ਕੋਰੋਨਾ ਤੋਂ ਵੀ ਵੱਡੀ ਮਹਾਂਮਾਰੀ ਹੈ ਤੰਬਾਕੂਨੋਸ਼ੀ
ਦਸੰਬਰ 2019 ਤੋਂ ਪੂਰੇ ਵਿਸ਼ਵ ਵਿੱਚ ਕੋਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਪੂਰੇ ਵਿਸ਼ਵ ਦੀਆਂ ਸਰਕਾਰਾਂ ਬਾਕੀ ਸਾਰੇ ਮਸਲਿਆਂ ਨੂੰ ਛੱਡ ਕੋਰੋਨਾ ਵਾਇਰਸ ਨੂੰ ਖਤਮ ਕਰਨ ‘ਤੇ ਲੱਗੀਆਂ ਹੋਈਆਂ ਹਨ। ਵਿਸ਼ਵ ਸਿਹਤ ਸੰਗਠਨ ਵੱਲੋਂ ਕਰਵਾਏ ਗਏ ਅਧਿਐਨ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਇੱਕ ਆਮ ਵਿਅਕਤੀ ਨਾਲੋਂ ਕੋਰੋਨਾ ਵਾਇਰਸ ਦੀ ਲਾਗ ਲੱਗਣ ਦਾ ਖਤਰਾ ਜਿਆਦਾ ਹੁੰਦਾ ਹੈ।
ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਮੁੱਖ ਤੌਰ ‘ਤੇ ਫੇਫੜਿਆਂ ‘ਤੇ ਹਮਲਾ ਕਰਦਾ ਹੈ। ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਫੇਫੜੇ ਪਹਿਲਾਂ ਹੀ ਤੰਬਾਕੂ ਦੀ ਵਰਤੋਂ ਕਰਨ ਨਾਲ ਕਮਜ਼ੋਰ ਹੋ ਜਾਂਦੇ ਹਨ ਅਤੇ ਜਦੋਂ ਅਜਿਹਾ ਵਿਅਕਤੀ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹੁੰਦਾ ਹੈ ਤਾਂ ਇਸ ਵਿੱਚ ਮੌਤ ਦਾ ਰਿਸਕ ਦੂਸਰੇ ਕੇਸਾਂ ਨਾਲੋਂ ਜਿਆਦਾ ਹੁੰਦਾ ਹੈ। ਇਸ ਲਈ ਕੋਰੋਨਾ ਵਾਇਰਸ ਨੂੰ ਰੋਕਣ ਲਈ ਤੰਬਾਕੂ ਪਦਾਰਥਾਂ ਦੀ ਵਰਤੋਂ ਬੰਦ ਕਰਨਾ ਬਹੁਤ ਜਰੂਰੀ ਹੈ।
ਵਿਸ਼ਵ ਸਿਹਤ ਸੰਗਠਨ ਵੱਲੋਂ ਹਰ ਸਾਲ 31 ਮਈ ਦਾ ਦਿਨ ‘ਵਿਸ਼ਵ ਤੰਬਾਕੂ ਵਿਰੋਧੀ ਦਿਵਸ’ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਲਈ ਹਰ ਵਾਰ ਨਵੇਂ ਥੀਮ ਦੀ ਚੋਣ ਕੀਤੀ ਜਾਂਦੀ ਹੈ ਅਤੇ ਅੱਜ ਮਨਾਏ ਜਾ ਰਹੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਦਾ ਥੀਮ ਨੌਜਵਾਨਾਂ ਨੂੰ ਤੰਬਾਕੂ ਤੇ ਨਿਕੋਟੀਨ ਦੀ ਵਰਤੋਂ ਕਰਨ ਤੋਂ ਰੋਕਣਾ ਤੇ ਤੰਬਾਕੂ ਵਿਰੋਧੀ ਇਸ ਲੜਾਈ ਵਿੱਚ ਨੌਜਵਾਨ ਵਰਗ ਦਾ ਸਹਿਯੋਗ ਲੈਣਾ ਹੈ।
ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਵਿਸ਼ਵ ਵਿੱਚ 1.3 ਬਿਲੀਅਨ ਤੋਂ ਜਿਆਦਾ ਲੋਕ ਵੱਖ-ਵੱਖ ਰੂਪਾਂ ਵਿੱਚ ਤੰਬਾਕੂ ਦੀ ਵਰਤੋਂ ਕਰਦੇ ਹਨ। ਜਿਸ ਕਾਰਨ ਇਹ ਲੋਕ ਸਾਹ, ਦਮਾ ਤੇ ਕੈਂਸਰ ਸਮੇਤ ਹੋਰ ਅਨੇਕਾਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।
ਇਸ ਲਈ ਤੰਬਾਕੂਨੋਸ਼ੀ ਦੀ ਇਸ ਮਹਾਂਮਾਰੀ ਨੂੰ ਖਤਮ ਕਰਨਾ ਬਹੁਤ ਜਰੂਰੀ ਹੈ। ਇਹ ਤਾਂ ਹੀ ਸੰਭਵ ਹੈ ਜੇਕਰ ਤੰਬਾਕੂਨੋਸ਼ੀ ਵਿਰੁੱਧ ਲਾਮਬੰਦ ਹੋ ਕੇ ਇੱਕ ਵੱਡੀ ਲਹਿਰ ਖੜ੍ਹੀ ਕੀਤੀ ਜਾਵੇ ਅਤੇ ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ ਰਾਹੀਂ ਤੰਬਾਕੂ ਦੀ ਹੁੰਦੀ ਇਸ਼ਤਿਹਾਰਬਾਜ਼ੀ ਨੂੰ ਬੰਦ ਕਰਕੇ ਤੰਬਾਕੂ ਤੋਂ ਹੋਣ ਵਾਲੇ ਨੁਕਸਾਨਾਂ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
ਭਾਵੇਂ ਭਾਰਤ ਸਰਕਾਰ ਵੱਲੋਂ ਕਾਨੂੰਨ ਪਾਸ ਕਰਕੇ ਜਨਤਕ ਥਾਵਾਂ ‘ਤੇ ਤੰਬਾਕੂ ਵਰਤਣ ਦੀ ਮਨਾਹੀ ਕੀਤੀ ਹੋਈ ਹੈ, ਪਰ ਇਹ ਕਾਨੂੰਨ ਫਾਈਲਾਂ ਵਿੱਚ ਹੀ ਦੱਬ ਕੇ ਰਹਿ ਗਿਆ ਹੈ ਤੰਬਾਕੂ ਵੇਚਣ ਵਾਲੀਆਂ ਕੰਪਨੀਆਂ ਹਰ ਸਾਲ ਲਗਭਗ 10 ਬਿਲੀਅਨ ਡਾਲਰ ਤੰਬਾਕੂ ਦੀ ਇਸ਼ਤਿਹਾਰਬਾਜ਼ੀ, ਪ੍ਰਚਾਰ ਅਤੇ ਸਪਾਂਸ਼ਰਸ਼ਿਪ ਲਈ ਖਰਚ ਕਰਦੀਆਂ ਹਨ। ਕੰਪਨੀਆਂ ਦੁਆਰਾ ਤੰਬਾਕੂ ਦੀ ਖੁੱਲ੍ਹੇ ਰੂਪ ਵਿੱਚ ਕੀਤੀ ਜਾਂਦੀ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਕਾਰਨ ਵਿਸ਼ਵ ਦੀ ਲਗਭਗ ਇੱਕ ਤਿਹਾਈ ਜਵਾਨੀ ਸ਼ੌਂਕ-ਸ਼ੌਕ ਵਿਚ ਹੀ ਤੰਬਾਕੂ ਦੀ ਵਰਤੋਂ ਕਰਨ ਦੀ ਆਦੀ ਹੋ ਰਹੀ ਹੈ।
ਤੰਬਾਕੂਨੋਸ਼ੀ ਕਰਨ ਵਾਲੇ 10 ‘ਚੋਂ 9 ਵਿਅਕਤੀ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਤੰਬਾਕੂ ਦੀ ਵਰਤੋਂ ਸ਼ੁਰੂ ਕਰ ਦਿੰਦੇ ਹਨ 2014 ਵਿੱਚ ਕੇਂਦਰੀ ਸਿਹਤ ਮੰਤਰਾਲੇ ਨੇ ਤੰਬਾਕੂ ਦੇ ਪੈਕਟਾਂ ‘ਤੇ ਦੋਵੇਂ ਪਾਸੇ 85 ਫੀਸਦੀ ਹਿੱਸੇ ‘ਤੇ ਮੋਟੇ ਅੱਖਰਾਂ ਅਤੇ ਤਸਵੀਰਾਂ ਰਾਹੀਂ ਇਸ ਦੀ ਵਰਤੋਂ ਨਾ ਕਰਨ ਸਬੰਧੀ ਚਿਤਾਵਨੀ ਛਾਪਣ ਦੇ ਹੁਕਮ ਦਿੱਤੇ ਸਨ, ਪਰ ਤੰਬਾਕੂ ਉਤਪਾਦਕ ਲਾਬੀ ਦੇ ਦਬਾਅ ਕਾਰਨ ਇਹਨਾਂ ਹੁਕਮਾਂ ‘ਤੇ ਪੂਰਾ ਅਮਲ ਨਹੀਂ ਹੋ ਸਕਿਆ।
World no tobacco day | ਤੰਬਾਕੂਨੋਸ਼ੀ ਕਾਰਨ ਹਰ ਸਾਲ ਵਿਸ਼ਵ ਵਿੱਚ ਲਗਭਗ 8 ਮਿਲੀਅਨ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਮਰਨ ਵਾਲਿਆਂ ਵਿੱਚੋਂ 7 ਮਿਲੀਅਨ ਤੋਂ ਜਿਆਦਾ ਲੋਕ ਸਿੱਧੇ ਰੂਪ ਵਿੱਚ ਤੰਬਾਕੂ ਦੀ ਵਰਤੋਂ ਕਰਨ ਵਾਲੇ ਹਨ, ਜਦਕਿ 1.2 ਮਿਲੀਅਨ ਲੋਕ ਅਜਿਹੇ ਹਨ, ਜਿਹੜੇ ਆਪ ਤੰਬਾਕੂ ਦਾ ਸੇਵਨ ਨਹੀਂ ਕਰਦੇ ਪਰ ਉਹ ਤੰਬਾਕੂ ਦਾ ਸੇਵਨ ਕਰਨ ਵਾਲਿਆਂ ਦੇ ਸੰਪਰਕ ਵਿੱਚ ਆਉਣ ਕਰਕੇ ਹੋਣ ਵਾਲੀਆਂ ਬਿਮਾਰੀਆਂ ਨਾਲ ਮਰ ਜਾਂਦੇ ਹਨ।
ਤੰਬਾਕੂਨੋਸ਼ੀ ਕਰਨ ਵਾਲੇ ਵਿਸ਼ਵ ਦੇ ਲਗਭਗ 1.3 ਬਿਲੀਅਨ ਲੋਕਾਂ ਵਿੱਚੋਂ 80 ਪ੍ਰਤੀਸ਼ਤ ਤੋਂ ਜਿਆਦਾ ਲੋਕ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਹਨ ਅਤੇ ਇਹਨਾਂ ਦੇਸ਼ਾਂ ਵਿੱਚ ਤੰਬਾਕੂ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਕਾਰਨ ਮਰਨ ਵਾਲਿਆਂ ਦਾ ਅੰਕੜਾ ਦਿਨੋ-ਦਿਨ ਵਧਦਾ ਜਾ ਰਿਹਾ ਹੈ।
ਵਿਸ਼ਵ ਸਿਹਤ ਸੰਗਠਨ ਵੱਲੋਂ ‘ਤੰਬਾਕੂ ‘ਤੇ ਟੈਕਸ ਵਧਾਓ’ ਦਾ ਨਾਅਰਾ ਦੇ ਕੇ ਸਾਰੇ ਦੇਸ਼ਾਂ ਨੂੰ ਇਹ ਅਪੀਲ ਕੀਤੀ ਗਈ ਸੀ ਕਿ ਉਹ ਤੰਬਾਕੂ ਵਾਲੀਆਂ ਵਸਤਾਂ ‘ਤੇ 10 ਤੋਂ 30 ਫੀਸਦੀ ਤੱਕ ਟੈਕਸ ਵਧਾਉਣ ਤਾਂ ਕਿ ਇਸ ਦੀ ਖਪਤ ਨੂੰ ਘੱਟ ਕੀਤਾ ਜਾ ਸਕੇ। ਪਰ ਇਸ ਖੇਤਰ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਤੰਬਾਕੂ ‘ਤੇ ਵਿੱਕਰੀ ਕਰ 70 ਤੋਂ 75 ਫੀਸਦੀ ਤੱਕ ਵਧਾ ਦੇਣਾ ਚਾਹੀਦਾ ਹੈ।
