ਆਵਾਜਾਈ ਹੋਈ ਬਹਾਲ, ਛੋਟੀਆਂ ਗੱਡੀਆਂ ਤੇ ਵਾਹਨ ਲੰਘਣੇ ਸ਼ੁਰੂ | Shambhu Border
Shambhu Border: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸ਼ੰਭੂ ਬਾਰਡਰ ’ਤੇ ਪੁਲਿਸ ਵੱਲੋਂ ਕੀਤੇ ਐਕਸ਼ਨ ਤੋਂ ਬਾਅਦ ਅੱਜ ਦੂਜੇ ਦਿਨ ਸ਼ੰਭੂ ਬਾਰਡਰ ਨੂੰ ਕਲੀਨ ਕਰਨ ਦੀ ਕਾਰਵਾਈ ਜਾਰੀ ਰਹੀ। ਹਰਿਆਣਾ ਪੁਲਿਸ ਵੱਲੋਂ ਸ਼ੰਭੂ ਬਾਰਡਰ ’ਤੇ ਪਹਿਲਾਂ ਇੱਕ ਸੜਕ ਤੋਂ ਪੁਲਿਸ ਵੱਲੋਂ ਉਸਾਰੀਆਂ ਗਈਆਂ ਰੋਕਾਂ, ਕੰਕਰੀਟ ਦੀਆਂ ਕੰਧਾਂ ਅਤੇ ਹੋਰ ਸਾਮਾਨ ਨੂੰ ਹਟਾਇਆ ਗਿਆ ਤੇ ਉਸ ਤੋਂ ਬਾਅਦ ਸ਼ਾਮ ਨੂੰ ਦੂਜੇ ਪਾਸੇ ਦੀ ਸੜਕ ਤੋਂ ਇਨ੍ਹਾਂ ਰੋਕਾਂ ਨੂੰ ਹਟਾ ਦਿੱਤਾ ਗਿਆ। ਇਸ ਦੇ ਨਾਲ ਹੀ ਪੰਜਾਬ ਵਾਲੇ ਪਾਸੇ ਤੋਂ ਕਿਸਾਨਾਂ ਦੇ ਰਹਿੰਦੇ ਆਰਜ਼ੀ ਘਰਾਂ ਅਤੇ ਉਨ੍ਹਾਂ ਦੇ ਮਲਬੇ ਸਮੇਤ ਟਰੈਕਟਰ-ਟਰਾਲੀਆਂ ਨੂੰ ਹਟਾਉਣ ਦਾ ਕੰਮ ਵੱਡੇ ਪੱਧਰ ’ਤੇ ਚੱਲਦਾ ਰਿਹਾ।
ਇਹ ਵੀ ਪੜ੍ਹੋ:Bathinda Road Accident: ਟੈਂਪੂ ਟਲੈਵਰ ਤੇ ਕਾਰ ਦੀ ਟੱਕਰ, ਕਾਰ ਚਾਲਕ ਦਾ ਖੁੱਲ੍ਹ ਗਿਆ ਭੇਦ
ਜਾਣਕਾਰੀ ਅਨੁਸਾਰ ਸ਼ੰਭੂ ਬਾਰਡਰ ਨੂੰ ਖਾਲੀ ਕਰਵਾਉਣ ਦਾ ਪੁਲਿਸ ਵੱਲੋਂ ਕੱਲ੍ਹ ਰਾਤ ਤੋਂ ਸ਼ੁਰੂ ਕੀਤਾ ਗਿਆ ਕੰਮ ਲਗਾਤਾਰ ਜਾਰੀ ਹੈ। ਸ਼ੰਭੂ ਬਾਰਡਰ ’ਤੇ ਅੱਜ ਦੀ ਸਥਿਤੀ ਇਹ ਰਹੀ ਕਿ ਪੁਲਿਸ ਵੱਲੋਂ ਤੋੜੇ ਆਰਜੀ ਘਰਾਂ ਦੇ ਮਲਬੇ ਨੂੰ ਮਜ਼ਦੂਰਾਂ ਵੱਲੋਂ ਹਟਾਉਣ ਦਾ ਕੰਮ ਆਰੰਭਿਆ ਹੋਇਆ ਸੀ। ਇਸ ਦੇ ਨਾਲ ਜਿਹੜੇ ਕੁਝ ਟਿਕਾਣੇ ਰਹਿ ਗਏ ਸਨ, ਅੱਜ ਉਨ੍ਹਾਂ ਨੂੰ ਵੀ ਤਹਿਸ-ਨਹਿਸ ਕਰਕੇ ਇੱਥੋਂ ਹਟਾਇਆ ਜਾ ਰਿਹਾ ਸੀ। ਇਸਦੇ ਨਾਲ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਨੂੰ ਵੀ ਇੱਥੋਂ ਇੱਕ ਖੁੱਲ੍ਹੀ ਥਾਂ ’ਤੇ ਸਿਫ਼ਟ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਈ ਕਿਸਾਨ ਇੱਥੋਂ ਆਪਣਾ ਸਮਾਨ ਲਿਜਾਣ ਲਈ ਪੁੱਜੇ ਹੋਏ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸਾਨ ਆਪਣਾ ਜੋ ਵੀ ਸਾਮਾਨ ਹੈ, ਉਹ ਲਿਜਾ ਸਕਦੇ ਹਨ ਅਤੇ ਕਿਸਾਨਾਂ ਨੂੰ ਸਾਮਾਨ ਲਿਜਾਣ ਦੀ ਕੋਈ ਮਨਾਹੀ ਨਹੀਂ ਹੈ। ਇਸ ਤੋਂ ਇਲਾਵਾ ਹਰਿਆਣਾ ਪੁਲਿਸ ਵੱਲੋਂ ਲਗਾਈਆਂ ਰੋਕਾਂ, ਕੰਕਰੀਟ ਕੰਧਾਂ ਆਦਿ ਨੂੰ ਹਟਾਉਣ ਲਈ ਦਰਜ਼ਨ ਦੇ ਕਰੀਬ ਹਾਈਡਰ ਮਸ਼ੀਨਾਂ, ਜੇਬੀਸੀ ਆਦਿ ਲਗਾਤਾਰ ਚੱਲ ਰਹੀਆਂ ਸਨ।
ਪੰਜਾਬ ਵੱਲੋਂ ਕਿਸਾਨਾਂ ਦੇ ਆਰਜ਼ੀ ਘਰਾਂ, ਮਲਬੇ ਅਤੇ ਟਰੈਕਟਰ ਟਰਾਲੀਆਂ ਨੂੰ ਹਟਾਉਣ ਦਾ ਕੰਮ ਤੇਜ਼
ਹਰਿਆਣਾ ਵੱਲੋਂ ਇੱਕ ਸਾਈਡ ਤੋਂ ਰੋਕਾਂ ਨੂੰ ਹਟਾ ਦਿੱਤਾ ਗਿਆ ਸੀ ਤੇ ਉੱਥੋਂ ਮਲਬੇ ਆਦਿ ਨੂੰ ਸਾਫ਼ ਕੀਤਾ ਜਾ ਰਿਹਾ ਸੀ। ਸ਼ਾਮ ਨੂੰ ਸੜਕ ਦੀ ਦੂਜੀ ਸਾਈਡ ਤੋਂ ਵੀ ਲਗਾਈਆਂ ਰੋਕਾਂ ਨੂੰ ਹਟਾ ਦਿੱਤਾ ਗਿਆ ਤੇ ਛੋਟੇ ਵਾਹਨਾਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਗਈ ਜਦਕਿ ਬੱਸਾਂ ਤੇ ਟਰੱਕਾਂ ਦੀ ਆਵਾਜਾਈ ਕੱਲ੍ਹ ਤੱਕ ਸ਼ੁਰੂ ਹੋ ਸਕਦੀ ਹੈ ਕਿਉਂਕਿ ਰਸਤਾ ਪੂਰੀ ਤਰ੍ਹਾਂ ਸਾਫ਼ ਕਰਨ ਦਾ ਕੰਮ ਚੱਲ ਰਿਹਾ ਸੀ। ਸ਼ੰਭੂ ਬਾਰਡਰ ’ਤੇ ਕਿਸਾਨਾਂ ਦੇ ਵੱਡੀ ਪੱਧਰ ’ਤੇ ਖੜ੍ਹੇ ਟਰੈਕਟਰ ਟਰਾਲੀਆਂ ਨੂੰ ਸੜਕਾਂ ਤੋਂ ਹਟਾਕੇ ਇੱਕ ਖੁੱਲ੍ਹੀ ਥਾਂ ’ਤੇ ਛੱਡਿਆ ਜਾ ਰਿਹਾ ਸੀ। Shambhu Border

ਕਿਸਾਨਾਂ ਨੂੰ ਆਪਣਾ ਸਮਾਨ ਲਿਜਾਣ ਤੋਂ ਕੋਈ ਰੋਕ ਨਹੀਂ : ਪੁਲਿਸ ਅਧਿਕਾਰੀ
