ਤੱਤੀ ਰੇਤ ਤੇ ਸੂਲਾਂ ਵਰਗੇ ਤਾਹਨੇ-ਮਿਹਣਿਆਂ ਦੀ ਪ੍ਰਵਾਹ ਨਹੀਂ ਕਰਦੇ ਆਤਮ-ਸਨਮਾਨੀ ਲੋਕ
ਜ਼ਿੰਦਗੀ ਦੇ ਸਫਰ ਵਿਚ ਸਾਡਾ ਵਾਹ ਕਈ ਪ੍ਰਕਾਰ ਦੇ ਲੋਕਾਂ ਨਾਲ ਪੈਂਦਾ ਹੈ ਤੇ ਹਰ ਇੱਕ ਦੀ ਸੋਚ ਅਤੇ ਸ਼ਖਸੀਅਤ ਵੱਖੋ-ਵੱਖਰੀ ਹੁੰਦੀ ਹੈ। ਇਨ੍ਹਾਂ ’ਚੋਂ ਕਈ ਲੋਕ ਅਜਿਹੇ ਹੁੰਦੇ ਹਨ ਜੋ ਕਿਸੇ ਦੀ ਨਜ਼ਾਇਜ਼ ਗੱਲ ’ਤੇ ਤੁਰੰਤ ਜਵਾਬ ਦੇਣ ਤੋਂ ਨਹੀਂ ਝਿਜਕਦੇ। ਬਿਨਾਂ ਗੱਲੋਂ ਕਿਸੇ ਦੀ ਗੁਲਾਮੀ ਵਿਚ ਰਹਿਣਾ, ਕਿਸੇ ਨੂੰ ਐਵੇਂ ਹੀ ਆਪਣੇ ਉੱਪਰ ਹਾਵੀ ਨਾ ਹੋਣ ਦੇਣਾ ਤੇ ਬਿਨਾਂ ਗੱਲੋਂ ਕਿਸੇ ਅੱਗੇ ਗੋਡੇ ਨਾ ਟੇਕਣਾ ਉਨ੍ਹਾਂ ਦੀ ਸ਼ਖਸੀਅਤ ਦਾ ਹਿੱਸਾ ਹੁੰਦਾ ਹੈ। ਉਹ ਸਮਝਦੇ ਹਨ ਕਿ ਜਿਸ ਵਿਅਕਤੀ ਨੂੰ ਗੁਲਾਮੀ ਦੀ ਆਦਤ ਪੈ ਜਾਵੇ ਤਾਂ ਫਿਰ ਜ਼ਿੰਦਗੀ ਵਿਚ ਉਸ ਦਾ ਰੁਤਬਾ ਜਾਂ ਤਾਕਤ ਕੋਈ ਮਾਇਨੇ ਨਹੀਂ ਰੱਖਦੀ। ਇਨਸਾਨੀਅਤ ਦੇ ਅਸੂਲਾਂ ’ਤੇ ਚੱਲਦੇ ਹੋਏ ਆਪਣੇ ਕਰਮ-ਖੇਤਰ ਵਿਚ ਕਾਰਜਸ਼ੀਲ ਰਹਿਣ ਵਾਲੇ ਅਜਿਹੇ ਲੋਕ ਅਕਸਰ ਆਤਮ-ਸਨਮਾਨੀ ਹੁੰਦੇ ਹਨ।
ਆਤਮ-ਸਨਮਾਨ ਅਸਲ ਵਿਚ ਮਨੁੱਖੀ ਜੀਵਨ ਦੀਆਂ ਮੂਲ-ਪ੍ਰਵਿਰਤੀਆਂ ’ਚੋਂ ਇੱਕ ਹੈ। ਜਿਸ ਤਰ੍ਹਾਂ ਸਾਡੇ ਜੀਵਨ ਨੂੰ ਭੋਜਨ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਜ਼ਿੰਦਗੀ ਨੂੰ ਖੂਬਸੂਰਤ ਤਰੀਕੇ ਨਾਲ ਜਿਊਂਦਾ ਰੱਖਣ ਲਈ ਆਤਮ-ਸਨਮਾਨ ਵੀ ਜ਼ਰੂਰੀ ਹੁੰਦਾ ਹੈ। ਸੰਸਾਰ ਵਿਚ ਦੋ ਪ੍ਰਕਾਰ ਦੇ ਲੋਕ ਹੁੰਦੇ ਹਨ, ਇੱਕ ਉਹ ਜਿਨ੍ਹਾਂ ਵਿਚ ਆਤਮ-ਸਨਮਾਨ ਦੀ ਭਾਵਨਾ ਪ੍ਰਬਲ ਹੁੰਦੀ ਹੈ ਤੇ ਦੂਜੇ ਉਹ ਜਿਨ੍ਹਾਂ ਵਿਚ ਆਤਮ-ਸਨਮਾਨ ਘੱਟ ਜਾਂ ਫਿਰ ਨਾ-ਮਾਤਰ ਹੀ ਹੁੰਦਾ ਹੈ।
ਆਤਮ-ਸਨਮਾਨੀ ਲੋਕ ਆਤਮ-ਵਿਸ਼ਵਾਸ ਨਾਲ ਭਰਪੂਰ ਹੁੰਦੇ ਹਨ ਤੇ ਕਦੇ ਵੀ ਅਜਿਹੇ ਕਰਮ ਨਹੀਂ ਕਰਦੇ ਜਿਨ੍ਹਾਂ ਕਰਕੇ ਉਨ੍ਹਾਂ ਨੂੰ ਆਪਣੀਆਂ ਹੀ ਨਜ਼ਰਾਂ ਵਿਚੋਂ ਡਿੱਗਣਾ ਪਵੇ। ਉਹ ਆਪਣੇ-ਆਪ ਤੇ ਆਪਣੇ ਨਜ਼ਦੀਕੀਆਂ ਨਾਲ ਪਿਆਰ ਕਰਨ ਵਾਲੇ ਹੁੰਦੇ ਹਨ ਤੇ ਕਿਸੇ ਮਤਲਬ ਤੇ ਵਿਖਾਵੇ ਤੋਂ ਬਗੈਰ ਜ਼ਿੰਦਗੀ ਜਿਊਂਦੇ ਹਨ। ਜਿੱਥੋਂ ਵੀ ਵਿਚਾਰਾਂ ਦੀ ਖੂਬਸੂਰਤੀ ਮਿਲ ਜਾਵੇ ਉਸ ਨੂੰ ਗ੍ਰਹਿਣ ਕਰ ਲੈਂਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਚਿਹਰੇ ਦੀ ਖੂਬਸੂਰਤੀ ਤਾਂ ਉਮਰ ਦੇ ਨਾਲ ਬਦਲ ਜਾਂਦੀ ਹੈ ਪਰ ਵਿਚਾਰਾਂ ਦੀ ਖੂਬਸੂਰਤੀ ਦਿਲਾਂ ਵਿਚ ਅਮਰ ਰਹਿੰਦੀ ਹੈ।
ਜੀਵਨ ਦੀਆਂ ਤਲਖ ਹਕੀਕਤਾਂ ਤੋਂ ਕਦੇ ਨਹੀਂ ਘਬਰਾਉਂਦੇ, ਸਵੈਮਾਨੀ ਲੋਕ ਕਿਉਂਕਿ ਉਨ੍ਹਾਂ ਅੰਦਰ ਛੂਕਦੇ ਜਜ਼ਬੇ ਹੁੰਦੇ ਹਨ ਜਿਸ ਕਰਕੇ ਝੱਖੜਾਂ, ਤੂਫਾਨਾਂ ’ਚ ਵੀ ਉਨ੍ਹਾਂ ਦੇ ਪੈਰ ਅਡੋਲ ਰਹਿੰਦੇ ਹਨ। ਜੀਵਨ ਦੀਆਂ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ, ਮੁਸ਼ਕਲ ਤੋਂ ਮੁਸ਼ਕਲ ਹਾਲਾਤਾਂ ਦਾ ਡਟ ਕੇ ਮੁਕਾਬਲਾ ਕਰਦੇ ਹਨ ਤੇ ਨਿੱਕੀ-ਨਿੱਕੀ ਗੱਲ ਲਈ ਦੂਜਿਆਂ ’ਤੇ ਨਿਰਭਰ ਨਹੀਂ ਰਹਿੰਦੇ। ਉਨ੍ਹਾਂ ਦੀ ਸੋਚ ਹੁੰਦੀ ਹੈ ਕਿ ਦੁੱਖਾਂ ਤੇ ਮੁਸੀਬਤਾਂ ਦੇ ਬੱਦਲ ਤਾਂ ਜੀਵਨ ’ਚ ਮੰਡਰਾਉਂਦੇ ਰਹਿਣਗੇ ਪਰ ਜੇਕਰ ਤੁਹਾਡੇ ਅੰਦਰ ਪਸੀਨੇ ਦੀ ਸਿਆਹੀ ਨਾਲ ਲਿਖਣ ਦਾ ਜਜ਼ਬਾ ਹੈ ਤਾਂ ਇਹ ਬਿਨਾਂ ਬਰਸੇ ਹੀ ਨਿੱਕਲ ਜਾਣਗੇ। ਇਸੇ ਕਰਕੇ ਹੀ ਉਨ੍ਹਾਂ ਦੇ ਮੁਕੱਦਰ ਦੇ ਪੰਨੇ ਕਦੇ ਕੋਰੇ ਨਹੀਂ ਰਹਿੰਦੇ। ਅਜਿਹੇ ਲੋਕ ਕਦੇ ਵੀ ਜ਼ਿੰਦਗੀ ’ਚ ਹਾਰ ਨਹੀਂ ਮੰਨਦੇ ਤੇ ਅਸਫਲਤਾਵਾਂ ਤੋਂ ਸਿੱਖਦੇ ਹੋਏ ਅੱਗੇ ਵਧਣ ਦੀ ਇੱਛਾ ਰੱਖਦੇ ਹਨ।
ਆਤਮ-ਸਨਮਾਨੀ ਲੋਕਾਂ ਦੇ ਜਜ਼ਬੇ ਦਾ ਮੁਕਾਬਲਾ ਨਾ ਕਰ ਸਕਣ ਵਾਲੇ ਲੋਕ ਆਪਣੀ ਨਫਰਤ ਦਾ ਜ਼ਹਿਰ ਇਨ੍ਹਾਂ ਉੱਪਰ ਛਿੜਕਦੇ ਹੋਏ ਅਕਸਰ ਇਨ੍ਹਾਂ ਨੂੰ ਢੀਠ, ਜਿੱਦਲ, ਹੰਕਾਰਿਆ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਸ ਦੇ ਬਾਵਜੂਦ ਸਵੈਮਾਨੀ ਲੋਕ ਕਦੇ ਵੀ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਕਿਉਂਕਿ ਉਹ ਸਮਝਦੇ ਹਨ ਕਿ ਜੇਕਰ ਤੁਹਾਡੀ ਜ਼ਮੀਰ ਤੇ ਨੀਅਤ ਸਾਫ ਹੈ ਤਾਂ ਕੀ ਫਰਕ ਪੈਂਦਾ ਹੈ ਕਿ ਕੋਈ ਚੰਗਾ ਕਹਿੰਦਾ ਹੈ ਜਾਂ ਬੁਰਾ।
