ਤੰਬਾਕੂਨੋਸ਼ੀ, ਮੌਤ ਨੂੰ ਸੱਦਾ

Smoking Sachkahoon

ਤੰਬਾਕੂਨੋਸ਼ੀ, ਮੌਤ ਨੂੰ ਸੱਦਾ

ਸਾਡੇ ਦੇਸ਼ ’ਚ ਤੰਬਾਕੂਨੋਸ਼ੀ (Smoking) ਸਦੀਆਂ ਤੋਂ ਬਹੁਤ ਵੱਡੀ ਸਮੱਸਿਆ ਰਹੀ ਹੈ। ਹਾਲਾਂਕਿ ਪੁਰਾਣੇ ਸਮਿਆਂ ’ਚ ਤਾਂ ਅਨਪੜ੍ਹਤਾ ਤੇ ਜਾਗਰੂਕਤਾ ਦੀ ਘਾਟ ਕਾਰਨ ਤੰਬਾਕੂ ਦੇ ਮਾੜੇ ਪ੍ਰਭਾਵਾਂ ਸਬੰਧੀ ਲੋਕਾਂ ’ਚ ਗਿਆਨ ਦੀ ਘਾਟ ਸੀ ਪਰ ਅੱਜ ਜਦੋਂ ਪੂਰੀ ਦੁਨੀਆ ਨੂੰ ਪਤਾ ਲੱਗ ਚੁੱਕਾ ਏ ਕਿ ਤੰਬਾਕੂਨੋਸ਼ੀ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦਾ ਜਨਕ ਏ, ਫੇਰ ਵੀ ਲੋਕ ਧੜੱਲੇ ਨਾਲ ਇਸ ਜਹਿਰ ਦਾ ਪ੍ਰਯੋਗ ਕਰਦੇ, ਮੌਤ ਨੂੰ ਗਲ ਲਾ ਰਹੇ ਨੇ। ਸਾਡੇ ਦੇਸ਼ ’ਚ ਹਰ ਰੋਜ ਤਕਰੀਬਨ 2800 ਲੋਕਾਂ ਦੀ ਮੌਤ, ਤੰਬਾਕੂ ਉਤਪਾਦਾਂ ਦੀ ਵਰਤੋਂ ਕਾਰਨ ਹੁੰਦੀ ਏ, ਜ਼ਰਾ ਸੋਚੋ ਦੁਨੀਆ ’ਚ ਹਰੇਕ ਘੰਟੇ 600 ਲੋਕ ਇਸ ਮਿੱਠੇ ਜਹਿਰ ਕਾਰਨ ਮਰ ਰਹੇ ਹਨ।

