ਹਰਪ੍ਰੀਤ ਸਿੰਘ ਬਰਾੜ
ਸਿਆਚਿਨ ਗਲੇਸ਼ੀਅਰ ‘ਚ ਪਿਛਲੇ ਸੋਮਵਾਰ ਨੂੰ ਆਏ ਬਰਫ਼ੀਲੇ ਤੂਫ਼ਾਨ ਦੀ ਚਪੇਟ ‘ਚ ਆ ਕੇ ਫੌਜ ਦੇ ਚਾਰ ਜਵਾਨ ਸ਼ਹੀਦ ਹੋ ਗਏ ਜਦਕਿ ਦੋ ਹੋਰ ਜਵਾਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹਨਾਂ ਨੂੰ ਡਾਕਟਰੀ ਨਿਗਰਾਨੀ ‘ਚ ਰੱਖਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਸਿਆਚਿਨ ਦੁਨੀਆਂ ਦਾ ਸਭ ਤੋਂ ਉੱਚਾ ਜੰਗੀ ਇਲਾਕਾ ਹੈ। ਸਿਆਚਿਨ ‘ਚ ਬਰਫ਼ੀਲੇ ਤੂਫ਼ਾਨ ਕਾਰਨ ਹਰ ਮਹੀਨੇ ਔਸਤਨ ਦੋ ਫੌਜੀ ਜਵਾਨਾਂ ਦੀ ਮੌਤ ਹੁੰਦੀ ਹੈ। ਦੇਖਿਆ ਜਾਵੇ ਤਾਂ 1984 ਤੋਂ ਲੈ ਕੇ ਹੁਣ ਤੱਕ 1400 ਤੋਂ ਜਿਆਦਾ ਜਵਾਨ ਸ਼ਹੀਦ ਹੋ ਚੁੱਕੇ ਹਨ। ਦੁਨੀਆਂ ਦੇ ਸਭ ਤੋਂ ਉੱਚੇ ਬਰਫ਼ੀਲੇ ਜੰਗੀ ਇਲਾਕੇ ਸਿਆਚਿਨ ‘ਚ ਭਾਰਤ ਨੂੰ ਜੰਗ ਲੜਦੇ ਪੂਰੇ 35 ਸਾਲ ਹੋ ਗਏ ਹਨ। ਇਹ ਦੁਨੀਆਂ ਦਾ ਸਭ ਤੋਂ ਉੱਚਾ ਜੰਗੀ ਇਲਾਕਾ ਹੀ ਨਹੀਂ ਸਗੋਂ ਸਭ ਤੋਂ ਜ਼ਿਆਦਾ ਖਰਚੀਲਾ ਜੰਗੀ ਇਲਾਕਾ ਵੀ ਹੈ। ਭਾਰਤ ਅਤੇ ਪਾਕਿਸਤਾਨ ਦੋਵੇਂ ਜਾਣਦੇ ਹਨ ਕਿ ਸਿਆਚਿਨ ਵਿਖੇ ਜੰਗ ਲੜਨੀ ਵਿਅਰਥੀ ਹੀ ਹੈ ਕਿਉਂਕਿ ਦੋਵੇਂ ਮੁਲਕ ਜਾਣਦੇ ਹਨ ਕਿ ਇੱਥੇ ਜੰਗ ਲੜ ਕੇ ਦੋਵਾਂ ਦੇਸ਼ਾਂ ਵਿਚੋਂ ਕੋਈ ਜੇਤੂ ਨਹੀਂ ਹੋ ਸਕਦਾ।