ਜੇਕਰ ਲੋਕ ਉਨ੍ਹਾਂ ਦੀ ਠੀਕ ਗੱਲ ਨੂੰ ਵੀ ਨਹੀਂ ਸਮਝਦੇ ਜਾਂ ਉਸ ਦਾ ਗਲਤ ਮਤਲਬ ਕੱਢਦੇ ਹਨ ਤਾਂ ਉਨ੍ਹਾਂ ਨੂੰ ਸਫਾਈ ਦੇਣ ’ਚ ਸਮਾਂ ਗੁਆਉਣ ਦਾ ਵੀ ਕੋਈ ਫਾਇਦਾ ਨਹੀਂ। ਬਦਨਾਮੀ ਕਰਨ ਵਾਲੇ ਲੋਕਾਂ ਨੇ ਜਦੋਂ ਆਪਣੇ ਮਨਾਂ ’ਚ, ਉਨ੍ਹਾਂ ਪ੍ਰਤੀ ਜੇ ਗਲਤ ਤਸਵੀਰ ਬਿਠਾ ਹੀ ਲਈ ਹੈ ਤਾਂ ਉਹ ਸਫਾਈ ਦੇਣ ਨਾਲ ਵੀ ਨਹੀਂ ਬਦਲ ਸਕਦੀ। ਨਿੰਦਾ ਤਾਂ ਅਕਸਰ ਉਨ੍ਹਾਂ ਦੀ ਹੀ ਹੁੰਦੀ ਹੈ ਜੋ ਜਿਊਂਦੇ ਹਨ ਤੇ ਮਿਹਨਤ ਦੇ ਜਜ਼ਬੇ ਨਾਲ ਅੱਗੇ ਵਧਦੇ ਹਨ।
ਦੋਸਤੋ, ਇੱਕ ਗੱਲ ਯਾਦ ਰੱਖੋ, ਜਿਹੜੇ ਲੋਕ ਅਸੂਲਾਂ ਨਾਲ ਜਿਊਂਦੇ ਹਨ, ਉਨ੍ਹਾਂ ਦੇ ਦੋਸਤ ਘੱਟ ਤੇ ਦੁਸ਼ਮਣ ਵੱਧ ਹੁੰਦੇ ਹਨ। ਇਸ ਲਈ ਪਰੇਸ਼ਾਨ ਨਾ ਹੋਇਆ ਕਰੋ ਸਾਰਿਆਂ ਦੀਆਂ ਗੱਲਾਂ ਤੋਂ ਕਿਉਂਕਿ ਕੁਝ ਲੋਕ ਪੈਦਾ ਹੀ ਗੱਲਾਂ ਕਰਨ ਨੂੰ ਹੀ ਹੁੰਦੇ ਹਨ। ਤੇਜ਼ ਹਵਾਵਾਂ ਨਾਲ ਕੇਵਲ ਉਹੀ ਪਰਿੰਦੇ ਉੱਡਦੇ ਹਨ ਜਿਨ੍ਹਾਂ ਦੇ ਪਰ ਨਹੀਂ ਹੌਂਸਲੇ ਮਜ਼ਬੂਤ ਹੁੰਦੇ ਹਨ। ਕਿਸੇ ਦੇ ਸਾਹਮਣੇ ਗਿੜਗੜਾੳੇਣ ਨਾਲ ਨਾ ਤਾਂ ਇੱਜ਼ਤ ਮਿਲਦੀ ਹੈ ਤੇ ਨਾ ਹੀ ਮੁਹੱਬਤ। ਲੋਕ ਤਾਂ ਨਿੰਦਾ ਤੇ ਨਫਰਤ ਦੇ ਪੱਥਰ ਤੁਹਾਡੇ ਰਾਹਾਂ ਵਿਚ ਸੁੱਟਦੇ ਰਹਿਣਗੇ, ਇਨ੍ਹਾਂ ਪੱਥਰਾਂ ਤੋਂ ਤੁਸੀਂ ਮੁਸੀਬਤ ਦੀ ਕੰਧ ਬਣਾੳੇੁਣੀ ਹੈ ਜਾਂ ਸਫਲਤਾ ਦੇ ਪੁਲ, ਇਹ ਤੁਹਾਡੀ ਸੂਝਬੂਝ ’ਤੇ ਨਿਰਭਰ ਕਰਦਾ ਹੈ।