ਤੰਬਾਕੂਨੋਸੀ, ਖਾਸਕਰ ਬੀੜੀ ਜਾਂ ਸਿਗਰਟ ਰਾਹੀਂ ਕਈ ਪ੍ਰਕਾਰ ਦੇ ਜਹਿਰੀਲੇ ਤੱਤ ਪੈਦਾ ਕਰਦੀ ਏ, ਜਿਨ੍ਹਾਂ ਵਿੱਚੋਂ ਨਿਕੋਟੀਨ ਸਭ ਤੋਂ ਖਤਰਨਾਕ ਹੈ। ਨਿਕੋਟੀਨ ਬਹੁਤ ਈ ਜਾਨਲੇਵਾ ਜਹਿਰ ਏ, ਤੰਬਾਕੂ ਵਿਚ ਪਾਇਆ ਜਾਣ ਵਾਲਾ ਇਹ ਨਿਕੋਟੀਨ ਈ ਵਿਅਕਤੀ ਨੂੰ ਨਸ਼ੇ ਦੀ ਆਦਤ ਵਿਚ ਫਸਾਉਣ ਦਾ ਕੰਮ ਕਰਦਾ ਹੈ, ਜੋ ਵੱਖ-ਵੱਖ ਜਾਨਲੇਵਾ ਬਿਮਾਰੀਆਂ ਦਾ ਜਨਮਦਾਤਾ ਹੈ। ਨਿਕੋਟੀਨ, ਨਾੜੀ ਤੰਤਰ ਤੇ ਖਾਸਕਰ ਫੇਫੜਿਆਂ ਨੂੰ ਖਤਮ ਕਰ ਦਿੰਦਾ ਹੈ। ਨਿਕੋਟੀਨ ਕਾਰਨ ਈ ਵਿਅਕਤੀ ਦਾ ਬਲੱਡ ਪ੍ਰੈਸ਼ਰ ਵਧਣ ਲੱਗ ਜਾਂਦਾ ਏ, ਇਸ ਤੋਂ ਇਲਾਵਾ ਗਲੇ ਤੇ ਮੂੰਹ ਦਾ ਕੈਂਸਰ, ਪੇਟ ਦੇ ਖਤਰਨਾਕ ਰੋਗ, ਫੇਫੜੇ ਦਾ ਕੈਂਸਰ, ਦਮਾ, ਅੱਖਾਂ ਦੇ ਰੋਗ ਤੇ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਦੀ ਜੜ੍ਹ ਤੰਬਾਕੂਨੋਸ਼ੀ ਹੀ ਹੈ।

ਬੜੀ ਹੀ ਨਮੋਸ਼ੀ ਦੀ ਗੱਲ ਹੈ ਕਿ ਪੂਰੀ ਦੁਨੀਆ ’ਚ ਬਿਨਾ ਧੂੰਏਂ ਵਾਲੇ ਤੰਬਾਕੂ ਦੀ ਵਰਤੋਂ ਕਾਰਨ ਹੋਣ ਵਾਲੀਆਂ ਬਿਮਾਰੀਆਂ ’ਚ ਸਾਡੀ ਦੁਨੀਆ ’ਚ ਲਗਭਗ 70% ਹਿੱਸੇਦਾਰੀ ਹੈ। ਪਾਨ ਮਸਾਲਾ, ਜਰਦਾ, ਬੀੜੀ, ਸਿਗਰਟ, ਹੁੱਕਾ ਆਦਿ ਦੇ ਨਾਲ-ਨਾਲ, ਅੱਜ-ਕੱਲ੍ਹ ਤੰਬਾਕੂ ਦੀ ਇੱਕ ਨਵੀਂ ਕਿਸਮ ਫਲੈਵਰਡ ਪੈਕਡ ਦੇ ਰੂਪ ’ਚ ਬਹੁਤ ਤੇਜੀ ਨਾਲ ਪ੍ਰਚਲਿਤ ਹੋਈ ਏ ਜੋ ਕੂਲ-ਲਿਪ ਜਾਂ ਸਿਰਹਾਣੇ ਦੇ ਨਾਅ ਤੋਂ ਮਸ਼ਹੂਰ ਹੈ, ਇਹ ਤੰਬਾਕੂ ਤਾਂ ਹੋਰ ਵੀ ਜਿਆਦਾ ਖਤਰਨਾਕ ਹੈ। ਖਾਸਕਰ ਪੰਜਾਬ ’ਚ ਨੌਜਵਾਨ ਵਰਗ ਇਸ ਨਵੇਂ ਪ੍ਰਚਲਿਤ ਤੰਬਾਕੂ ਦੀ ਲਪੇਟ ’ਚ ਪੂਰੀ ਤਰ੍ਹਾਂ ਆ ਚੁੱਕਾ ਏ। ਅਸੀਂ ਪਿੰਡ ’ਚ ਵਾਲੀਬਾਲ ਖੇਡਦੇ ਆਂ, ਜਦੋਂ ਵੀ ਵਾਲੀਬਾਲ ਦੂਰ ਤੂੜੀ ਆਲੇ ਕੁੱਪ ਦੇ ਓਹਲੇ ਜਾਂਦਾ ਤਾਂ ਮੇਰੇ ਦੋ ਨੌਜਵਾਨ ਸਾਥੀਆਂ ’ਚ ਬਾਲ ਲੈ ਕੇ ਆਉਣ ਲਈ ਹੋੜ ਲੱਗ ਜਾਂਦੀ, ਇੱਕ ਦਿਨ ਸ਼ੱਕੀ ਜਾਪਣ ’ਤੇ ਜਦੋਂ ਮੈਂ ਪਿੱਛੇ ਗਿਆ ਤਾਂ ਜਨਾਬ ਹੁਰੀਂ ਜਲਦੀ ਨਾਲ ਬੁੱਲ੍ਹਾਂ ਥੱਲੇ ਸਿਰਹਾਣਿਆਂ (ਕੂਲ-ਲਿਪ) ਦੀ ਅਦਲਾ-ਬਦਲੀ ਰਾਹੀਂ ਆਪਣੇ ਚੱਕਰ ਵਧਾਉਣ ’ਚ ਵਿਅਸਤ ਸਨ, ਉਹਨਾਂ ਤਾਂ ਸ਼ਰਮਿੰਦਾ ਹੋ ਕੇ ਦੁਬਾਰਾ ਵਰਤੋਂ ਤੋਂ ਤੌਬਾ ਕਰ ਲਈ ਪਰ ਸਾਡੇ ਕੁਝ ਕੁ, ਪੰਜਾਬੀ ਗਾਇਕਾਂ, ਗੀਤਕਾਰਾਂ ਤੇ ਸਰੋਤਿਆਂ ਦਾ ਬੌਧਿਕ ਪੱਧਰ ਵੇਖੋ, ਅਸੀਂ ਇਨ੍ਹਾਂ ਸਿਰਹਾਣਿਆਂ (ਕੂਲ-ਲਿਪਾਂ) ਤੇ ਪੰਜਾਬੀ ਗਾਣੇ ਤੱਕ ਕੱਢ ਮਾਰੇ ਨੇ।