ਇਸ ਅਰਥਹੀਣ ਲੜਾਈ ਲਈ ਦੋਵੇਂ ਮੁਲਕ ਹੀ ਜਿੰਮੇਵਾਰ ਹਨ ਕਿਉਂਕਿ ਮਨੁੱਖੀ ਜਿੰਦਗੀ ਦੀ ਹੋਂਦ ਲਈ ਸਿਆਚਿਨ ਦੇ ਹਾਲਾਤ ਕਿਸੇ ਪੱਖੋਂ ਵੀ ਸੁਖਾਵੇਂ ਨਹੀਂ ਹਨ। ਪਾਕਿਸਤਾਨ ਨੇ ਆਪਣੇ ਨਕਸ਼ਿਆਂ ਵਿਚ ਪਾਕਿ ਅਧੀਨ ਕਸ਼ਮੀਰ ਨੂੰ ਲਾਈਨ ਆਫ ਕੰਟਰੋਲ ਦੇ ਅਖੀਰਲੇ ਕਿਨਾਰੇ (ਐਨਜੇ 9842) ਤੋਂ ਸਿੱਧੀ ਲਾਈਨ ਖਿੱਚ ਕੇ ਕਰਾਕੋਰਮ ਦਰਿਆ ਤੱਕ ਦਿਖਾਉਣਾ ਸ਼ੁਰੂ ਕਰ ਦਿੱਤਾ ਸੀ। ਚਿੰਤਾ ਵਿਚ ਆਈ ਭਾਰਤ ਸਰਕਾਰ ਨੇ 13 ਅਪਰੈਲ 1984 ਨੂੰ ਆਪਰੇਸ਼ਨ ਮੇਘਦੂਤ ਸ਼ੁਰੂ ਕਰਕੇ ਪਾਕਿਸਤਾਨੀ ਫੌਜ਼ ਨੂੰ ਬਰਫ਼. ਦੀ ਇਸ ਪਹਾੜੀ ਤੋਂ ਪਿੱਛੇ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ, ਜਿਸ ਦਾ ਮਕਸਦ ਇਸ ਬਰਫੀਲੀ ਚੋਟੀ ਉੱਪਰ ਕਾਬਜ਼ ਹੋ ਕੇ ਨੁੰਬਰਾ ਵਾਦੀ ਦੇ ਸਮੇਤ ਲੱਦਾਖ ‘ਤੇ ਕਬਜ਼ਾ ਕਰਨਾ ਸੀ। 1984 ਵਿਚ ਕਸ਼ਮੀਰ ‘ਚ ਸਿਆਚਿਨ ਗਲੇਸ਼ੀਅਰ ‘ਤੇ ਕਬਜ਼ਾ ਕਰਨ ਲਈ ਭਾਰਤੀ ਹਥਿਆਰਬੰਦ ਫੌਜਾਂ ਨੇ ਮੁਹਿੰਮ ਸ਼ੁਰੂ ਕੀਤੀ ਸੀ। ਇਸ ਆਪਰੇਸ਼ਨ ਨੂੰ ਮੇਘਦੂਤ ਦਾ ਨਾਂਅ ਦਿੱਤਾ ਗਿਆ। ਇਹ ਫੌਜੀ ਕਾਰਵਾਈ ਬਹੁਤ ਅਨੋਖੀ ਸੀ ਕਿਉਂਕਿ ਦੁਨੀਆਂ ਦੇ ਸਭ ਤੋਂ ਵੱਡੇ ਬਰਫੀਲੇ ਜੰਗੀ ਇਲਾਕੇ ‘ਤੇ ਪਹਿਲੀ ਵਾਰ ਹਮਲਾ ਕੀਤਾ ਗਿਆ ਸੀ। ਫੌਜੀ ਕਾਰਵਾਈ ਸਦਕਾ ਭਾਰਤੀ ਜਵਾਨ ਪੂਰੇ ਸਿਆਚਿਨ ਗਲੇਸ਼ੀਅਰ ‘ਤੇ ਆਪਣਾ ਕਬਜਾ ਹਾਸਲ ਕਰ ਚੁੱਕੇ ਸਨ। ਆਪਰੇਸ਼ਨ ਮੇਘਦੂਤ ਦੇ 35 ਸਾਲ ਬਾਅਦ ਅੱਜ ਵੀ ਸਿਆਚਿਨ ਗਲੇਸ਼ੀਅਰ ਉੱਤੇ ਭਾਰਤੀ ਫੌਜ ਦਾ ਕਬਜ਼ਾ ਹੈ। ਇਹ ਜਿੱਤ ਭਾਰਤੀ ਫੌਜ ਦੇ ਮਜ਼ਬੂਤ ਇਰਾਦੇ, ਸਾਹਸ ਅਤੇ ਤਿਆਗ ਦੀ ਮਿਸਾਲ ਹੈ। ਦੁਨੀਆਂ ਦੇ ਸਭ ਤੋਂ ਉੱਚੇ ਅਤੇ ਵੱਡੇ ਮੰਨੇ ਜਾਣ ਵਾਲੇ ਇਸ ਜੰਗੀ ਇਲਾਕੇ ‘ਚ ਅੱਜ ਵੀ ਭਾਰਤੀ ਫੌਜ ਦੇ ਜਵਾਨ ਮੁਸ਼ਤੈਦੀ ਨਾਲ ਡਟੇ ਰਹਿੰਦੇ ਹਨ।
