(drugs) ਨਸ਼ੇ ਦੇ ਛੇਵੇਂ ਦਰਿਆ ‘ਚ ਡੁੱਬਦਾ ਜਾ ਰਿਹੈ ਨੌਜਵਾਨ
( drugs )ਨੌਜਵਾਨ ਵਰਗ ਨੂੰ ਦੇਸ਼ ਦਾ ਭਵਿੱਖ ਮੰਨਿਆ ਜਾਂਦਾ ਹੈ ਇਸ ਵਰਗ ਤੋਂ ਦੇਸ਼, ਸਮਾਜ ਤੇ ਮਾਪਿਆਂ ਨੂੰ ਕਈ ਉਮੀਦਾਂ ਹੁੰਦੀਆਂ ਹਨ ਪਰ ਅਜੋਕੇ ਸਮੇਂ ਵਿਚ ਇਹ ਉਮੀਦਾਂ ਪੂਰੀਆਂ ਹੁੰਦੀਆਂ ਘੱਟ ਹੀ ਨਜ਼ਰ ਆ ਰਹੀਆਂ ਹਨ ਇਸ ਦਾ ਕਾਰਨ ਇਸ ਵਰਗ ਦਾ ਦਿਨ-ਬ-ਦਿਨ ਕੁੱਝ ਬੁਰੀਆਂ ਤੇ ਘਾਤਕ ਆਦਤਾਂ ਦਾ ਸ਼ਿਕਾਰ ਹੋ ਜਾਣਾ ਹੈ ਇਨ੍ਹਾਂ ਆਦਤਾਂ ਵਿਚੋਂ ਇੱਕ ਆਦਤ ਨਸ਼ੇ ਦੀ ਹੈ ਇਹ ਆਦਤ ਏਨੀ ਖ਼ਤਰਨਾਕ ਹੈ ਕਿ ਇਸ ਨੇ ਨੌਜਵਾਨ ਪੀੜ੍ਹੀ ਦਾ ਵੱਡੀ ਪੱਧਰ ‘ਤੇ ਸਰੀਰਕ, ਮਾਨਸਿਕ ਅਤੇ ਆਰਥਿਕ ਨੁਕਸਾਨ ਕੀਤਾ ਹੈ।
ਆਧੁਨਿਕ ਯੁੱਗ ਵਿਗਿਆਨ ਤੇ ਤਕਨੀਕ ਦਾ ਯੁੱਗ ਹੋਣ ਕਰਕੇ ਇਸ ਦੇ ਆਪਣੇ ਹੀ ਲਾਹੇ ਤੇ ਫਾਹੇ ਹਨ ਨਸ਼ੇ ਦੀ ਵਰਤੋਂ ਲਾਹੇਵੰਦ ਤੇ ਫਾਹੇਵੰਦ (ਖੁਸ਼ੀ ਅਤੇ ਗ਼ਮੀ) ਦੋਵਾਂ ਹੀ ਸਥਿਤੀਆਂ ਵਿਚ ਕੀਤੀ ਜਾਂਦੀ ਹੈ ਨਸ਼ੇ ਦੀ ਵਰਤੋਂ ਭਾਵੇਂ ਹਰੇਕ ਉਮਰ-ਵਰਗ ਦੇ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਪਰ ਨੌਜਵਾਨ ਲੜਕੇ-ਲੜਕੀਆਂ ਇਸ ਬੁਰਾਈ ਦਾ ਵਧੇਰੇ ਸ਼ਿਕਾਰ ਹੋ ਰਹੇ ਹਨ।
ਜ਼ਿੰਦਗੀ ਦਾ ਸਫ਼ਰ ਤੈਅ ਕਰਦਿਆਂ ਕਈ ਵਾਰ ਕਈ ਅਜਿਹੀਆਂ ਅਣਸੁਖਾਵੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਹੜੀਆਂ ਮਨੁੱਖ ਨੂੰ ਨਿਰਾਸ਼ਤਾ ਦੀ ਖਾਈ ਵੱਲ ਧੱਕ ਦਿੰਦੀਆਂ ਹਨ ਹਿੰਮਤੀ ਅਤੇ ਸੂਝਵਾਨ ਵਿਅਕਤੀ ਤਾਂ ਇਸ ਖਾਈ ਵਿਚੋਂ ਬਾਹਰ ਆ ਜਾਂਦੇ ਹਨ ਪਰ ਕਮਜ਼ੋਰ ਦਿਲ ਤੇ ਅਲਪਮਤ ਵਾਲੇ ਪ੍ਰਾਣੀ ਨਸ਼ਿਆਂ ਦੀ ਓਟ ਟਿਕਾ ਲੈਂਦੇ ਹਨ ਨਸ਼ੇ ਦੀ ਵਰਤੋਂ ਨਸ਼ੇੜੀਆਂ ਨੂੰ ਨਿਘਾਰ ਵੱਲ ਲੈ ਜਾਂਦੀ ਹੈ
