Shambhu Border: ਸ਼ੰਭੂ ਬਾਰਡਰ ਕਈ ਘੰਟੇ ਰਿਹਾ ਬੰਦ, ਲੋਕ ਹੋਏ ਖੱਜਲ-ਖੁਆਰ

Shambhu Border
Shambhu Border: ਸ਼ੰਭੂ ਬਾਰਡਰ ਕਈ ਘੰਟੇ ਰਿਹਾ ਬੰਦ, ਲੋਕ ਹੋਏ ਖੱਜਲ-ਖੁਆਰ

ਸ਼ਾਮ ਨੂੰ ਮੁੜ ਆਵਾਜਾਈ ਹੋਈ ਬਹਾਲ

  • ਕੇਂਦਰੀ ਅਧਿਕਾਰੀ ਵੱਲੋਂ ਮੰਗ ਪੱਤਰ ਹਾਸਲ ਕਰਨ ਤੋਂ ਬਾਅਦ ਜਥੇਬੰਦੀਆਂ ਨੇ ਧਰਨਾ ਕੀਤਾ ਸਮਾਪਤ
  • ਬਦਲਵੇਂ ਰਸਤਿਆਂ ਰਾਹੀਂ ਆਮ ਲੋਕ ਹੋਏ ਖੱਜਲ-ਖੁਆਰ

Shambhu Border: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕੌਮੀ ਇਨਸਾਫ ਮੋਰਚਾ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਬਾਰਡਰ ਤੱਕ ਰੋਸ ਮਾਰਚ ਕਰਨ ਕਰਕੇ ਅੱਜ ਹਰਿਆਣਾ ਪੁਲਿਸ ਵੱਲੋਂ ਸ਼ੰਭੂ ਬਾਰਡਰ ਨੂੰ ਬੈਰੀਕੇਟਿੰਗ ਕਰਕੇ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ। ਸ਼ੰਭੂ ਬਾਰਡਰ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਖੱਜਲ-ਖੁਆਰੀਆਂ ਦਾ ਸਾਹਮਣਾ ਕਰਨਾ ਪਿਆ ਅਤੇ ਪੁਲਿਸ ਵੱਲੋਂ ਬਦਲਵੇਂ ਰੂਟਾਂ ’ਤੇ ਡਾਈਵਰਟ ਕੀਤੀ ਗਈ ਆਵਾਜਾਈ ਕਰਕੇ ਭਾਰੀ ਜਾਮ ਲੱਗਦੇ ਰਹੇ। ਇਧਰ ਸ਼ਾਮ ਨੂੰ ਮੰਗ ਪੱਤਰ ਹਾਸਿਲ ਕਰਨ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਸ਼ੰਭੂ ਬਾਰਡਰ ਨੂੰ ਖੋਲ੍ਹ ਦਿੱਤਾ ਗਿਆ ਜਿਸ ਕਾਰਨ ਲੋਕਾਂ ਨੂੰ ਸੁੱਖ ਦਾ ਸਾਹ ਆਇਆ।

ਜਾਣਕਾਰੀ ਅਨੁਸਾਰ ਕੌਮੀ ਇਨਸਾਫ ਮੋਰਚਾ ਅਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਾਰਕੁਨਾਂ ਵੱਲੋਂ ਅੱਜ ਸਵੇਰ ਤੋਂ ਹੀ ਸ਼ੰਭੂ ਬਾਰਡਰ ਵੱਲ ਵਹੀਰਾਂ ਘੱਤ ਦਿੱਤੀਆਂ ਅਤੇ ਵੱਡੀ ਗਿਣਤੀ ਵਿੱਚ ਲੋਕ ਸ਼ੰਭੂ ਬਾਰਡਰ ’ਤੇ ਪੁੱਜ ਗਏ। ਇਕੱਠ ਨੂੰ ਦੇਖਦਿਆਂ ਹਰਿਆਣਾ ਪੁਲਿਸ ਵੱਲੋਂ ਪਹਿਲਾਂ ਹੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਹੋਏ ਸਨ ਅਤੇ ਸ਼ੰਭੂ ਬਾਰਡਰ ਨੂੰ ਬੈਰੀਕੇਟਿੰਗ ਕਰਕੇ ਪੂਰੀ ਤਰ੍ਹਾਂ ਸੀਲ ਕੀਤਾ ਹੋਇਆ ਸੀ ਤਾਂ ਜੋ ਕੋਈ ਵੀ ਵਿਅਕਤੀ ਅੱਗੇ ਪੁੱਜ ਨਾ ਸਕੇ। ਇਸ ਦੌਰਾਨ ਵੱਡੀ ਗਿਣਤੀ ਲੋਕਾਂ ਵੱਲੋਂ ਸ਼ੰਭੂ ਬਾਰਡਰ ਉੱਪਰ ਹੀ ਆਪਣਾ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਵੱਖ-ਵੱਖ ਬੁਲਾਰਿਆਂ ਵੱਲੋਂ ਆਪਣੀਆਂ ਤਕਦੀਰਾਂ ਪੇਸ਼ ਕੀਤੀਆਂ ਗਈਆਂ।

