ਪਟਿਆਲਾ ਦੇ ਬੱਸ ਸਟੈਂਡ ਵਿਖੇ ਦੀਵਾਲੀ ਤੋਂ ਪਹਿਲਾਂ ਗ੍ਰਨੇਡ ਸੁੱਟਣਾ ਸੀ
ਪਟਿਆਲਾ| ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਅੱਤਵਾਦੀ ਸ਼ਬਨਮਦੀਪ ਸਿੰਘ ਤੇ ਹੋਰਨਾਂ ਨੂੰ ਅੱਜ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਕਿ ਅਦਾਲਤ ਵੱਲੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਅਦਾਲਤ ‘ਚ ਪੇਸ਼ ਕਰਨ ਮੌਕੇ ਪੁਲਿਸ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਪਟਿਆਲਾ ਪੁਲਿਸ ਵੱਲੋਂ ਅੱਤਵਾਦੀ ਸ਼ਬਨਮਦੀਪ ਸਿੰਘ ਨੂੰ ਇੱਕ ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਸ ਕੋਲੋਂ ਪੁੱਛਗਿੱਛ ਦੌਰਾਨ ਗ੍ਰਨੇਡ ਸਮੇਤ ਹੋਰ ਇਤਰਾਜਯੋਗ ਸਮੱਗਰੀ ਬਰਾਮਦ ਹੋਈ ਸੀ। ਉਸਦਾ ਕਹਿਣਾ ਸੀ ਕਿ ਉਸ ਵੱਲੋਂ ਪਟਿਆਲਾ ਦੇ ਬੱਸ ਸਟੈਂਡ ਵਿਖੇ ਦੀਵਾਲੀ ਤੋਂ ਪਹਿਲਾਂ ਗ੍ਰਨੇਡ ਸੁੱਟਣਾ ਸੀ। ਉਸ ਦੀ ਪੁੱਛਗਿਛ ਤੋਂ ਬਾਅਦ ਪੁਲਿਸ ਵੱਲੋਂ ਗੁਰਸੇਵਕ ਸਿੰਘ ਸੇਵਕ ਤੇ ਜਤਿੰਦਰ ਸਿੰਘ ਮਾਜਰੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਸੇਵਕ ਨੂੰ ਪੁਲਿਸ ਵੱਲੋਂ 10 ਨਵੰਬਰ ਜਦਕਿ ਜਤਿੰਦਰ ਸਿੰਘ ਨੂੰ 25 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਹ ਤਿੰਨੇ ਜਣੇ ਪੁਲਿਸ ਕੋਲ ਰਿਮਾਂਡ ‘ਤੇ ਚੱਲ ਰਹੇ ਸਨ। ਅੱਜ ਰਿਮਾਂਡ ਖਤਮ ਹੋਣ ‘ਤੇ ਇਨ੍ਹਾਂ ਤਿੰਨਾਂ ਨੂੰ ਸਥਾਨਕ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਕਿ ਮਾਣਯੋਗ ਅਦਾਲਤ ਨੇ ਇਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਹੈ। ਅੱਜ ਅਦਾਲਤ ‘ਚ ਪੇਸ਼ ਕਰਨ ਮੌਕੇ ਪੁਲਿਸ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਸ਼ਬਨਮਦੀਪ ਸਿੰਘ ਦੇ ਪਾਕਿਸਤਾਨ ਵਿਖੇ ਸਥਿਤ ਗੋਪਾਲ ਸਿੰਘ ਚਾਵਲਾ ਸਮੇਤ ਹੋਰਨਾਂ ਖਾਲਿਸਤਾਨੀ ਸਮੱਰਥਕਾਂ ਨਾਲ ਸਬੰਧ ਦੱਸੇ ਜਾ ਰਹੇ ਹਨ, ਜਿਨ੍ਹਾਂ ਵੱਲੋਂ ਇਨ੍ਹਾਂ ਨੂੰ ਪੰਜਾਬ ਅੰਦਰ ਅੱਤਵਾਦੀ ਗਤੀਗਿਧੀਆਂ ਫੈਲਾਉਣ ਬਾਰੇ ਕਿਹਾ ਗਿਆ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