ਪਿੱਛੇ ਜਿਹੇ ਯਾਰਕ ਯੂਨੀਵਰਸਿਟੀ ਵੱਲੋਂ ਕੀਤੇ ਸਰਵੇਖਣ ਰਾਹੀਂ ਬਹੁਤ ਹੀ ਚਿੰਤਾਜਨਕ ਅੰਕੜੇ ਸਾਹਮਣੇ ਆਏ ਹਨ ਕਿ ਪਿਛਲੇ ਸੱਤ ਸਾਲਾਂ ਦੌਰਾਨ, ਦੁਨੀਆ ’ਚ ਬਿਨਾਂ ਧੂੰਏਂ ਵਾਲੇ ਤੰਬਾਕੂ ਉਤਪਾਦਾਂ ਕਾਰਨ ਹੋਈਆਂ ਮੌਤਾਂ ਦੀ ਗਿਣਤੀ ’ਚ ਤਿੰਨ ਗੁਣਾ ਵਾਧਾ ਹੋਇਆ ਹੈ। ਤੰਬਾਕੂਨੋਸ਼ੀ, ਨਾਮੁਰਾਦ ਤੇ ਲਾਇਲਾਜ ਬਿਮਾਰੀਆਂ ਦਾ ਵੱਡਾ ਕਾਰਨ ਹੈ, ਕੈਂਸਰ ਦੇ ਹਰੇਕ 100 ਮਰੀਜਾਂ ’ਚੋਂ ਲਗਭਗ 30 ਲੋਕ ਤੰਬਾਕੂ ਕਾਰਨ ਇਸ ਬਿਮਾਰੀ ਦੀ ਚਪੇਟ ’ਚ ਆਉਂਦੇ ਹਨ, ਹਾਲਾਂਕਿ ਇਸ ਵਿੱਚ ਕਿਸੇ ਹੋਰ ਦੀ ਬੀੜੀ ਜਾਂ ਸਿਗਰਟ ਰਾਹੀਂ ਪੈਸਿਵ ਸਮੋਕਿੰਗ ਦੇ ਸ਼ਿਕਾਰਾਂ ਦੀ ਗਿਣਤੀ ਵੀ ਬਹੁਤ ਵੱਡੀ ਹੈ। ਔਰਤਾਂ ਲਈ ਤਾਂ ਇਹ ਹੋਰ ਵੀ ਖਤਰਨਾਕ ਏ, ਉਪਰੋਕਤ ਬਿਮਾਰੀਆਂ ਤੋਂ ਇਲਾਵਾ ਇਸ ਨਾਲ ਔਰਤਾਂ ’ਚ, ਬੱਚਾ ਨਾ ਹੋਣਾ, ਬੱਚੇਦਾਨੀ ਦਾ ਕੈਂਸਰ, ਵਾਰ-ਵਾਰ ਗਰਭਪਾਤ ਹੋਣਾ ਤੇ ਮਰੇ ਬੱਚੇ ਦਾ ਜਨਮ ਆਦਿ ਵਰਗੇ ਰੋਗ ਹੋ ਸਕਦੇ ਹਨ।

