ਸੀਨੀਅਰ ਕਾਂਗਰਸੀ ਲਾਲ ਸਿੰਘ ਬੋਲੇ, ਕਾਂਗਰਸ ’ਚ ਇਸ ਵਾਰ ਇੱਕ ਪਰਿਵਾਰ, ਇੱਕ ਟਿਕਟ ਵਾਲਾ ਫਾਰਮੂਲਾ ਨਹੀਂ

Lal Singh Sachkahoon

ਪਿਛਲੀ ਵਾਰ ਅਮਰਿੰਦਰ ਸਿੰਘ ਨੇ ਹੀ ਤਿਆਰ ਕੀਤਾ ਸੀ ਫਾਰਮੂਲਾ, ਤਾਂ ਜੋ ਲਾਲ ਸਿੰਘ ਨੂੰ ਟਿਕਟ ਨਾ ਮਿਲੇ

ਮੇਰਾ ਪੁੱਤ ਸਮਾਣਾ ਤੋਂ ਹੀ ਲੜੇਗਾ ਚੋਣ, ਮੈਂ ਸਨੌਰ ਤੋਂ ਮੰਗਾਂਗਾਂ ਟਿਕਟ-ਲਾਲ ਸਿੰਘ

(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਕਾਂਗਰਸ ਪਾਰਟੀ ’ਚ ਟਿਕਟਾਂ ਨੂੰ ਲੈ ਕੇ ਮਾਰਾਮਾਰੀ ਸ਼ੁਰੂ ਹੋ ਗਈ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੱਲੋਂ ਹਲਕਾ ਸਨੌਰ ਤੋਂ ਚੋਣ ਲੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਲ ਸਿੰਘ ਵੱਲੋਂ ਤਾ ਇੱਥੋਂ ਤੱਕ ਕਹਿ ਦਿੱਤਾ ਗਿਆ ਹੈ ਪਿਛਲੇ ਵਾਰ ਇੱਕ ਪਰਿਵਾਰ ’ਚੋਂ ਇੱਕ ਟਿਕਟ ਦਾ ਫਾਰਮੂਲਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਹੀ ਬਣਾਇਆ ਗਿਆ ਸੀ ਅਤੇ ਇਸ ਵਾਰ ਕਾਂਗਰਸ ’ਚ ਅਜਿਹੀ ਪਾਲਿਸੀ ਨਹੀਂ ਹੈ। ਲਾਲ ਸਿੰਘ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਮੈਂਬਰ ਪਾਰਲੀਮੈਂਟ ਪਰਨੀਤ ਕੌਰ ਸਮੇਤ ਹਲਕਾ ਸਨੌਰ ਦੇ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਵਿਰੁੱਧ ਵੀ ਜੰਮ ਕੇ ਭੜਾਸ ਵੀ ਕੱਢੀ ਗਈ।

ਜਾਣਕਾਰੀ ਅਨੁਸਾਰ ਲਾਲ ਸਿੰਘ ਵੱਲੋਂ ਅੱਜ ਇੱਥੇ ਪਟਿਆਲਾ ਵਿਖੇ ਸਥਿਤ ਸਰਕਾਰੀ ਰਿਹਾਇਸ਼ ਤੇ ਸਨੌਰ ਦੀਆਂ ਪੰਚਾਇਤਾਂ ਨੂੰ ਇਕੱਠੇ ਕਰਕੇ ਚੈਕ ਵੰਡੇ ਗਏ ਹਨ। ਜਦੋਂਕਿ ਹਲਕਾ ਸਨੌਰ ਦੇ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਹਨ ਅਤੇ ਉਨ੍ਹਾਂ ਵੱਲੋਂ ਹੀ ਹਲਕਾ ਸਨੌਰ ਅੰਦਰ ਪਿਛਲੇ ਸਮੇਂ ਤੋਂ ਹਲਕਾ ਸਨੌਰ ਅੰਦਰ ਆਪਣੀ ਵਾਂਗਡੋਰ ਸੰਭਾਲੀ ਹੋਈ ਹੈ। ਪਰ ਲਾਲ ਸਿੰਘ ਵੱਲੋਂ ਹਲਕਾ ਸਨੌਰ ਦੀਆਂ ਪੰਚਾਇਤਾਂ ਨੂੰ ਅੱਜ ਵਿਕਾਸ ਕਾਰਜ਼ਾਂ ਦੇ ਚੈਂਕ ਵੰਡ ਕੇ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਹਲਕਾ ਸਨੌਰ ਤੋਂ ਟਿਕਟ ਲੈਣ ਦੀ ਦੌੜ ਵਿੱਚ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਕਾਕਾ ਰਜਿੰਦਰ ਸਿੰਘ ਹਲਕਾ ਸਮਾਣਾ ਤੋਂ ਟਿਕਟ ਲੜਨਗੇ ਜਦਕਿ ਹਲਕਾ ਸਨੌਰ ਤੋਂ ਉਹ ਖੁਦ ਹਾਈਕਮਾਂਡ ਤੋਂ ਆਪਣੇ ਲਈ ਟਿਕਟ ਦੀ ਮੰਗ ਕਰਨਗੇ।

