ਅੱਧੀ ਦਰਜ਼ਨ ਤੋਂ ਵੱਧ ਜ਼ਿਲ੍ਹਿਆਂ ਦੇ ਕੱਚੇ ਬੈਂਕ ਕਾਮਿਆਂ ਵੱਲੋਂ ਡੀਸੀ ਦਫ਼ਤਰ ਅੱਗੇ ਨਾਅਰੇਬਾਜ਼ੀ

Raw Bank Workers
ਕੈਪਸ਼ਨ ਡੀਸੀ ਦਫ਼ਤਰ ਲੁਧਿਆਣਾ ਦੇ ਬੂਹੇ ’ਤੇ ਠੇਕੇਦਾਰੀ ਸਿਸਟਮ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕੱਚੇ ਬੈਂਕ ਕਾਮੇ।

ਭਾਰਤ ਸਰਕਾਰ ਦੇ ਨਾਂਅ ਮੰਗ ਪੱਤਰ ਸੌਂਪ ਕੇ ਪੱਕੇ ਕਰਨ ਅਤੇ ਤਨਖ਼ਾਹਾਂ ਵਧਾਉਣ ਦੀ ਕੀਤੀ ਮੰਗ

(ਜਸਵੀਰ ਸਿੰਘ ਗਹਿਲ) ਲੁਧਿਆਣਾ। ਆਊਟ ਸੋਰਸਿੰਗ ਬੈਂਕ ਕਾਮਿਆਂ ਨੇ ਸਥਾਨਕ ਡੀਸੀ ਦਫ਼ਤਰ ਦੇ ਬੂਹੇ ’ਤੇ ਠੇਕੇਦਾਰੀ ਸਿਸਟਮ ਵਿਰੁੱਧ ਨਾਅਰੇਬਾਜ਼ੀ ਕੀਤੀ। ਯੂਨੀਅਨ (Raw Bank Workers) ਆਗੂਆਂ ਦੀ ਅਗਵਾਈ ’ਚ ਡਿਪਟੀ ਕਮਿਸ਼ਨਰ ਨੂੰ ਭਾਰਤ ਸਰਕਾਰ ਦੇ ਨਾਂਅ ਮੰਗ ਪੱਤਰ ਸੌਂਪ ਕੇ ਸੂਬੇ ਦੇ ਅੱਧੀ ਦਰਜ਼ਨ ਤੋਂ ਵੱਧ ਜ਼ਿਲ੍ਹਿਆਂ ਦੇ ਕੱਚੇ ਕਾਮਿਆਂ ਨੇ ਠੇਕਾ ਸਿਸਟਮ ਬੰਦ ਕਰਕੇ ਪੱਕੇ ਕਰਨ ਤੇ ਤਨਖ਼ਾਹਾਂ ਵਧਾਉਣ ਦੀ ਮੰਗ ਕੀਤੀ।

ਰੋਸ ਮਾਰਚ ਕਰਕੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਆਊਟ ਸੋਰਸਿੰਗ ਆਲ ਬੈਂਕ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਮਲੇਰਕੋਟਲਾ, ਜਨਰਲ ਸਕੱਤਰ ਗੁਰਵਿੰਦਰ ਸਿੰਘ ਅਹਿਮਦਗੜ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ ਵੱਖ-ਵੱਖ ਬੈਂਕਾਂ ਵੱਲੋਂ ਪੱਕੇ ਕਰਨ ਦੇ ਵਾਅਦੇ ਨਾਲ ਭਰਤੀ ਕੀਤਾ ਗਿਆ ਸੀ (Raw Bank Workers) ਪਰ 15 ਸਾਲਾਂ ਦੀਆਂ ਸੇਵਾਵਾਂ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਪੱਕਾ ਨਹੀਂ ਕੀਤਾ ਗਿਆ। ਆਗੂਆਂ ਦੱਸਿਆ ਕਿ ਬੈਂਕ ’ਚ ਭਾਵੇਂ ਉਨ੍ਹਾਂ ਤੋਂ ਹਰ ਛੋਟਾ- ਵੱਡਾ ਕੰਮ ਲਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਤਨਖ਼ਾਹ ਮਾਤਰ 6500-7000 ਰੁਪਏ ਹੀ ਦਿੱਤੀ ਜਾ ਰਹੀ ਹੈ। ਜਦਕਿ ਠੇਕੇਦਾਰ ਪ੍ਰਤੀ ਮੁਲਾਜ਼ਮ 25 ਹਜ਼ਾਰ ਤੋਂ ਵੀ ਵੱਧ ਦੇ ਬਿੱਲ ਬੈਂਕ ਬਰਾਂਚਾਂ ’ਚ ਪਾ ਰਹੇ ਹਨ।

