ਪੁੱਛਿਆ ਕਿ ਲੋਕ ਚਾਰ ਸਾਲਾਂ ਵਿੱਚ ਸਿਰਫ 11 ਵਾਰ ਦਫਤਰ ਆਉਣ ਵਾਲੇ ਮੁੱਖ ਮੰਤਰੀ ’ਤੇ ਵਿਸ਼ਵਾਸ ਕਿਉਂ ਕਰਨਗੇ
ਅਟਾਰੀ (ਅੰਮਿ੍ਰਤਸਰ) (ਰਾਜਨ ਮਾਨ (ਸੱਚ ਕਹੂੰ)) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸੂਬੇ ਵਿੱਚ ਇੱਕ ਵਾਰ ਅਕਾਲੀ ਦਲ ਦੀ ਸਰਕਾਰ ਬਣਨ ’ਤੇ ਘੁਟਾਲੇ ਕਰਨ ਤੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਕਰਨ ਵਾਲੇ ਸਾਰੇ ਕਾਂਗਰਸੀਆਂ ਨੂੰ ਸਬਕ ਸਿਖਾਇਆ ਜਾਵੇਗਾ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸੀਆਂ ਨੇ ਸ਼ਰਾਬ ਤੇ ਰੇਤ ਮਾਫੀਆ ਮੁਹਿੰਮਾਂ ਨਾਲ ਸੂਬੇ ਦੇ ਸਰਕਾਰੀ ਖ਼ਜ਼ਾਨੇ ਦੇ ਹਜ਼ਾਰਾਂ ਕਰੋੜਾਂ ਰੁਪਏ ਦੀ ਲੁੱਟ ਕੀਤੀ ਹੈ ਉਹਨਾਂ ਕਿਹਾ ਕਿ ਵਿਧਾਇਕ ਮਦਨ ਲਾਲ ਜਲਾਲਪੁਰ, ਹਰਦਿਆਲ ਸਿੰਘ ਕੰਬੋਜ ਤੇ ਗੁਰਕੀਰਤ ਸਿੰਘ ਕੋਟਲੀ ਸਮੇਤ ਕਾਂਗਰਸੀ ਵਿਧਾਇਕਾਂ ਦੇ ਭਰੋਸੇਯੋਗ ਬੰਦੇ ਸੂਬੇ ਵਿੱਚ ਸ਼ਰਾਬ ਫੈਕਟਰੀਆਂ ਚਲਾ ਰਹੇ ਹਨ
ਉਹਨਾਂ ਕਿਹਾ ਕਿ ਇਸੇ ਤਰੀਕੇ ਰਾਜਸਥਾਨ ਤੇ ਜੰਮੂ ਤੋਂ ਬਾਹਰਲੇ ਲੋਕਾਂ ਨੇ ਕਾਂਗਰਸੀ ਵਿਧਾਇਕਾਂ ਨਾਲ ਰਾਬਤਾ ਕਾਇਮ ਕਰਕੇ ਸੂਬੇ ਵਿੱਚ ਰੇਤ ਮਾਫੀਆ ਕਾਇਮ ਕੀਤਾ ਜੋ ਨਜਾਇਜ਼ ਰੇਤ ਮਾਇਨਿੰਗ ਨਾਲ ਸੂਬੇ ਦੇ ਖ਼ਜ਼ਾਨੇ ਨੂੰ ਲੁੱਟ ਰਿਹਾ ਹੈ ਉਹਨਾਂ ਕਿਹਾ ਕਿ ਆਬਕਾਰੀ ਘੁਟਾਲੇ ਨਾਲ 6500 ਕਰੋੜ ਰੁਪਏ ਦਾ ਨੁਕਸਾਨ ਹੋਇਆ ਤੇ ਸੂਬਾ ਕਾਂਗਰਸ ਸਰਕਾਰ ਵੱਲੋਂ ਰੇਤ ਮਾਇਨਿੰਗ ਤੋਂ ਹੋਣ ਵਾਲੀ 1400 ਕਰੋੜ ਰੁਪਏ ਆਮਦਨ ਵਿੱਚੋਂ 100 ਕਰੋੜ ਰੁਪਏ ਵੀ ਇਕੱਠੇ ਨਹੀਂ ਕਰ ਸਕੀ
ਉਹਨਾਂ ਕਿਹਾ ਕਿ ਸਥਾਨਕ ਵਿਧਾਇਕ ਤਰਸੇਮ ਸਿੰਘ ਡੀ ਸੀ ਸਮੇਤ ਕਾਂਗਰਸੀ ਵਿਧਾਇਕਾਂ ਨੇ ਆਪਣੀਆਂ ਟਾਈਲ ਫੈਕਟਰੀਆਂ ਲਗਾ ਲਈਆਂ ਹਨ ਤਾਂ ਜੋ ਵਧੇ ਹੋਏ ਰੇਟਾਂ ’ਤੇ ਸਰਕਾਰ ਨੂੰ ਆਪਣੀਆਂ ਇੰਟਰਲਾਕਿੰਗ ਟਾਈਲਾਂ ਵੇਚੀਆਂ ਜਾ ਸਕਣ ਜੋ ਮਨਰੇਗਾ ਕੰਮਾਂ ਵਿੱਚ ਵਰਤੀਆਂ ਜਾਂਦੀਆਂ ਹਨ ਉਹਨਾਂ ਕਿਹਾ ਕਿ ਸੱਤਾ ਵਿੱਚ ਆਉਣ ਮਗਰੋਂ ਅਸੀਂ ਮਨਰੇਗਾ ਫੰਡਾਂ ਦੇ ਘੁਟਾਲੇ ਦੀ ਇੱਕ ਨਿਸ਼ਚਿਮ ਸਮੇਂ ਅੰਦਰ ਜਾਂਚ ਦੇ ਹੁਕਮ ਦੇਵਾਂਗੇ
