ਤੰਦਰੁਸਤੀ ਦਾ ਰਾਜ਼ ਮੁਸਕਰਾਹਟ ਅਤੇ ਪ੍ਰਸੰਨਤਾ
ਮੁਸਕਰਾਉਣ ਵਾਲ਼ੇ ਵਿਅਕਤੀ ਦੇ ਹਾਵ-ਭਾਵ ਚਿਹਰੇ ‘ਤੇ ਉੱਕਰੇ ਹੋਏ ਹੁੰਦੇ ਹਨ। ਉਸਦੇ ਚਿਹਰੇ ‘ਤੇ ਹਮੇਸ਼ਾ ਇੱਕ ਆਕਰਸ਼ਣ ਰਹਿੰਦਾ ਹੈ ਜੋ ਹਰ ਇੱਕ ਦੇ ਮਨ ਨੂੰ ਮੋਹ ਲੈਂਦਾ ਹੈ। ਉਹ ਜਦੋਂ ਗੱਲ ਕਰਦਾ ਹੈ ਤਾਂ ਉਸਨੂੰ ਸੁਣਨ ਵਾਲ਼ੇ ਪ੍ਰਭਾਵਿਤ ਹੁੰਦੇ ਹਨ।
ਜਿੱਥੇ ਮੁਸਕਰਾਹਟ ਹੈ ਉੱਥੇ ਪ੍ਰਸੰਨਤਾ ਅਤੇ ਸੁਖ ਹੈ ਜਾਂ ਇੰਜ ਕਹਿ ਲਓ ਕਿ ਪ੍ਰਸੰਨਤਾ ਤੇ ਸੁਖ ਉੱਥੇ ਹੀ ਹੋ ਸਕਦੇ ਹਨ ਜਿੱਥੇ ਮੁਸਕਰਾਹਟ ਹੁੰਦੀ ਹੈ। ਇਸ ਦਾ ਅਰਥ ਇਹ ਹੈ ਕਿ ਜੋ ਮਨੁੱਖ ਹੱਸਦਾ-ਖੇਡਦਾ ਰਹਿੰਦਾ ਹੈ ਉਹੀ ਤੰਦਰੁਸਤ, ਪ੍ਰਸੰਨ ਅਤੇ ਸੁਖੀ ਜੀਵਨ ਬਤੀਤ ਕਰ ਸਕਦਾ ਹੈ। ਹੱਸਣਾ ਅੰਦਰੂਨੀ ਖੁਸ਼ੀ ਨੂੰ ਪ੍ਰਗਟਾਉਂਦਾ ਹੈ। ਹੱਸਣ ਨਾਲ ਸਾਡੇ ਸਰੀਰ ਦੀਆਂ ਨਾੜੀਆਂ ਹਰਕਤ ਵਿੱਚ ਆਉਂਦੀਆਂ ਹਨ ਤੇ ਉਹਨਾਂ ਦੀ ਕਸਰਤ ਹੋ ਜਾਂਦੀ ਹੈ। ਖੂਨ ਦਾ ਵਹਾਅ ਤੇਜ਼ ਹੋ ਜਾਂਦਾ ਹੈ ਅਤੇ ਸਾਹ ਕਿਰਿਆ ਦੌਰਾਨ ਤਾਜ਼ੀ ਹਵਾ ਅੰਦਰ ਜਾਂਦੀ ਹੈ। ਅੱਖਾਂ ਵਿੱਚ ਚਮਕ, ਸਰੀਰ ਨੂੰ ਪਸੀਨਾ ਅਤੇ ਫੇਫੜਿਆਂ ਵਿੱਚ ਤਾਜ਼ੀ ਹਵਾ ਜਾਂਦੀ ਹੈ ਤੇ ਗੰਦੀ ਹਵਾ ਬਾਹਰ ਨਿੱਕਲਦੀ ਹੈ। ਹੱਸਣ ਨਾਲ ਸਰੀਰ ਦੀਆਂ ਸਾਰੀਆਂ ਕਿਰਿਆਵਾਂ ਠੀਕ ਚੱਲਦੀਆਂ ਹਨ। ਸਰੀਰ ਦੇ ਅੰਗ ਸਹੀ ਤਰੀਕੇ ਨਾਲ ਕੰਮ ਕਰਦੇ ਹਨ। ਜਦੋਂ ਸਰੀਰ ਦਾ ਹਰੇਕ ਅੰਗ ਸਹੀ ਚੱਲਦਾ ਹੈ ਤਾਂ ਸਿਹਤ ਵੀ ਠੀਕ ਹੁੰਦੀ ਹੈ। ਇਸ ਦਾ ਮਤਲਬ ਇਹ ਹੈ ਕਿ ਹੱਸਣ ਨਾਲ ਅਸੀਂ ਤੰਦਰੁਸਤ ਰਹਿੰਦੇ ਹਾਂ।
ਮੁਸਕਰਾਹਟ, ਪ੍ਰਸੰਨਤਾ ਅਤੇ ਖੁਸ਼ੀ ਪਰਮਾਤਮਾ ਦੁਆਰਾ ਦਿੱਤੀ ਹੋਈ ਅਜਿਹੀ ਦਵਾਈ ਹੈ ਜਿਸਦੀ ਵਰਤੋਂ ਕਰਕੇ ਮਨੁੱਖ ਹਮੇਸ਼ਾ ਤੰਦਰੁਸਤ ਰਹਿ ਸਕਦਾ ਹੈ। ਇਹ ਇੱਕ ਅਜਿਹੀ ਦਵਾਈ ਹੈ ਜੋ ਸਾਨੂੰ ਬਿਲਕੁਲ ਮੁਫਤ ਮਿਲਦੀ ਹੈ ਅਤੇ ਇਸਦਾ ਕੋਈ ਵੀ ਸਾਈਡ-ਇਫੈਕਟ ਨਹੀਂ ਹੁੰਦਾ ਸਗੋਂ ਫਾਇਦੇ ਹੀ ਫਾਇਦੇ ਹਨ। ਹੋਰ ਕੋਈ ਵੀ ਦਵਾਈ ਇੰਨੀ ਫਾਇਦੇਮੰਦ ਨਹੀਂ ਹੁੰਦੀ ਜਿੰਨੀ ਫਾਇਦੇਮੰਦ ਮੁਸਕਰਾਹਟ ਅਤੇ ਪ੍ਰਸੰਨਤਾ ਹੈ। ਡਾਕਟਰ ਹੋਮਸ ਦਾ ਕਥਨ ਹੈ- ਜੇ ਤੁਸੀਂ ਕਿਸੇ ਡਾਕਟਰ ਕੋਲ ਜਾਣਾ ਹੈ ਤਾਂ ਅਜਿਹੇ ਡਾਕਟਰ ਕੋਲ ਜਾਓ ਜਿਹੜਾ ਹਸਮੁੱਖ ਤੇ ਖੁਸ਼ਦਿਲ ਹੋਵੇ। ਅਜਿਹੇ ਖੁਸ਼ਮਿਜ਼ਾਜ਼ ਡਾਕਟਰ ਜਦੋਂ ਰੋਗੀ ਨੂੰ ਮਿਠਾਸ ਨਾਲ ਬੋਲਦੇ ਹਨ ਤਾਂ ਰੋਗੀ ਦਾ ਅੱਧਾ ਰੋਗ ਡਾਕਟਰ ਦੇ ਬੋਲਾਂ ਨਾਲ ਹੀ ਠੀਕ ਹੋ ਜਾਂਦਾ ਹੈ। ਦੂਜਾ ਜੇਕਰ ਡਾਕਟਰ ਰੋਗੀ ਨੂੰ ਭੱਜ-ਭੱਜ ਪੈਂਦਾ ਹੈ ਜਾਂ ਗੁੱਸੇ ਨਾਲ ਬੋਲਦਾ ਹੈ ਅਜਿਹਾ ਡਾਕਟਰ ਭਲਾ ਰੋਗੀ ਦਾ ਇਲਾਜ ਕਿਵੇਂ ਕਰ ਸਕਦਾ ਹੈ।
