿਰਫ ਆਪਣੇ-ਆਪ ਨੂੰ ਜ਼ਿਆਦਾ ਸਿਆਣਾ ਸਾਬਤ ਕਰਨ ਹਿੱਤ ਤੁਸੀਂ, ਬਹਿਸ ਜਿੱਤਣ ਲਈ ਪੂਰੀ ਵਾਹ ਲਾ ਦਿੰਦੇ ਹੋ, ਹਾਲਾਂਕਿ ਬਹਿਸ ਤਾਂ ਤੁਸੀਂ ਭਾਵੇਂ ਜਿੱਤ ਜਾਂਦੇ ਓ ਪਰ ਉਸ ਸਾਥੀ ਨੂੰ ਹਮੇਸ਼ਾ ਲਈ ਗਵਾ ਦਿੰਦੇ ਓ।

ਹਾਲਾਤ ਇਹ ਨੇ ਕਿ ਸੋਸ਼ਲ ਮੀਡੀਆ ਦੇ ਝਗੜੇ, ਅਕਸਰ ਡਾਂਗਾਂ-ਤਲਵਾਰਾਂ, ਥਾਣਿਆਂ ਤੇ ਅਦਾਲਤਾਂ ਤੀਕ ਅੱਪੜ ਜਾਂਦੇ ਨੇ, ਜਿਨ੍ਹਾਂ ਵਿੱਚ ਆਮ ਲੋਕ ਈ ਨਹੀਂ, ਬਹੁਤ ਵੱਡੀਆਂ ਹਸਤੀਆਂ ਵੀ ਸ਼ਾਮਲ ਨੇ। ਸਾਡੇ ਵਿੱਚੋਂ ਜਿਆਦਾਤਰ ਲੋਕ, ਸੋਸ਼ਲ ਮੀਡੀਆ ਰੂਪੀ ਨਸ਼ੇ ਦੀ ਲਗਾਤਾਰ, ਹੱਦੋਂ ਵੱਧ ਵਰਤੋਂ ਕਰਕੇ, ਅਮਲੀ ਬਣ ਚੁੱਕੇ ਨੇ। ਹਾਲਾਤ ਇਹ ਨੇ ਕਿ ਅੱਜ ਮੇਰੇ ਵਰਗੇ ਸਿਰੇ ਦੇ ਵਿਹਲੇ ਬੰਦੇ ਵੀ, ਸੋਸ਼ਲ ਮੀਡੀਆ ਰਾਹੀਂ ਇੰਨੇ ਕੁ ਵਿਅਸਤ ਨੇ ਕਿ ਖੇਤ ਪੱਠੇ ਲੈਣ ਜਾਂਦੇ, ਚੱਲਦੇ ਮੋਟਰਸਾਈਕਲਾਂ ’ਤੇ ਅਸੀਂ ਸਟੇਟਸ ਅਪਡੇਟ ਕਰਦੇ ਰਹਿੰਦੇ ਆਂ।

ਪਰਿਵਾਰ ਦੇ ਮੈਂਬਰਾਂ ’ਚ ਇਸ ਲਤ ਕਾਰਨ ਆਪਸੀ ਦੂਰੀ ਲਗਾਤਾਰ ਵਧਦੀ ਈ ਜਾ ਰਹੀ ਏ। ਇਸ ਸਾਰੀ ਚਰਚਾ ਤੋਂ ਬਾਅਦ ਕੀ ਆਪਾਂ ਨੂੰ, ਸੋਸ਼ਲ ਮੀਡੀਆ ਦੀ ਵਰਤੋਂ ਬੰਦ ਈ ਕਰ ਦੇਣੀ ਚਾਹੀਦੀ ਏ, ਜੀ ਨਹੀਂ, ਦੁਨੀਆ ਦੇ ਨਾਲ ਚੱਲਣ ਲਈ, ਇਹ ਇਸ ਸਮੇਂ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ ਪਰ ਇਸ ਖਤਰਨਾਕ ਹਥਿਆਰ ਦੀ ਹੱਦੋਂ ਵੱਧ, ਅਨੈਤਿਕ ਤੇ ਲਾਪਰਵਾਹੀ ਨਾਲ ਕੀਤੀਂ ਵਰਤੋਂ, ਬਹੁਤ ਈ ਖਤਰਨਾਕ ਸਿੱਧ ਹੋ ਸਕਦੀ ਏ।

ਇਸ ਸਬੰਧੀ ਜਿੱਥੇ ਸਰਕਾਰ ਨੂੰ ਹੋਰ ਸਖਤ ਕਾਨੂੰਨ ਬਣਾਉਣ ਦੀ ਲੋੜ ਏ, ਉੱਥੇ ਹੀ ਸਾਨੂੰ ਵੀ ਆਪਣੇ ਵਿਵੇਕ ਤੇ ਸਾਵਧਾਨੀ ਨਾਲ, ਇਸ ਅਦੁੱਤੀ ਦਾਤ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਏ। ਜਿੱਥੇ ਸਿਆਣੇ ਹੱਥਾਂ ’ਚ ਆਈ ਸੱਪ ਦੀ ਜਹਿਰ ਵੀ ਦਵਾਈ ’ਚ ਬਦਲ ਜਾਂਦੀ ਏ, ਉੱਥੇ ਈ ਮੂਰਖ ਸ਼ਹਿਦ ਨਾਲ ਵੀ ਫਾਇਦੇ ਨਹੀਂ ਲੈ ਸਕਦੇ ਸੋ ਆਓ, ਅੱਜ ਤੋਂ ਈ ਸੋਸ਼ਲ ਮੀਡੀਆ ਦੀ ਸੀਮਤ ਤੇ ਨਿਯੰਤਿ੍ਰਤ ਵਰਤੋਂ ਦਾ ਪ੍ਰਣ ਲਈਏ।
ਹਿੰਦੀ ਅਧਿਆਪਕ, ਖੂਈ ਖੇੜਾ,
ਫਾਜ਼ਿਲਕਾ ਮੋ. 98727-05078
ਅਸ਼ੋਕ ਸੋਨੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