ਆਪਰੇਸ਼ਨ ਮੇਘਦੂਤ 1984 ਤੋਂ 2002 ਤੱਕ ਚੱਲਿਆ ਸੀ, ਭਾਵ ਪੂਰੇ 18 ਸਾਲ ਭਾਰਤੀ ਫੌਜ ਨੇ ਡਟ ਕੇ ਸਖ਼ਤ ਮੁਕਾਬਲੇ ਦੀ ਮਿਸਾਲ ਪੇਸ਼ ਕੀਤੀ ਸੀ ।ਭਾਰਤ ਅਤੇ ਪਾਕਿਸਤਾਨ ਦੀਆਂ ਫੌਜਾਂ ਸਿਆਚਿਨ ‘ਤੇ ਆਪਣਾ ਹੱਕ ਹਾਸਲ ਕਰਨ ਲਈ ਇੱਕ-ਦੂਜੇ ਸਾਹਮਣੇ ਅੜੀਆਂ ਰਹੀਆਂ। ਜਿੱਤ ਭਾਰਤ ਦੀ ਹੋਈ। ਅੱਜ ਭਾਰਤੀ ਫੌਜ 70 ਕਿਲੋਮੀਟਰ ਲੰਮੇ ਸਿਆਚਿਨ ਗਲੇਸ਼ੀਅਰ ਅਤੇ ਉਸ ਨਾਲ ਜੁੜੇ ਛੋਟੇ ਗਲੇਸ਼ੀਅਰ, 3 ਅਹਿਮ ਦਰਿਆ (ਸਿਆਲਾ,ਬਿੱਲਾਫੌਂਣਲਾ ਅਤੇ ਮਿਉਂਗਲਾ) ‘ਤੇ ਆਪਣਾ ਕਬਜ਼ਾ ਰੱਖਦੀ ਹੈ। ਇਸ ਆਪਰੇਸ਼ਨ ਦੌਰਾਨ ਭਾਰਤੀ ਫੌਜ ਦੇ ਤਕਰੀਬਨ ਇੱਕ ਹਜ਼ਾਰ ਜਵਾਨ ਸ਼ਹੀਦ ਹੋ ਗਏ ਸਨ। ਸਰਕਾਰ ਹਰ ਰੋਜ਼ ਸਿਆਚਿਨ ਦੀ ਹਿਫਾਜ਼ਤ ਲਈ ਕਰੋੜਾਂ ਰੁਪਏ ਖਰਚ ਕਰਦੀ ਹੈ। ਸਿਆਚਿਨ ਉੱਤਰ-ਪੱਛਮ ‘ਚ ਕਰਾਕੋਰਮ ਰੇਂਜ ਵਿਖੇ ਮੌਜੂਦ ਹੈ।
ਸਿਆਚਿਨ ਗਲੇਸ਼ੀਅਰ 76.4 ਕਿਲੋਮੀਟਰ ਲੰਮਾ ਹੈ ਅਤੇ ਇਸ ਵਿਚ ਲਗਭਗ 10000 ਵਰਗ ਕਿਲੋਮੀਟਰ ਸੁੰਨਸਾਨ ਮੈਦਾਨ ਵੀ ਸ਼ਾਮਲ ਹਨ। ਸਿਆਚਿਨ ਦੇ ਇੱਕ ਪਾਸੇ ਪਾਕਿਸਤਾਨੀ ਸਰਹੱਦ ਹੈ ਤਾਂ ਦੁਜੇ ਪਾਸੇ ਚੀਨ ਦੀ ਸਰਹੱਦ ਅਕਸਾਈਚੀਨ ਇਸ ਇਲਾਕੇ ਨੂੰ ਛੂੰਹਦੀ ਹੈ। ਅਜਿਹੇ ‘ਚ ਜੇਕਰ ਪਾਕਿਸਤਾਨੀ ਫੌਜ ਨੇ ਸਿਆਚਿਨ ‘ਤੇ ਕਬਜ਼ਾ ਕਰ ਲਿਆ ਹੁੰਦਾ ਤਾਂ ਪਾਕਿਸਤਾਨ ਅਤੇ ਚੀਨ ਦੀ ਸਰਹੱਦ ਆਪਸ ਵਿਚ ਮਿਲ ਜਾਂਦੀ। ਚੀਨ ਅਤੇ ਪਾਕਿਸਤਾਨ ਦਾ ਇਹ ਮਿਲਾਪ ਭਾਰਤ ਲਈ ਕਦੇ ਵੀ ਖਤਰਨਾਕ ਸਿੱਧ ਹੋ ਸਕਦਾ ਸੀ। ਸਭ ਤੋਂ ਅਹਿਮ ਇਹ ਕਿ ਐਨੀ ਜਿਆਦਾ ਉੱਚਾਈ ਤੋਂ ਦੇਸ਼ ਦੀਆਂ ਗਤੀਵਿਧੀਆਂ ‘ਤੇ ਨਜਰ ਰੱਖਣੀ ਵੀ ਬਹੁਤ ਸੌਖੀ ਹੈ। ਭਾਰਤ ਸਰਕਾਰ ਨੇ ਸਿਆਚਿਨ ‘ਤੇ ਆਪਣਾ ਕਬਜਾ ਕਰਨ ਤੋਂ ਬਾਅਦ ਕਦੇ ਵੀ ਆਪਣੀ ਫੌਜ ਨੂੰ ਹਟਾਉਣ ਦਾ ਇਰਾਦਾ ਨਹੀਂ ਕੀਤਾ ਕਿਉਂਕਿ ਪਾਕਿਸਾਨ ਦੀ ਨਜ਼ਰ ਅਜੇ ਵੀ ਸਿਆਚਿਨ ਤੋਂ ਹਟੀ ਨਹੀਂ ਹੈ।
ਨਤੀਜ਼ਨ ਅੱਜ ਜਦਕਿ ਇਸ ਬਰਫੀਲੀ ਚੋਟੀ ‘ਤੇ ਸੀਜ਼ਫਾਇਰ ਨੇ ਗੋਲੀਬਾਰੀ ‘ਤੇ ਤਾਂ ਕਾਬੂ ਕਰ ਦਿੱਤਾ ਹੈ ਪਰ ਕੁਦਰਤ ਨਾਲ ਜੂਝਦੇ ਹੋਏ ਸਾਡੇ ਜਵਾਨ ਹਰ ਰੋਜ਼ ਮੌਤ ਦੇ ਮੂੰਹ ‘ਚ ਜਾ ਰਹੇ ਹਨ। ਪਾਕਿਸਤਾਨੀ ਫੌਜ ਪਿੱਛੇ ਹਟਣ ਨੂੰ ਤਿਆਰ ਨਹੀਂ ਹੈ। ਜੰਗ ਦੀਆਂ ਕਹਾਣੀਆਂ ਸੁਣਨ ਵਾਲਿਆਂ ਲਈ ਅੱਖਾਂ ਮੂਹਰੇ ਜੰਗ ਦੀ ਕਲਪਨਾ ਕਰਨ ‘ਚ ਕੋਈ ਜਿਆਦਾ ਪ੍ਰੇਸ਼ਾਨੀ ਨਹੀਂ ਹੁੰਦੀ ਪਰ ਇਸ ਬਰਫ਼ੀਲੇ ਸਿਆਚਿਨ ‘ਚ ਹੋਣ ਵਾਲੀ ਲੜਾਈ ਬਾਰੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਇੱਥੇ ਜੰਗ ਦੁਸ਼ਮਣ ਨਾਲ ਘੱਟ ਸਗੋਂ ਕੁਦਰਤ ਨਾਲ ਹੈ, ਜੋ ਹੋਣ ਵਾਲੀਆਂ ਮੌਤਾਂ ਲਈ 97 ਫੀਸਦੀ ਜਿੰਮੇਵਾਰ ਹੈ। ਸਿਆਚਿਨ ਬਾਰੇ ਇਹ ਦਿਲਚਸਪ ਅੰਕੜਾ ਹੈ ਕਿ ਇੱਥੇ ਸਿਰਫ ਇੱਕ ਹੀ ਲੜਾਈ ਹੋਈ ਹੈ।
