Heavy Rainfall and Thunderstorm: ਦਿਨੇ ਲੋਕ ਗਰਮੀ ਨਾਲ ਹੰਭੇ, ਆਥਣੇ ਝੱਖੜ ਨੇ ਝੰਬੇ, ਪੰਜਾਬ ਸਮੇਤ ਕਈ ਸੂਬਿਆਂ ’ਚ ਤਬਾਹੀ

Heavy Rainfall and Thunderstorm
Heavy Rainfall and Thunderstorm: ਦਿਨੇ ਲੋਕ ਗਰਮੀ ਨਾਲ ਹੰਭੇ, ਆਥਣੇ ਝੱਖੜ ਨੇ ਝੰਬੇ, ਪੰਜਾਬ ਸਮੇਤ ਕਈ ਸੂਬਿਆਂ ’ਚ ਤਬਾਹੀ

Heavy Rainfall and Thunderstorm: ਪੰਜਾਬ ਭਰ ’ਚ ਝੁੱਲੀ ਹਨ੍ਹੇਰੀ, ਕਈ ਥਾਈਂ ਪਿਆ ਮੀਂਹ

ਬਠਿੰਡਾ (ਸੁਖਜੀਤ ਮਾਨ)। ਸ਼ਨਿੱਚਰਵਾਰ ਦੀ ਸ਼ਾਮ ਤੱਕ ਗਰਮੀ ਨੇ ਲੋਕਾਂ ਦੇ ਵੱਟ ਕੱਢੀ ਰੱਖੇ। ਸਵਾ ਕੁ ਪੰਜ ਵਜੇ ਤੋਂ ਬਾਅਦ ਮਾਝੇ ’ਚੋਂ ਸ਼ੁਰੂ ਹੋਈ ਹਨ੍ਹੇਰੀ ਕੁੱਝ ਸਮੇਂ ’ਚ ਹੀ ਪੂਰੇ ਪੰਜਾਬ ’ਚ ਝੁੱਲ ਗਈ। ਹਨ੍ਹੇਰੀ ਦੇ ਨਾਲ-ਨਾਲ ਕਈ ਜ਼ਿਲ੍ਹਿਆਂ ’ਚ ਖੂਬ ਮੀਂਹ ਵਰ੍ਹਿਆ। ਤੇਜ਼ ਹਨ੍ਹੇਰੀ ਮਗਰੋਂ ਆਏ ਮੀਂਹ ਨੇ ਗਰਮੀ ਤੋਂ ਰਾਹਤ ਦਿੱਤੀ ਹੈ। ਝੱਖੜ ਕਾਰਨ ਕਈ ਥਾਵਾਂ ’ਤੇ ਭਾਰੀ ਨੁਕਸਾਨ ਹੋਇਆ ਹੈ। ਵੇਰਵਿਆਂ ਮੁਤਾਬਿਕ ਅੱਜ ਦਿਨ ਵੇਲੇ ਪਾਰਾ ਸਿਖਰਾਂ ’ਤੇ ਸੀ।

Heavy Rainfall and Thunderstorm

41.1 ਡਿਗਰੀ ਤਾਪਮਾਨ ਨਾਲ ਅਬੋਹਰ ਖੇਤਰ ਪੰਜਾਬ ’ਚੋਂ ਸਭ ਤੋਂ ਵੱਧ ਤਪਿਆ। ਇਸ ਤੋਂ ਇਲਾਵਾ ਬਠਿੰਡਾ ’ਚ ਵੱਧ ਤੋਂ ਵੱਧ ਤਾਪਮਾਨ 41 ਡਿਗਰੀ, ਅੰਮ੍ਰਿਤਸਰ ’ਚ 39.4 ਡਿਗਰੀ, ਪਟਿਆਲਾ ’ਚ 38.2 ਡਿਗਰੀ, ਫਿਰੋਜ਼ਪੁਰ ’ਚ 39.1 ਡਿਗਰੀ, ਹੁਸ਼ਿਆਰਪੁਰ ’ਚ 37. 1, ਸ੍ਰੀ ਆਨੰਦਪੁਰ ਸਾਹਿਬ ’ਚ 36.8 ਡਿਗਰੀ ਤਾਪਮਾਨ ਦਰਜ਼ ਕੀਤਾ ਗਿਆ। ਤਪਸ਼ ਦਾ ਆਲਮ ਇਹ ਸੀ ਕਿ ਆਥਣ ਵੇਲੇ ਵੀ ਵਗ੍ਹਦੀ ਹਵਾ ਗਰਮ ਸੀ। ਸਵਾ ਪੰਜ ਵਜੇ ਦੇ ਕਰੀਬ ਸਰਹੱਦੀ ਖੇਤਰ ਮਾਝੇ ’ਚੋਂ ਚੱਲੀ ਹਨ੍ਹੇਰੀ ਥੋੜ੍ਹੇ ਟਾਈਮ ’ਚ ਪੂਰੇ ਪੰਜਾਬ ’ਚ ਫੈਲ ਗਈ।

