ਸਕੂਲੀ ਸਿਲੇਬਸ ਵਿੱਚ ਹੁਣ ਸ਼ਾਮਿਲ ਹੋਣਗੀਆਂ ਦੇਸੀ ਖੇਡਾਂ

ਖੇਡਾਂ ਬੱਚਿਆਂ ਦੇ ਸਰੀਰਕ ਵਿਕਾਸ ਦੇ ਨਾਲ ਮਾਨਸਿਕ ਵਿਕਾਸ ਲਈ ਵੀ ਬਹੁਤ ਜ਼ਰੂਰੀ ਹਨ। ਖੇਡਾਂ ਨਾਲ ਜਿੱਥੇ ਬੱਚਿਆਂ ਵਿੱਚ ਆਪਸੀ ਪਿਆਰ, ਭਾਈਚਾਰਾ ਤੇ ਅਪਣੱਤ ਪੈਦਾ ਹੁੰਦੀ ਹੈ, ਉੱਥੇ ਹੀ ਇਹ ਅਨੁਸ਼ਾਸਨ ਤੇ ਸਹਿਣਸ਼ੀਲਤਾ ਦੀ ਭਾਵਨਾ ਵੀ ਸਿਖਾਉਂਦੀਆਂ ਹਨ। ਬਚਪਨ ਮਨੁੱਖੀ ਜੀਵਨ ਦਾ ਇੱਕ ਅਹਿਮ ਪੜਾਅ ਹੁੰਦਾ ਹੈ ਜਿੱਥੇ ਆਦਮੀ ਆਪਣੇ ਸਾਥੀਆਂ ਨਾਲ ਭਿੰਨ-ਭਿੰਨ ਖੇਡਾਂ ਖੇਡਦਾ ਹੈ। ਬਚਪਨ ਵਾਲੀ ਬੇਫਿਕਰੀ ਤੇ ਮੌਜ ਮਨੁੱਖ ਨੂੰ ਬਾਕੀ ਸਾਰੀ ਜ਼ਿੰਦਗੀ ਵਿੱਚ ਨਹੀਂ ਮਿਲਦੀ ਹੈ।

ਅੱਜ ਦਾ ਬਚਪਨ ਬਸਤੇ ਦੇ ਬੋਝ ਤੇ ਮੋਬਾਈਲ ਫੋਨ ਥੱਲੇ ਦੱਬ ਕੇ ਰਹਿ ਗਿਆ ਹੈ। ਇਸ ਕਰਕੇ ਹੀ ਅੱਜ ਤੋਂ ਦੋ-ਤਿੰਨ ਦਹਾਕੇ ਪਹਿਲਾਂ ਦੇ ਬਚਪਨ ਤੇ ਅੱਜ ਦੇ ਬਚਪਨ ਵਿੱਚ ਬਹੁਤ ਅੰਤਰ ਆ ਗਿਆ ਹੈ। ਇੱਕ ਸਮਾਂ ਹੁੰਦਾ ਸੀ ਜਦ ਬੱਚੇ ਬਚਪਨ ਵਿੱਚ ਚੋਰ ਸਿਪਾਹੀ, ਲੁਕਣ ਮੀਟੀ, ਕੋਟਲਾ ਛਪਾਕੀ, ਬਾਂਦਰ ਕਿੱਲਾ, ਖਿੱਦੋ ਖੂੰਡੀ, ਗੁੱਲੀ ਡੰਡਾ, ਪੀਚੋ ਬੱਕਰੀ, ਬੰਟੇ ਆਦਿ ਬਹੁਤ ਸਾਰੀਆਂ ਦੇਸੀ ਖੇਡਾਂ ਖੇਡਦੇ ਸਨ। ਉਸ ਸਮੇਂ ਬੱਚੇ ਨੂੰ ਹੁਣ ਵਾਂਗ ਜੰਮਦੇ ਨੂੰ ਹੀ ਕਰੱਚ ਜਾਂ ਸਕੂਲ ਵਿੱਚ ਨਹੀਂ ਪਾਇਆ ਜਾਂਦਾ ਸੀ ਬਲਕਿ ਜਦੋਂ ਉਹ ਪੰਜ-ਸੱਤ ਸਾਲ ਦਾ ਹੋ ਜਾਂਦਾ ਸੀ ਤਾਂ ਸਕੂਲ ਜਾਣ ਲੱਗਦਾ ਸੀ।