ਇਹ ਵੀ ਪੜ੍ਹੋ: Bulldozer Action: ਨਜਾਇਜ਼ ਕਬਜਿਆਂ ’ਤੇ ਚੱਲਿਆ ਪੀਲਾ ਪੰਜਾ

ਇਸ ਦੌਰਾਨ ਬੁਲਾਰਿਆਂ ਨੇ ਆਖਿਆ ਕਿ ਜਿਹੜੇ ਵਿਅਕਤੀ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਹਨ ਸਰਕਾਰ ਉਹਨਾਂ ਨੂੰ ਤੁਰੰਤ ਰਿਹਾਅ ਕਰੇ। ਇਸ ਤੋਂ ਕਾਫੀ ਸਮੇਂ ਬਾਅਦ ਕੇਂਦਰੀ ਗ੍ਰਹਿ ਮੰਤਰਾਲੇ ਦੇ ਸਕੱਤਰ ਨੇ ਇਸ ਧਰਨੇ ਵਿੱਚ ਪੁੱਜ ਕੇ ਮੰਗ ਪੱਤਰ ਹਾਸਿਲ ਕੀਤਾ ਜੋ ਕਿ ਪ੍ਰਧਾਨ ਮੰਤਰੀ ਦੇ ਨਾਮ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਸ਼ਾਮ ਨੂੰ ਉਕਤ ਜਥੇਬੰਦੀਆਂ ਵੱਲੋਂ ਆਪਣਾ ਧਰਨਾ ਖਤਮ ਕਰ ਦਿੱਤਾ ਗਿਆ ਧਰਨਾ ਖਤਮ ਹੋਣ ਤੋਂ ਬਾਅਦ ਹਰਿਆਣਾ ਪੁਲਿਸ ਨੇ ਵੀ ਆਪਣੀ ਬੈਰੀਕੇਟਿੰਗ ਖੋਲ੍ਹ ਦਿੱਤੀ ਜਿਸ ਤੋਂ ਬਾਅਦ ਆਵਾਜਾਈ ਮੁੜ ਬਹਾਲ ਹੋ ਗਈ।

ਸ਼ੰਭੂ ਬਾਰਡਰ ਮੁੜ ਖੋਲ੍ਹਣ ਤੋਂ ਬਾਅਦ ਆਮ ਲੋਕਾਂ ਨੂੰ ਰਾਹਤ ਮਿਲੀ ਕਿਉਂਕਿ ਇਸ ਤੋਂ ਪਹਿਲਾਂ ਪੁਲਿਸ ਵੱਲੋਂ ਜੋ ਬਦਲਵੇਂ ਰਸਤਿਆਂ ’ਤੇ ਆਵਾਜਾਈ ਡਾਈਵਰਟ ਕੀਤੀ ਗਈ ਸੀ ਉੱਥੇ ਸੜਕਾਂ ਤੰਗ ਹੋਣ ਕਾਰਨ ਲੋਕਾਂ ਨੂੰ ਕਾਫੀ ਖੱਜਲ-ਖ਼ੁਆਰੀਆਂ ਦਾ ਸਾਹਮਣਾ ਕਰਨਾ ਪਿਆ। ਕਈ ਥਾਈਂ ਤੰਗ ਸੜਕਾਂ ’ਤੇ ਤਾਂ ਜਾਮ ਵਰਗੀ ਸਥਿਤੀ ਰਹੀ। ਉਂਜ ਭਾਵੇਂ ਵੱਖ ਵੱਖ ਥਾਈਂ ਪੁਲਿਸ ਮੁਲਾਜ਼ਮਾਂ ਦਾ ਪਹਿਰਾ ਲਾਇਆ ਹੋਇਆ ਸੀ ਅਤੇ ਪੁਲਿਸ ਵੱਲੋਂ ਆਉਣ ਜਾਣ ਵਾਲੇ ਲੋਕਾਂ ਨੂੰ ਵੱਖ-ਵੱਖ ਰਸਤਿਆਂ ਰਾਹੀਂ ਭੇਜਿਆ ਜਾ ਰਿਹਾ ਸੀ।  Shambhu Border