ਬਿੱਲ ਕਲੀਅਰ ਕਰਨ ਬਦਲੇ ਐਸਡੀਓ ’ਤੇ ਆਪਣੇ ਸਹਾਇਕ ਜ਼ਰੀਏ 15 ਹਜ਼ਾਰ ਰੁਪਏ ਰਿਸ਼ਵਤ ਲੈਣ ਦਾ ਦੋਸ਼ | Bribe News
Bribe News : (ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ ਵੱਲੋਂ ਇੱਕ ਐਸਡੀਓ ਤੇ ਉਸਦੇ ਸਹਾਇਕ ਨੂੰ ਕਥਿੱਤ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸਡੀਓ ਤੇ ਉਸਦੇ ਸਹਾਇਕ ਨੂੰ ਇੱਕ ਲਿਮਟਿਡ ਕੰਪਨੀ ਦੇ ਜਨਰਲ ਮੈਨੇਜਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਐਸਡੀਓ ਨੇਹਾ ਪੰਚਾਲ ਦੇ ਉਸਦੇ ਸਹਾਇਕ ਨੈਤਿਕ ਖਿਲਾਫ਼ ਇਹ ਕੇਸ ਸੁਸ਼ੀਲ ਕੁਮਾਰ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ ਜੋ ਗਗਨਦੀਪ ਕਲੋਨੀ ਭੱਟੀਆਂ ਬੇਟ ਲੁਧਿਆਣਾ ਵਾਸੀ ਅਤੇ ਪੀਟਾਮਾਸ ਪ੍ਰਾਈਵੇਟ ਲਿਮਟਿਡ ਕੰਪਨੀ ਲੁਧਿਆਣਾ ਦੇ ਜਨਰਲ ਮੈਨੇਜਰ ਹਨ। Bribe News
ਇਹ ਵੀ ਪੜ੍ਹੋ: Punjab Elections News: ਨਗਰ ਨਿਗਮ ਚੋਣਾਂ ਸੰਬੰਧੀ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਮਿਲੀ ਵੱਡੀ ਰਾਹਤ
ਸ਼ਿਕਾਇਤ ਅਨੁਸਾਰ ਉਕਤ ਕੰਪਨੀ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਅਧੀਨ ਲੁਧਿਆਣਾ ਸਮਾਰਟ ਸਿਟੀ ਪ੍ਰੋਜੈਕਟ ਲਈ ਆਈਈਸੀ ਸਲਾਹਕਾਰ ਵਜੋਂ ਸੇਵਾਵਾਂ ਪ੍ਰਦਾਨ ਕਰ ਰਹੀ ਹੈ ਅਤੇ ਇਸ ਕੰਪਨੀ ਨੂੰ 1 ਜਨਵਰੀ 2023 ਤੋਂ 30 ਸਤੰਬਰ 2024 ਤੱਕ ਟੈਂਡਰ ਅਲਾਟ ਕੀਤਾ ਗਿਆ ਸੀ। ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਤੱਕ ਪਹੁੰਚ ਕਰਕੇ ਦੱਸਿਆ ਹੈ ਕਿ ਉਕਤ ਕੰਪਨੀ ਦਾ ਕੁੱਲ 7 ਲੱਖ 8 ਹਜ਼ਾਰ ਰੁਪਏ ਦਾ ਸਾਲਾਨਾ ਬਿੱਲ ਸਥਾਨਕ ਨਗਰ ਨਿਗਮ ਜ਼ੋਨ-ਡੀ ਵਿਖੇ ਸਮਾਰਟ ਸਿਟੀ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਇਆ ਗਿਆ ਸੀ।
ਨਿਗਮ ਦੇ ਸਮਾਰਟ ਸਿਟੀ ਪ੍ਰੋਜੈਕਟ ਲਈ ਆਈਈਸੀ ਸਲਾਹਕਾਰ ਐਸਡੀਓ ਤੇ ਉਸਦਾ ਸਹਾਇਕ ਵਿਜੀਲੈਂਸ ਵੱਲੋਂ ਕਾਬੂ
ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਗਾਇਆ ਕਿ ਜਦੋਂ ਉਹ ਐਸਡੀਓ ਨੇਹਾ ਪੰਚਾਲ ਦੇ ਦਫ਼ਤਰ ਗਿਆ ਤਾਂ ਉਨ੍ਹਾਂ ਨੇ ਬਿੱਲ ਪਾਸ ਕਰਵਾਉਣ ਬਦਲੇ 15 ਹਜ਼ਾਰ ਰੁਪਏ ਜਾਂ ਕੁੱਲ ਰਕਮ ਦਾ 2 ਪ੍ਰਤੀਸ਼ਤ ਰਿਸ਼ਵਤ ਦੇਣ ਦੀ ਮੰਗ ਕੀਤੀ ਅਤੇ ਸ਼ਿਕਾਇਤਕਰਤਾ ਨੇ ਐਸਡੀਓ ਨੇਹਾ ਨਾਲ ਹੋਈ ਗੱਲਬਾਤ ਦੀ ਰਿਕਾਰਡਿੰਗ ਵੀ ਬਣਾ ਲਈ। ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਵਿੱਚ ਲਗਾਏ ਗਏ ਦੋਸ਼ਾਂ ਦੀ ਪੜਤਾਲ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਐਸਡੀਓ ਨੇਹਾ ਪੰਚਾਲ ਦੇ ਉਸਦੇ ਸਹਾਇਕ ਨੈਤਿਕ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 15 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਉਨ੍ਹਾਂ ਅੱਗੇ ਦੱਸਿਆ ਕਿ ਨੈਤਿਕ ਨੂੰ ਐਸਡੀਓ ਨੇਹਾ ਵੱਲੋਂ ਰਿਸ਼ਵਤ ਦੀ ਰਕਮ ਵਸੂਲਣ ਲਈ ਭੇਜਿਆ ਗਿਆ ਸੀ। ਇਸ ਤੋਂ ਬਾਅਦ ਇਸ ਕੇਸ ਵਿੱਚ ਐਸਡੀਓ ਨੇਹਾ ਪੰਚਾਲ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧੀ ਦੋਵਾਂ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ। ਦੋਵਾਂ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ। Bribe News