
ਉੱਚ ਅਧਿਕਾਰੀਆਂ ਦੇ ਸਿਰ ਚਕਰਾਏ, ਫਰਜ਼ੀ ਐਂਟਰੀ ਅਤੇ ਘਪਲੇ ਤੋਂ ਨਹੀਂ ਕੀਤਾ ਜਾ ਸਕਦਾ ਇਨਕਾਰ
- ਤਰਨਤਾਰਨ, ਅੰਮ੍ਰਿਤਸਰ ਅਤੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰਾਂ ਨੂੰ ਦੇਣਾ ਪਵੇਗਾ 3 ਦਿਨਾਂ ’ਚ ਸਪੱਸ਼ਟੀਕਰਨ
 
Punjab: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ ਆਏ ਹੜ੍ਹਾਂ ਕਰਕੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਅੰਮ੍ਰਿਤਸਰ ਅਤੇ ਤਰਨਤਾਰਨ ਸਣੇ ਫਾਜ਼ਿਲਕਾ ਵਿੱਚ ਝੋਨੇ ਦੀ ਖ਼ਰੀਦ 100 ਫੀਸਦੀ ਤੱਕ ਪੁੱਜ ਗਈ ਹੈ ਅਤੇ ਪਿਛਲੇ ਸਾਲ ਦੇ ਮੁਕਾਬਲੇ ਝੋਨਾ ਜ਼ਿਆਦਾ ਆ ਰਿਹਾ ਹੈ, ਜਿਸ ਨੂੰ ਦੇਖ਼ ਕੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੇ ਸਿਰ ਹੀ ਚਕਰਾਅ ਗਏ ਹਨ ਜਿਸ ਨੂੰ ਦੇਖਦੇ ਹੋਏ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੇ ਤਿੰਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਸਪੱਸ਼ਟੀਕਰਨ ਮੰਗ ਲਿਆ ਗਿਆ ਹੈ ਕਿ ਆਖ਼ਰਕਾਰ ਇਹ ‘ਚਮਤਕਾਰ’ ਕਿਵੇਂ ਹੋ ਗਿਆ ਹੈ ਜਾਂ ਫਿਰ ਇਥੇ ਵੱਡੇ ਪੱਧਰ ’ਤੇ ਘਪਲਾ ਹੋਇਆ ਹੈ।
ਇਨ੍ਹਾਂ ਤਿੰਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ 3 ਦਿਨਾਂ ਵਿੱਚ ਜੁਆਬ ਦਾਖ਼ਲ ਕਰਨਾ ਪਵੇਗਾ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਅਗਸਤ ਅਤੇ ਸਤੰਬਰ ਮਹੀਨੇ ਵਿੱਚ ਵੱਡੇ ਪੱਧਰ ’ਤੇ ਹੜ੍ਹ ਆਏ ਸਨ ਅਤੇ ਹੁਣ ਤੱਕ ਦੇ ਇਹ ਸਭ ਤੋਂ ਭਿਆਨਕ ਅਤੇ ਤਬਾਹੀ ਵਾਲੇ ਹੜ੍ਹ ਵੀ ਦੱਸੇ ਗਏ ਸਨ। ਪੰਜਾਬ ਵੱਲੋਂ ਪੂਰੇ ਸੂਬੇ ਨੂੰ ਆਫ਼ਤ ਪ੍ਰਭਾਵਿਤ ਸੂਬਾ ਕਰਾਰ ਦੇ ਦਿੱਤਾ ਗਿਆ ਸੀ ਅਤੇ ਦੇਸ਼ ਦੀ ਸਰਕਾਰ ਨੇ ਵੀ ਇਸ ਨੂੰ ਕੌਮੀ ਆਫ਼ਤ ਦਾ ਦਰਜਾ ਦਿੱਤਾ ਸੀ। ਇਨ੍ਹਾਂ ਹੜ੍ਹਾਂ ਵਿੱਚ ਪੰਜਾਬ ਦੇ ਬਾਰਡਰ ਇਲਾਕੇ ਦੇ ਲਗਭਗ ਹਰ ਜ਼ਿਲ੍ਹੇ ਵਿੱਚ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ ਸੀ ਅਤੇ ਇਹ ਅਨੁਮਾਨ ਲਾਇਆ ਜਾ ਰਿਹਾ ਸੀ ਕਿ ਇਨ੍ਹਾਂ ਜ਼ਿਲ੍ਹਿਆਂ ਵਿੱਚ ਸਭ ਤੋਂ ਜ਼ਿਆਦਾ ਫਸਲ ਖ਼ਰਾਬ ਹੋਣ ਦੇ ਨਾਲ ਹੀ ਕਿਸਾਨਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਇਸ ਲਈ ਕੇਂਦਰ ਸਰਕਾਰ ਦੀਆਂ ਕਈ ਟੀਮਾਂ ਵੱਲੋਂ ਇਨ੍ਹਾਂ ਜ਼ਿਲ੍ਹਿਆਂ ਦਾ ਦੌਰਾ ਕਰਕੇ ਨੁਕਸਾਨ ਦੀ ਭਰਪਾਈ ਕਰਨ ਦਾ ਭਰੋਸਾ ਦੇਣ ਦੇ ਨਾਲ ਹੀ ਅਗਲੀ ਫਸਲ ਲਈ ਮੁਫ਼ਤ ਵਿੱਚ ਬੀਜ ਵੀ ਦਿੱਤੇ ਗਏ ਸਨ।
ਇਹ ਵੀ ਪੜ੍ਹੋ: Punjab Success Story: ਪਿੰਡ ਹੀਰੋ ਕਲਾਂ ਬਣਿਆ ਹੀਰੋ, ਅੱਗ ਦੇ ਮਾਮਲੇ ‘ਜ਼ੀਰੋ’
ਪੰਜਾਬ ਸਰਕਾਰ ਅਤੇ ਕੇਂਦਰੀ ਟੀਮਾਂ ਵੱਲੋਂ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਇਨ੍ਹਾਂ ਬਾਰਡਰ ਇਲਾਕੇ ਦੇ ਜ਼ਿਲ੍ਹਿਆਂ ਵਿੱਚ ਝੋਨੇ ਦੀ ਫਸਲ ਕਾਫ਼ੀ ਜਿਆਦਾ ਘੱਟ ਆਵੇਗੀ ਪਰ ਤਰਨਤਾਰਨ, ਅੰਮ੍ਰਿਤਸਰ ਅਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਾਰੇ ਅਨੁਮਾਨ ਤੋਂ ਉਲਟ ਹੁਣ ਤੱਕ 100 ਫੀਸਦੀ ਦੇ ਲਗਭਗ ਖ਼ਰੀਦ ਵੀ ਹੋ ਗਈ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਫਸਲ ਨਾਲ ਸਿਰਫ਼ 100 ਫੀਸਦੀ ਤੱਕ ਪੁੱਜ ਗਈ ਹੈ, ਸਗੋਂ ਹੋਰ ਫਸਲ ਆਉਣ ਦਾ ਅੰਦਾਜ਼ਾ ਵੀ ਲਾਇਆ ਜਾ ਰਿਹਾ ਹੈ। ਜਿਸ ਨੂੰ ਦੇਖ ਕੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੇ ਸਿਰ ਚਕਰਾਅ ਗਏ ਹਨ ਕਿ ਆਖ਼ਰਕਾਰ ਇਹ ਕਿਵੇਂ ਹੋ ਸਕਦਾ ਹੈ।
ਇਨ੍ਹਾਂ ਜ਼ਿਲ੍ਹੇ ਵਿੱਚ 70 ਫੀਸਦੀ ਤੋਂ ਵੀ ਘੱਟ ਫਸਲ ਆਉਣ ਦਾ ਅਨੁਮਾਨ ਸੀ, ਉਥੇ ਹੀ 100 ਫੀਸਦੀ ਤੱਕ ਦੀ ਖ਼ਰੀਦ ਹੋ ਗਈ ਹੈ। ਹੁਣ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਉੱਚ ਅਧਿਕਾਰੀ ਰਾਹੁਲ ਤਿਵਾੜੀ ਵੱਲੋਂ ਤਿੰਨੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਪੱਸ਼ਟੀਕਰਨ ਦੇਣ ਦੇ ਨਾਲ ਹੀ ਡਿਟੇਲ ਰਿਪੋਰਟ ਮੰਗੀ ਹੈ ਕਿ ਆਖ਼ਰਕਾਰ ਹੜ੍ਹ ਆਉਣ ਦੇ ਬਾਵਜੂਦ 100 ਫੀਸਦੀ ਖਰੀਦ ਕਿਵੇਂ ਹੋ ਗਈ ਹੈ।
