ਸੀਵਰੇਜ ਪ੍ਰੋਜੈਕਟ ‘ਚ ਘਪਲੇਬਾਜ਼ੀ ਦੀ ਸ਼ਿਕਾਇਤ ‘ਤੇ ਮੌਕਾ ਦੇਖਣ ਪੁੱਜੇ ਸਿੱਧੂ (Navjot Sidhu)
ਗੁਰਦਾਸਪੁਰ, (ਸੱਚ ਕਹੁੰ ਨਿਊਜ਼) ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ (Navjot Sidhu) ਨੇ ਅੱਜ ਹਲਕਾ ਡੇਰਾ ਬਾਬਾ ਨਾਨਕ ‘ਚ ਪਏ ਸੀਵਰੇਜ ਸਿਸਟਮ ਦੇ ਕੰਮ ‘ਚ ਵੱਡੇ ਪੱਧਰ ‘ਤੇ ਹੋਈ ਘਪਲੇਬਾਜ਼ੀ ਦਾ ਸਖ਼ਤ ਨੋਟਿਸ ਲੈਂਦਿਆਂ ਸੀਵਰੇਜ ਬੋਰਡ ਦੇ ਐਸਡੀਓ ਜੁਗਲ ਕਿਸ਼ੋਰ ਨੂੰ ਮੌਕੇ ‘ਤੇ ਮੁਅੱਤਲ ਕਰ ਦਿੱਤਾ। ਸ੍ਰੀ ਸਿੱਧੂ ਅੱਜ ਇੱਥੇ ਹਲਕਾ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਦੇ ਸੱਦੇ ‘ਤੇ ਇਲਾਕੇ ਅੰਦਰ ਸੀਵਰੇਜ ਸਿਸਟਮ ਵਿੱਚ ਹੋਏ ਭ੍ਰਿਸ਼ਟਾਚਾਰ ਸਬੰਧੀ ਮੌਕਾ ਦੇਖਣ ਲਈ ਆਏ ਹੋਏ ਸਨ। ਇਸ ਦੌਰਾਨ ਉਨ੍ਹਾਂ ਡੇਰਾ ਬਾਬਾ ਨਾਨਕ-ਫ਼ਤਿਹਗੜ੍ਹ ਚੂੜੀਆਂ ਰੋਡ ‘ਤੇ ਬਣੇ ਵਾਟਰ ਟਰੀਟਮੈਂਟ ਪਲਾਂਟ ਦਾ ਦੌਰਾ ਵੀ ਕੀਤਾ।
ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਲਗਾਏ ਗਏ ਪ੍ਰੋਜੈਕਟਾਂ ਵਿੱਚ ਵੱਡੀ ਮਾਤਰਾ ‘ਚ ਪੈਸੇ ਖ਼ਰਚ ਕੀਤੇ ਗਏ ਸਨ ਅਤੇ ਉਸ ਵਿੱਚ ਭ੍ਰਿਸ਼ਟਾਚਾਰ ਵੀ ਵੱਡੇ ਪੱਧਰ ‘ਤੇ ਹੋਇਆ ਹੈ। ਉਨ੍ਹਾਂ ਅੰਮ੍ਰਿਤਸਰ ਵਿਖੇ ਲਗਾਏ ਜਾਇਕਾ ਪ੍ਰੋਜੈਕਟ ਦੀ ਗੱਲ ਕਰਦਿਆਂ ਕਿਹਾ ਕਿ 400 ਕਰੋੜ ਰੁਪਏ ਦੇ ਪ੍ਰੋਜੈਕਟ ਵਿੱਚ ਸਿਰਫ਼ 100 ਕਰੋੜ ਰੁਪਏ ਦੇ ਕੰਮ ਹੀ ਹੋਏ ਹਨ ਅਤੇ ਸਬੰਧੀ ਵਿਜ਼ੀਲੈਂਸ ਜਾਂਚ ਕਰਵਾਈ ਜਾ ਰਹੀ ਹੈ। ਇਸੇ ਤਰ੍ਹਾਂ ਇਤਿਹਾਸਕ ਤੇ ਪਵਿੱਤਰ ਸਥਾਨ ਡੇਰਾ ਬਾਬਾ ਨਾਨਕ ਵਿਖੇ ਵੀ 13 ਕਰੋੜਾਂ ਰੁਪਏ ਦੀ ਲਾਗਤ ਨਾਲ ਪਏ ਸੀਵਰੇਜ ਵਿੱਚ ਵੱਡੇ ਪੱਧਰ ‘ਤੇ ਧਾਂਦਲੀ ਹੋਈ ਹੈ ਅਤੇ ਇਸ ਦੀ ਵੀ ਮੁਕੰਮਲ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਸੀਵਰੇਜ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਵਿਸਥਾਰ ਵਿੱਚ ਰਿਪੋਰਟ ਦੇਣ ਦੀ ਹਦਾਇਤ ਵੀ ਕੀਤੀ ।
ਧਾਂਦਲੀ ਸਬੰਧੀ ਜਾਣੂ ਕਰਵਾਇਆ
ਇਸ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਸਿੱਧੂ ਨੂੰ ਸੀਵਰੇਜ ਸਿਸਟਮ ਵਿੱਚ ਵੱਡੇ ਪੱਧਰ ‘ਤੇ ਹੋਈ ਧਾਂਦਲੀ ਸਬੰਧੀ ਜਾਣੂ ਕਰਵਾਇਆ ਅਤੇ ਕਿਹਾ ਕਿ ਹੁਣ ਨਗਰ ਕੌਂਸਲ ਵੱਲੋਂ ਪਿਛਲੇ 10 ਸਾਲਾਂ ਦੌਰਾਨ ਕਰਵਾਏ ਕੰਮਾਂ ਦੀ ਪੜਤਾਲ ਵੀ ਕਰਵਾਈ ਜਾਵੇਗੀ। ਇਸ ਮੌਕੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਸਾਂਸਦ ਗੁਰਜੀਤ ਸਿੰਘ ਔਜਲਾ, ਚੀਫ਼ ਇੰਜੀਨੀਅਰ ਸੀਵਰੇਜ ਬੋਰਡ ਕੇਐਸ ਨਾਗਲਾ, ਦਲਜੀਤ ਸਿੰਘ ਇੰਜੀਨੀਅਰ ਆਫ਼ ਚੀਫ਼ ਸੀਵਰੇਜ ਬੋਰਡ, ਆਸੀਸ ਰਾਏ ਐਕਸੀਅਨ ਸੀਵਰੇਜ ਬੋਰਡ, ਸਕੱਤਰ ਸਿੰਘ ਬੱਲ ਐਸਡੀਐਮ, ਰਛਪਾਲ ਸਿੰਘ ਪੀਏ ਅਤੇ ਡਾ. ਸਤਨਾਮ ਸਿੰਘ ਨਿੱਝਰ ਸਮੇਤ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।