ਉਨ੍ਹਾਂ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਨਿਸ਼ਾਨੇ ਤੇ ਲੈਂਦਿਆ ਕਿਹਾ ਕਿ ਪਿਛਲੀ ਵਾਰ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਸੀ ਕਿ ਹਲਕਾ ਸਨੌਰ ਵੱਲ ਨਹੀਂ ਝਾਕਣਾ ਨਹੀਂ ਅਤੇ ਸਨੌਰ ਵਿੱਚ ਕਿਸੇ ਪ੍ਰਕਾਰ ਦਾ ਦਖਲ ਨਹੀਂ ਦੇਣਾ। ਕੈਪਟਨ ਨੇ ਮੈਨੂੰ ਜਕੜ ਕੇ ਰੱਖ ਦਿੱਤਾ ਅਤੇ ਮਹਿਲਾ ਵਾਲਿਆਂ ਨੇ ਮੇਰੀ ਜਾਣ ਬੁੱਝ ਕੇ ਟਿਕਟ ਕਟਾਈ। ਉਨ੍ਹਾਂ ਕਿਹਾ ਕਿ ਮਹਿਲ ਵਾਲਿਆਂ ਨੂੰ ਤੌਖਲਾ ਹੋ ਗਿਆ ਕਿ ਇਹ ਸਾਡੀ ਚੀਫ਼ ਮਨਿਸੀਟਰੀ ਵੱਲ ਝਾਕਦਾ ਹੈ। ਲਾਲ ਸਿੰਘ ਨੇ ਹਰਿੰਦਰਪਾਲ ਸਿੰਘ ਹੈਰੀਮਾਨ ਦਾ ਨਾਂਅ ਲਏ ਬਿਨਾਂ ਕਿਹਾ ਕਿ ਮੋਤੀ ਮਹਿਲਾ ਵਾਲਿਆਂ ਨੇ ਹਲਕਾ ਸਨੌਰ ਤੋਂ ਉਸ ਵਿਅਕਤੀ ਨੂੰ ਟਿਕਟ ਦਿਵਾਈ ਜੋਂ ਕਿ ਚਾਰ ਮਹੀਨੇ ਪਹਿਲਾ ਅਕਾਲੀ ਦਲ ’ਚੋਂ ਮਲਾਈ ਖਾ ਕੇ ਕਾਂਗਰਸ ਵਿੱਚ ਆਇਆ ਸੀ।

ਉਨ੍ਹਾਂ ਕਿਹਾ ਕਿ ਹਲਕਾ ਸਨੌਰ ’ਚ ਕਾਂਗਰਸੀ ਵਰਕਰਾਂ ਦੀ ਕੋਈ ਸੁਣਵਾਈ ਨਹੀਂ ਹੋਈ ਅਤੇ ਇੱਥੇ ਕਬਜੇ ਅਤੇ ਧੱਕਾਸ਼ਾਹੀ ਚੱਲਦੀ ਰਹੀ। ਇੱਥੋਂ ਤੱਕ ਕਿ ਹਲਕਾ ਸਨੌਰ ਦੇ ਅਨੇਕਾਂ ਕਾਂਗਰਸੀ ਵਰਕਰ ਪਰਨੀਤ ਕੌਰ ਨੂੰ ਮਿਲੇ ਕਿ ਹਲਕੇ ਵਿੱਚ ਕਾਂਗਰਸੀਆਂ ਨਾਲ ਹੀ ਧੱਕਾ ਹੋ ਰਿਹਾ ਹੈ, ਪਰ ਉਨ੍ਹਾਂ ਨੇ ਇੱਕ ਨਾ ਸੁਣੀ। ਦੱਸਣਯੋਗ ਹੈ ਕਿ ਹੈਰੀਮਾਨ ਵੱਲੋਂ ਪਿਛਲੇ ਦਿਨੀਂ ਸਮਾਗਮ ਕਰਕੇ ਐਲਾਨ ਕੀਤਾ ਸੀ ਕਿ ਉਹ ਹਰ ਹਾਲਤ ਵਿੱਚ ਹਲਕਾ ਸਨੌਰ ਤੋਂ ਚੋਣ ਲੜਨਗੇ।

