School Van Accident: (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਟਾਇਰ ਫੱਟਣ ਤੋਂ ਬਾਅਦ ਦਰੱਖ਼ਤ ਨਾਲ ਟਕਰਾਉਣ ਨਾਲ ਸਕੂਲ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ’ਚ ਇੱਕ ਬੱਚੇ ਦੀ ਮੌਤ ਹੋ ਗਈ ਅਤੇ ਚਾਰ ਬੱਚੇ ਜ਼ਖਮੀ ਹੋ ਗਏ। ਇਸ ਹਾਦਸੇ ’ਚ ਇੱਕ 9 ਸਾਲਾਂ ਬੱਚੇ ਦੀ ਬਠਿੰਡਾ ਦੇ ਏਮਜ਼ ਹਸਪਤਾਲ ਵਿੱਚ ਇਲਾਜ਼ ਦੌਰਾਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਜਸਕੰਵਲ ਸਿੰਘ ਪੁੱਤਰ ਜਸਵਿੰਦਰ ਸਿਘੰ ਨਿਵਾਸੀ ਧੂਲਕੋਟ ਦੇ ਰੂਪ ਵਿੱਚ ਹੋਈ ਹੈ।
ਇਹ ਵੀ ਪੜ੍ਹੋ: Bribe: ਇੱਕ ਲੱਖ ਰੁਪਏ ਵੱਢੀ ਲੈਂਦਾ ਪੁਲਿਸ ਇੰਸਪੈਕਟਰ ਗ੍ਰਿਫ਼ਤਾਰ
ਦੱਸ ਦੇਈਏ ਕਿ ਮ੍ਰਿਤਕ ਚੌਥੀ ਕਲਾਸ ਦਾ ਵਿਦਿਆਰਥੀ ਸੀ ਅਤੇ ਮਾਤਾ-ਪਿਤਾ ਦਾ ਇੱਕਲੌਤਾ ਬੱਚਾ ਸੀ। ਪੁਲਿਸ ਵੱਲੋਂ ਮਾਮਲੇ ਦੀ ਬਾਰੀਕ ਨਾਲ ਜਾਂਚ ਕੀਤੀ ਜਾ ਰਹੀ ਹੈ, ਜਦੋਂ ਕਿ ਇਸ ਹਾਦਸੇ ਸਮੇਂ ਵੈਨ ਵਿੱਚ 30-35 ਬੱਚੇ ਸਵਾਰ ਸਨ। ਹਾਦਸੇ ਵਿੱਚ ਡਰਾਈਵਰ ਅਤੇ ਚਾਰ ਬੱਚੇ ਗੰਭੀਰ ਰੂਪ ਨਾਲ ਜਖ਼ਮੀ ਹੋ ਗਏ ਸਨ, ਜਿਨਾਂ ਨੂੰ ਬਠਿੰਡਾ ਦੇ ਏਮਜ਼ ’ਚ ਭਰਤੀ ਕਰਵਾਇਆ ਗਿਆ ਸੀ।
ਜਾਣਕਾਰੀ ਦੇ ਅਨੁਸਾਰ ਮੁਕਤਸਰ ਦੇ ਨਿੱਜੀ ਸਕੂਲ ਦੀ ਵੈਨ ਵਿੱਚ ਬੱਚੇ ਖੇਡਾਂ ਵਿੱਚ ਭਾਗ ਲੈ ਕੇ ਵਾਪਿਸ ਪਿੰਡ ਮੱਲਣ ਪਰਤ ਰਹੇ ਸਨ। ਇਸ ਦੌਰਾਨ ਪਿੰਡ ਕਾਉਣੀ ਰੋਡ ’ਤੇ ਵੈਨ ਦਾ ਅਚਾਨਕ ਟਾਇਰ ਫਟ ਗਿਆ ਅਤੇ ਉਹ ਸੜਕ ਕਿਨਾਰੇ ਖੜੇ ਦਰੱਖ਼ਤ ਨਾਲ ਜਾ ਟਕਰਾਈ। ਹਾਦਸੇ ਮੌਕੇ ਵੈਨ ਵਿੱਚ ਸਵਾਰ ਚਾਰ ਬੱਚੇ ਅਤੇ ਚਾਲਕ ਮਨਦੀਪ ਗੰਭੀਰ ਰੂਪ ਨਾਲ ਜਖ਼ਮੀ ਹੋ ਗਿਆ। ਜਖ਼ਮੀਆਂ ਨੂੰ ਬਠਿੰਡਾ ਏਮਜ਼ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਦਸੇ ਵਿੱਚ ਬਾਕੀ ਬੱਚਿਆਂ ਨੂੰ ਮਾਮੂਲੀ ਝਰੀਟਾਂ ਲੱਗੀਆਂ। ਹਾਦਸੇ ਤੋਂ ਬਾਅਦ ਵੈਨ ਦੇ ਪਰਖੱਚੇ ਉੱਡ ਗਏ ਸਨ। ਰਾਹਗੀਰਾਂ ਦੀ ਮੱਦਦ ਨਾਲ ਜਖ਼ਮੀਆਂ ਨੂੰ ਬਾਹਰ ਕੱਢਿਆ ਗਿਆ ਸੀ। ਮ੍ਰਿਤਕ ਬੱਚੇ ਜਸਕੰਵਲ ਸਿੰਘ ਦਾ ਪਿਤਾ ਖੇਤੀ ਕਰਦਾ ਹੈ ਤੇ ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਘਰ ਵਿੱਚ ਮਾਹੌਲ ਪੂਰੀ ਤਰਾਂ ਗਮਗੀਨ ਬਣਿਆ ਹੋਇਆ ਹੈ, ਬੱਚੇ ਦੀ ਮੌਤ ਮੰਗਲਵਾਰ ਸਵੇਰੇ ਹੋਈ ਦੱਸੀ ਜਾ ਰਹੀ ਹੈ।