ਇਹ ਲੜਾਈ ਦੁਨੀਆਂ ਦੀ ਹੁਣ ਤੱਕ ਦੀ ਪਹਿਲੀ ਅਤੇ ਆਖਰੀ ਲੜਾਈ ਸੀ ਜਿਸ ਵਿਚ ਇੱਕ ਬੰਕਰ ‘ਚ ਬਣੀ ਪੋਸਟ ‘ਤੇ ਕਬਜ਼ਾ ਕਰਨ ਲਈ ਜੰਮੂ ਦੇ ਹੋਨਰੇਰੀ ਕੈਪਟਨ ਬਾਨਾ ਸਿੰਘ ਨੂੰ ਪਰਮਵੀਰ ਚੱਕਰ ਦਿੱਤਾ ਗਿਆ ਸੀ ਅਤੇ ਉਸ ਪੋਸਟ ਦਾ ਨਾਂਅ ਵੀ ਉਹਨਾਂ ਦੇ ਨਾਂਅ ‘ਤੇ ਰੱਖਿਆ ਗਿਆ ਹੈ। ਕੈਪਟਨ ਬਾਨਾ ਸਿੰਘ ਨੂੰ ਪਰਮਵੀਰ ਚੱਕਰ ਮਿਲਿਆ ਸੀ ਅਤੇ ਹੁਣ ਉਹ ਜੰਮੂ ਦੇ ਸਰਹੱਦੀ ਪਿੰਡ ਰਣਵੀਰ ਸਿੰਘ ਪੁਰਾ ‘ਚ ਰਹਿੰਦੇ ਹਨ। ਉਹ ਆਪਣੇ ਮਿਸ਼ਨ ਨੂੰ ਬਿਆਨ ਕਰਦੇ ਹੋਏ ਦੱਸਦੇ ਸਨ ਕਿ ਇਹ ਗੱਲ ਸਿਆਚਿਨ ਚੋਟੀ ‘ਤੇ ਭਾਰਤੀ ਫੌਜ ਦੇ ਕਬਜੇ ਤੋਂ ਤਿੰਨ ਸਾਲ ਬਾਅਦ ਦੀ ਹੈ ਜਦੋਂ 1987 ‘ਚ ਪਾਕਿਸਤਾਨੀ ਫੌਜ ਨੇ 21 ਹਜ਼ਾਰ ਫੁੱਟ ਦੀ ਉੱਚਾਈ ‘ਤੇ ਕਬਜਾ ਕਰ ਕੇ ਇੱਕ ਬੰਕਰਨੁਮਾ ਪੋਸਟ ਖੜ੍ਹੀ ਕੀਤੀ ਸੀ। ਮੁਹੰਮਦ ਅਲੀ ਜਿੰਨਾਹ ਦੇ ਨਾਂਅ ‘ਤੇ ਬਣਾਈ ਗਈ ਇਹ ਪੋਸਟ ਭਾਰਤੀ ਫੌਜ ਲਈ ਸਮੱਸਿਆ ਪੈਦਾ ਕਰ ਰਹੀ ਸੀ ਅਤੇ ਖ਼ਤਰਾ ਬਣ ਗਈ ਸੀ ਕਿਉਂਕਿ ਪਾਕਿਸਤਾਨੀ ਫੌਜ ਗੋਲੀਬਾਰੀ ਕਰਕੇ ਨੁਕਸਾਨ ਪਹੁੰਚਾਉਣ ਲੱਗੀ ਸੀ। ਜੂਨ 1987 ਵਿਚ ਕੈਪਟਨ ਬਾਨਾ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਦੁਸ਼ਮਣ ਦੀ ਇਸ ਪੋਸਟ ‘ਤੇ ਹਮਲਾ ਕਰਕੇ ਉਸ ਨੂੰ ਆਪਣੇ ਕਬਜ਼ੇ ਅਧੀਨ ਲੈ ਲਿਆ ਸੀ।
ਏਅਰ ਫੋਰਸ ਰੋਡ,
ਬਠਿੰਡਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।