ਮੁੱਖ ਮੰਤਰੀ ਚੰਨੀ ਦੇ ਭਰਾ ਨੇ ਚੋਣ ਲੜਨ ਲਈ ਹੀ ਨੌਕਰੀ ਤੋਂ ਦਿੱਤਾ ਅਸਤੀਫ਼ਾ

ਲਾਲ ਸਿੰਘ ਨੂੰ ਜਦੋਂ ਇੱਕੋਂ ਪਰਿਵਾਰ ’ਚੋਂ ਦੋ ਟਿਕਟਾਂ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਵੱਲੋਂ ਵੀ ਚੋਣ ਲੜੀ ਜਾ ਰਹੀ ਹੈ। ਇਸੇ ਲਈ ਤਾਂ ਉਨ੍ਹਾਂ ਦੇ ਭਰਾ ਵੱਲੋਂ ਨੌਕਰੀ ਤੋਂ ਅਸਤੀਫ਼ਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਇੱਕੋਂ ਪਰਿਵਾਰ ਚੋਂ ਦੋ ਟਿਕਟਾ ਨਾ ਦੇਣ ਦਾ ਕੋਈ ਫਾਰਮੂਲਾ ਨਹੀਂ ਹੈ ਅਤੇ ਪਿਛਲੀ ਵਾਰ ਤਾਂ ਮੈਨੂੰ ਰੋਕਣ ਲਈ ਅਮਰਿੰਦਰ ਸਿੰਘ ਵੱਲੋਂ ਹੀ ਇਹ ਪਾਲਿਸੀ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਉਹ ਆਪਣੇ ਵਿਧਾਇਕ ਪੁੱਤਰ ਸਮੇਤ ਆਪਣੇ ਲਈ ਟਿਕਟ ਦੀ ਮੰਗ ਕਰਨਗੇ। ਟਿਕਟ ਦੇਣੀ ਜਾਂ ਨਾ ਦੇਣੀ ਇਹ ਹਾਈਕਮਾਂਡ ਦਾ ਕੰਮ ਹੈ।

ਅਗਲੇ ਦਿਨਾਂ ਵਿੱਚ ਮੈਂ ਵੀ ਵੰਡਾਗਾਂ ਚੈਕ-ਹੈਰੀਮਾਨ

ਇਸ ਸਬੰਧੀ ਜਦੋਂ ਹਲਕਾ ਸਨੌਰ ਤੋਂ ਇੰਚਾਰਜ਼ ਹਰਿੰਦਰਪਾਲ ਸਿੰਘ ਹੈਰੀਮਾਨ ਨਾਲ ਗੱਲ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਲਾਲ ਸਿੰਘ ਵੱਲੋਂ ਪੰਚਾਇਤਾਂ ਨੂੰ ਚੈਕ ਵੰਡਣ ਸਬੰਧੀ ਕੋਈ ਇਤਰਾਜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਗਲੇ ਦਿਨਾਂ ਵਿੱਚ ਉਹ ਵੀ ਪੰਚਾਇਤਾਂ ਨੂੰ ਚੈਂਕ ਵੰਡ ਰਹੇ ਹਨ। ਉਨ੍ਹਾਂ ਕਿਹਾ ਕਿ ਸਮਾਂ ਥੋੜਾ ਹੈ ਅਤੇ ਸਾਡਾ ਕੰਮ ਹਲਕੇ ਦਾ ਵਿਕਾਸ ਕਰਨਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਅਮਰਿੰਦਰ ਸਰਕਾਰ ਮੌਕੇ ਤਾ ਤੁਸੀ ਹੀ ਹਲਕੇ ਵਿੱਚ ਅੱਗੇ ਰਹੇ ਸੀ ਤਾ ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਪਣੇ ਹਲਕੇ ਦੇ ਲੋਕਾਂ ’ਚ ਵਿਚਰ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