ਅੱਧੇ ਤੋਂ ਜਿਆਦਾ ਰੋਗ ਮਾਨਸਿਕ ਹੁੰਦੇ ਹਨ। ਮਾਨਸਿਕ ਰੋਗਾਂ ਦੀ ਸਭ ਤੋਂ ਵਧੀਆ ਦਵਾਈ ਇਹੀ ਹੈ ਕਿ ਉਹਨਾਂ ਰੋਗੀਆਂ ਨਾਲ ਪਿਆਰ ਨਾਲ ਹੱਸ ਕੇ ਗੱਲ ਕਰੋ। ਬਹੁਤ ਸਾਰੇ ਮਾਨਸਿਕ ਰੋਗੀ ਵੀ ਇਸ ਤਰ੍ਹਾਂ ਠੀਕ ਹੋ ਜਾਂਦੇ ਹਨ। ਜੇਕਰ ਕੋਈ ਬਹੁਤ ਹੀ ਕਮਜ਼ੋਰ ਵਿਅਕਤੀ ਖੁਸ਼ ਰਹਿਣ ਲੱਗ ਜਾਵੇ ਤਾਂ ਉਹ ਵੀ ਆਪਣੇ ਅੰਦਰ ਐਨਰਜ਼ੀ ਮਹਿਸੂਸ ਕਰ ਸਕਦਾ ਹੈ। ਰੋਗੀ ਵਿਅਕਤੀ ਜਿਸ ਦਿਨ ਤੋਂ ਖੁਸ਼ ਰਹਿਣ ਲੱਗੇਗਾ ਉਸੇ ਦਿਨ ਤੋਂ ਹੀ ਠੀਕ ਹੋਣ ਲੱਗੇਗਾ ਕਿਉਂਕਿ ਪ੍ਰਸੰਨ ਰਹਿਣ ਨਾਲ ਸਾਰੇ ਸਰੀਰ ਦੀਆਂ ਸਾਰੀਆਂ ਪ੍ਰਣਾਲੀਆਂ ਤੇ ਦਿਮਾਗ ਸੁਚੱਜੇ ਤੌਰ ‘ਤੇ ਕੰਮ ਕਰਨ ਲੱਗਦੇ ਹਨ। ਜੀਅ ਭਰ ਕੇ ਹੱਸਣ ਨਾਲ ਸਰੀਰਕ ਅਤੇ ਮਾਨਸਿਕ ਦੋਵਾਂ ਤਰ੍ਹਾਂ ਦੇ ਰੋਗ ਠੀਕ ਹੁੰਦੇ ਹਨ।
ਜੋ ਵਿਅਕਤੀ ਨਾਖੁਸ਼, ਚਿੜਚਿੜਾ ਅਤੇ ਚਿੰਤਤ ਰਹਿੰਦਾ ਹੈ ਉਹ ਆਪਣੇ ਆਤਮ-ਵਿਸ਼ਵਾਸ ਨੂੰ ਗੁਆ ਬੈਠਦਾ ਹੈ। ਉਹ ਆਪਣੀ ਜ਼ਿੰਦਗੀ ਦੇ ਉਦੇਸ਼ਾਂ ਅਤੇ ਆਦਰਸ਼ਾਂ ਨੂੰ ਵੀ ਗੁਆ ਬੈਠਦਾ ਹੈ। ਉਹ ਈਰਖਾਲੂ, ਹੰਕਾਰੀ ਤੇ ਸਵਾਰਥੀ ਹੋ ਜਾਂਦਾ ਹੈ। ਇਸ ਪ੍ਰਕਾਰ ਦੀਆਂ ਸਾਰੀਆਂ ਬੁਰਾਈਆਂ ਤੋਂ ਬਚਣਾ ਬਹੁਤ ਜਰੂਰੀ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇ ਵਿਅਕਤੀ ਪ੍ਰਸੰਨ ਅਤੇ ਹੱਸਦਾ-ਹਸਾਉਂਦਾ ਰਹੇ। ਸਾਡਾ ਮਨ ਦ੍ਰਿੜ੍ਹ ਰਹਿਣਾ ਚਾਹੀਦਾ ਹੈ। ਦ੍ਰਿੜ ਮਨ ਵਾਲਾ ਵਿਅਕਤੀ ਹੀ ਬੁਢਾਪੇ ਵਿੱਚ ਵੀ ਜਵਾਨੀ ਦੀ ਅਵਸਥਾ ਨੂੰ ਸਥਾਈ ਬਣਾਈ ਰੱਖਦਾ ਹੈ। ਮਨ ਦ੍ਰਿੜ ਤਾਂ ਹੀ ਹੋ ਸਕਦਾ ਹੈ ਜੇਕਰ ਵਿਅਕਤੀ ਪ੍ਰਸੰਨ ਰਹੇ।
ਮਹਾਨ ਲੇਖਕ ਸ਼ੇਕਸਪੀਅਰ ਲਿਖਦੇ ਹਨ- ਪ੍ਰਸੰਨਚਿੱਤ ਲੋਕ ਚਿਰਕਾਲ ਤੱਕ ਜਿਉਂਦੇ ਰਹਿੰਦੇ ਹਨ। ਇਸ ਕਥਨ ਵਿੱਚ ਬਿਲਕੁਲ ਸੱਚਾਈ ਹੈ। ਅਸਲ ਵਿੱਚ ਉਹ ਵਿਅਕਤੀ ਜੋ ਪ੍ਰਸੰਨ ਰਹਿੰਦੇ ਹਨ ਉਹ ਹਰ ਪੱਖੋਂ ਸਰੀਰ ਪੱਖੋਂ, ਮਨ ਪੱਖੋਂ ਅਤੇ ਪ੍ਰਸਿੱਧੀ ਪੱਖੋਂ ਚਿਰਕਾਲ ਤੱਕ ਜਿਉਂਦੇ ਰਹਿੰਦੇ ਹਨ।
ਇੱਕ ਵਾਰ ਕਿਸੇ ਪਿੰਡ ਵਿੱਚੋਂ ਮੈਂ ਇੱਕ ਗੱਲ ਸੁਣੀ ਕਿ ਕੋਈ ਔਰਤ ਬਹੁਤ ਬਿਮਾਰ ਤੇ ਬਹੁਤ ਦੁਖੀ ਰਹਿੰਦੀ ਸੀ। ਉਸਦਾ ਇਲਾਜ ਵੀ ਨਹੀਂ ਹੋ ਰਿਹਾ ਸੀ। ਫੇਰ ਉਸਨੇ ਕਿਸੇ ਡਾਕਟਰ ਦੇ ਕਹਿਣ ‘ਤੇ ਪ੍ਰਸੰਨ ਰਹਿਣਾ ਸ਼ੁਰੂ ਕਰ ਦਿੱਤਾ। ਉਸਨੇ ਨਿਸ਼ਚਾ ਕੀਤਾ ਕਿ ਉਹ ਜਿੰਨਾ ਚਿਰ ਜੀਏਗੀ ਪ੍ਰਸੰਨ ਰਹੇਗੀ। ਉਸਨੇ ਸੰਕਲਪ ਲਿਆ ਕਿ ਉਹ ਦਿਨ ਵਿੱਚ ਤਿੰਨ ਵਾਰ ਖੁੱਲ੍ਹ ਕੇ ਹੱਸੇਗੀ ਭਾਵੇਂ ਹੱਸਣ ਦਾ ਕੋਈ ਕਾਰਨ ਹੋਵੇ ਜਾਂ ਨਾ ਹੋਵੇ। ਨਿਯਮ ਅਨੁਸਾਰ ਉਸਨੇ ਹੱਸਣਾ ਮੁਸਕਰਾਉਣਾ ਸ਼ੁਰੂ ਕਰ ਦਿੱਤਾ। ਜਦੋਂ ਕੋਈ ਕਾਰਨ ਨਾ ਹੁੰਦਾ ਤਾਂ ਉਹ ਆਪਣੇ ਨਿੱਜੀ ਕਮਰੇ ਵਿੱਚ ਜਾ ਕੇ ਇਕੱਲੀ ਹੀ ਹੱਸਦੀ ਰਹਿੰਦੀ।