ਤੰਬਾਕੂ ਦੀ ਵਰਤੋਂ ਕਰਨ ਵਾਲੇ ਲੋਕਾਂ ‘ਤੇ ਕੀਤੇ ਗਏ ਇੱਕ ਸਰਵੇਖਣ ਵਿੱਚ ਦੱਸਿਆ ਗਿਆ ਹੈ ਕਿ ਤੰਬਾਕੂ ਵਸਤਾਂ ‘ਤੇ ਟੈਕਸ ਵਧਾਉਣ ਨਾਲ ਗਰੀਬ ਤਬਕੇ ਦੇ ਲੋਕਾਂ ਵਿੱਚ ਤੰਬਾਕੂ ਦੀ ਖਪਤ ਵਿੱਚ ਕਮੀ ਆਈ ਹੈ ਅਤੇ ਨੌਜਵਾਨ ਵਰਗ ਦਾ ਝੁਕਾਅ ਤੰਬਾਕੂਨੋਸ਼ੀ ਵਾਲੇ ਪਾਸੇ ਤੋਂ ਕੁੱਝ ਘਟਿਆ ਹੈ। ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਉਣ ਦਾ ਮੁੱਖ ਨਿਸ਼ਾਨਾ ਸਿਰਫ ਵਰਤਮਾਨ ਅਤੇ ਆਉਣ ਵਾਲੀ ਪੀੜ੍ਹੀ ਨੂੰ ਤੰਬਾਕੂਨੋਸ਼ੀ ਦੇ ਸਰੀਰ ‘ਤੇ ਪੈਣ ਵਾਲੇ ਦੁਸ਼ਪ੍ਰਭਾਵਾਂ ਬਾਰੇ ਸੁਚੇਤ ਕਰਨਾ ਹੀ ਨਹੀਂ ਬਲਕਿ ਤੰਬਾਕੂਨੋਸ਼ੀ ਕਾਰਨ ਹੁੰਦੇ ਸਮਾਜਿਕ, ਵਾਤਾਵਰਣਿਕ ਤੇ ਆਰਥਿਕ ਨੁਕਸਾਨ ਬਾਰੇ ਵੀ ਚੇਤੰਨ ਕਰਨਾ ਹੈ।
World no tobacco day | ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਵਿਸ਼ਵ ਵਿੱਚ ਤੰਬਾਕੂ ਦੀ ਵਰਤੋਂ ਰਾਹੀਂ ਹਰ 4 ਸੈਕਿੰਡ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਰਹੀ ਹੈ। ਇੱਕ ਅਧਿਐਨ ਮੁਤਾਬਕ ਸੰਸਾਰ ਵਿੱਚ ਮਰਨ ਵਾਲੇ 10 ਬਾਲਗ ਵਿਅਕਤੀਆਂ ਵਿੱਚ ਮਰਨ ਵਾਲਾ 1 ਵਿਅਕਤੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਤੰਬਾਕੂਨੋਸ਼ੀ ਦਾ ਸ਼ਿਕਾਰ ਹੁੰਦਾ ਹੈ।
20ਵੀਂ ਸਦੀ ਵਿੱਚ ਤੰਬਾਕੂ ਕਾਰਨ ਕਰੀਬ 100 ਮਿਲੀਅਨ ਮੌਤਾਂ ਹੋਈਆਂ ਸਨ। ਜੇਕਰ ਇਹ ਸਭ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ 21ਵੀਂ ਸਦੀ ਵਿੱਚ ਲਗਭਗ 1 ਬਿਲੀਅਨ ਮੌਤਾਂ ਤੰਬਾਕੂ ਕਾਰਨ ਹੋਣਗੀਆਂ। ਤੰਬਾਕੂਨੋਸ਼ੀ ਕਾਰਨ ਇੱਕ ਸਾਲ ਵਿੱਚ ਇਕੱਲੇ ਭਾਰਤ ਵਿੱਚ ਹੀ 10 ਲੱਖ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਤੰਬਾਕੂ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਵੀ ਇਸ ਦੇ ਮਾੜੇ ਨਤੀਜਿਆਂ ਨੂੰ ਦੇਖਦੇ ਹੋਏ ਤੰਬਾਕੂ ਦੀ ਖੇਤੀ ਦੀ ਥਾਂ ਹੋਰ ਬਦਲਵੀਆਂ ਫਸਲਾਂ ਬੀਜਣੀਆਂ ਚਾਹੀਦੀਆਂ ਹਨ।
World no tobacco day |ਤੰਬਾਕੂ ਦੀ ਵਰਤੋਂ ਸਬੰਧੀ ਬਣੇ ਹੋਏ ਕਾਨੂੰਨਾਂ ਰਾਹੀਂ ਤੰਬਾਕੂ ਦੀ ਵਰਤੋਂ ਨਾ ਕਰਨ ਵਾਲੇ ਵਿਅਕਤੀਆਂ ਦੀ ਸਿਹਤ ਦੀ ਰੱਖਿਆ ਕੀਤੀ ਜਾ ਸਕਦੀ ਹੈ। ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਤੰਬਾਕੂ ਦੇ ਗੰਭੀਰ ਸਿੱਟਿਆਂ ਬਾਰੇ ਦੱਸ ਕੇ ਇਸ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਵੀ ਕੀਤਾ ਜਾਣਾ ਚਾਹੀਦਾ ਹੈ।
ਤੰਬਾਕੂਨੋਸ਼ੀ ਕਰਨ ਵਾਲੇ ਜਿਹੜੇ ਵਿਅਕਤੀ ਇਸ ਤੋਂ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਹਨ ਅਤੇ ਉਹ ਇਸ ਲਤ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ, ਉਹਨਾਂ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਕੇ ਉਹਨਾਂ ਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਚਾਇਆ ਜਾਣਾ ਚਾਹੀਦਾ ਹੈ।
ਸੱਚਮੁੱਚ ਤੰਬਾਕੂ ਵਿਕਾਸ ਲਈ ਬਹੁਤ ਵੱਡਾ ਖਤਰਾ ਹੈ ਅਤੇ ਵਿਸ਼ਵ ਦੀ ਆਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਤੰਬਾਕੂ ਪ੍ਰਭਾਵ ਤੋਂ ਮੁਕਤ ਕਰਨ ਲਈ ਮਿਲ ਕੇ ਯਤਨ ਕਰਨ ਦੀ ਲੋੜ ਹੈ। ਆਉ! ਸਾਰੇ ਰਲ ਕੇ ਪ੍ਰਣ ਕਰੀਏ ਕਿ ਅਸੀਂ ਆਪਣੇ ਆਲੇ-ਦੁਆਲੇ ਦੇ ਤੰਬਾਕੂਨੋਸ਼ੀ ਕਰਨ ਵਾਲੇ ਵਿਅਕਤੀਆਂ ਨੂੰ ਇਸ ਦੀ ਵਰਤੋਂ ਦੇ ਮਾੜੇ ਨਤੀਜੇ ਦੱਸਾਂਗੇ ਤੇ ਉਹਨਾਂ ਨੂੰ ਤੰਬਾਕੂਨੋਸ਼ੀ ਤੋਂ ਰੋਕ ਕੇ ਤੰਬਾਕੂ ਵਿਰੋਧੀ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਵਾਂਗੇ।
ਡੀ.ਪੀ.ਈ. ਸਰਕਾਰੀ ਹਾਈ ਸਕੂਲ, ਕਮਾਲਪੁਰ (ਸੰਗਰੂਰ)
ਮੋ. 94178-30981
ਹਰਜੀਤ ਸਿੰਘ ਜੋਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।