ਬੇ-ਮੌਸਮੀ ਬਾਰਿਸ਼ ਨਾਲ ਫਸਲਾਂ ਦਾ ਭਾਰੀ ਨੁਕਸਾਨ, ਕਿਸਾਨਾਂ ਦੇ ਸਾਹ ਸੁੱਕੇ

Heavy Rain Sachkahoon

ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਮੀਂਹ ਕਾਰਨ ਹੋਈ ਖਰਾਬ

ਮੰਡੀ ’ਚ ਪਈ ਝੋਨੇ ਦੀ ਫਸਲ ਨੂੰ ਢਕਣ ਲਈ ਨਹੀਂ ਮਿਲੀਆਂ ਤਰਪਾਲਾਂ, ਸਰਕਾਰਾਂ ਦੇ ਦਾਅਵੇ ਖੋਖਲੇ: ਕਿਸਾਨ

(ਸੁਸ਼ੀਲ ਕੁਮਾਰ) ਭਾਦਸੋਂ। ਇਸ ਸਮੇਂ ਝੋਨੇ ਦੀ ਫਸਲ ਦੀ ਕਟਾਈ ਜੋਰਾਂ ’ਤੇ ਚੱਲ ਰਹੀ ਹੈ, ਪਰ ਅੱਜ ਤੜਕਸਾਰ ਹੋਈ ਬੇ-ਮੌਸਮੀ ਬਾਰਸ਼ ਕਾਰਨ ਕਿਸਾਨ ਚਿੰਤਾ ’ਚ ਡੁੱਬ ਗਏ ਹਨ। ਕਿਸਾਨਾਂ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਬਾਰਿਸ਼ ਨੇ ਫਸਲਾਂ ਨੂੰ ਆਪਣੀ ਲਪੇਟ ’ਚ ਲੈ ਕੇ ਭਾਰੀ ਨੁਕਸਾਨ ਕਰ ਦਿੱਤਾ ਹੈ । ਬਾਰਿਸ਼ ਪੈਣ ਕਾਰਨ ਗਿੱਲੇ ’ਚ ਫਸਲ ਦੀ ਕਟਾਈ ਕਰਨੀ ਔਖੀ ਹੋਵੇਗੀ। ਇੱਥੇ ਜ਼ਿਕਰਯੋਗ ਹੈ ਝੋਨੇ ਦੀ ਫਸਲ ਪੱਕ ਕੇ ਪੂਰੀ ਤਰ੍ਹਾਂ ਤਿਆਰ ਹੈ, ਪਰ ਬਾਰਿਸ਼ ਹੋਣ ਕਾਰਨ ਝੋਨੇ ਦੀਆਂ ਮੁੰਜਰਾਂ ਵਿੱਚ ਨਮੀ ਆ ਜਾਂਦੀ ਹੈ ਜਿਸ ਕਾਰਨ ਉਸ ਨੂੰ ਵੱਢਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ । ਉੱਥੇ ਹੀ ਝੋਨੇ ਦੇ ਦਾਣਿਆਂ ਉੱਪਰ ਕਾਲਾਪਨ ਅਤੇ ਰੰਗਤ ਖਰਾਬ ਹੋਣ ਦਾ ਖਤਰਾ ਵੀ ਬਣ ਜਾਂਦਾ ਹੈ । ਅਜਿਹੀਆਂ ਕੁਦਰਤੀ ਆਫਤਾਂ ਤੋਂ ਦੁਖੀ ਹੋ ਕੇ ਕਿਸਾਨ ਆਤਮ ਹੱਤਿਆ ਕਰਨ ਲਈ ਮਜਬੂਰ ਹਨ।

ਦੂਜੇ ਪਾਸੇ ਜਦੋਂ ਪੱਤਰਕਾਰਾਂ ਨੇ ਸਥਾਨਕ ਅਨਾਜ ਮੰਡੀ ਦਾ ਦੌਰਾ ਕੀਤਾ ਤਾਂ ਕਿਸਾਨਾਂ ਨੇ ਕਿਹਾ ਕਿ ਸਰਕਾਰਾਂ ਦੇ ਦਾਅਵੇ ਖੋਖਲੇ ਹਨ । ਅੱਜ ਤੜਕਸਾਰ ਹੋਈ ਬੇ-ਮੌਸਮੀ ਬਾਰਿਸ਼ ਕਾਰਨ ਕਿਸਾਨਾਂ ਨੂੰ ਮੰਡੀ ’ਚ ਪਈ ਝੋਨੇ ਦੀ ਫਸਲ ਨੂੰ ਢਕਣ ਲਈ ਤਰਪਾਲਾਂ ਤੱਕ ਨਹੀਂ ਮਿਲੀਆਂ, ਜਿਸ ਕਾਰਨ ਉਨ੍ਹਾਂ ਦੀ ਪੁੱਤਾਂ ਵਾਂਗ ਪਾਲੀ ਝੋਨੇ ਦੀ ਫਸਲ ਮੀਂਹ ਵਿੱਚ ਰੁੜ ਜਾਣ ਕਾਰਨ ਬਹੁਤ ਭਾਰੀ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਕਿਸਾਨਾਂ ’ਤੇ ਤਿੰਨ ਖੇਤੀ ਕਾਨੂੰਨ ਥੋਪ ਕੇ ਦੇਸ਼ ਦੇ ਅੰਨਦਾਤਾ ਕਿਸਾਨ ਨੂੰ ਬਰਬਾਦ ਕਰਨ ’ਤੇ ਤੁਲੀ ਹੋਈ ਹੈ ਅਤੇ ਦੂਜੇ ਪਾਸੇ ਸਰਕਾਰ ਵਲੋਂ ਝੋਨੇ ਦੀ ਮੱਠੀ ਚਾਲ ਚੱਲ ਕੇ ਕੀਤੀ ਜਾ ਰਹੀ ਖਰੀਦ ਨਾਲ ਕਿਸਾਨਾਂ ਨੂੰ ਕਈ-ਕਈ ਦਿਨ ਮੰਡੀਆਂ ’ਚ ਰੁਲਣਾ ਪੈ ਰਿਹਾ ਹੈ, ਸਰਕਾਰਾਂ ਕਿਸਾਨਾਂ ਦੇ ਮੂੰਹ ਵਿਚੋਂ ਬੁਰਕੀ ਖੋਹਣਾ ਚਾਹੁੰਦੀਆਂ ਹਨ । ਉਨ੍ਹਾਂ ਕਿਹਾ ਕਿ ਪੱਕੀ ਫ਼ਸਲ ’ਤੇ ਜਦੋਂ ਵੀ ਅਸਮਾਨ ’ਤੇ ਕਾਲੇ ਬੱਦਲ ਮੰਡਾਉਂਦੇ ਹਨ ਤਾਂ ਕਿਸਾਨਾਂ ਦੇ ਦਿਲਾਂ ਦੀਆਂ ਧੜਕਣਾਂ ਵਧ ਜਾਂਦੀਆਂ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