ਸ਼ੰਭੂ ਬਾਰਡਰ ’ਤੇ ਪੁੱਜੇ ਹਰਿਆਣਾ ਦੇ ਡੀਆਈਜੀ ਹਰਮਨਵੀਰ ਸਿੰਘ ਗਿੱਲ ਦਾ ਕਹਿਣਾ ਸੀ ਕਿ ਦੋਵੇਂ ਪਾਸੇ ਖੁੱਲ੍ਹ ਗਏ ਹਨ ਫਿਲਹਾਲ ਛੋਟੇ ਵਾਹਨਾਂ ਨੂੰ ਹੀ ਲੰਘਾਇਆ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਜਲਦੀ ਹੀ ਵੱਡੇ ਵਾਹਨਾਂ ਦੀ ਆਵਾਜ਼ਾਈ ਚਾਲੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀ ਮਸ਼ਨੀਰੀ ਅਤੇ ਹੋਰ ਸਾਮਾਨ ਇੱਥੋਂ ਲਿਜਾ ਸਕਦੇ ਹਨ। ਇਸ ਦੌਰਾਨ ਕਿਸਾਨਾਂ ਵੱਲੋਂ ਖੁਦ ਆਪਣੇ ਟਰੈਕਟਰ-ਟਰਾਲੀਆਂ ਨੂੰ ਇੱਥੋਂ ਲਿਜਾਇਆ ਜਾ ਰਿਹਾ ਸੀ। ਦੱਸਣਯੋਗ ਹੈ ਕਿ 13 ਫਰਵਰੀ 2024 ਤੋਂ ਸ਼ੰਭੂ ਬਾਰਡਰ ਵਿਖੇ ਕਿਸਾਨਾਂ ਵੱਲੋਂ ਮੋਰਚਾ ਲਗਾਇਆ ਗਿਆ ਸੀ ਅਤੇ 19 ਮਾਰਚ 2025 ਨੂੰ ਸਰਕਾਰ ਵੱਲੋਂ ਇਸ ਮੋਰਚੇ ਨੂੰ ਇੱਥੋਂ ਉਠਾਇਆ ਗਿਆ ਹੈ।
ਕੇਂਦਰੀ ਜ਼ੇਲ੍ਹ ਪਟਿਆਲਾ ’ਚ ਪੰਧੇਰ ਸਮੇਤ 100 ਤੋਂ ਵੱਧ ਕਿਸਾਨ ਬੰਦ | Shambhu Border
ਇੱਧਰ ਅੱਜ ਤੜਕਸਾਰ ਪਟਿਆਲਾ ਦੀ ਕੇਂਦਰੀ ਜ਼ੇਲ੍ਹ ਵਿੱਚ ਕਿਸਾਨ ਆਗੂਆਂ ਸਮੇਤ 100 ਤੋਂ ਵੱਧ ਕਿਸਾਨਾਂ ਨੂੰ ਲਿਆਂਦਾ ਗਿਆ। ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ, ਬਜ਼ੁਰਗ ਆਗੂ ਸਤਨਾਮ ਸਿੰਘ ਬਹਿਰੂ, ਸੁਖਜੀਤ ਸਿੰਘ ਹਰਦੋਂਝੰਡੇ, ਕਾਕਾ ਕੋਟੜਾ, ਮਨਜੀਤ ਸਿੰਘ ਰਾਏ, ਕਰਨੈਲ ਸਿੰਘ ਲੰਗ, ਗੁਰਧਿਆਨ ਸਿੰਘ ਸਿਊਣਾ ਸਮੇਤ 100 ਤੋਂ ਵੱਧ ਕਿਸਾਨ ਆਗੂਆਂ ਨੂੰ ਕੇਂਦਰੀ ਜ਼ੇਲ੍ਹ ਪਟਿਆਲਾ ਅੰਦਰ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਕੁਝ ਕਿਸਾਨ ਬੀਬੀਆਂ ਨੂੰ ਵੀ ਇੱਥੇ ਲਿਆਂਦਾ ਗਿਆ ਹੈ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਦੇਰ ਰਾਤ ਕਮਾਡੋਂ ਕੰਪਲੈਕਸ ਬਹਾਦਰਗੜ੍ਹ ਤੋਂ ਜਲੰਧਰ ਸਿਫ਼ਟ ਕਰ ਦਿੱਤਾ ਗਿਆ ਸੀ।