ਅਕਾਲੀ ਦਲ ਪ੍ਰਧਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕਰੜੇ ਹੱਥੀਂ ਲਿਆ ਤੇ ਪੁੱਛਿਆ ਕਿ ਲੋਕ ਉਹਨਾਂ ’ਤੇ ਮੁੜ ਵਿਸ਼ਵਾਸ ਕਿਉਂ ਕਰਨ ਉਹਨਾਂ ਕਿਹਾ ਕਿ ਪੰਜਾਬ ਲਈ ਕੁਝ ਕਰਨ ਦੀ ਗੱਲ ਤਾਂ ਦੂਰ ਰਹੀ ਕੈਪਟਨ ਅਮਰਿੰਦਰ ਸਿੰਘ ਤਾਂ ਚਾਰ ਸਾਲਾਂ ਦੌਰਾਨ ਆਪਣੇ ਦਫਤਰ ਸਿਰਫ 11 ਵਾਰ ਗਏ ਹਨ ਉਹਨਾਂ ਕਿਹਾ ਕਿ ਮੁੱਖ ਮੰਤਰੀ ਡੀ ਬੀ ਟੀਮ ਸਮੇਤ ਸਾਰੇ ਮਾਮਲਿਆਂ ’ਤੇ ਕੇਂਦਰ ਅੱਗੇ ਇਸ ਕਰਕੇ ਨਹੀਂ ਡੱਟ ਸਕੇ ਕਿਉਂਕਿ ਉਹਨਾਂ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਯਾਨੀ ਈ ਡੀ ਦਾ ਡਰ ਸੀ ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਇਸ਼ਾਰਿਆਂ ’ਤੇ ਨੱਚਦੇ ਹਨ ਸ੍ਰੀ ਬਾਦਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਡੱਟਦਾ ਹੈ ਉਹਨਾਂ ਕਿਹਾ ਕਿ ਅਸੀਂ 30 ਸਾਲ ਪੁਰਾਣਾ ਗਠਜੋੜ ਦਿਨਾਂ ਵਿੱਚ ਹੀ ਤੋੜ ਦਿੱਤਾ ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ
ਅਕਾਲੀ ਦਲ ਦੇ ਪ੍ਰਧਾਨ ਨੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਕਨਵੀਨਰ ਭਗਵੰਤ ਮਾਨ ਨੂੰ ਵੀ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਕੇਜਰੀਵਾਲ ਨੇ ਦਿੱਲੀ ਵਿੱਚ 8 ਲੱਖ ਨੌਕਰੀਆਂ ਦਾ ਵਾਅਦਾ ਕੀਤਾ ਸੀ ਪਰ ਹਾਲ ਹੀ ਵਿੱਚ ਮਿਲੀ ਇੱਕ ਆਰ ਟੀ ਆਈ ਸੂਚਨਾ ਮੁਤਾਬਕ ਤਿੰਨ ਸਾਲਾਂ ਵਿੱਚ ਸਿਰਫ 214 ਨੌਕਰੀਆਂ ਹੀ ਦਿੱਤੀਆਂ ਗਈਆਂ ਹਨ ਉਹਨਾਂ ਕਿਹਾ ਕਿ ਇਸੇ ਤਰੀਕੇ ਭਗਵੰਤ ਮਾਨ ਨੇ ਖੁਰਾਕ ਤੇ ਖਪਤਕਾਰ ਮਾਮਲਿਆਂ ਬਾਰੇ ਸਟੈਂਡਿੰਗ ਕਮੇਟੀ ਦੀ ਮੀਟਿੰਗ ਵਿੱਚ ਸੋਧਿਆ ਹੋਇਆ ਜ਼ਰੂਰੀ ਵਸਤਾਂ ਐਕਟ ਲਾਗੂ ਕਰਨ ਦੀ ਸਹਿਮਤੀ ਦਿੱਤੀ ਤੇ ਕਿਸਾਨਾਂ ਨਾਲ ਧੋਖਾ ਕੀਤਾ
ਇਸ ਤੋਂ ਪਹਿਲਾਂ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਅਟਾਰੀ ਨੂੰ ਅਕਾਲੀ ਸਰਕਾਰ ਵੇਲੇ ਇੱਕ ਬਲਾਕ ਤੋਂ ਤਹਿਸੀਲ ਬਣਾਇਆ ਗਿਆ ਉਹਨਾਂ ਕਿਹਾ ਕਿ ਇਸੇ ਤਰੀਕੇ ਖੇਤੀਬਾੜੀ ਮੰਡੀਆਂ ਤੇ ਹਸਪਤਾਲ ਵੀ ਅਕਾਲੀ ਸਰਕਾਰ ਵੇਲੇ ਬਣੇ ਸਾਬਕਾ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕੰਡਿਆਲੀ ਤਾਰ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਲਈ ਅਕਾਲੀ ਸਰਕਾਰ ਵੇਲੇ 10 ਹਜ਼ਾਰ ਰੁਪਏ ਪ੍ਰਤੀ ਕਿੱਲਾ ਮੁਆਵਜ਼ਾ ਸ਼ੁਰੂ ਕੀਤਾ ਗਿਆ ਸੀ ਜੋ ਹੁਣ ਕਾਂਗਰਸ ਸਰਕਾਰ ਨੇ ਬੰਦ ਕਰ ਦਿੱਤਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.