ਹੈਰਾਨੀਜਨਕ ਨਤੀਜਾ ਇਹ ਹੋਇਆ ਕਿ ਬਹੁਤ ਜਲਦੀ ਬਿਲਕੁਲ ਤੰਦਰੁਸਤ ਹੋ ਗਈ। ਉਸਦੀ ਬਿਮਾਰੀ ਜਾਂਦੀ ਰਹੀ ਅਤੇ ਘਰ ਵਿੱਚ ਵੀ ਖੁਸ਼ੀਆਂ ਦਾ ਮਾਹੌਲ ਛਾ ਗਿਆ। ਇਹ ਸਿਰਫ ਉਸਦੇ ਹਾਸੇ ਕਾਰਨ ਹੋਇਆ। ਸੱਚਮੁੱਚ ਹੀ ਹਾਸੇ ਵਿੱਚ ਜ਼ਿੰਦਗੀ ਜਿਉਣ ਦੀ ਸ਼ਕਤੀ ਹੈ। ਉਸ ਔਰਤ ਦੀ ਹਾਸੀ ਨੇ ਸਿਰਫ ਉਸਨੂੰ ਇਕੱਲੀ ਨੂੰ ਹੀ ਲਾਭ ਨਹੀਂ ਪਹੁੰਚਾਇਆ ਸਗੋਂ ਘਰ ਦੇ ਦੂਸਰੇ ਮੈਂਬਰਾਂ ਨੂੰ ਵੀ ਬਹੁਤ ਫਾਇਦਾ ਹੋਇਆ। ਉਸਦਾ ਪਤੀ ਵੀ ਉਸਨੂੰ ਦੇਖ ਕੇ ਹੱਸਣ ਲੱਗਾ। ਬੱਚਿਆਂ ‘ਤੇ ਵੀ ਪ੍ਰਭਾਵ ਪਿਆ। ਜੋ ਵੀ ਉਸ ਦੇ ਸੰਪਰਕ ‘ਚ ਆਉਂਦਾ ਉਹ ਵੀ ਉਸ ਨਾਲ ਹੱਸ ਕੇ ਗੱਲਾਂ ਕਰਦਾ। ਜਦੋਂ ਉਸਨੂੰ ਕੋਈ ਪੁੱਛਦਾ ਕਿ ਅੱਜ ਉਹ ਕਿੰਨੀ ਵਾਰੀ ਹੱਸੀ ਤਾਂ ਕੁਦਰਤੀ ਤੌਰ ‘ਤੇ ਉਸਨੂੰ ਵੀ ਹਾਸੀ ਆਉਂਦੀ ਹੋਵੇਗੀ। ਇਸ ਤਰ੍ਹਾਂ ਹਾਸਾ ਖਿੱਲਰਦਾ ਚਲਿਆ ਜਾਂਦਾ ਸੀ।
ਮੁਸਕਰਾਉਣ ਵਾਲ਼ੇ ਵਿਅਕਤੀ ਦੇ ਹਾਵ-ਭਾਵ ਚਿਹਰੇ ‘ਤੇ ਉੱਕਰੇ ਹੋਏ ਹੁੰਦੇ ਹਨ। ਉਸਦੇ ਚਿਹਰੇ ‘ਤੇ ਹਮੇਸ਼ਾ ਇੱਕ ਆਕਰਸ਼ਣ ਰਹਿੰਦਾ ਹੈ ਜੋ ਹਰ ਇੱਕ ਦੇ ਮਨ ਨੂੰ ਮੋਹ ਲੈਂਦਾ ਹੈ। ਉਹ ਜਦੋਂ ਗੱਲ ਕਰਦਾ ਹੈ ਤਾਂ ਉਸਨੂੰ ਸੁਣਨ ਵਾਲ਼ੇ ਪ੍ਰਭਾਵਿਤ ਹੁੰਦੇ ਹਨ। ਅਜਿਹਾ ਵਿਅਕਤੀ ਸਾਰਿਆਂ ਨੂੰ ਚੰਗਾ ਲੱਗਦਾ ਹੈ। ਸਾਨੂੰ ਸਮਾਜ ਵਿੱਚ ਹਾਸੇ ਵਾਲ਼ਾ ਵਾਤਾਵਰਨ ਪੈਦਾ ਕਰਨਾ ਚਾਹੀਦਾ ਹੈ। ਸਾਡੇ ਸਰੀਰ ਦਾ ਹਰ ਤੰਤੂ ਅਤੇ ਹਰ ਨਾੜੀ ਆਪਸ ਵਿੱਚ ਸਬੰਧ ਰੱਖਦੇ ਹਨ। ਜਦੋਂ ਕਿਸੇ ਬੁਰੀ ਖਬਰ ਜਾਂ ਦੁੱਖ ਦਾ ਪ੍ਰਭਾਵ ਸਾਡੇ ਸਰੀਰ ਉੱਤੇ ਪੈਂਦਾ ਹੈ ਉਦੋਂ ਪਾਚਣ-ਕਿਰਿਆ ਵਿੱਚ ਗੜਬੜੀ ਹੋ ਜਾਂਦੀ ਹੈ, ਚਿਹਰੇ ‘ਤੇ ਉਦਾਸੀ ਛਾ ਜਾਂਦੀ ਹੈ, ਹਿਰਦੇ ਵਿੱਚ ਕਮਜ਼ੋਰੀ ਅਤੇ ਆਤਮ-ਵਿਸ਼ਵਾਸ ਵਿੱਚ ਕਮੀ ਹੋਣ ਨਾਲ ਰੋਗਾਂ ਵਿੱਚ ਵਾਧਾ ਹੁੰਦਾ ਹੈ। ਉਹ ਵਿਅਕਤੀ ਘੋਰ ਦੁੱਖਾਂ ਵਿੱਚ ਘਿਰਦਾ ਚਲਿਆ ਜਾਂਦਾ ਹੈ। ਇਸ ਲਈ ਸਾਰੀਆਂ ਦਵਾਈਆਂ ਤੋਂ ਸਸਤੀ ਦਵਾਈ ਹਾਸੀ ਹੈ। ਇਸਦਾ ਵੱਧ ਤੋਂ ਵੱਧ ਪ੍ਰਯੋਗ ਕਰੋ ਖੂਬ ਹੱਸੋ, ਤੰਦਰੁਸਤ ਰਹੋ ਅਤੇ ਸੁਖੀ ਜੀਵਨ ਬਤੀਤ ਕਰੋ। ਖੁਦ ਖੁਸ਼ ਰਹੋ।
ਦੂਜਿਆਂ ਨੂੰ ਖੁਸ਼ ਰਹਿਣ ਦੀ ਪ੍ਰੇਰਣਾ ਦਿਉ।
ਆਪਣੇ ਬੱਚਿਆਂ ਨੂੰ ਹਮੇਸ਼ਾ ਹੱਸਦੇ ਰਹਿਣ ਲਈ ਪ੍ਰੇਰਿਤ ਕਰੋ। ਜੇਕਰ ਤੁਸੀਂ ਖੁੱਲ੍ਹ ਕੇ ਖੂਬ ਹੱਸੋਗੇ ਤਾਂ ਬੱਚਿਆਂ ‘ਤੇ ਇਸਦਾ ਬਹੁਤ ਡੂੰਘਾ ਪ੍ਰਭਾਵ ਪਏਗਾ ਤੇ ਉਹ ਵੀ ਖੁੱਲ੍ਹ ਕੇ ਹੱਸਣਗੇ। ਇਸ ਨਾਲ਼ ਬੱਚਿਆਂ ਦਾ ਮਨ ਅਤੇ ਸਰੀਰ ਤੰਦਰੁਸਤ ਰਹੇਗਾ।
ਤੁਸੀਂ ਇਸ ਗੱਲ ਦਾ ਧਿਆਨ ਰੱਖੋ ਕਿ ਜੇਕਰ ਤੁਸੀਂ ਹੱਸੋਗੇ ਤਾਂ ਸਾਰਾ ਜ਼ਮਾਨਾ ਤੁਹਾਡੇ ਨਾਲ਼ ਹੱਸੇਗਾ ਪਰ ਜੇਕਰ ਤੁਸੀਂ ਰੋਵੋਗੇ ਤਾਂ ਤੁਸੀਂ ਇਕੱਲੇ ਹੀ ਰੋਵੋਗੇ ਕੋਈ ਵੀ ਤੁਹਾਡੇ ਨਾਲ਼ ਨਹੀਂ ਰੋਵੇਗਾ। ਜੇਕਰ ਜ਼ਮਾਨਾ ਹੱਸਣ ਦਾ ਸਾਥ ਦਿੰਦਾ ਹੈ ਤਾਂ ਹੱਸਦੇ ਹੀ ਰਹਿਣਾ ਚਾਹੀਦਾ ਹੈ। ਫਿਰ ਅਸੀਂ ਰੋ ਕੇ ਕਿਉਂ ਇਕੱਲੇ ਰਹੀਏ? ਸਾਨੂੰ ਜ਼ਮਾਨੇ ਨੂੰ ਆਪਣੇ ਨਾਲ਼ ਰੱਖਣਾ ਚਾਹੀਦਾ ਹੈ ਸਾਨੂੰ ਖੁਦ ਸਾਰਿਆਂ ਦਾ ਹੋਣਾ ਚਾਹੀਦਾ ਹੈ ਤੇ ਸਾਰੇ ਸਾਡੇ ਹੋ ਜਾਣਗੇ। ਬੱਚਿਆਂ ਨੂੰ ਬਚਪਨ ਤੋਂ ਹੀ ਖੁਸ਼ ਰਹਿਣਾ ਸਿਖਾਉ।
ਬੱਚਿਆਂ ਨੂੰ ਪ੍ਰਸੰਨਚਿੱਤ, ਆਨੰਦਮਈ ਅਤੇ ਸੰਗੀਤਮਈ ਬਣਾਉ। ਜਿਹੜੇ ਬੱਚੇ ਪ੍ਰਸੰਨਚਿੱਤ ਨਹੀਂ ਹੁੰਦੇ ਉਹ ਕਦੇ ਮਹਾਨ ਨਹੀਂ ਬਣ ਸਕਦੇ। ਹਾਸੀ ਦੇ ਫੁੱਲ ਹੀ ਸਫਲਤਾ ਦੇ ਫਲ਼ ਹੁੰਦੇ ਹਨ। ਜੇਕਰ ਫੁੱਲ ਨਹੀਂ ਹੋਣਗੇ ਤਾਂ ਫਲ਼ ਕਿੱਥੋਂ ਲੱਗਣਗੇ? ਹਾਸਿਆਂ ਦੇ ਫੁੱਲਾਂ ਅਤੇ ਫਲ਼ਾਂ ਨਾਲ ਸਾਰੇ ਸਮਾਜ ਨੂੰ ਫਾਇਦਾ ਹੋਵੇਗਾ। ਹਾਸੀ ਉਹ ਹੁੰਦੀ ਹੈ ਜਿਹੜੀ ਰੂਹ ਤੋਂ ਹੱਸੀ ਜਾਂਦੀ ਹੈ। ਜਿਸ ਨਾਲ਼ ਰੋਮ-ਰੋਮ ਖਿੜ ਜਾਂਦਾ ਹੈ ਜਿਸ ਹਾਸੀ ਨਾਲ਼ ਸਾਰਾ ਵਾਤਾਵਰਨ ਮਹਿਕ ਜਾਂਦਾ ਹੈ। ਮੂੰਹ ਅਤੇ ਬੁੱਲ੍ਹਾਂ ਉੱਤੇ ਦਿਖਾਵੇ ਦੀ ਹਾਸੀ ਬੇਕਾਰ ਹੁੰਦੀ ਹੈ। ਹਾਸੀ ਅੰਦਰੋਂ ਆਉਣੀ ਚਾਹੀਦੀ ਹੈ।