Heavy Rainfall and Thunderstorm

ਹਨ੍ਹੇਰੀ ਦੇ ਨਾਲ-ਨਾਲ ਬਠਿੰਡਾ, ਮਾਨਸਾ, ਅੰਮ੍ਰਿਤਸਰ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਰੀਦਕੋਟ, ਲੁਧਿਆਣਾ, ਸੰਗਰੂਰ, ਬਰਨਾਲਾ ਤੇ ਮੋਗਾ ਆਦਿ ਸਮੇਤ ਹੋਰ ਕਈ ਜ਼ਿਲ੍ਹਿਆਂ ’ਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ। ਮੀਂਹ ਪੈਣ ਤੋਂ ਬਾਅਦ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਹੈ। ਸਰਹੱਦੀ ਜ਼ਿਲ੍ਹਿਆਂ ਅੰਮ੍ਰਿਤਸਰ ਤੇ ਫਿਰੋਜ਼ਪੁਰ ’ਚ ਹਨ੍ਹੇਰੀ ਦੌਰਾਨ ਅਸਮਾਨ ’ਚ ਛਾਏ ਬੱਦਲਾਂ ਕਾਰਨ ਦਿਨ ਵੇਲੇ ਹੀ ਹਨ੍ਹੇਰਾ ਛਾ ਗਿਆ। ਮੀਂਹ ਦੇ ਨਾਲ ਝੁੱਲੇ ਤੇਜ਼ ਝੱਖੜ ਕਾਰਨ ਰਾਹਗੀਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰੀ ਆਬਾਦੀ ’ਚ ਦੁਕਾਨਦਾਰਾਂ ਵੱਲੋਂ ਲਗਾਏ ਵੱਡ ਅਕਾਰੀ ਬੋਰਡ ਹਨ੍ਹੇਰੀ ਅੱਗੇ ਟਿਕ ਨਹੀਂ ਸਕੇ।

Heavy Rainfall and Thunderstorm

ਤੇਜ਼ ਹਨ੍ਹੇਰੀ ਦੌਰਾਨ ਜ਼ਿਲ੍ਹਾ ਫਰੀਦਕੋਟ ’ਚ ਸਾਦਿਕ-ਗੁਰੂਹਰਸਹਾਏ ਸੜਕ ਤੋਂ ਲੰਘ ਰਹੀ ਕਾਰ ਦੇ ਉੱਪਰ ਸਫ਼ੈਦੇ ਦਾ ਭਾਰੀ ਦਰੱਖਤ ਡਿੱਗ ਪਿਆ। ਤੇਜ਼ ਝੱਖੜ ਦੌਰਾਨ ਰਾਹੀਗਰਾਂ ਨੇ ਆਪਣੀਆਂ ਗੱਡੀਆਂ ਆਦਿ ਰੋਕ ਕੇ ਹਨੇਰੀ ਠੱਲ੍ਹਣ ਦੀ ਉਡੀਕ ਕੀਤੀ ਪਰ ਦੇਰ ਰਾਤ ਸਵਾ 9 ਵਜੇ ਦੇ ਕਰੀਬ ਖ਼ਬਰ ਲਿਖੇ ਜਾਣ ਤੱਕ ਤੇਜ਼ ਹਨ੍ਹੇਰੀ ਚੱਲ ਰਹੀ ਸੀ। ਮੌਸਮ ਮਾਹਿਰਾਂ ਨੇ ਮੌਸਮ ਦਾ ਜੋ ਅਗਾਊਂ ਅਨੁਮਾਨ ਲਗਾਇਆ ਹੈ ਕਿ ਉਸ ਮੁਤਾਬਿਕ ਭਲਕੇ 25 ਮਈ ਤੋਂ ਲੈ ਕੇ 31 ਮਈ ਤੱਕ ਮੀਂਹ ਹਨ੍ਹੇਰੀ ਦੀ ਸੰਭਾਵਨਾ ਪ੍ਰਗਟਾਈ ਹੈ।