ਜਿਸ ਕਰਕੇ ਉਨ੍ਹਾਂ ਵੇਲਿਆਂ ਵਿੱਚ ਬੱਚੇ ਨੂੰ ਸਕੂਲ ਜਾਣ ਤੋਂ ਪਹਿਲਾਂ ਹੀ ਬਹੁਤ ਸਮਾਂ ਖੇਡਣ ਲਈ ਮਿਲ ਜਾਂਦਾ ਸੀ। ਇਸ ਤੋਂ ਬਿਨਾਂ ਉਨ੍ਹਾਂ ਵੇਲਿਆਂ ਵਿੱਚ ਅੱਜ ਵਾਂਗ ਬੱਚਿਆਂ ’ਤੇ ਪੜ੍ਹਾਈ ਦਾ ਇੰਨਾ ਬੋਝ ਨਹੀਂ ਹੁੰਦਾ ਸੀ। ਪਰ ਅੱਜ ਦੇ ਸਮੇਂ ਵਿੱਚ ਸਭ ਕੁਝ ਬਦਲ ਗਿਆ ਹੈ ਤੇ ਅਜੋਕੇ ਡਿਜ਼ੀਟਲ ਯੁੱਗ ਵਿੱਚ ਇਹ ਰਿਵਾਇਤੀ ਖੇਡਾਂ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਵਿੱਚੋਂ ਵੀ ਅਲੋਪ ਹੋ ਗਈਆਂ ਹਨ। ਇਨ੍ਹਾਂ ਖੇਡਾਂ ਦੀ ਥਾਂ ਕਿ੍ਰਕਟ, ਫੁੱਟਬਾਲ, ਹਾਕੀ, ਬੈਡਮਿੰਟਨ, ਟੇਬਲ ਟੈਨਿਸ ਆਦਿ ਖੇਡਾਂ ਨੇ ਲੈ ਲਈ ਹੈ। ਅੱਜ-ਕੱਲ੍ਹ ਬੱਚੇ ਇੰਡੋਰ ਖੇਡਾਂ ਵੱਲ ਜ਼ਿਆਦਾ ਰੁਚਿਤ ਹੋ ਰਹੇ ਹਨ ਤੇ ਉਹ ਦੌੜ-ਭੱਜ ਵਾਲੀਆਂ ਖੇਡਾਂ ਤੋਂ ਟਾਲਾ ਵੱਟਣ ਲੱਗ ਪਏ ਹਨ। ਉਹ ਸਾਰਾ ਦਿਨ ਕਮਰੇ ਅੰਦਰ ਬੈਠ ਕੇ ਹੀ ਗੇਮਾਂ ਖੇਡਦੇ ਰਹਿੰਦੇ ਹਨ। ਵੀਡੀਓ ਗੇਮ ਤੇ ਮੋਬਾਈਲ ਗੇਮਾਂ ਦੀ ਭੈੜੀ ਆਦਤ ਨੇ ਬੱਚਿਆਂ ਨੂੰ ਆਪਣੀਆਂ ਵਿਰਾਸਤੀ ਦੇਸੀ ਖੇਡਾਂ ਨਾਲੋਂ ਦੂਰ ਕਰ ਦਿੱਤਾ ਹੈ। ਉਹ ਬਾਹਰ ਗਲੀਆਂ ਵਿੱਚ ਜਾਂ ਗਰਾਊਂਡ ਵਿੱਚ ਖੇਡਣਾ ਭੁੱਲ ਕੇ ਸਾਰਾ ਦਿਨ ਮੋਬਾਈਲਾਂ ਨਾਲ ਚਿੰਬੜੇ ਰਹਿੰਦੇ ਹਨ।

ਪਰ ਹੁਣ ਸਰਕਾਰ ਇਨ੍ਹਾਂ ਠੇਠ ਦੇਸੀ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਤੇ ਬੱਚਿਆਂ ਨੂੰ ਇਨ੍ਹਾਂ ਖੇਡਾਂ ਨਾਲ ਜੋੜਨ ਲਈ ਵਿਸ਼ੇਸ਼ ਯਤਨ ਕਰ ਰਹੀ ਹੈ। ਸਰਕਾਰ ਇਨ੍ਹਾਂ ਦੇਸੀ ਖੇਡਾਂ ਨੂੰ ਆਉਣ ਵਾਲੇ ਸਮੇਂ ਵਿੱਚ ਸਕੂਲੀ ਸਿਲੇਬਸ ਵਿੱਚ ਸ਼ਾਮਿਲ ਕਰ ਰਹੀ ਹੈ। ਕੇਂਦਰ ਸਰਕਾਰ ਦਾ ਸਿੱਖਿਆ ਮੰਤਰਾਲਾ ਇਸ ਨੂੰ ‘ਇੰਡੀਅਨ ਨਾਲੇਜ ਸਿਸਟਮ’ ਦੇ ਤਹਿਤ ਲਾਗੂ ਕਰਨ ਦੀ ਤਿਆਰੀ ਕਰ ਰਿਹਾ ਹੈ। ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਸ਼ਟਰੀ ਸਿੱਖਿਆ ਨੀਤੀ ਦੀ ਦੂਜੀ ਵਰੇ੍ਹਗੰਢ ਮੌਕੇ ਇਨ੍ਹਾਂ ਦੇਸੀ ਖੇਡਾਂ ਦਾ ਖਰੜਾ ਵੀ ਪੇਸ਼ ਕੀਤਾ ਹੈ। ਸਰਕਾਰ ਨੇ ਗੁੱਲੀ ਡੰਡਾ, ਚੋਰ ਸਿਪਾਹੀ, ਪਿੱਠੂ ਗਰਮ, ਖੋ ਖੋ, ਊਚ ਨੀਚ, ਸਟਾਪੂ, ਵਿਸ ਅੰਮਿ੍ਰਤ, ਲੰਗੜੀ ਟੰਗ, ਪਤੰਗਬਾਜੀ ਆਦਿ ਲਗਭਗ 75 ਠੇਠ ਦੇਸੀ ਖੇਡਾਂ ਨੂੰ ਇਸ ਸੂਚੀ ਵਿੱਚ ਸ਼ਾਮਿਲ ਕੀਤਾ ਹੈ। ਇਸ ਵਿੱਚ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਸੰਥਾਲ ਕਬੀਲੇ ਦੀ ਖੇਡ ‘ਸੰਥਾਲਕੱਟੀ’ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਤਮਿਲਨਾਡੂ, ਗੁਜਰਾਤ, ਮਣੀਪੁਰ, ਕਰਨਾਟਕ, ਬਿਹਾਰ ਆਦਿ ਪ੍ਰਾਂਤਾਂ ਦੀਆਂ ਦੇਸੀ ਖੇਡਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਇਹ ਖੇਡਾਂ ਦੇ ਵੱਖ-ਵੱਖ ਪ੍ਰਾਂਤਾਂ ਵਿੱਚ ਭਾਵੇਂ ਵੱਖੋ-ਵੱਖਰੇ ਨਾਂ ਪ੍ਰਚੱਲਿਤ ਹਨ ਪਰ ਇਨ੍ਹਾਂ ਦਾ ਪਿਛੋਕੜ ਇੱਕ ਹੀ ਹੈ। ਮਸਲਨ ਗੁੱਲੀ ਡੰਡਾ ਖੇਡ ਨਾਲ ਮਿਲਦੀ-ਜੁਲਦੀ ਖੇਡ ਗੁਜਰਾਤ ਵਿੱਚ ਲੱਪਾ ਹੈ। ਇਸ ਤਰ੍ਹਾਂ ਹੀ ਕਬੱਡੀ ਵਰਗੀ ਖੇਡ ਹੂ ਤੂ ਤੂ ਹੈ ਜੋ ਸਾਡੇ ਦੇਸ਼ ਦੇ ਕਈ ਇਲਾਕਿਆਂ ਵਿੱਚ ਖੇਡੀ ਜਾਂਦੀ ਹੈ। ਜੇਕਰ ਇਨ੍ਹਾਂ ਖੇਡਾਂ ਦਾ ਇਤਿਹਾਸਕ ਪਿਛੋਕੜ ਗਹੁ ਨਾਲ ਦੇਖਿਆ ਜਾਵੇ ਤਾਂ ਇਹ ਹਜ਼ਾਰਾਂ ਸਾਲ ਪੁਰਾਣਾ ਹੈ ਤੇ ਇਨ੍ਹਾਂ ਦਾ ਜ਼ਿਕਰ ਸਾਡੇ ਪੁਰਾਤਨ ਵੇਦ, ਸ਼ਾਸਤਰਾਂ ਵਿੱਚ ਆਉਂਦਾ ਹੈ। ਰਮਾਇਣ, ਮਹਾਂਭਾਰਤ ਵਿੱਚ ਵੀ ਗੁੱਲੀ ਡੰਡਾ, ਚੌਪੜ, ਰਥ ਦੌੜ, ਧੂਤਕ੍ਰੀੜਾ, ਨਿਸ਼ਾਨੇਬਾਜੀ ਆਦਿ ਖੇਡਾਂ ਨੂੰ ਖੇਡਣ ਦਾ ਵਿਖਿਆਨ ਮਿਲਦਾ ਹੈ।

