Shah Mastana Ji Maharaj: ਆਏ ਸਤਿਗੁਰ ਦਾਤਾਰ ਪਿਆਰੇ-ਪਿਆਰੇ

Shah Mastana Ji Maharaj
Shah Mastana Ji Maharaj: ਆਏ ਸਤਿਗੁਰ ਦਾਤਾਰ ਪਿਆਰੇ-ਪਿਆਰੇ

Shah Mastana Ji Maharaj: ਬਲੋਚਿਸਤਾਨ ਦੀ ਪਵਿੱਤਰ ਧਰਤੀ ’ਤੇ ਸੰਨ 1891 ਦੀ ਕੱਤਕ ਦੀ ਪੁੰਨਿਆ ਨੂੰ ਸੱਚੇ ਸਤਿਗੁਰੂ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪਿੰਡ ਕੋਟੜਾ ਤਹਿਸੀਲ ਗੰਧੇਅ, ਰਿਆਸਤ ਬਲੋਚਿਸਤਾਨ ’ਚ ਜਦੋਂ ਅਵਤਾਰ ਧਾਰਨ ਕੀਤਾ, ਉਦੋਂ ਤੋਂ ਰੂਹਾਨੀਅਤ ਦਾ ਨਵਾਂ ਸੂਰਜ ਉਦੈ ਹੋ ਗਿਆ। ਇਲਾਹੀ ਨੂਰ ਦਾ ਇਹ ਅਥਾਹ ਸਮੁੰਦਰ ਜਿੱਧਰ ਵੀ ਵਹਿ ਤੁਰਿਆ ਭਗਤੀ, ਮਸਤੀ, ਪਿਆਰ, ਭਾਈਚਾਰੇ ਦੀ ਮਹਿਕ ਚਾਰੇ ਪਾਸੇ ਫੈਲਣ ਲੱਗ ਗਈ।

ਨਫ਼ਰਤਾਂ ਖਤਮ ਹੁੰਦੀਆਂ ਗਈਆਂ, ਭੇਦਭਾਵ ਮਿਟਣ ਲੱਗੇ। ਦੁਨੀਆ ਅੰਦਰ ਇਹ ਅਚੰਭਾ ਹੀ ਸੀ ਕਿ ਸਭ ਧਰਮਾਂ, ਜਾਤਾਂ, ਭਾਸ਼ਾਵਾਂ, ਖੇਤਰਾਂ ਦੇ ਲੋਕ ਇੱਕ ਜਗ੍ਹਾ ਬੈਠ ਕੇ ਪ੍ਰਭੂ ਦੀ ਚਰਚਾ ਕਰਨ ਲੱਗੇ। ਸਭ ਧਰਮਾਂ ਦੀ ਸਾਂਝੀ ਸਿੱਖਿਆ ਨੇ ਸਭ ਨੂੰ ਏਕਤਾ ਦੀ ਲੜੀ ’ਚ ਪਿਰੋਅ ਦਿੱਤਾ। ਸ਼ਾਹ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕਰਕੇ, ਉਨ੍ਹਾਂ ਦੇ ਪਵਿੱਤਰ ਬਚਨ ਸੁਣ ਕੇ ਹਰ ਕਿਸੇ ਨੂੰ ਧਰਮਾਂ ਦਾ ਸਾਰ ਤੱਤ ਸਮਝ ਆ ਗਿਆ। ਇਨਸਾਨੀਅਤ ਦਾ ਹੋਕਾ, ਰੱਬ ਨੂੰ ਪਾਉਣ ਦਾ ਸੰਦੇਸ਼, ਕਰਮ-ਕਾਡਾਂ, ਪਾਖੰਡਾਂ ਤੇ ਅੰਧਵਿਸਵਾਸ਼ਾਂ ਤੋਂ ਮੁਕਤੀ ਦਾ ਵਰਦਾਨ ਪਾ ਕੇ ਦੁਨੀਆ ਧੰਨ ਹੋ ਗਈ। ਸਿੱਧੀ-ਸਾਦੀ ਭਾਸ਼ਾ ਤੇ ਰੱਬੀ ਮਸਤੀ ਦੇ ਨਜ਼ਾਰੇ ਵੇਖ-ਵੇਖ ਲੋਕ ਰੱਬੀ ਰੰਗ ’ਚ ਰੰਗੇ ਗਏ। Shah Mastana Ji Maharaj

Read Also : ਪਵਿੱਤਰ ਅਵਤਾਰ ਮਹੀਨੇ ਦੀ ਸ਼ੁਰੂਆਤ ਲੋੜਵੰਦ ਬੱਚਿਆਂ ਨੂੰ ਸਟੇਸ਼ਨਰੀ ਵੰਡ ਕੇ ਕੀਤੀ

ਆਪ ਜੀ ਦੇ ਦੀਵਾਨੇ ਆਪ ਜੀ ਦੀ ਇੱਕ ਝਲਕ ਨੂੰ ਵੇਖ ਕੇ ਮਸਤੀ ’ਚ ਨੱਚਦੇ ਰਹਿੰਦੇ, ਜ਼ਿੰਦਗੀ ਦਾ ਹਰ ਪਲ ਸਤਿਗੁਰੂ ਨੂੰ ਸਮਰਪਿਤ ਕਰਨਾ ਮਹਾਨ ਰੂਹਾਨੀਅਤ ਤਾਕਤ ਦਾ ਹੀ ਪ੍ਰਮਾਣ ਹੈ। ਆਪ ਜੀ ਦੇ ਜੀਵਨ ਬਿਰਤਾਂਤ ਤੋਂ ਸਾਫ਼ ਝਲਕਦਾ ਹੈ ਕਿ ਭਗਤੀ ਦਿਲ ’ਚੋਂ ਉੱਠੇ ਜਜ਼ਬਿਆਂ ਦਾ ਨਾਂਅ ਹੈ, ਮਨ ਦੀ ਸ਼ੁੱਧੀ, ਨੇਕ ਵਿਚਾਰ, ਨੇਕ ਆਚਰਨ ਦਾ ਨਾਂਅ ਹੈ, ਭਗਤੀ ਰਟਣ-ਰਟਾਉਣ, ਇਲਮ ਜਾਂ ਬਾਹਰੀ ਵਿਖਾਵਾ ਨਹੀਂ ਹੈ, ਸਗੋਂ ਰੱਬ ਲਈ ਦਿਲ ’ਚ ਪੈਦਾ ਹੋਈ ਤੜਫ ਹੀ ਭਗਤੀ ਹੈ। ਗੁਰੂ ਦੇ ਦੀਦਾਰ ਕਿਸੇ ਵੀ ਅਰਸ਼ੀ ਨਜ਼ਾਰੇ ਤੋਂ ਉੱਪਰ ਹਨ, ਗੁਰੂ ਦੇ ਦਰਸ਼ਨ ਹੀ ਸਭ ਤੋਂ ਵੱਡੀ ਦੌਲਤ ਹਨ। ਗੁਰੂ ਦਾ ਹੁਕਮ ਹੀ ਸਭ ਕੁਝ ਹੈ ਤੇ ਗੁਰੂ ਦੀ ਰਜ਼ਾ ’ਚ ਰਹਿਣਾ ਵੱਡੀ ਪ੍ਰਾਪਤੀ ਹੈ।

-ਸੰਪਾਦਕ