ਮੁੱਖ ਮੰਤਰੀ ਚਰਨਜੀਤ ਚੰਨੀ ਦੇ ਪੁੱਤਰ ਦੇ ਸਾਦੇ ਵਿਆਹ ਨੇ ਪਾਈ ਨਵੀਂ ਪਿਰਤ
ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਪੁੱਤਰ ਦਾ ਬਿਲਕੁਲ ਸਾਦਾ ਵਿਆਹ ਕਰਕੇ ਨਵੀਂ ਪਿਰਤ ਪਾਈ ਹੈ। ਉਨ੍ਹਾਂ ਦਾ ਅਨੰਦ ਕਾਰਜ ਮੁਹਾਲੀ ਦੇ ਫੇਜ਼ 3 ਬੀ 1 ਸਥਿਤ ਗੁਰਦੁਆਰਾ ਸੱਚਾ ਧੰਨ ਸਾਹਿਬ ਵਿਖੇ ਹੋਏ। ਵਿਆਹ ਦਾ ਸਮਾਗਮ ਬਿਲਕੁਲ ਸਾਦਾ ਕੀਤਾ ਗਿਆ ਹੈ।
ਨਵਜੀਤ ਨੇ ਪੰਜਾਬ ਇੰਜੀਨੀਅਰਿੰਗ ਕਾਲਜ ਤੋਂ ਸਿਵਲ ਇੰਜੀਨੀਅਰਿੰਗ ਦੀ ਡਿਗਰੀ ਕਰਕੇ ਫਿਰ ਪੰਜਾਬ ਯੂਨੀਵਰਸਿਟੀ ਤੋਂ ਲਾਅ ਕੀਤੀ ਹੈ। ਪੁਲਸ ਵਲੋਂ ਇਲਾਕੇ ਵਿਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਪਰਿਵਾਰ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਚ ਮੁੱਖ ਮੰਤਰੀ ਦੇ ਕਰੀਬੀ ਦੋਸਤਾਂ ਅਤੇ ਪੰਜਾਬ ਕੈਬਨਿਟ ਦੇ ਮੰਤਰੀਆਂ ਤੋਂ ਇਲਾਵਾ ਕੁਝ ਖਾਸ ਸ਼ਖਸੀਅਤਾਂ ਹੀ ਸ਼ਾਮਲ ਹੋਈਆਂ।
ਇਸ ਤੋਂ ਪਹਿਲਾਂ ਵਿਆਹ ਲਈ ਖਾਸ ਫੁੱਲਾਂ ਨਾਲ ਸਜਾਈ ਗਈ ਫਾਰਚਿਊਨਰ ਗੱਡੀ ਖੁਦ ਚਲਾ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਗੁਰਦੁਆਰਾ ਸਾਹਿਬ ਪਹੁੰਚੇ। ਇਸ ਦੌਰਾਨ ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਮੰਤਰੀ ਰਾਣਾ ਗੁਰਜੀਤ ਸਿੰਘ, ਮੰਤਰੀ ਰਣਦੀਪ ਸਿੰਘ ਨਾਭਾ ਤੋਂ ਇਲਾਵਾ ਕਾਂਗਰਸ ਦੇ ਕਈ ਵਿਧਾਇਕ ਅਤੇ ਸੀਨੀਅਰ ਆਗੂ ਨਵ ਵਿਆਹੁਤਾ ਜੋੜੀ ਨੂੰ ਅਸ਼ੀਰਵਾਦ ਦੇਣ ਪਹੁੰਚੇ ਹੋਏ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