ਨਸ਼ਿਆਂ ਦੀ ਵਰਤੋਂ ਰਿਸ਼ਤਿਆਂ ਦਾ ਘਾਣ ਕਰਨ ਦੀ ਵਜ੍ਹਾ ਵੀ ਹੋ ਨਿੱਬੜਦੀ ਹੈ
ਬਹੁਤ ਸਾਰੇ ਲੜਾਈ-ਝਗੜੇ ਤੇ ਘਰੇਲੂ-ਕਲੇਸ਼ ਦਾ ਕਾਰਨ ਵੀ ਨਸ਼ਾ-ਪੱਤਾ ਹੀ ਹੁੰਦਾ ਹੈ ਇਹ ਹੱਸਦੇ-ਵੱਸਦੇ ਘਰ-ਪਰਿਵਾਰ ਉਜਾੜ ਕੇ ਰੱਖ ਦਿੰਦਾ ਹੈ ਇਸ ਉਜਾੜੇ ਦਾ ਇੱਕ ਭਿਆਨਕ ਪੱਖ ਇਹ ਹੈ ਕਿ ਕਈ ਵਾਰੀ ਪਿਓ ਹੱਥੋਂ ਪੁੱਤ ਤੇ ਪੁੱਤ ਹੱਥੋਂ ਪਿਓ ਦਾ ਕਤਲ ਵੀ ਹੋ ਜਾਂਦਾ ਹੈ
ਇਸ ਤਰ੍ਹਾਂ ਨਸ਼ਿਆਂ ਦੀ ਵਰਤੋਂ ਰਿਸ਼ਤਿਆਂ ਦਾ ਘਾਣ ਕਰਨ ਦੀ ਵਜ੍ਹਾ ਵੀ ਹੋ ਨਿੱਬੜਦੀ ਹੈ। ਸਾਡੇ ਗੁਰੁ ਸਾਹਿਬਾਨਾਂ ਨੇ ਦੁਨਿਆਵੀ ਨਸ਼ਿਆਂ ਦੇ ਮਾਰੂ ਤੇ ਸੋਚ-ਸਮਝ ‘ਤੇ ਭਾਰੂ ਪ੍ਰਭਾਵਾਂ ਨੂੰ ਦ੍ਰਿਸ਼ਟੀਗੋਚਰ ਕਰਦਿਆਂ ਹੋਇਆਂ ਇਨ੍ਹਾਂ ਦੀ ਵਰਤੋਂ ਤੋਂ ਵਰਜਿਆ ਹੈ ਪਰ ਥੋੜ੍ਹੇ ਕੁ ਹੀ ਲੋਕ ਹਨ ਜੋ ਗੁਰੂ ਸਾਹਿਬਾਨਾਂ ਦੀ ਇਸ ਵਰਜਣਾਂ ‘ਤੇ ਪਹਿਰਾ ਦਿੰਦੇ ਹਨ
ਨਸ਼ਾ ਬੰਦ ਕਰਨ ਦੀਆਂ ਸਰਕਾਰੀ ਟਾਹਰਾਂ ਵੀ ਬੁਹਤ ਪੜ੍ਹਨ/ਸੁਣਨ ਨੂੰ ਮਿਲਦੀਆਂ ਹਨ ਪਰ ਇਨ੍ਹਾਂ ਦਾ ਹਾਲ ਘਰ ਦੀ ਉਸ ਸੁਆਣੀ ਵਰਗਾ ਹੈ ਜਿਹੜੀ ਘਰ ਦੀ ਸਫ਼ਾਈ ਬਨੇਰੇ ਤੋਂ ਨਾ ਕਰਕੇ ਵਿਹੜੇ ਤੋਂ ਕਰਦੀ ਹੈ, ਪਰ ਬਨੇਰੇ ਦਾ ਗੰਦ ਵਿਹੜੇ ਵਿਚ ਹੀ ਡਿੱਗਦਾ ਰਹਿੰਦਾ ਹੈ
ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੇ ਬਿਆਨ ਤਾਂ ਵਧ-ਚੜ੍ਹ ਕੇ ਦਿੱਤੇ ਜਾ ਰਹੇ ਹਨ
