ਜ਼ਿੰਦਗੀ ‘ਚ ਸਫ਼ਲਤਾ ਲਈ ਖ਼ੁਦ ਤੇ ਭਰੋਸਾ ਜ਼ਰੂਰੀ
ਅੱਜ ਦੇ ਕੰਪਿਊਟਰ, ਇੰਟਰਨੈੱਟ ਅਤੇ ਮੁਕਾਬਲੇ ਦੇ ਯੁੱਗ ਵਿੱਚ ਵਿਦਿਆਰਥੀਆਂ ਲਈ ਕਿਸੇ ਵੀ ਖੇਤਰ ‘ਚ ਸਫ਼ਲਤਾ ਹਾਸਲ ਕਰਨੀ ਔਖੀ ਜ਼ਰੂਰ ਹੈ, ਪਰ ਅਸੰਭਵ ਨਹੀਂ। ਸਫ਼ਲਤਾ ਦੀ ਪ੍ਰਾਪਤੀ ਲਈ ਸਖਤ ਮਿਹਨਤ, ਲਗਨ ਅਤੇ ਖੁਦ ‘ਤੇ ਭਰੋਸਾ ਹੋਣਾ ਬਹੁਤ ਜ਼ਰੂਰੀ ਹੈ। ਅੱਜ-ਕੱਲ੍ਹ ਦੇ ਨੌਜਵਾਨਾਂ ‘ਚ ਹੁਨਰ ਦੀ ਕੋਈ ਕਮੀ ਨਹੀਂ ਹੈ, ਪਰ ਕੁਝ ਕਮੀਆਂ ਹਨ, ਜੋ ਉਨ੍ਹ੍ਰਾਂ ਨੂੰ ਉਸ ਸਫਲਤਾ ਤੋਂ ਦੂਰ ਰੱਖਦੀਆਂ ਹਨ, ਜਿਸ ਦੇ ਉਹ ਹੱਕਦਾਰ ਹਨ। ਇਨ੍ਹਾਂ ਕਮੀਆਂ ਨੂੰ ਦੂਰ ਕਰ ਦਈਏ ਤਾਂ ਉਨ੍ਹਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ।
ਹਾਲ ਹੀ ਦੇ ਕੁਝ ਸਾਲਾਂ ‘ਚ ਭਾਰਤੀ ਵਿਦਿਆਰਥੀਆਂ ‘ਚ ਕਾਫੀ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਪਹਿਲਾਂ ਜਿੱਥੇ ਉਹ ਆਪਣੇ ਉੱਪਰ ਕਾਫੀ ਪ੍ਰੈਸ਼ਰ ਮਹਿਸੂਸ ਕਰਦੇ ਸਨ, ਆਪਣੇ ਵਿਊਜ਼ ਦੇਣ ਤੋਂ ਸੰਕੋਚ ਕਰਦੇ ਸਨ, ਉੱਥੇ ਹੀ ਅੱਜ ਉਨ੍ਹਾਂ ਨੇ ਆਪਣੇ ਉੱਪਰੋਂ ਪ੍ਰੈਸ਼ਰ ਕਾਫੀ ਹੱਦ ਤੱਕ ਦੂਰ ਕਰ ਦਿੱਤਾ ਹੈ। ਉਹ ਬੇਖੌਫ ਹੋ ਕੇ ਆਪਣੇ ਵਿਊਜ਼ ਵੀ ਲੋਕਾਂ ਨੂੰ ਦਿੰਦੇ ਹਨ। ਜੋ ਚੀਜ਼ ਉਨ੍ਹਾਂ ਨੂੰ ਸਹੀ ਨਹੀਂ ਲੱਗਦੀ, ਉਸ ਬਾਰੇ ਉਹ ਆਪਣੇ ਵਿਚਾਰ ਰੱਖਣ’ਚ ਸੰਕੋਚ ਨਹੀਂ ਕਰਦੇ। ਉਹ ਲਗਾਤਾਰ ਬਦਲਾਅ ਚਾਹੁੰਦੇ ਹਨ ਤੇ ਇਸ ਲਈ ਜੇਕਰ ਲੋੜ ਪੈਂਦੀ ਹੈ ਤਾਂ ਵੱਡੇ ਫੈਸਲੇ ‘ਚ ਵੀ ਝਿਜਕਦੇ ਨਹੀਂ। ਵਿਦਿਆਰਥੀਆਂ ਅੰਦਰ ਤੇਜ਼ੀ ਨਾਲ ਵਧ ਰਹੀ ਇਹ ਨਵੀਂ ਕੁਆਲਟੀ ਪੱਕਾ ਹੀ ਦੇਸ਼ ਨੂੰ ਸਾਰੇ ਸੈਕਟਰਾਂ ‘ਚ ਅੱਗੇ ਲਿਜਾਣ ਦਾ ਕੰਮ ਕਰੇਗੀ।
