ਐੱਸ.ਡੀ.ਐੱਮ ਧੂਰੀ ਨੇ ਗ੍ਰਾਮ ਪੰਚਾਇਤਾਂ ਤੇ ਹੋਰ ਸੰਸਥਾਵਾਂ ਦੇ ਆਗੂਆਂ ਨਾਲ ਕੀਤੀ ਗਈ ਮੀਟਿੰਗ

ਕੋਰੋਨਾ ਸਬੰਧੀ ਫੈਲੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਦੀ ਲੋੜ :- ਐੱਸ.ਡੀ.ਐੱਮ ਲਤੀਫ ਅਹਿਮਦ

ਸ਼ੇਰਪੁਰ (ਰਵੀ ਗੁਰਮਾ)। ਅੱਜ ਸ਼ਾਮੀ ਸਬ-ਡਵੀਜਨ ਧੂਰੀ ਦੇ ਐੱਸ.ਡੀ.ਐੱਮ ਲਤੀਫ ਅਹਿਮਦ ਵੱਲੋਂ ਸਰਕਾਰੀ ਹਸਪਤਾਲ ਸ਼ੇਰਪੁਰ ਵਿਖੇ ਸਮੂਹ ਗ੍ਰਾਮ ਪੰਚਾਇਤ ਸ਼ੇਰਪੁਰ ਤੇ ਪੱਤੀ ਖਲੀਲ, ਵਪਾਰ ਮੰਡਲ ਸ਼ੇਰਪੁਰ ਅਤੇ ਹੋਰ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨਾਲ ਕੋਰੋਨਾ ਵਾਇਰਸ ਸਬੰਧੀ ਇੱਕ ਮੀਟਿੰਗ ਕੀਤੀ ਗਈ। ਜਿਸ ਦਾ ਮੁੱਖ ਮਕਸਦ ਇਲਾਕੇ ਵਿੱਚ ਪੰਚਾਇਤਾਂ ਵੱਲੋਂ ਕੋਰੋਨਾ ਵਾਇਰਸ ਦੇ ਟੈਸਟਾਂ ਨੂੰ ਲੈ ਕੇ ਸਿਹਤ ਵਿਭਾਗ ਖਿਲਾਫ਼ ਪਾਏ ਮਤਿਆਂ ਬਾਰੇ ਜਾਗਰੂਕ ਕਰਨਾ ਸੀ।

