ਵਿਕਾਸ ਦਾ ਸ਼ਾਰਪ ਸ਼ੂਟਰ ਇਟਾਵਾ ‘ਚ ਭੁੰਨਿਆ
ਇਟਾਵਾ (ਏਜੰਸੀ)। ਉੱਤਰ ਪ੍ਰਦੇਸ਼ ‘ਚ ਇਟਾਵਾ ਜ਼ਿਲ੍ਹੇ ਦੇ ਸਿਵਲ ਲਾਈਨ ਖ਼ੇਤਰ ‘ਚ ਵੀਰਵਾਰ ਨੂੰ ਪੁਲਿਸ ਨੇ ਹਿਸਟਰੀ ਸ਼ੀਟਰ ਵਿਕਾਸ ਦੁੱਬੇ ਦੇ ਸ਼ਾਰਪ ਸ਼ੂਟਰ ਤੇ 50 ਹਜ਼ਾਰ ਰੁਪਏ ਦੇ ਇਨਾਮੀ ਪ੍ਰਵੀਨ ਉਰਫ਼ ਬਬੂਆ ਦੁਬੇ ਨੂੰ ਇੱਕ ਹਥਿਆਰਬੰਦ ਮੁਕਾਬਲੇ ‘ਚ ਮਾਰ ਦਿੱਤਾ।ਮਾਰਿਆ ਗਿਆ ਬਦਮਾਸ਼ ਵਿਕਾਸ ਦੇ ਸ਼ਾਰਪ ਸ਼ੂਟਰਸ ਦੀ ਟੀਮ ਦਾ ਹਿੱਸਾ ਸੀ ਜਿਸ ਨੇ ਪਿਛਲੇ ਵੀਰਵਾਰ ਨੂੰ ਕਾਨਪੁਰ ‘ਚ ਚੌਬੇਪੁਰ ਦੇ ਬਿਕਰੂ ਪਿੰਡ ‘ਚ ਦਬਿਸ਼ ਦੇਣ ਗਈ ਪੁਲਿਸ ‘ਤੇ ਗੋਲੀਆਂ ਵਰ੍ਹਾਈਆਂ ਸਨ। ਇਸ ਹਮਲੇ ‘ਚ ਅੱਠ ਪੁਲਿਸ ਮੁਲਾਜ਼ਮ ਸ਼ਹੀਦ ਹੋ ਗਏ ਸਨ।
ਸੀਨੀਅਰ ਪੁਲਿਸ ਅਧਿਕਾਰੀ ਆਕਾਸ਼ ਤੋਮਰ ਨੇ ਦੱਸਿਆ ਕਿ ਇਟਾਵਾ ਕਾਨਪੂਰ ਹਾਈਵੇ ‘ਤੇ ਬਕੇਵਰ ਇਲਾਕੇ ਦੇ ਮਹੇਵਾ ‘ਚ ਅੱਜ ਤੜਕੇ ਤਿੰਨ ਵਜੇ ਦੇ ਨੇੜੇ-ਤੇੜ ਇੱਕ ਸਵਿੱਫ਼ਟ ਡਿਜ਼ਾਇਰ ਗੱਡੀ ਨੂੰ ਲੁੱਟਣ ਤੋਂ ਬਾਅਦ ਬਦਮਾਸ਼ ਮੌਕੇ ਤੋਂ ਭੱਜ ਗਏ। ਇਸੇ ਸੂਚਨਾ ਦੇ ਆਧਾਰ ‘ਤੇ ਪੂਰੇ ਜ਼ਿਲ੍ਹੇ ‘ਚ ਬਦਮਾਸ਼ਾਂ ਦੀ ਨਾਕਾਬੰਦੀ ਕੀਤੀ ਗਈ। ਨਾਕੇਬੰਦੀ ਦੌਰਾਨ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਕਾਰ ਲੁੱਟਣ ਵਾਲੇ ਬਦਮਾਸ ਸਿਵਲ ਲਾਈਨ ਇਲਾਕੇ ‘ਚ ਕਚੌਰਾ ਚੌਰਾਹੇ ਦੇ ਨੇੜੇ ਪਹੁੰਚੇ ਹਨ।
ਪੁਲਿਸ ਨੇ ਬਦਮਾਸ਼ਾਂ ਦੀ ਘੇਰਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਬਦਮਾਸ਼ਾਂ ਨੇ ਪੁਲਿਸ ਪਾਰਟੀ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਆਤਮ ਰੱਖਿਆ ਲਈ ਬਦਮਾਸ਼ਾਂ ਨੂੰ ਘੇਰਣ ਵਾਲੀ ਪੁਲਿਸ ਟੀਮ ਵੱਲੋਂ ਵੀ ਗੋਲੀਆਂ ਚਲਾਈਆਂ ਗਈਆਂ ਨਤੀਜੇ ਦੇ ਤੌਰ ‘ਤੇ ਇੱਕ ਬਦਮਾਸ਼ ਗੋਲੀ ਲੱਗਣ ਨਾਲ ਜਖ਼ਮੀ ਹੋ ਗਿਆ ਜਿਸ ਨੂੰ ਇਲਾਜ਼ ਲਈ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ਼ ਦੌਰਾਨ ਬਦਮਾਸ਼ ਦੀ ਮੌਤ ਹੋ ਗਈ।
ਮੁਕਾਬਲੇ ਵਾਲੇ ਸਥਾਨ ਨੂੰ ਦੇਖਣ ‘ਤੇ ਇੰਝ ਲੱਗਦਾ ਹੈ ਕਿ ਪੁਲਿਸ ਤੋਂ ਬਚ ਕੇ ਭੱਜ ਰਹੇ ਬਦਮਾਸ਼ਾਂ ਦੀ ਕਾਰ ਰੁੱਖ ਨਾਲ ਟਕਰਾ ਕੇ ਨੁਕਸਾਨੀ ਗਈ ਜਿਸ ਤੋਂ ਬਾਅਦ ਬਦਮਾਸ਼ਾਂ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਅਤੇ ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ‘ਚ ਇੱਕ ਬਦਮਾਸ਼ ਮਾਰਿਆ ਗਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