ਕੋਈ ਸਾਡੇ ਤੋਂ ਜੁਆਬ ਮੰਗੇ ਤਾਂ ਪਹਿਲਾਂ ਹੀ ਕਰ ਰਹੇ ਹਾਂ ਤਿਆਰੀ : ਰਾਹੁਲ ਤਿਵਾੜੀ
ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਰਾਹੁਲ ਤਿਵਾੜੀ ਨੇ ਦੱਸਿਆ ਕਿ ਹੜ੍ਹ ਆਉਣ ਤੋਂ ਬਾਅਦ ਕੇਂਦਰੀ ਟੀਮਾਂ ਵੱਲੋਂ ਇਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਗਿਆ ਸੀ ਅਤੇ ਫਸਲ ਘੱਟ ਆਉਣ ਦਾ ਅਨੁਮਾਨ ਵੀ ਲਾਇਆ ਜਾ ਰਿਹਾ ਸੀ। ਇਸ 100 ਫੀਸਦੀ ਖਰੀਦ ਬਾਰੇ ਜੇਕਰ ਕੇਂਦਰੀ ਏਜੰਸੀ ਕੋਈ ਸੁਆਲ ਖੜ੍ਹਾ ਕਰੇ ਤਾਂ ਉਸ ਤੋਂ ਪਹਿਲਾਂ ਹੀ ਅਸੀਂ ਤਿਆਰੀ ਕਰ ਰਹੇ ਹਾਂ ਕਿ ਆਖਰਕਾਰ ਇਸ ਵਿੱਚ ਸੱਚਾਈ ਕੀ ਹੈ? ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰਾਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁਝ ਜ਼ਿਆਦਾ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਕਈ ਪਹਿਲੂਆਂ ’ਤੇ ਹੋਵੇਗੀ ਜਾਂਚ, ਘਪਲੇ ਤੋਂ ਨਹੀਂ ਇਨਕਾਰ : ਕਟਾਰੂਚੱਕ
ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਨੇ ਇਸ ਸਬੰਧੀ ਕਿਹਾ ਕਿ 100 ਫੀਸਦੀ ਖ਼ਰੀਦ ਨੂੰ ਦੇਖ ਕੇ ਉਹ ਖ਼ੁਦ ਹੈਰਾਨ ਹਨ ਅਤੇ ਇਸ ਮਾਮਲੇ ਵਿੱਚ ਕਈ ਪਹਿਲੂ ’ਤੇ ਜਾਂਚ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਫਰਜ਼ੀ ਐਂਟਰੀ ਜਾਂ ਫਿਰ ਘਪਲੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਇਹ ਹੋ ਸਕਦਾ ਹੈ ਕਿ ਇਸ ਇਲਾਕੇ ਵਿੱਚ ਝਾੜ ਜ਼ਿਆਦਾ ਆਉਣ ਜਾਂ ਫਿਰ ਬਾਸਮਤੀ ਦੀ ਥਾਂ ’ਤੇ ਜ਼ਿਆਦਾ ਪਰਮਲ ਲੱਗਣ ਕਰਕੇ 100 ਫੀਸਦੀ ਖਰੀਦ ਹੋਈ ਹੋਵੇ। ਉਨ੍ਹਾਂ ਕਿਹਾ ਕਿ ਪਹਿਲਾਂ ਡਿਪਟੀ ਕਮਿਸ਼ਨਰਾਂ ਦੀ ਰਿਪੋਰਟ ਵੇਖਣ ਤੋਂ ਬਾਅਦ ਵਿਭਾਗ ਦੇ ਉੱਚ ਅਧਿਕਾਰੀ ਜਾਂਚ ਕਰਨਗੇ, ਉਸ ਤੋਂ ਬਾਅਦ ਹੀ ਅਸਲ ਸੱਚਾਈ ਬਾਹਰ ਆਵੇਗੀ। Punjab