ਸਾਡੇ ਦੇਸ਼ ’ਚ ਤੰਬਾਕੂਨੋਸ਼ੀ ਨੂੰ ਰੋਕਣ ਲਈ, ਸਰਕਾਰ ਵੱਲੋਂ ਸਾਲ 2003 ਵਿਚ ਤੰਬਾਕੂ ਕੰਟਰੋਲ ਐਕਟ ਬਣਾਇਆ ਗਿਆ, ਜਿਸ ਅਧੀਨ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਕਰਨਾ ਕਾਨੂੰਨੀ ਅਪਰਾਧ ਹੈ ਤੇ ਇਸ ਤੋਂ ਇਲਾਵਾ ਜਨਤਕ ਥਾਵਾਂ ’ਤੇ ਤੰਬਾਕੂ ਸਬੰਧਤ ਕਿਸੇ ਵੀ ਚੀਜ਼ ਦਾ ਇਸ਼ਤਿਹਾਰ ਦੇਣਾ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਉਤਪਾਦ ਵੇਚਣਾ, ਵਿੱਦਿਅਕ ਅਦਾਰਿਆਂ ਦੇ 100 ਗਜ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਵੇਚਣਾ ਆਦਿ ਨੂੰ ਕਾਨੂੰਨੀ ਅਪਰਾਧ ਘੋਸ਼ਿਤ ਕੀਤਾ ਗਿਆ ਏ। ਪਰ ਇਹ ਸਾਡੇ ਦੇਸ਼ ਦੀ ਤ੍ਰਾਸਦੀ ਏ ਕਿ ਜਿੱਥੇ ਤੰਬਾਕੂ ਕੰਪਨੀਆਂ ਤੇ ਕਈ ਵਪਾਰੀ-ਦੁਕਾਨਦਾਰ ਆਪਣੇ ਸੌੜੇ ਵਪਾਰਕ ਹਿੱਤਾਂ ਕਾਰਨ, ਸ਼ਰੇਆਮ ਇਨ੍ਹਾਂ ਕਾਨੂੰਨਾਂ ਦੀ ਉਲੰਘਣਾ ਕਰਦੇ ਹਨ, ਉੱਥੇ ਹੀ ਸਰਕਾਰਾਂ ਵੀ ਟੈਕਸ ਰਾਹੀਂ ਹੋ ਰਹੀ ਆਮਦਨ ਦੇ ਲੋਭ ’ਚ ਤੰਬਾਕੂ ਵਰਗੇ ਜਹਿਰ ’ਤੇ ਰੋਕ ਨਹੀਂ ਲਾਉਂਦੀਆਂ, ਜਦਕਿ ਸਰਕਾਰ ਵੱਲੋਂ ਤੰਬਾਕੂ ਰਾਹੀਂ ਫੈਲ ਰਹੀਆਂ ਬਿਮਾਰੀਆਂ ’ਤੇ ਕੀਤਾ ਜਾਣ ਵਾਲਾ ਖਰਚ, ਇਸ ਟੈਕਸ ਤੋਂ ਕਿਤੇ ਵੱਧ ਹੈ ਪਰ ਫੇਰ ਵੀ ਦੇਸ਼ਵਾਸੀਆਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਜਾਰੀ ਏ।