ਇਸ ਲਈ ਆਪਣੇ ਆਤਮ-ਸਨਮਾਨ ਨੂੰ ਜਿਊਂਦਾ ਰੱਖੋ ਤੇ ਜੀਵਨ ਰੂਪੀ ਪਾਣੀਆਂ ਨੂੰ ਨਿਰੰਤਰ ਵਗਦੇ ਤੇ ਸਾਫ ਰੱਖਣ ਲਈ ਕੋਸ਼ਿਸ਼ ਰੂਪੀ ਕੰਕਰਾਂ ਨਾਲ ਪਾਣੀਆਂ ਵਿਚ ਲਹਿਰਾਂ ਪੈਦਾ ਕਰਨ ਵਿਚ ਜੁਟੇ ਰਹਿੰਦੇ ਹੋਏ ਆਪਣੇ ਚਰਿੱਤਰ ਤੋਂ ਪਵਿੱਤਰ ਰਹੋ। ਜੋ ਕਿਸਮਤ ਵਿਚ ਹੋਵੇਗਾ ਖੁਦ ਚੱਲ ਕੇ ਆਵੇਗਾ। ਆਪਣੇ ਸਨਮਾਨ ਦਾ ਵਧੀਆ ਢੰਗ ਨਾਲ ਖਿਆਲ ਰੱਖੋ ਕਿਉਂਕਿ ਇਹੀ ਇੱਕ ਹੈ ਜਿਸ ਦੀ ਉਮਰ ਤੁਹਾਡੇ ਨਾਂ ਨਾਲੋਂ ਜ਼ਿਆਦਾ ਹੁੰਦੀ ਹੈ। ਆਤਮ-ਸਨਮਾਨ ਗਵਾ ਕੇ ਜੋ ਚੀਜ਼ ਮਿਲਦੀ ਹੈ, ਉਹ ਸ਼ੋਹਰਤ ਤਾਂ ਦਵਾ ਸਕਦੀ ਹੈ ਪਰ ਸਕੂਨ ਨਹੀਂ।
ਇਸ ਲਈ ਮੰਜ਼ਿਲ ਦੀ ਰਾਹ ਵਿਚ ਤੱਤੀ ਰੇਤ ਤੇ ਸੂਲਾਂ ਵਰਗੇ ਤਿੱਖੇ ਤਾਹਨੇ-ਮਿਹਣਿਆਂ ਦੀ ਕਦੇ ਵੀ ਪ੍ਰਵਾਹ ਨਾ ਕਰੋ। ਮਿਹਨਤ ਮੱਲ੍ਹਮ ਬਣ ਕੇ ਅਜਿਹੇ ਜ਼ਖਮਾਂ ਨੂੰ ਭਰ ਦਿੰਦੀ ਹੈ। ਕਿਸੇ ਦੇ ਪੈਰਾਂ ਵਿਚ ਡਿੱਗ ਕੇ ਪ੍ਰਸਿੱਧੀ ਹਾਸਲ ਕਰਨ ਦੀ ਬਜਾਏ ਆਪਣੇ ਪੈਰਾਂ’ ਤੇ ਚੱਲਣ ਦੀ ਧਾਰ ਲਓ ਕਿਉਂਕਿ ਜਿਸ ਦੀ ਸੋਚ ਵਿਚ ਆਤਮ-ਸਨਮਾਨ ਦੀ ਮਹਿਕ ਹੈ, ਜਿਸ ਦੇ ਇਰਾਦਿਆਂ ਵਿਚ ਹੌਂਸਲੇ ਦੀ ਮਿਠਾਸ ਹੈ ਤੇ ਜਿਸ ਦੀ ਨੀਅਤ ਵਿਚ ਸੱਚਾਈ ਦਾ ਸਵਾਦ ਹੈ, ਉਸ ਦੀ ਪੂਰੀ ਜ਼ਿੰਦਗੀ ਇੱਕ ਮਹਿਕਦਾ ਹੋਇਆ ਗੁਲਾਬ ਹੈ।
ਰਣਜੀਤ ਐਵੀਨਿਊ, ਅੰਮ੍ਰਿਤਸਰ
ਮੋ. 98774-66607
ਕੈਲਾਸ਼ ਚੰਦਰ ਸ਼ਰਮਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