ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨੇ ਕੀਤੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ
- ਚੰਡੀਗੜ੍ਹ ਦੇ ਏਅਰਪੋਰਟ ਵਿੱਚ ਕੀਤੀ ਗਈ ਮੁਲਾਕਾਤ, ਅਮਿਤ ਸ਼ਾਹ ਵੱਲੋਂ ਇਨਸਾਫ਼ ਦੇਣ ਦਾ ਭਰੋਸਾ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਸਿੱਧੂ ਮੂਸੇਵਾਲਾ (Sidhu MooseWala) ਦੀ ਕਤਲ ਦੀ ਜਾਂਚ ਲਈ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਪੁਲਿਸ ’ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਹੈ, ਕਿਉਂਕਿ ਇਸ ਮਾਮਲੇ ਵਿੱਚ ਕਈ ਵੱਡੇ ਗੈਂਗਸਟਰਾਂ ਦਾ ਹੱਥ ਹੈ ਤਾਂ ਕੁਝ ਆਪਣਿਆਂ ਵਲੋਂ ਵੀ ਸਾਜ਼ਿਸ਼ ਕੀਤੀ ਗਈ ਜਾਪਦੀ ਹੈ। ਇਸ ਕਰਕੇ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਵਲੋਂ ਕੇਂਦਰੀ ਏਜੰਸੀ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਲਗਭਗ 15 ਮਿੰਟ ਤੱਕ ਅਮਿਤ ਸ਼ਾਹ ਨਾਲ ਹੋਈ ਗੱਲਬਾਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸਿੱਧੂ ਮੂਸੇਵਾਲਾ (Sidhu MooseWala) ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਵੱਲੋਂ ਚੰਡੀਗੜ੍ਹ ਦੇ ਏਅਰਪੋਰਟ ’ਤੇ ਮੁਲਾਕਾਤ ਕੀਤੀ ਗਈ। ਜਿਸ ਦਰਮਿਆਨ ਇਨਾਂ ਪਰਿਵਾਰਕ ਮੈਂਬਰਾਂ ਵੱਲੋਂ ਅਮਿਤ ਸ਼ਾਹ ਤੋਂ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ। ਕੇਂਦਰੀ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੁਪਹਿਰ ਨੂੰ ਚੰਡੀਗੜ ਪੁੱਜ ਗਏ ਸਨ ਅਤੇ ਇਨਾਂ ਦੋਵਾਂ ਦੀ ਮੁਲਾਕਾਤ ਚੰਡੀਗੜ੍ਹ ਦੇ ਏਅਰਪੋਰਟ ਵਿੱਚ ਸਥਿਤ ਲਾਂਜ ਵਿੱਚ ਤੈਅ ਕੀਤੀ ਗਈ ਸੀ ਅਤੇ ਅਮਿਤ ਸ਼ਾਹ ਦੇ ਪੁੱਜਣ ਤੋਂ ਬਾਅਦ ਇਨਾਂ ਦੋਵੇਂ ਮਾਤਾ-ਪਿਤਾ ਵੱਲੋਂ ਲਗਭਗ 15 ਮਿੰਟ ਤੱਕ ਅਮਿਤ ਸ਼ਾਹ ਨਾਲ ਗੱਲਬਾਤ ਕੀਤੀ।
ਇਸ ਦਰਮਿਆਨ ਮਾਤਾ ਚਰਨ ਕੌਰ ਕਾਫ਼ੀ ਜਿਆਦਾ ਭਾਵੁਕ ਹੋ ਗਏ ਸਨ ਤਾਂ ਮੌਕੇ ‘ਤੇ ਹਾਜ਼ਰ ਸੰਸਦ ਮੈਂਬਰ ਕਿਰਨ ਕੌਰ ਵੱਲੋਂ ਚਰਨ ਕੌਰ ਨੂੰ ਸੰਭਾਲਿਆ ਤਾਂ ਅਮਿਤ ਸ਼ਾਹ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਨਾਂ ਦੇ ਪੁੱਤਰ ਦੇ ਕਾਤਲਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ ਅਤੇ ਉਨਾਂ ਵੱਲੋਂ ਸੀਬੀਆਈ ਦੀ ਜਾਂਚ ਕਰਵਾਉਣ ਦੀ ਮੰਗ ਬਾਰੇ ਵੀ ਵਿਚਾਰ ਕੀਤਾ ਜਾਏਗਾ। ਇਸ ਮੌਕੇ ਕੇਂਦਰੀ ਮੰਤਰੀ ਗਜੇਂਦਰ ਸੇਖਾਵਤ ਵੀ ਮੌਜੂਦ ਰਹੇ।
ਇਥੇ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਪੱਤਰ ਲਿਖਦੇ ਹੋਏ ਸੀਟਿੰਗ ਜੱਜ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ ਪਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਇਸ ਮਾਮਲੇ ਵਿੱਚ ਸੀਟਿੰਗ ਜੱਜ ਤੋਂ ਜਾਂਚ ਕਰਨ ਸਬੰਧੀ ਇਨਕਾਰ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਪੰਜਾਬ ਸਰਕਾਰ ਕੋਲ ਕੋਈ ਵੀ ਹੋਰ ਰਸਤਾ ਨਹੀਂ ਰਹਿ ਗਿਆ ਹੈ, ਇਸ ਲਈ ਪੰਜਾਬ ਪੁਲਿਸ ਦੀ ਗਠਿਤ ਕੀਤੀ ਗਈ ਜਾਂਚ ਟੀਮ ਹੀ ਜਾਂਚ ਵਿੱਚ ਜੁੱਟੀ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