ਸਰਕਾਰ ਦਾ ਇਨ੍ਹਾਂ ਖੇਡਾਂ ਨੂੰ ਸਕੂਲੀ ਸਿਲੇਬਸ ਵਿੱਚ ਸ਼ਾਮਿਲ ਕਰਨ ਪਿੱਛੇ ਤਰਕ ਹੈ ਕਿ ਇਸ ਤਰ੍ਹਾਂ ਕਰਨ ਨਾਲ ਬੱਚੇ ਆਪਣੀਆਂ ਵਿਰਾਸਤੀ ਦੇਸੀ ਖੇਡਾਂ ਨਾਲ ਜੁੜਨਗੇ। ਇਸ ਦੇ ਨਾਲ ਹੀ ਦੂਰ-ਦੁਰਾਡੇ ਪਿੰਡਾਂ ਦੇ ਹਰੇਕ ਸਕੂਲ ਵਿੱਚ ਕਿ੍ਰਕਟ, ਫੁੱਟਬਾਲ, ਬਾਸਕਟਬਾਲ ਵਰਗੀਆਂ ਮਹਿੰਗੀਆਂ ਤੇ ਆਧੁਨਿਕ ਖੇਡਾਂ ਲਈ ਢਾਂਚਾ ਤਿਆਰ ਨਹੀਂ ਹੁੰਦਾ ਹੈ। ਇਸ ਕਰਕੇ ਹੀ ਦੂਰ-ਦੁਰਾਡੇ ਪਿੰਡਾਂ ਦੇ ਬੱਚੇ ਇਹ ਖੇਡਾਂ ਖੇਡਣ ਤੋਂ ਵਾਂਝੇ ਰਹਿ ਜਾਂਦੇ ਹਨ। ਪਰ ਇਹ ਦੇਸੀ ਖੇਡਾਂ ਬਿਨਾਂ ਕਿਸੇ ਵਿਸ਼ੇਸ਼ ਢਾਂਚੇ ਤੋਂ ਸਕੂਲਾਂ ਵਿੱਚ ਖੇਡੀਆਂ ਜਾ ਸਕਦੀਆਂ ਹਨ। ਇਨ੍ਹਾਂ ਖੇਡਾਂ ਨੂੰ ਸਰੀਰਕ ਸਿੱਖਿਆ ਅਧਿਆਪਕ ਦੀ ਮੱਦਦ ਨਾਲ ਅਸਾਨੀ ਨਾਲ ਸਕੂਲਾਂ ਵਿੱਚ ਖੇਡਿਆ ਜਾ ਸਕਦਾ ਹੈ।

ਸਰਕਾਰ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਅੱਜ ਦੀਆਂ ਡਿਜ਼ੀਟਲ ਗੇਮਾਂ ਤੋਂ ਦੂਰ ਕਰਨ ਲਈ ਇਨ੍ਹਾਂ ਦੇਸੀ ਖੇਡਾਂ ਨੂੰ ਉਤਸਾਹਿਤ ਕਰਨਾ ਬਹੁਤ ਜਰੂਰੀ ਹੈ। ਇਨ੍ਹਾਂ ਇੰਡੋਰ ਤੇ ਡਿਜੀਟਲ ਗੇਮਾਂ ਕਰਕੇ ਜਿੱਥੇ ਅੱਜ-ਕੱਲ੍ਹ ਦੇ ਬੱਚੇ ਅੱਖਾਂ ਦੇ ਰੋਗ, ਮੋਟਾਪੇ ਤੇ ਹੋਰ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਉੱਥੇ ਹੀ ਉਹ ਜ਼ਿਆਦਾ ਆਲਸੀ ਤੇ ਤਣਾਅਗ੍ਰਸਤ ਹੋ ਰਹੇ ਹਨ। ਸਰਕਾਰ ਇਨ੍ਹਾਂ ਰਿਵਾਇਤੀ ਖੇਡਾਂ ਨੂੰ ਸਕੂਲੀ ਸਿਲੇਬਸ ਵਿੱਚ ਸ਼ਾਮਿਲ ਕਰਕੇ ਵਡਮੁੱਲਾ ਉਪਰਾਲਾ ਕਰ ਰਹੀ ਹੈ। ਜੇਕਰ ਸਰਕਾਰ ਦੀ ਇਹ ਸਕੀਮ ਕਾਮਯਾਬ ਹੁੰਦੀ ਹੈ ਤਾਂ ਭਵਿੱਖ ਵਿੱਚ ਸਕੂਲਾਂ ਅੰਦਰ ਦੇਸੀ ਖੇਡਾਂ ਦੇ ਮੁਕਾਬਲੇ ਵੇਖਣ ਨੂੰ ਮਿਲਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