ਜ਼ਿੰਦਗੀ ਵਿੱਚ ਮੁਸ਼ਕਲਾਂ ਆਉਂਦੀਆਂ ਹੀ ਰਹਿੰਦੀਆਂ ਹਨ। ਸੁੱਖ ਅਤੇ ਦੁੱਖ ਦਾ ਤਾਂ ਜੋੜਾ ਹੈ। ਦਿਨ ਤੋਂ ਬਾਅਦ ਰਾਤ ਆਉਂਦੀ ਹੈ ਤੇ ਰਾਤ ਤੋਂ ਬਾਅਦ ਦਿਨ ਨੂੰ ਆਉਣਾ ਹੀ ਪੈਂਦਾ ਹੈ। ਇਸ ਤਰ੍ਹਾਂ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਮੁਸ਼ਕਲਾਂ ਤੇ ਦੁੱਖ ਹਨ ਤਾਂ ਆਪਣਾ ਧਿਆਨ ਆਉਣ ਵਾਲੇ ਸੁੱਖਾਂ ਵੱਲ ਲਾਉ। ਦੁੱਖਾਂ ਦੀ ਰਾਤ ਜ਼ਰੂਰ ਬੀਤੇਗੀ ਅਤੇ ਸੁੱਖਾਂ ਦਾ ਦਿਨ ਜਰੂਰ ਚੜ੍ਹੇਗਾ।
ਤੁਸੀਂ ਦੁੱਖ ਜਾਂ ਮੁਸ਼ਕਲ ਵਿੱਚ ਰੋਈ ਜਾਂਦੇ ਹੋ ਤਾਂ ਵੀ ਉਹ ਵੈਸੀ ਹੀ ਰਹਿੰਦੀ ਹੈ, ਜਦੋਂ ਮੁਸੀਬਤ ਨੇ ਜਾਣਾ ਉਹ ਉਦੋਂ ਹੀ ਜਾਵੇਗੀ ਰੋਣ ਨਾਲ਼ ਉਹ ਤੁਹਾਡਾ ਪੱਲਾ ਜਲਦੀ ਨਹੀਂ ਛੱਡੇਗੀ। ਹਾਂ ਜੇਕਰ ਤੁਸੀਂ ਹੱਸੋਗੇ ਤਾਂ ਜਰੂਰ ਹੀ ਜਲਦੀ ਚਲੀ ਜਾਵੇਗੀ ਦੁਨੀਆਂ ਵਿੱਚ ਅਜਿਹਾ ਕੋਈ ਵੀ ਵਿਅਕਤੀ ਪੈਦਾ ਨਹੀਂ ਹੋਇਆ ਜਿਸਨੇ ਦੁੱਖ ਜਾਂ ਮੁਸੀਬਤ ਨਾ ਦੇਖੀ ਹੋਵੇ। ਤੁਸੀਂ ਘਬਰਾਉ ਨਾ। ਹੱਸਦੇ ਰਹੋ। ਆਪਣੇ ਉਤਸ਼ਾਹ ਨੂੰ ਘਟਾਉ ਨਾ। ਜਿੱਤ ਹਮੇਸ਼ਾ ਹੱਸਣ ਵਾਲੇ ਦੀ ਹੁੰਦੀ ਹੈ। ਰੋਣ ਵਾਲਾ ਤਾਂ ਆਪਣਾ ਹੌਂਸਲਾ ਤੇ ਉਤਸ਼ਾਹ ਗੁਆ ਕੇ, ਘਬਰਾ ਕੇ ਆਪਣਾ ਸਾਰਾ ਕੁਝ ਬਰਬਾਦ ਕਰ ਲੈਂਦਾ ਹੈ।
ਹਰਪ੍ਰੀਤ ਕੌਰ ਭੰਗੂ,
ਕਣਕਵਾਲ ਭੰਗੂਆਂ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।