ਆਪਣੀ ਖੂਬੀ ਦੀ ਪਹਿਚਾਣ ਕਰੋ:
ਹਰ ਵਿਦਿਆਰਥੀ ‘ਚ ਕੋਈ ਨਾ ਕੋਈ ਅਜਿਹਾ ਸਕਿੱਲ ਜ਼ਰੂਰ ਹੁੰਦਾ ਹੈ, ਜੋ ਉਸ ਨੂੰ ਹੋਰਾਂ ਤੋਂ ਵੱਖ ਕਰ ਦਿੰਦਾ ਹੈ, ਉਸਦਾ ਖੁਦ ‘ਤੇ ਯੂਨੀਕ ਬਣਾਉਂਦਾ ਹੈ ਪਰ ਪਤਾ ਨਹੀਂ ਕਿਉਂ ਬਹੁਤ ਸਾਰੇ ਵਿਦਿਆਰਥੀ ਆਪਣੇ ਅਜਿਹੇ ਗੁਣਾਂ ‘ਤੇ ਧਿਆਨ ਕਿਉਂ ਨਹੀਂ ਦਿੰਦੇ ? ਜੌਬ ਮਿਲ ਜਾਣ ਜਾਂ ਫਿਰ ਮਨਚਾਹੇ ਕੋਰਸ ਜਾਂ ਕਾਲਰ ‘ਚ ਦਾਖਲਾ ਮਿਲ ਜਾਣ ‘ਤੇ ਉਹ ਇਸ ਨੂੰ ਭੁੱਲ ਹੀ ਜਾਂਦੇ ਹਨ। ਯਾਦ ਰੱਖੋ, ਆਪਣੇ ਸਕਿੱਲਸ ਨੂੰ ਹਮੇਸ਼ਾ ਮਜ਼ਬੂਤ ਕਰਦੇ ਰਹੋ। ਘੱਟੋ ਘੱਟ ਇਸ ਨੂੰ ਹੌਬੀ ਦੇ ਰੂਪ ‘ਚ ਤਾਂ ਜਿੰਦਾ ਰੱਖੋ ਹੀ। ਕਦੇ ਨਾ ਕਦੇ ਇਹ ਜ਼ਰੂਰ ਕੰਮ ਆਉਂਦਾ ਹੈ। ਇਸ ਲਈ ਆਪਣੀ ਅੰਦਰ ਛੁਪੀ ਹੋਈ ਖੂਬੀ ਦੀ ਪਹਿਚਾਣ ਜ਼ਰੂਰ ਕਰੋ ਤੇ ਉਸ ਤੋਂ ਕੰਮ ਲਵੋ।
ਆਪਣੀ ਸੋਚ ਨੂੰ ਬਦਲਣ ਦੀ ਲੋੜ:
ਅੱਜ ਸਾਰੇ ਖੇਤਰਾਂ ‘ਚ ਭਾਰਤ ਦੀ ਤੁਲਨਾ ਚੀਨ ਨਾਲ ਹੋ ਰਹੀ ਹੈ। ਚੀਨ ਸਾਡੇ ਤੋਂ ਬਹੁਤ ਸਾਰੀਆਂ ਚੀਜ਼ਾਂ ‘ਚ ਅੱਗੇ ਹੈ ਤੇ ਇਹ ਫਰਕ ਵਧ ਵੀ ਰਿਹਾ ਹੈ। ਇਸਦਾ ਬੱਸ ਇੱਕੋ ਕਾਰਨ ਹੈ, ਉੱਥੇ ਕ੍ਰਿਏਟੀਵਿਟੀ ਨੂੰ ਪ੍ਰਮੋਟ ਕੀਤਾ ਜਾਂਦਾ ਹੈ, ਜੋ ਜਿਸ ਸਬਜੈਕਟ ਜਾਂ ਫੀਲਡ ‘ਚ ਬਿਹਤਰ ਕਰ ਰਿਹਾ ਹੈ, ਉਸ ਨੂੰ ਉਸੇ ‘ਚ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਡੇ ਇੱਥੇ ਹਾਲੇ ਇਸ ਤਰਾਂ ਦੀ ਸੋਚ ਵਿਕਸਤ ਨਹੀਂ ਹੋਈ। ਅਸੀਂ ਓਵਰਆਲ ਪਰਫਾਰਮੈਂਸ ਦੀ ਗੱਲ ਕਰਦੇ ਹਾਂ ਪਰ ਇਹ ਭੁੱਲ ਜਾਂਦੇ ਹਾਂ ‘ਕੰਪਲੀਟ’ ਸ਼ਬਦ ‘ਚ ਹਮੇਸ਼ਾ ਨਵਾਂ ਕਰਨ ਦੀ ਗੁੰਜਾਇਸ਼ ਬਣੀ ਰਹਿੰਦੀ ਹੈ । ਦੂਜਿਆਂ ਦੀਆਂ ਕਮੀਆਂ ਨਾ ਕੱਢੋ। ਪਹਿਲਾਂ ਖੁਦ ਨੂੰ ਦੇਖੋ। ਜ਼ਮੀਨੀ ਪੱਧਰ ‘ਤੇ ਜੋ ਕੰਮ ਨੂੰ ਅਕਾਰ ਦਿੰਦਾ ਹੈ, ਅਸਲ ਸਫਲਤਾ ਉਸ ਨੂੰ ਹੀ ਹਾਸਲ ਹੁੰਦੀ ਹੈ।
ਗਲਤੀਆਂ ਤੋਂ ਹਮੇਸ਼ਾ ਸਿੱਖਦੇ ਰਹੋ:
ਗਲਤੀਆਂ ਕਿਸ ਤੋਂ ਨਹੀਂ ਹੁੰਦੀਆਂ ? ਪਰ ਇਨ੍ਹਾਂ ਤੋਂ ਡਰ ਕੇ ਕੰਮ ਬੰਦ ਕਰਨਾ ਸਭ ਤੋਂ ਵੱਡੀ ਗਲਤੀ ਹੈ। ਗਲਤੀਆਂ ਤੋਂ ਹੀ ਅਸੀਂ ਸਿੱਖਦੇ ਹਾਂ। ਨਵੇਂ ਪ੍ਰਯੋਗ ਕਰਨ ਤੋਂ ਕਦੇ ਨਾ ਡਰੋ। ਇੱਥੇ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਗਲਤੀਆਂ ‘ਤੇ ਬੱਚਿਆਂ ਨੂੰ ਡੀਮੋਰਲਾਈਜ਼ ਨਾ ਕਰਨ। ਉਨ੍ਹਾਂ ਦੀ ਮਦਦ ਕਰਨ। ਫਿਰ ਦੇਖਿਓ ਉਹ ਕਿੰਨੀ ਤੇਜ਼ੀ ਨਾਲ ਅੱਗੇ ਵੱਧਦੇ ਹਨ। ਕਿਸੇ ਦੇ ਨੈਗੇਟਿਵ ਪੁਆਇੰਟਸ ਨੂੰ ਗਿਣਾਉਣ ਦੀ ਬਜਾਏ ਪਾਜ਼ਿਟਿਵ ਪੁਆਇੰਟਸ ਹੀ ਗਿਣਾਓ। ਸਗੋਂ ਖੁਦ ਆਪਣੇ ਨੈਗੇਟਿਵ ਪੁਆਇੰਟਸ ‘ਤੇ ਝਾਤ ਮਾਰੋ ਇੱਕ ਨਹੀਂ ਕਈ ਮਿਲ ਜਾਣਗੇ। ਆਪਣੇ ਨੈਗੇਟਿਵ ਪੁਆਇੰਟਸ ਨੂੰ ਪਾਜ਼ਿਟਿਵ ਬਣਾਉਣ ਦੀ ਕੋਸ਼ਿਸ ਕਰੋ।
ਟੈਲੇਂਟ ਦੀ ਭਾਲ ਕਰੋ:
ਅੱਜ ਜੋ ਟੈਲੇਂਟਿਡ ਵਿਦਿਆਰਥੀ ਸਾਡੇ ਸਾਹਮਣੇ ਹਨ, ਉਨ੍ਹਾਂ ਤੋਂ ਕਿਤੇ ਜ਼ਿਆਦਾ ਗੁੰਮਨਾਮੀਆਂ ‘ਚ ਗੁੰਮ ਹੋ ਗਏ ਹਨ। ਬਹੁਤ ਸਾਰੇ ਲੋਕ ਟੈਲੇਂਟ ਦਾ ਪੈਮਾਨਾ ਪ੍ਰੀਖਿਆ ਵਿੱਚ ਪ੍ਰਪਤ ਨੰਬਰ ਮੰਨਦੇ ਹਨ ਪਰ ਐਵਰੇਜ਼ ਸਟੂਡੈਂਟ ਜਾਂ ਫਿਰ ਉਸ ਤੋਂ ਵੀ ਹੇਠਾਂ ਦੇ ਵਿਦਿਆਰਥੀਆਂ ‘ਚ ਵੀ ਗਜ਼ਬ ਦਾ ਟੈਲੇਂਟ ਹੁੰਦਾ ਹੈ। ਉਨ੍ਹਾਂ ਕੋਲ ਵੱਖ-ਵੱਖ ਤਰ੍ਹਾਂ ਦਾ ਨਜ਼ਰੀਆ ਹੁੰਦਾ ਹੈ, ਜੋ ਸਾਨੂੰ ਹੈਰਾਨੀ ‘ਚ ਪਾ ਦਿੰਦਾ ਹੈ ਪਰ ਅਸੀਂ ਇਹਨਾਂ ਨੂੰ ਠੀਕ ਤਰਾਂ ਨਾਲ ਸਮਾਜ ਦੇ ਸਾਹਮਣੇ ਨਹੀਂ ਲਿਆ ਰਹੇ ਹਾਂ। ਸਾਡੇ ਵਿਚਕਾਰ ਬਹੁਤ ਸਾਰੇ ਅਜਿਹੇ ਲੋਕ ਵੀ ਹਨ ਜੋ ਟੈਲੇਂਟ ਨੂੰ ਖਤਮ ਕਰਨ ਦਾ ਕੰਮ ਕਰਦੇ ਹਨ। ਇਨ੍ਹਾਂ ਤੋਂ ਬਚਦੇ ਹੋਏ ਵਿਦਿਆਰਥੀਆਂ ਨੂੰ ਅੱਗੇ ਵਧਣਾ ਚਾਹੀਦਾ ਹੈ। ਜੇ ਵਿਦਿਆਰਥੀ ਇਨਾਂ ਕਮੀਆਂ ਨੂੰ ਦੂਰ ਕਰ ਲੈਣ, ਤਾਂ ਉਨਾਂ ਨੂੰ ਅੱਗੇ ਵਧਣ ਤੋਂ ਕੋਈ ਨਹੀਂ ਰੋਕ ਸਕਦਾ।
ਖੁਦ ‘ਤੇ ਭਰੋਸਾ ਰੱਖੋ:
ਸਾਨੂੰ ਸਭ ਨੂੰ ਆਪਣੇ ਆਪ ‘ਤੇ ਭਰੋਸਾ ਰੱਖਣਾ ਚਾਹੀਦਾ ਹੈ ਤਾਂ ਹੀ ਅਸੀਂ ਕੋਈ ਵੀ ਜੋਖਮ ਜਾਂ ਕੰਮ ਵਧੀਆ ਤਰੀਕੇ ਨਾਲ ਕਰਕੇ ਜਿੰਦਗੀ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹਾਂ। ਅਸੀਂ ਅਕਸਰ ਹੀ ਕਹਾਣੀਆਂ ਵਿੱਚ ਵੀ ਪੜ੍ਹਦੇ ਹਾਂ ਕਿ ‘ਪ੍ਰਮਾਤਮਾ ਵੀ ਉਸਦੀ ਮਦਦ ਕਰਦਾ ਹੈ ਜੋ ਉਹ ਆਪਣੀ ਮਦਦ ਖੁਦ ਆਪ ਕਰਦਾ ਹੈ।’ ਜਿਨ੍ਹਾਂ ਨੇ ਖੁਦ ‘ਤੇ ਭਰੋਸਾ ਕੀਤਾ ਹੈ ਅੱਜ ਉਹ ਉੱਚੇ ਮੁਕਾਮ ‘ਤੇ ਪਹੁੰਚ ਚੁੱਕੇ ਹਨ, ਸੋ ਮੈਂ ਅੰਤ ਵਿੱਚ ਇਹੀ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਜਿੰਦਗੀ ‘ਚ ਤਰੱਕੀ ਕਰਨੀ ਹੈ ਤਾਂ ਸਾਨੂੰ ਖੁਦ ‘ਤੇ ਭਰੋਸਾ ਰੱਖ ਕੇ ਮਿਹਨਤ ਕਰਦੇ ਹੋਏ ਅੱਗੇ ਵਧਣਾ ਚਾਹੀਦਾ ਹੈ। ਅਸੀਂ ਜ਼ਰੂਰ ਹੀ ਸਫ਼ਲਤਾ ਹਾਸਲ ਕਰਾਂਗੇ।
ਪ੍ਰਮੋਦ ਧੀਰ ਜੈਤੋ
ਕੰਪਿਊਟਰ ਅਧਿਆਪਕ, ਸਰਕਾਰੀ ਹਾਈ ਸਕੂਲ ਢੈਪਈ (ਫਰੀਦਕੋਟ) ਮੋ. 98550-31081
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.