ਕਿਹਾ, ਅਮਰਿੰਦਰ ਸਿੰਘ ਖ਼ੁਦ ਲੰਬੀ ਤੋਂ 25 ਹਜ਼ਾਰ ਤੋਂ ਜ਼ਿਆਦਾ ‘ਤੇ ਹਾਰਿਆਂ ਸੀ, ਉਹਦੀ ਜ਼ਿੰਮੇਵਾਰੀ ਕੌਣ ਲਉਗਾ ?
ਚੰਡੀਗੜ੍ਹ (ਅਸ਼ਵਨੀ ਚਾਵਲਾ) | ਅਮਰਿੰਦਰ ਸਿੰਘ ਨਾ ਹੀ ਆਪਣਾ ਮੁੰਡਾ ਰਣਇੰਦਰ ਸਿੰਘ ਬਠਿੰਡਾ ਤੋਂ ਜਿਤਾ ਸਕਿਆ ਸੀ ਤੇ ਨਾ ਹੀ ਖ਼ੁਦ ਲੰਬੀ ਤੋਂ ਜਿੱਤ ਪ੍ਰਾਪਤ ਕਰ ਸਕਿਆ, ਜਦੋਂ ਕਿ ਬਠਿੰਡਾ ਤੋਂ ਇਸ ਵਾਰ ਸਭ ਤੋਂ ਘੱਟ ਵੋਟਾਂ ‘ਤੇ ਕਾਂਗਰਸ ਕੀ ਹਾਰੀ, ਅਮਰਿੰਦਰ ਸਿੰਘ ਨੇ ਮੈਨੂੰ ਹੀ ਜ਼ਿੰਮੇਵਾਰ ਠਹਿਰਾ ਦਿੱਤਾ ਹੈ। ਮੈਂ ਜ਼ਿੰਮੇਵਾਰ ਨਹੀਂ ਹਾਂ, ਸਗੋਂ ਖੁਦ ਅਮਰਿੰਦਰ ਸਿੰਘ ਤੇ ਕਾਂਗਰਸ ਪਾਰਟੀ ਜ਼ਿੰਮੇਵਾਰ ਹੈ। ਉਂਜ ਵੀ ਮੈਂ ਕਿਹੜਾ ਕਾਂਗਰਸ ਪਾਰਟੀ ‘ਚ ਸ਼ਾਮਲ ਹੋਣ ਲਈ ਆਇਆ ਸੀ, ਮੈਨੂੰ ਤਾਂ ਘਰੇ ਬੈਠੇ ਹੀ ਇਨ੍ਹਾਂ ਨੇ ਸੈਂਕੜੇ ਸੁਨੇਹੇ ਭੇਜ ਕੇ ਸੱਦਿਆ ਸੀ, ਹੁਣ ਇਨ੍ਹਾਂ ਨੂੰ ਮੈਂ ਪਸੰਦ ਨਹੀਂ ਆ ਰਿਹਾ ਹਾਂ। ਮੈਂ ਪਹਿਲਾਂ ਵੀ ਇਸ ਤਰ੍ਹਾਂ ਦਾ ਸੀ, ਹੁਣ ਵੀ ਹਾਂ ਅਤੇ ਅੱਗੇ ਵੀ ਇਸੇ ਤਰ੍ਹਾਂ ਹੀ ਰਹਾਂਗਾ, ਮੈਨੂੰ ਕਿਸੇ ਦਾ ਕੋਈ ਡਰ ਨਹੀਂ ਹੈ।
ਇਹ ਤਿੱਖਾ ਹਮਲਾ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਕੀਤਾ ਹੈ। ਨਵਜੋਤ ਸਿੱਧੂ ਨੇ ਕੁਝ ਪੱਤਰਕਾਰਾਂ ਨੂੰ ਆਪਣੇ ਘਰ ‘ਚ ਸੱਦ ਕੇ ਪ੍ਰੈਸ ਕਾਨਫਰੰਸ ਕੀਤੀ ਸੀ। ਜਿੱਥੇ ਉਨ੍ਹਾਂ ਨੇ ਪੌਣੇ ਘੰਟੇ ਦੀ ਪ੍ਰੈਸ ਕਾਨਫਰੰਸ ਵਿੱਚ ਮੁੱਖ ਮੰਤਰੀ ਨੂੰ ਹੀ ਆਪਣੇ ਨਿਸ਼ਾਨੇ ‘ਤੇ ਰੱਖਿਆ।
ਨਵਜੋਤ ਸਿੱਧੂ ਨੇ ਕਿਹਾ ਕਿ ਹਾਰ ਦੀ ਜ਼ਿੰਮੇਵਾਰੀ ਸਾਂਝੀ ਹੁੰਦੀ ਹੈ ਪਰ ਸਾਰੀ ਜ਼ਿੰਮੇਵਾਰੀ ਇਕੱਲੇ ਮੇਰੇ ਸਿਰ ‘ਤੇ ਪਾ ਦਿੱਤੀ ਗਈ ਹੈ, ਇਹ ਪਹਿਲੀ ਵਾਰ ਨਹੀਂ ਹੋਇਆ ਹੈ, ਇਸ ਤੋਂ ਪਹਿਲਾਂ ਵੀ 6-7 ਵਾਰ ਇੰਜ ਹੀ ਹੋਇਆ ਹੈ। ਮੇਰੇ ਸਿਰ ‘ਤੇ ਹਰ ਵਾਰ ਜ਼ਿੰਮੇਵਾਰੀ ਮੜ੍ਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ 4-5 ਮੰਤਰੀ ਉਨ੍ਹਾਂ ‘ਤੇ ਹਮਲੇ ਕਰਦੇ ਆਏ ਹਨ ਤੇ ਉਹੋ ਮੰਤਰੀ ਹੀ ਹਰ ਵਾਰ ਉਨ੍ਹਾਂ ‘ਤੇ ਹਮਲਾ ਕਰਦੇ ਆਏ ਹਨ ਪਰ ਉਨ੍ਹਾਂ ਨੇ ਕਦੇ ਵੀ ਕੁਝ ਨਹੀਂ ਕਿਹਾ ਹੈ।