ਲਤੀਫ ਅਹਿਮਦ ਨੇ ਕਿਹਾ ਕਿ ਅਫਵਾਹਾਂ ਤੋਂ ਸੁਚੇਤ ਹੋਣ ਦੀ ਲੋੜ ਹੈ ਤੇ ਸਾਰੇ ਹੀ ਕੋਵਿਡ ਕੇਅਰ ਸੈਂਟਰਾਂ ਅੰਦਰ ਸਰਕਾਰ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਸਮੇਂ-ਸਮੇਂ ‘ਤੇ ਉਨ੍ਹਾਂ ਦੀ ਚੈਕਿੰਗ ਹੁੰਦੀ ਹੈ ਤੇ ਖਾਣ-ਪੀਣ ਦੇ ਨਾਲ- ਨਾਲ ਮਰੀਜਾਂ ਨੂੰ ਦਵਾਈਆਂ ਵਗੈਰਾ ਅਤੇ ਹੋਰ ਲੋੜੀਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਕੋਈ ਵੀ ਵਿਅਕਤੀ ਜਿਸਨੂੰ ਸ਼ੱਕ ਹੈ ਕਿ ਕੇਅਰ ਸੈਂਟਰ ਵਿੱਚਲੇ ਪ੍ਰਬੰਧ ਠੀਕ ਨਹੀ ਹਨ ਤਾ ਉਹ ਖੁਦ ਸਾਡੇ ਨਾਲ ਜਾਕੇ ਚੈੱਕ ਕਰ ਸਕਦੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਵੀ ਪਰਿਵਾਰ ਦੇ ਮੈਂਬਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਂਦੀ ਹੈ ਤਾਂ ਉਸਦੇ ਪਰਿਵਾਰਿਕ ਮੈਂਬਰਾਂ ਅਤੇ ਸੰਪਰਕ ‘ਚ ਆਏ ਵਿਅਕਤੀਆਂ ਦੇ ਟੈਸਟ ਲਾਜਮੀ ਕਰਵਾਏ ਜਾਣੇ ਚਾਹੀਦੇ ਹਨ ਤਾਂ ਜੋ ਕਿਸੇ ਹੋਰ ਤੱਕ ਇਸ ਵਾਇਰਸ ਦੀ ਲਾਗ ਅੱਗੇ ਨਾ ਪਹੁੰਚੇ। ਉਨ੍ਹਾਂ ਵਿਸ਼ੇਸ ਤੌਰ ‘ਤੇ ਕਿਹਾ ਕਿ ਕੋਵਿਡ ਕੇਅਰ ਸੈਂਟਰਾਂ ਅੰਦਰ ਊਣਤਾਈਆਂ ਤਾਂ ਹੋ ਸਕਦੀਆਂ ਹਨ ਜਿਸ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ ਪਰ ਇਨ੍ਹਾਂ ਸਬੰਧੀ ਅਫਵਾਹਾਂ ਫੈਲਾਉਣ ਦੀ ਬਜਾਏ ਇਹਨਾਂ ਕਮੀਆਂ ਪੇਸ਼ੀਆਂ ਬਾਰੇ ਪ੍ਰਸ਼ਾਸਨ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਜੋ ਇਨ੍ਹਾਂ ਨੂੰ ਦੂਰ ਕੀਤਾ ਜਾ ਸਕੇ।

ਉਨ੍ਹਾਂ ਮੋਹਤਬਾਰ ਸੱਜਣਾ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਅਤੇ ਝੂਠੀਆਂ ਅਫਵਾਹਾਂ ਤੋਂ ਸੁਚੇਤ ਰਹਿਣ ਲਈ ਜਾਗਰੂਕ ਕਰਨ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਸ਼ੇਰਪੁਰ ਡਾਕਟਰ ਕਿਰਪਾਲ ਸਿੰਘ, ਥਾਣਾ ਮੁਖੀ ਸ਼ੇਰਪੁਰ ਇੰਸਪੈਕਟਰ ਯਾਦਵਿੰਦਰ ਸਿੰਘ, ਟਰੈਫਿਕ ਇੰਚਾਰਜ ਗੁਰਤੇਜ ਸਿੰਘ, ਹੈਲਥ ਇੰਸਪੈਕਟਰ ਰਾਜਵੀਰ ਸਿੰਘ, ਸੀਨੀਅਰ ਸਹਾਇਕ ਮਾਲਵਿੰਦਰ ਕਲੇਰ, ਸਰਪੰਚ ਰਣਜੀਤ ਸਿੰਘ ਸ਼ੇਰਪੁਰ, ਸਰਪੰਚ ਰਣਜੀਤ ਸਿੰਘ ਬਿੱਲੂ ਪੱਤੀ ਖਲੀਲ, ਮਨਦੀਪ ਸਿੰਘ ਖੀਪਲ ਪ੍ਰਧਾਨ ਵਪਾਰ ਮੰਡਲ, ਚਮਕੌਰ ਸਿੰਘ ਆਸਟ, ਪੰਚ ਭਾਗ ਸਿੰਘ, ਦਰਸ਼ਨ ਸਿੰਘ, ਪੰਚ ਹਰਜੀਤ ਸਿੰਘ, ਪੰਚ ਸਕਤੀ ਸਿੰਘ,ਨਿਰਮਲ ਸਿੰਘ ਔਲਖ ,ਚਰਨਜੀਤ ਸਿੰਘ , ਅਮਰੀਕ ਸਿੰਘ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਆਗੂ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.