ਸਾਹਿਤ ਦੇ ਖੇਤਰ ਲਈ ਮਾਲਵੇ ਦੀ ਲੋਕਧਾਰਾ ’ਤੇ ਹੋਵੇਗਾ ਖੋਜ ਕਾਰਜ ਦਾ ਕੰਮ
(ਮਨੋਜ ਸ਼ਰਮਾ) ਹੰਡਿਆਇਆ। ਭਾਰਤ ਸਰਕਾਰ ਦੇ ਵਿਭਾਗ ਮਨਿਸਟਰੀ ਆਫ ਕਲਚਰ ਦੀ ਜੂਨੀਅਰ ਫੈਲੋਸ਼ਿਪ 2019-20 ਲਈ ਬੇਅੰਤ ਸਿੰਘ ਬਾਜਵਾ ਦੀ ਚੋਣ ਕੀਤੀ ਗਈ ਹੈ। ਇਸ ਸ਼ਕਾਲਰਸ਼ਿਪ ਲਈ ਸਾਲ 2019 ਵਿੱਚ ਭਾਰਤ ਦੇ 35 ਸਾਲ ਤੋਂ ਘੱਟ ਉਮਰ ਵਾਲੇ ਵਿਅਕਤੀਆਂ ਤੋਂ ਵੱਖ-ਵੱਖ ਖੇਤਰਾਂ ਦੇ ਖੋਜ ਕਾਰਜ ਲਈ ਅਰਜੀਆਂ ਦੀ ਮੰਗ ਸੀਸੀਆਰਟੀ ਵਿਭਾਗ ਭਾਰਤ ਨੇ ਕੀਤੀ ਸੀ। ਵੱਖ-ਵੱਖ ਖੇਤਰਾਂ ਵਿੱਚ 4 ਹਜ਼ਾਰ ਦੇ ਕਰੀਬ ਅਰਜ਼ੀਆਂ ਪਹੁੰਚੀਆਂ ਸਨ।
ਦੇਸ਼ ਅੰਦਰ ਕਰੋਨਾ ਮਹਾਂਮਾਰੀ ਕਾਰਨ ਉਕਤ ਅਰਜ਼ੀਦਾਤਾ ਦੀ ਇੰਟਰਵਿਊ ਅਕਤੂਬਰ ਸਾਲ 2021 ਵਿੱਚ ਹੋਈ। ਜਿਸ ਦੇ ਪਹਿਲੇ ਪੜਾਅ ਵਿੱਚ 1250 ਵਿਅਕਤੀਆਂ ਦੀ ਇੰਟਰਵਿਊ ਹੋਈ। ਸਾਰੇ ਪੜਾਵਾਂ ਦੀ ਇੰਟਰਵਿਊ ਤੋਂ ਬਾਅਦ ਫਾਈਨਲ ਨਤੀਜਾ ਮਿਤੀ 12 ਜਨਵਰੀ 2022 ਨੂੰ ਵਿਭਾਗ ਦੀ ਅਧਿਕਾਰਤ ਵੈੱਬਸਾਈਟ ਪੋਰਟਲ ’ਤੇ ਘੋਸ਼ਿਤ ਕੀਤਾ ਗਿਆ। ਜਿਸ ਵਿੱਚ ਸਾਹਿਤ ਖੇਤਰ ਦੇ ਪੰਜਾਬੀ ਫੀਲਡ ਕੈਟਾਗਰੀ ਲਈ ਵਿਭਾਗ ਵੱਲੋਂ ਬੇਅੰਤ ਸਿੰਘ ਬਾਜਵਾ ਦੀ ਚੋਣ ਕੀਤੀ ਗਈ ਹੈ। ਜੋ ਇਸ ਸਕਾਲਰਸ਼ਿਪ ਅਧੀਨ ਮਾਲਵੇ ਦੀ ਲੋਕਧਾਰਾ, ਮਨੁੱਖ ਦੇ ਜਨਮ ਤੋਂ ਪਹਿਲਾਂ ਦੀਆਂ ਅਤੇ ਬਾਅਦ ਦੀਆਂ ਰਸਮਾਂ, ਆਨੰਦ ਕਾਰਜ ਦੀ ਰਸਮ, ਮਲਵਈ ਸੱਭਿਆਚਾਰ ਆਦਿ ਵਿਸ਼ੇ ’ਤੇ ਆਪਣਾ ਖੋਜ ਕਾਰਜ ਦਾ ਕੰਮ ਕਰਨਗੇ।
ਇੱਥੇ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੀਨੀਅਰ ਫੈਲੋਸ਼ਿਪ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਰਾਮ ਸਰੂਪ ਅਣਖੀ ਨੂੰ ਮਿਲ ਚੁੱਕੀ ਹੈ। ਇਸ ਸ਼ਕਾਲਰਸ਼ਿਪ ਵਿੱਚ 250000 ਦੀ ਰਾਸ਼ੀ ਸ਼ਾਮਿਲ ਹੈ। ਸੀ ਸੀ ਆਰ ਟੀ ਦੁਆਰਾ ਬੇਅੰਤ ਸਿੰਘ ਬਾਜਵਾ ਦੀ ਕੀਤੀ ਚੋਣ ’ਤੇ ਆਧੁਨਿਕ ਭਾਰਤੀ ਭਾਸ਼ਾਵਾਂ ਦੇ ਚੇਅਰਮੈਨ ਡਾ. ਕਰਾਂਤੀ ਪਾਲ ਅਲੀਗੜ ਮੁਸਲਿਮ ਯੂਨੀਵਰਸਿਟੀ, ਜ਼ਿਲਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ, ਖੋਜ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ, ਪੰਜਾਬੀ ਲੋਕਧਾਰਾ ਦੇ ਫਾਊਂਡਰ ਗੁਰਸੇਵਕ ਸਿੰਘ ਧੌਲਾ, ਬਰਨਾਲਾ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਰਾੜ, ਜਨਰਲ ਸੈਕਟਰੀ ਹਰਿੰਦਰ ਪਾਲ ਨਿੱਕਾ ਆਦਿ ਨੇ ਸਾਂਝੇ ਤੌਰ ‘ਤੇ ਖੁਸ਼ੀ ਪ੍ਰਗਟ ਕਰਦਿਆ ਕਿਹਾ ਕਿ ਧੌਲਾ ਪਿੰਡ ਲਈ ਮਾਣ ਵਾਲੀ ਗੱਲ ਹੈ ਕਿ ਇੱਕੋ ਪਿੰਡ ਦੇ ਦੋ ਵਿਅਕਤੀਆਂ ਨੂੰ ਉਕਤ ਫੈਲੋਸ਼ਿਪ ਲਈ ਚੋਣ ਹੋਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