ਸਿੱਧੂ ਨੇ ਕਿਹਾ ਕਿ ਬਠਿੰਡਾ ਹਲਕੇ ਦੀ ਜ਼ਿੰਮੇਵਾਰੀ ਮੇਰੇ ਸਿਰ ਪਾਈ ਹੈ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਿਛਲੇ 20 ਸਾਲਾਂ ਵਿੱਚ ਬਾਦਲਾਂ ਖ਼ਿਲਾਫ਼ ਕਦੇ ਵੀ ਕਾਂਗਰਸ ਬਠਿੰਡੇ ਤੋਂ ਜਿੱਤ ਨਹੀਂ ਸਕੀ। ਇਸ ਵਾਰ ਤਾਂ ਪਹਿਲਾਂ ਨਾਲੋਂ ਘੱਟ ਵੋਟਾਂ ‘ਤੇ ਕਾਂਗਰਸ ਹਾਰੀ ਹੈ, ਜਦੋਂ ਕਿ ਅਮਰਿੰਦਰ ਸਿੰਘ ਦਾ ਮੁੰਡਾ ਰਣਇੰਦਰ ਸਿੰਘ ਸਵਾ ਲੱਖ ਤੋਂ ਜ਼ਿਆਦਾ ਵੋਟਾਂ ‘ਤੇ ਹਾਰਿਆ ਸੀ। ਉਸ ਦੀ ਜ਼ਿੰਮੇਵਾਰ ਕਿਸੇ ਨੇ ਲਈ ਹੈ ਤੇ ਕਿਹੜਾ ਜ਼ਿੰਮੇਵਾਰ ਹੈ। ਸਿੱਧੂ ਨੇ ਕਿਹਾ ਕਿ ਅਮਰਿੰਦਰ ਸਿੰਘ ਖ਼ੁਦ ਲੰਬੀ ਸੀਟ ਤੋਂ ਪਰਕਾਸ਼ ਸਿੰਘ ਬਾਦਲ ਤੋਂ 25 ਹਜ਼ਾਰ ਤੋਂ ਜ਼ਿਆਦਾ ਵੋਟਾਂ ‘ਤੇ ਹਾਰੇ ਸਨ, ਉਸ ਲਈ ਕੌਣ ਜ਼ਿੰਮੇਵਾਰ ਹੈ? ਕੀ ਉਹ ਖ਼ੁਦ ਜ਼ਿੰਮੇਵਾਰ ਨਹੀਂ ਹਨ।
ਨਵਜੋਤ ਸਿੱਧੂ ਨੇ ਅਮਰਿੰਦਰ ਸਿੰਘ ‘ਤੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਿਭਾਗ ਬਾਰੇ ਝੂਠ ਬੋਲ ਰਹੇ ਹਨ ਕਿ ਉਹ ਉਨ੍ਹਾਂ ਦੇ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਹੀ ਸ਼ਹਿਰੀ ਵੋਟ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜਾਂ ਫਿਰ ਪਟਿਆਲਾ ਸਣੇ ਹੋਰ ਸ਼ਹਿਰਾਂ ‘ਚੋਂ ਕਾਂਗਰਸ ਕਿਵੇਂ ਜਿੱਤ ਗਈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੇ ਕਾਫ਼ੀ ਕੰਮ ਕੀਤੇ ਹਨ ਪਰ ਝੂਠ ਬੋਲ ਕੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ।
ਸਿੱਧੂ ਨੇ ਕਿਹਾ ਕਿ ਉਹ ਕਿਹੜਾ ਕਾਂਗਰਸ ‘ਚ ਆਉਣ ਲਈ ਤਿਆਰ ਬੈਠੇ ਸਨ, ਉਨ੍ਹਾਂ ਨੂੰ ਸੈਂਕੜੇ ਸੁਨੇਹੇ ਆਏ ਸੀ ਤਾਂ ਹੀ ਉਹ ਕਾਂਗਰਸ ‘ਚ ਸ਼ਾਮਲ ਹੋਏ ਹਨ। ਸਿੱਧੂ ਨੇ ਸਾਫ਼ ਕੀਤਾ ਕਿ ਪਹਿਲਾਂ ਵੀ ਉਹ ਇਸੇ ਤਰ੍ਹਾਂ ਸਨ ਤੇ ਹੁਣ ਵੀ ਇਸੇ ਤਰ੍ਹਾਂ ਹੀ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਹੀ ਰਹਿਣਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।