ਇਹ ਵੀ ਪੜ੍ਹੋ : ਸੈਮੀਨਾਰ : ਦੇਸ਼ ਭਰ ਦੇ ਉਰਦੂ ਕਵੀਆਂ ਤੇ ਲੇਖਕਾਂ ਨੇ ਕੀਤੀ ਸ਼ਮੂਲੀਅਤ

ਇੰਨਾਂ ਹੀ ਨਹੀਂ ਘਰੇਲੂ ਕਿਸੇ ਵੀ ਜ਼ਰੂਰੀ ਕੰਮ ਲਈ ਛੁੱਟੀ ਮੰਗਣ ’ਤੇ ਉਨ੍ਹਾਂ ਨੂੰ ਕੰਮ ਤੋਂ ਜਵਾਬ ਦਿੱਤੇ ਜਾਣ ਦਾ ਰੋਹਬ ਝਾੜਿਆ ਜਾ ਰਿਹਾ ਹੈ। ਆਗੂਆਂ ਅੱਗੇ ਦੱਸਿਆ ਕਿ ਬੈਂਕ ’ਚ ਕੰਮ ਕਰਨ ਲਈ ਕੋਈ ਸਮਾਂ ਨਿਰਧਾਰਿਤ ਨਹੀਂ, ਜਿਸ ਕਰਕੇ ਅੱਠ ਤੋਂ 12 ਘੰਟੇ ਉਨ੍ਹਾਂ ਤੋਂ ਕੰਮ ਲਿਆ ਜਾ ਰਿਹਾ ਹੈ ਜਿਸ ਦੇ ਮੁਕਾਬਲੇ ਤਨਖ਼ਾਹ ਲੇਬਰ ਦੇ ਬੇਸਿਕ ਸਕੇਲ ਤੋਂ ਵੀ ਘੱਟ ਹੈ ਜੋ ਕਦੇ ਵੀ ਸਮੇਂ ਸਿਰ ਨਹੀਂ ਦਿੱਤੀ ਜਾਂਦੀ। ਆਗੂਆਂ ਮੰਗ ਕੀਤੀ ਕਿ ਸਮੂਹ ਵਿਭਾਗਾਂ ’ਚ ਠੇਕੇਦਾਰੀ ਸਿਸਟਮ ਨੂੰ ਪੱਕੇ ਤੌਰ ’ਤੇ ਬੰਦ ਕਰਕੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਤੇ ਉਨ੍ਹਾਂ ਦੀਆਂ ਤਨਖ਼ਾਹਾਂ ’ਚ ਵਾਧਾ ਕੀਤਾ ਜਾਵੇ।

ਉਪਰੰਤ ਆਗੂਆਂ ਵੱਲੋਂ ਡਿਪਟੀ ਕਮਿਸ਼ਨਰ ਰਾਹੀਂ ਭਾਰਤ ਸਰਕਾਰ ਤੇ ਸਬੰਧਿਤ ਕੇਂਦਰੀ ਮੰਤਰੀ ਦੇ ਨਾਂਅ ਮੰਗ ਪੱਤਰ ਸੌਂਪਿਆ। ਜਿਕਰਯੋਗ ਹੈ ਕਿ ਇਸ ਪ੍ਰਦਰਸ਼ਨ ’ਚ ਸੂਬੇ ਦੇ ਪਟਿਆਲਾ, ਸੰਗਰੂਰ, ਬਰਨਾਲਾ, ਮਲੇਰਕੋਟਲਾ, ਬਠਿੰਡਾ, ਮੁਕਤਸਰ, ਖੰਨਾ, ਫ਼ਿਰੋਜਪੁਰ, ਲੁਧਿਆਣਾ ਤੇ ਫਾਜਿਲਕਾ ਆਦਿ ਜ਼ਿਲਿਆਂ ਦੇ ਆਊਟ ਸੋਰਸਿੰਗ ਮੁਲਾਜ਼ਮਾਂ ਨੇ ਭਾਗ ਲਿਆ।