ਤੰਬਾਕੂਨੋਸ਼ੀ ਕਰਨਾ ਅਸਲ ’ਚ ਆਪਣੀ ਮੌਤ ਨੂੰ ਆਪ ਸੱਦਾ ਦੇਣਾ ਹੈ, ਪ੍ਰੰਤੂ ਇਹ ਇੰਨੀ ਬੁਰੀ ਲਤ ਏ ਕਿ ਇਸ ਦੇ ਆਦੀ ਲੋਕ ਸਭ ਕੁਝ ਜਾਣਦੇ-ਸਮਝਦੇ ਹੋਏ ਵੀ ਤੰਬਾਕੂਨੋਸ਼ੀ ਕਰਦੇ ਹਨ। ਸ਼ੁਰੂਆਤ ’ਚ ਤਾਂ ਤੰਬਾਕੂ ਦੀ ਵਰਤੋਂ ਸ਼ੌਂਕ ਵਜੋਂ ਈ ਕੀਤੀ ਜਾਂਦੀ ਏ ਪਰ ਇਹ ਸ਼ੌਂਕ ਕਦੋਂ ਆਦਤ ਬਣ ਜਾਂਦਾ ਏ ਪਤਾ ਈ ਨ੍ਹੀਂ ਲੱਗਦਾ। ਤੰਬਾਕੂਨੋਸ਼ੀ ਸਾਡੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਨੂੰ ਕਮਜ਼ੋਰ ਕਰ ਦਿੰਦੀ ਹੈ, ਕੋਰੋਨਾ ਵਰਗੀਆਂ ਮਹਾਂਮਾਰੀਆਂ ਦਾ ਖਤਰਾ ਵਧਾਉਣ ’ਚ ਤੰਬਾਕੂਨੋਸ਼ੀ ਦਾ ਵੱਡਾ ਯੋਗਦਾਨ ਹੈ।

ਤੰਬਾਕੂਨੋਸੀ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਲਈ ਇਸ ਮਿੱਠੇ ਜ਼ਹਿਰ ਨੂੰ ਤੁਰੰਤ ਛੱਡ ਦੇਣ ’ਚ ਈ ਭਲਾਈ ਏ। ਹਰ ਸਾਲ ਦੁਨੀਆ ’ਚ 80 ਲੱਖ ਲੋਕ ਇਸ ਜਹਿਰ ਕਾਰਨ ਆਪਣੀ ਜਾਨ ਗਵਾ ਰਹੇ ਹਨ। ਮੈਂ ਆਸ ਕਰਦਾ ਹਾਂ ਕਿ ਸਾਡੀਆਂ ਸਰਕਾਰਾਂ ਪੂਰੇ ਦੇਸ਼ ’ਚ ਹੀ, ਇਸ ਜਹਿਰ ਦੇ ਨਿਰਮਾਣ ’ਤੇ ਰੋਕ ਲਾਉਣ ਦਾ ਕੰਮ ਜ਼ਲਦੀ ਹੀ ਨੇਪਰੇ ਚਾੜ੍ਹਨਗੀਆਂ।

ਅਸ਼ੋਕ ਸੋਨੀ
ਖੂਈ ਖੇੜਾ, ਫਾਜ਼ਿਲਕਾ
ਮੋ. 98727-05078

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here