ਚਰਨਜੀਤ ਚੰਨੀ ਅਤੇ ਉਨ੍ਹਾਂ ਦੀ ਪਤਨੀ ਨੇ ਬੱਚਿਆਂ ਨਾਲ ਕੱਟਿਆ ਕੇਕ
ਸਕੂਲ ਨੂੰ ਦਿੱਤਾ 51 ਲੱਖ ਰੁਪਏ ਦਾ ਚੈੱਕ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਚੁੱਪ-ਚਪੀਤੇ ਪਟਿਆਲਾ ਪੁੱਜੇ। ਉਨ੍ਹਾਂ ਵੱਲੋਂ ਆਪਣੀ ਵਿਆਹ ਦੀ ਵਰ੍ਹੇਗੰਢ ਇੱਥੇ ਪੰਜਾਬੀ ਯੂਨੀਵਰਸਿਟੀ ਦੇ ਨਾਲ ਸਥਿਤ ਪਿੰਡ ਸੈਫਦੀਪੁਰ ਵਿਚਲੇ ਸੁਣਨ ਤੇ ਬੋਲਣ ਤੋਂ ਅਸਮਰੱਥ ਬੱਚਿਆਂ ਦੇ ਸਕੂਲ ਵਿੱਚ ਮਨਾਈ ਗਈ। ਇਸ ਦੌਰਾਨ ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੇ ਨਾਲ ਮੌਜੂਦ ਸੀ। ਇੱਥੇ ਉਨ੍ਹਾਂ ਬੱਚਿਆਂ ਅਤੇ ਹੋਰਨਾਂ ਦੇ ਨਾਲ ਰਲ ਕੇ ਕੇਕ ਵੀ ਕੱਟਿਆ ਅਤੇ ਬੱਚਿਆਂ ਨਾਲ ਲਾਡ ਲਡਾਇਆ। ਇਸ ਤੋਂ ਬਾਅਦ ਉਨ੍ਹਾਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਅਤੇ ਸਕੱਤਰ ਕਰਨਲ ਕਰਮਿੰਦਰ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ 51 ਲੱਖ ਰੁਪਏ ਦਾ ਚੈੱਕ ਵੀ ਦਿੱਤਾ।
ਜਾਣਕਾਰੀ ਮੁਤਾਬਿਕ ਮੁੱਖ ਮੰਤਰੀ ਹੈਲੀਕਾਪਟਰ ਰਾਹੀਂ ਇੱਥੇ ਬਹਾਦਰਗੜ੍ਹ ਸਥਿਤ ਕਮਾਂਡੋ ਕੰਪਲੈਕਸ ਪਹੁੰਚੇ ਅਤੇ ਫਿਰ ਉੱਥੋਂ ਗੱਡੀਆਂ ਰਾਹੀਂ ਉਹ ਨਾਲ ਲੱਗਦੇ ਪਿੰਡ ਸੈਫਦੀਪੁਰ ਸਥਿਤ ਇਸ ਸਕੂਲ ਵਿੱਚ ਪਹੁੰਚੇ। ਇਸ ਪ੍ਰੋਗਰਾਮ ਨੂੰ ਮੀਡੀਆ ਸਣੇ ਹੋਰ ਆਮ ਲੋਕਾਂ ਤੋਂ ਵੀ ਗੁਪਤ ਰੱਖਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ, ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਸਨੌਰ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਹਰਿੰਦਰਪਾਲ ਹੈਰੀਮਾਨ ਸਮੇਤ 20 ਕੁ ਜਣੇ ਮੌਜੂਦ ਸਨ। ਇਸ ਸਕੂਲ ਵਿੱਚ ਇਸ ਮੌਕੇ ਲਗਭਗ 200 ਬੱਚੇ ਮੌਜੂਦ ਸਨ। ਮੁੱਖ ਮੰਤਰੀ ਨੇ ਇਸ ਮੌਕੇ ਕਿਹਾ ਕਿ ਇੱਥੇ ਆ ਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਿਆ ਹੈ। ਉਨ੍ਹਾਂ ਵੱਲੋਂ ਇਸ ਸਕੂਲ ਦੀ ਕਮੇਟੀ ਨੂੰ ਅੱਗੇ ਤੋਂ ਵੀ ਮੱਦਦ ਕਰਨ ਦੀ ਗੱਲ ਆਖੀ ਗਈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