Heavy Rainfall and Thunderstorm

 ਪੰਜਾਬ ਸਮੇਤ ਦੇਸ਼ ਦੇ ਕਈ ਸੂਬਿਆਂ ’ਚ ਭਿਆਨਕ ਤੂਫ਼ਾਨ ਦੇ ਨਾਲ ਭਾਰੀ ਮੀਂਹ ਤੇ ਕਈ ਜਗ੍ਹਾ ਗੜੇਮਾਰੀ ਵੀ ਹੋਈ। ਇਸ ਤੂਫ਼ਾਨ ਐਨਾ ਤੇਜ਼ ਸੀ ਜਿਸ ਨਾਲ ਜੰਗਲਾਤ ਵਿਭਾਗ ਤੇ ਪਾਵਰਕੌਮ ਦਾ ਭਾਰੀ ਨੁਕਸਾਨ ਹੋਇਆ ਹੈ। ਕਈ ਜਗ੍ਹਾ ਖੰਭੇ ਡਿੱਗ ਪਏ ਤੇ ਰੁੱਖ ਡਿੱਗਣ ਨਾਲ ਸੜਕਾਂ ਜਾਮ ਹੋ ਗਈਆਂ। ਸ਼ਹਿਰਾਂ ਦੀਆਂ ਗਲੀਆਂ ’ਚ ਪਾਣੀ ਭਰਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

Read Also : Road Accident: ਮੋਟਰਸਾਈਕਲ ’ਤੇ ਘਰ ਪਰਤ ਰਹੇ ਦੋ ਮਜ਼ਦੂਰਾਂ ਦੀ ਸੜਕ ਹਾਦਸੇ ’ਚ ਮੌਤ

ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਸਮੇਤ ਪੰਜਾਬ ਦੇ ਕਈ ਹੋਰ ਇਲਾਕਿਆਂ ’ਚ ਤੇਜ਼ ਤੂਫਾਨ ਚੱਲਣ ਨਾਲ ਪੂਰੇ ਇਲਾਕੇ ਦੀ ਬਿਜਲੀ ਗੁਲ ਹੋ ਗਈ ਹੈ ਅਤੇ ਪੂਰੇ ਸ਼ਹਿਰ ਹਨ੍ਹੇਰੇ ’ਚ ਡੁੱਬ ਗਏ। ਹਾਲਾਂਕਿ, ਪ੍ਰਸ਼ਾਸਨ ਵੱਲੋਂ ਬਿਜਲੀ ਮੁਰੰਮਤ ਦਾ ਕੰਮ ਜਾਰੀ ਹੈ। ਹਰਿਆਣਾ ਦੇ ਸਰਸਾ ਸ਼ਹਿਰ ਦੀ ਗੱਲ ਕਰੀਏ ਤਾਂ ਸੜਕਾਂ ’ਤੇ ਪਾਣੀ ਭਰਿਆ ਹੋਇਆ ਹੈ। ਬਹੁਤ ਸਾਰੇ ਰੁੱਖ ਡਿੱਗ ਪਏ। ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਕਰਕੇ ਸੜਕਾਂ ’ਤੇ ਪਏ ਵੱਡੇ ਵੱਡੇ ਖੱਡਿਆਂ ਕਾਰਨ ਰਾਹਗੀਰ ਪ੍ਰੇਸ਼ਾਨ ਹੋ ਰਹੇ ਹਨ।

Heavy Rainfall and Thunderstorm

ਸ਼ਹਿਰ ਵਿੱਚ ਤੂੜੀ ਨਾਲ ਭਰੀ ਟਰਾਲੀ ਇੱਕ ਖੱਡੇ ਵਿੱਚ ਖੁੱਭ ਗਈ ਜਿਸ ਨੂੰ ਹਾਇਡਰਾ ਤੇ ਜੇਸੀਬੀ ਮਸ਼ੀਨਾਂ ਨਾਲ ਕੱਢਿਆ ਜਾ ਰਿਹਾ ਹੈ। ਇਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਹੈ। ਤੂਫ਼ਾਨ ਐਨਾ ਭਿਆਨਕ ਸੀ ਕਿ ਲੋਕਾਂ ਦਾ ਜ਼ਰੂਰਤ ਦਾ ਸਮਾਨ ਉੱਡ ਗਿਆ। ਇੱਕ ਤਸਵੀਰ ਇਸ ਤਰ੍ਹਾਂ ਦੀ ਸਾਹਮਣੇ ਆ ਰਹੀ ਹੈ ਜਿਸ ਵਿੱਚ ਬਿਜਲੀ ਦੀਆਂ ਤਾਰਾਂ ‘ਤੇ ਇੱਕ ਮੰਜਾ ਟੰਗਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਦੇਰ ਸ਼ਾਮ ਆਏ ਕੁਝ ਘੰਟੇ ਦੇ ਤੂਫਾਨ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਜਿਨ੍ਹਾਂ ਵਿਚ ਅੰਮ੍ਰਿਤਸਰ, ਜਲੰਧਰ, ਬਠਿੰਡਾ ਸ਼ਾਮਲ ਹੈ, ਤਬਾਹੀ ਮਚਾ ਦਿੱਤੀ ਹੈ। ਕਈ ਥਾਵਾਂ ’ਤੇ ਖੰਭੇ ਡਿੱਗ ਗਏ ਹਨ ਤਾਂ ਕਈ ਥਾਵਾਂ ’ਤੇ ਘਰਾਂ ਦੀਆਂ ਛੱਤਾਂ ਤੱਕ ਉਡ ਗਈਆਂ ਹਨ। ਸੋਲਰ ਪੈਨਲਾਂ ਦਾ ਨੁਕਸਾਨ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਹਨ।