ਭਾਵ ਪੰਜਾਬ ਨੂੰ ਨਸ਼ਾ-ਮੁਕਤ ਕਰਨ ਦੇ ਬਿਆਨ ਤਾਂ ਵਧ-ਚੜ੍ਹ ਕੇ ਦਿੱਤੇ ਜਾ ਰਹੇ ਹਨ ਪਰ ਨਾਲ-ਨਾਲ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਸਰਬ ਭਾਰਤੀ ਮੈਡੀਕਲ ਸੰਸਥਾ ਵੱਲੋਂ ਜਾਰੀ ਕੀਤੀ ਗਈ 2015 ਦੀ ਇੱਕ ਰਿਪੋਰਟ ਮੁਤਾਬਿਕ ਪੰਜਾਬ ਵਿਚ ਦੋ ਲੱਖ ਤੋਂ ਵਧੇਰੇ ਨਸ਼ੇੜੀ ਪਾਏ ਗਏ ਹਨ ਪੀ.ਜੀ.ਆਈ. ਵੱਲੋਂ ਪ੍ਰਕਾਸ਼ਿਤ ‘ਏਸ਼ੀਅਨ ਜਰਨਲ ਆਫ਼ ਸਾਈਕੈਟਰੀ’ ਮਾਰਚ 2018 ਅਨੁਸਾਰ ਪੰਜਾਬ ਵਿਚ 4.1 ਮਿਲੀਅਨ ਨਸ਼ੇੜੀਆਂ ਨੇ ਨਸ਼ਾ ਵਰਤਿਆ ਹੈ
ਇਨ੍ਹਾਂ ਵਿਚ 4 ਮਿਲੀਅਨ ਗੱਭਰੂ ਤੇ 0.1 ਮਿਲੀਅਨ ਮੁਟਿਆਰਾਂ ਹਨ 3.1 ਮਿਲੀਅਨ ਮਰਦ ਅਤੇ 0.1 ਔਰਤਾਂ ਨਸ਼ੇ-ਪੱਤੇ ਦੀਆਂ ਪੱਕੀਆਂ ਆਦੀ ਹਨ 1,56,942 ਲੜਕੇ ਅਜਿਹੇ ਹਨ ਜਿਹੜੇ ਨਸ਼ੇ ਤੋਂ ਬਿਨਾਂ ਇੱਕ ਦਿਨ ਵੀ ਨਹੀਂ ਕੱਢ ਸਕਦੇ ਤੇ 10,658 ਲੜਕੀਆਂ ਵੀ ਰੋਜ਼ਾਨਾ ਨਸ਼ੇ ਦੀ ਭਰਵੀਂ ਡੋਜ਼ ਲੈਣ ਦੀਆਂ ਆਦੀ ਹਨ 15 ਤੋਂ 20 ਪ੍ਰਤੀਸ਼ਤ ਨਸ਼ੇੜੀ ਅਨਪੜ੍ਹ ਹਨ ਅਤੇ 50 ਪ੍ਰਤੀਸ਼ਤ ਦਸਵੀਂ/ਬਾਰ੍ਹਵੀਂ ਤੱਕ ਪੜ੍ਹੇ ਹੋਏ ਹਨ 100 ‘ਚੋਂ 54 ਪੇਂਡੂ ਅਤੇ 46 ਨਸ਼ੇੜੀ ਸ਼ਹਿਰੀ ਖੇਤਰ ਨਾਲ ਸਬੰਧਤ ਹਨ 60 ਤੋਂ 70 ਪ੍ਰਤੀਸ਼ਤ ਨਸ਼ਾ ਕਰਨ ਵਾਲੇ ਕਿਸੇ ਪਰਿਵਾਰਕ ਜਾਂ ਕਾਰੋਬਾਰਕ ਪ੍ਰੇਸ਼ਾਨੀ ਨਾਲ ਜੂਝ ਰਹੇ ਹੁੰਦੇ ਹਨ
ਨਸ਼ੇ ਦੀ ਆਦਤ ਆਮ ਤੌਰ ‘ਤੇ 15 ਤੋਂ 20 ਸਾਲ ਦੀ ਉਮਰ ਵਿਚ ਪੈਂਦੀ ਹੈ
ਨਸ਼ੇ ਦੀ ਪੂਰਤੀ ਲਈ ਜੇਬ੍ਹ ‘ਚੋਂ ਰੋਜਾਨਾ 200 ਤੋਂ ਲੈ ਕੇ 2000 ਤੱਕ ਮਾਈਨਸ ਕਰਨੇ ਪੈਂਦੇ ਹਨ
