‘ਮੇਰੇ ਪੁੱਤ ਦਾ ਸਿਵਾ ਠੰਢਾ ਨਹੀਂ ਹੋਇਆ, ਮੇਰਾ ਚੋਣ ਲੜਨ ਦਾ ਮਨ ਨਹੀਂ ਹੈ’
- ਸਿੱਧੂ ਮੂਸੇਵਾਲਾ ਦੇ ਪਿਤਾ ਨੇ ਸੋਸ਼ਲ ਮੀਡੀਆ ’ਤੇ ਚਲਦੀਆਂ ਅਫ਼ਵਾਹਾਂ ਪ੍ਰਤੀ ਜਤਾਇਆ ਦੁੱਖ
- ਕਿਹਾ : ਰਹਿੰਦੀਆਂ ਗੱਲਾਂ ਭੋਗ ’ਤੇ ਦਿਲ ਖੋਲ ਕੇ ਸਾਂਝੀਆਂ ਕਰਾਂਗਾ
(ਸੁਖਜੀਤ ਮਾਨ) ਮਾਨਸਾ। ਬੀਤੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਚਰਚਾਵਾਂ ਬਾਰੇ ਅੱਜ ਇੱਕ ਵੀਡੀਓ ਸੁਨੇਹੇ ਰਾਹੀਂ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਡੂੰਘਾ ਦੁੱਖ ਜਤਾਇਆ ਹੈ । ਚਰਚਾਵਾਂ ਇਹ ਚੱਲ ਰਹੀਆਂ ਸੀ ਕਿ ਮੂਸੇਵਾਲਾ ਦਾ ਪਿਤਾ ਨੂੰ ਸੰਗਰੂਰ ਲੋਕ ਸਭਾ ਦੀ ਜ਼ਿਮਨੀ ਚੋਣ ਲੜਾਈ ਜਾਵੇ ਜਾਂ ਉਨਾਂ ਨੂੰ ਬਿਨਾਂ ਮੁਕਾਬਲੇ ਜੇਤੂ ਬਣਾਇਆ ਜਾਵੇ।
ਵੀਡੀਓ ਸੁਨੇਹੇ ਰਾਹੀਂ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਅੱਜ ਕਿਹਾ ਕਿ ‘ਸੋਸ਼ਲ ਮੀਡੀਆ ’ਤੇ ਚਲਦੀਆਂ ਤਰਾਂ-ਤਰਾਂ ਦੀਆਂ ਗੱਲਾਂ ਦੇਖਕੇ ਮਨ ਬਹੁਤ ਦੁਖੀ ਹੁੰਦਾ ਹੈ, ਉਨਾਂ ਗੱਲਾਂ ’ਤੇ ਯਕੀਨ ਨਾ ਕਰੋ’। ਉਨਾਂ ਕਿਹਾ ਕਿ ‘ਹਾਲੇ ਤਾਂ ਮੇਰੇ ਪੁੱਤ ਦਾ ਸਿਵਾ ਠੰਢਾ ਨਹੀਂ ਹੋਇਆ ਤੇ ਮੇਰਾ ਕੋਈ ਚੋਣ ਲੜਨ ਦਾ ਮਨ ਨਹੀਂ ਹੈ’। ਉਨਾਂ ਆਪਣੇ ਪੁੱਤ ਦੀ ਮੌਤ ’ਤੇ ਦੁੱਖ ’ਚ ਸਾਥ ਦੇਣ ਵਾਲਿਆਂ ਦਾ ਧੰਨਵਾਦ ਵੀ ਕੀਤਾ ਹੈ । ਉਨਾਂ ਵੀਡੀਓ ਰਾਹੀਂ ਇਹ ਵੀ ਆਖਿਆ ਕਿ ‘‘8 ਤਾਰੀਖ ਨੂੰ ਬੱਚੇ ਦਾ (ਸਿੱਧੂ ਮੂਸੇਵਾਲਾ) ਦਾ ਭੋਗ ਹੈ, ਤੁਸੀਂ ਆਇਓ ਰਹਿੰਦੀਆਂ ਸਾਰੀਆਂ ਗੱਲਾਂ ਤੁਹਾਡੇ ਨਾਲ ਦਿਲ ਖੋਲ ਕੇ ਸਾਂਝੀਆਂ ਕਰਾਂਗਾ, ਮੇਰਾ ਮਨ ਇਸ ਸਮੇਂ ਬਹੁਤਾ ਕੁੱਝ ਕਹਿਣ ਦੇ ਹਾਲਾਤ ’ਚ ਨਹੀਂ ਹੈ’।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