ਖੇਤੀ ਸੈਕਟਰ ਨੂੰ ਰਲਵਾਂ-ਮਿਲਵਾਂ ਲਾਹਾ

ਮੀਂਹ ਪੈਣ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਖੇਤੀ ਸੈਕਟਰ ਨੂੰ ਇਸ ਮੀਂਹ ਦਾ ਰਲਵਾਂ-ਮਿਲਵਾਂ ਲਾਹਾ ਮਿਲੇਗਾ। ਗਰਮੀ ਕਾਰਨ ਸਬਜ਼ੀਆਂ ਤੇ ਹਰਾ-ਚਾਰਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਸੀ। ਸਾਉਣੀ ਦੀਆਂ ਫਸਲਾਂ ਨੂੰ ਮੀਂਹ ਨਾਲ ਫੁਟਾਰਾ ਮਿਲੇਗਾ ਪਰ ਤਾਜ਼ਾ ਬੀਜਿਆ ਨਰਮਾ ਕਰੰਡ ਹੋਣ ਦਾ ਡਰ ਹੈ। ਇਸ ਤੋਂ ਪਹਿਲਾਂ ਵੀ ਪਏ ਮੀਂਹ ਨਾਲ ਨਰਮਾ ਕਰੰਡ ਹੋ ਗਿਆ ਸੀ।

ਮੀਂਹ-ਹਨ੍ਹੇਰੀ ਕਾਰਨ ਕੰਧ ਡਿੱਗੀ, ਇੱਕ ਦੀ ਮੌਤ, ਇੱਕ ਜ਼ਖਮੀ

ਲੁਧਿਆਣਾ (ਜਸਵੀਰ ਸਿੰਘ ਗਹਿਲ)। ਤੇਜ਼ ਹਨ੍ਹੇਰੀ ਤੇ ਮੀਂਹ ਨਾਲ ਗੁਰੂ ਨਾਨਕ ਨਗਰ ’ਚ ਇੱਕ ਇਮਾਰਤ ਦਾ ਬਨੇਰਾ ਡਿੱਗਣ ਨਾਲ ਇੱਕ ਵਿਅਕਤੀ ਦੀ ਮੌਤ ਤੇ ਇੱਕ ਦੇ ਜ਼ਖਮੀ ਹੋਣ ਜਾਂ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਗੁਰੂ ਨਾਨਕ ਨਗਰ ਦੇ ਵਸਨੀਕ ਜਸਪਾਲ ਸਿੰਘ ਨੇ ਕਿਹਾ ਕਿ ਇਲਾਕੇ ’ਚ ਬਹੁਤ ਸਾਰੀਆਂ ਫੈਕਟਰੀਆਂ ਬਣੀਆਂ ਹੋਈਆਂ ਹਨ। ਸਾਰੀਆਂ ਫੈਕਟਰੀਆਂ ਬਹੁ-ਮੰਜ਼ਿਲਾ ਹਨ। ਅੱਜ ਦੇਰ ਸ਼ਾਮ ਆਏ ਤੇਜ਼ ਤੂਫ਼ਾਨ ਕਾਰਨ ਇੱਕ ਤਿੰਨ ਮੰਜ਼ਿਲਾ ਇਮਾਰਤ ਦੀ ਕੰਧ ਢਹਿ ਗਈ। ਇਹ ਇੱਕ 5 ਮੰਜ਼ਿਲਾ ਇਮਾਰਤ ਸੀ। ਇਸ ਹਾਦਸੇ ’ਚ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਹੋਰ ਜ਼ਖਮੀ ਹੋ ਗਿਆ। ਮਰਨ ਵਾਲਾ ਪ੍ਰਵਾਸੀ ਸੀ, ਉਸ ਦੀ ਅਜੇ ਪਛਾਣ ਨਹੀਂ ਹੋ ਸਕੀ।