ਜਿਹੜੀ ਕਈ ਵਾਰ ਕਬਰਾਂ ਤੱਕ ਨਾਲ ਹੀ ਜਾਂਦੀ ਹੈ ਨਸ਼ੇ ਦੀ ਪੂਰਤੀ ਲਈ ਜੇਬ੍ਹ ‘ਚੋਂ ਰੋਜਾਨਾ 200 ਤੋਂ ਲੈ ਕੇ 2000 ਤੱਕ ਮਾਈਨਸ ਕਰਨੇ ਪੈਂਦੇ ਹਨ ਜਿਸ ਦੇ ਪ੍ਰਬੰਧ ਲਈ ਕਈ ਵਾਰ ਇਧਰ-ਉਧਰ ਹੱਥਾ-ਪੱਲਾ ਵੀ ਮਾਰਨਾ ਪੈਂਦਾ ਹੈ ਨਸ਼ੇ ਦੀ ਵੱਧ ਵਰਤੋਂ ਕਰਨ ਕਰਕੇ 18 ਤੋਂ 30 ਵਰ੍ਹਿਆਂ ਦੇ ਨੌਜਵਾਨ ਅਕਸਰ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਲੜਕੀਆਂ ਦੇ ਮਾਮਲੇ ਵਿਚ ਉਪਰ ਦਿੱਤੇ ਅੰਕੜੇ ਕੁੱਝ ਡਾਵਾਂਡੋਲ ਹਨ ਕਿਉਂਕਿ ਬਹੁਤ ਸਾਰੇ ਮਾਪੇ ਅਜਿਹੇ ਵੀ ਹਨ ਜਿਹੜੇ ਆਪਣੀਆਂ ਨਸ਼ੇੜੀ ਧੀਆਂ ਦੀ ਕਿਸੇ ਨਾਲ ਕੋਈ ਗੱਲ ਨਹੀਂ ਕਰਦੇ ਹਜ਼ਾਰਾਂ-ਲੱਖਾਂ ਦੀ ਤਦਾਦ ਵਿਚ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਗ੍ਰਿਫ਼ਤ ਵਿਚ ਆ ਰਹੀ ਹੈ ਤੇ ਆਪਣਾ-ਆਪ ਗਵਾ ਰਹੀ ਹੈ।
ਆਪਣੇ-ਆਪ ਵਿਚ ਇੱਕ ਬੁਰਾਈ ਹੋਣ ਦੇ ਨਾਲ-ਨਾਲ ਨਸ਼ੇ ਕਈ ਹੋਰ ਬੁਰਾਈਆਂ ਦੇ ਵੀ ਜਨਮਦਾਤੇ ਹਨ ਇਨ੍ਹਾਂ ਵਿਚ ਕਤਲ, ਚੋਰੀ, ਡਕੈਤੀ, ਦੁਰਾਚਾਰ ਤੇ ਕਈ ਹੋਰ ਸਮਾਜ ਵਿਰੋਧੀ ਗਤੀਵਿਧੀਆਂ ਸ਼ਾਮਲ ਹਨ ਇਨ੍ਹਾਂ ਸਾਰਿਆਂ ਦੀ ਵਜ੍ਹਾ ਵੀ ਆਮ ਤੌਰ ਨਸ਼ਾ ਹੀ ਹੁੰਦਾ ਹੈ। ਉਪਰੋਕਤ ਸੰਖੇਪ ਚਰਚਾ ਤੋਂ ਅਸੀਂ ਇਸ ਸਿੱਟੇ ‘ਤੇ ਪਹੁੰਚਦੇ ਹਾਂ ਕਿ ਪੰਜਾਬ ਨੂੰ ਨਸ਼ਾ-ਮੁਕਤ ਕਰਨ ਲਈ ਕੇਵਲ ਗੱਲਾਂ ਦੀ ਨਹੀਂ ਸਗੋਂ ਠੋਸ ਉਪਰਾਲਿਆਂ ਦੀ ਲੋੜ ਹੈ ਜਿਨ੍ਹਾਂ ਦੀ ਘਾਟ ਕਾਰਨ ਨਸ਼ਿਆਂ ਦਾ ਕਰੋਬਾਰ ਦਿਨ-ਰਾਤ ਵਧਦਾ ਜਾ ਰਿਹਾ ਹੈ ਇਸ ਕਾਰੋਬਾਰ ਵਿਚਲਾ ਵਾਧਾ ਹੀ ਸਾਡੀ ਨੌਜਵਾਨ ਨਸਲ ਦਾ ਘਾਣ ਕਰੀ ਜਾ ਰਿਹਾ ਹੈ।
ਰਿਸ਼ੀ ਨਗਰ ਰਮੇਸ਼ ਬੱਗਾ ਚੋਹਲਾ
ਐਕਸਟੈਂਸ਼ਨ,
ਲੁਧਿਆਣਾ
ਮੋ. 94631-32719
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।