ਐੱਸਸੀ. ਬੀਸੀ ਅਧਿਆਪਕ ਯੂਨੀਅਨ ਨੇ ਕੀਤਾ ਅਰਥੀ ਫੂਕ ਰੋਸ ਮੁਜਾਹਰਾ
ਸੱਚ ਕਹੂੰ ਨਿਊਜ਼, ਮਾਨਸਾ। ਐੱਸ. ਸੀ. ਬੀ. ਸੀ. ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਮਾਨਸਾ ਵੱਲੋਂ ਮੀਤ ਪ੍ਰਧਾਨ ਪੰਜਾਬ ਵਿਜੈ ਕੁਮਾਰ, ਬਲਾਕ ਪ੍ਰਧਾਨ ਬੁਢਲਾਡਾ ਜੁਗਰਾਜ ਸਿੰਘ ਦੀ ਅਗਵਾਈ ਵਿੱਚ ਐੱਸ. ਸੀ./ਬੀ. ਸੀ. ਮੁਲਾਜਮਾਂ ਅਤੇ ਵਿਦਿਆਰਥੀਆਂ ਦੇ ਭੱਖਦੇ ਮਸਲਿਆਂ ਨੂੰ ਅਣਗੌਲਿਆਂ ਕਰਨ ਦੇ ਰੋਸ ਵਜੋਂ ਪੰਜਾਬ ਸਰਕਾਰ ਅਤੇ ਪ੍ਰੋਸੋਨਲ ਵਿਭਾਗ ਵਿਰੁੱਧ ਰੋਹ ਭਰਪੂਰ ਅਰਥੀ ਫੂਕ ਮੁਜਾਹਰਾ ਕੀਤਾ ਗਿਆ।
ਇਸ ਮੌਕੇ ਸੂਬਾ ਆਗੂ ਵਿਜੈ ਕੁਮਾਰ ਨੇ ਕਿਹਾ ਕਿ ਪੰਜਾਬ ਸਰਕਾਰ 85ਵੀਂ ਸੰਵਿਧਾਨਕ ਸੋਧ ਨੂੰ ਲਾਗੂ ਕਰਨ, ਅਬਾਦੀ ਦੇ ਅਨੁਸਾਰ ਰਾਖਵਾਂਕਰਨ ਵਧਾਉਣ,10 ਅਕਤੂਬਰ 2014 ਦਾ ਗੈਰ ਸੰਵਿਧਾਨਕ ਪੱਤਰ ਰੱਦ ਕਰਨ,ਬੈਕਲਾਗ ਜਲਦ ਭਰਨ, ਵਿਦਿਆਰਥੀਆਂ ਨੂੰ ਮਿਲਦੀਆਂ ਸਹੂਲਤਾਂ (,ਕਿਤਾਬਾਂ, ਵਜੀਫਾ, ਵਰਦੀਆਂ)ਸਮੇਂ ਸਿਰ ਦੇਣ , ਜਾਅਲੀ ਐੱਸ. ਸੀ.ਸਰਟੀਫਿਕੇਟ ਬਣਾਕੇ ਸਰਕਾਰੀ ਨੌਕਰੀ ਕਰ ਰਹੇ ਵਿਅਕਤੀਆਂ ਵਿਰੁੱਧ ਸਖਤ ਕਾਰਵਾਈ ਕਰਨ ਤੋਂ ਇਲਾਵਾ ਪੁਰਾਣੀ ਪੈਨਸਨ ਸਕੀਮ ਬਹਾਲ ਕਰਨ, ਵੱਖ-ਵੱਖ ਸਕੂਲਾਂ ਵਿੱਚੋਂ ਚੁੱਪ ਚਪੀਤੇ ਅਕਾਰ ਘਟਾਈ ਤਹਿਤ ਖਤਮ ਕੀਤੀਆਂ ਲੈਕਚਰਾਰ , ਪੀ.ਟੀ.ਆਈ. 328 ਅਤੇ ਐੱਚ.ਟੀ. ਦੀਆਂ ਅਸਾਮੀਆਂ ਬਹਾਲ ਕਰਨ, ਸਿੱਖਿਆ ਨੀਤੀ 2020 ਰੱਦ ਕਰਨ ਆਦਿ ਵਰਗੇ ਭਖਦੇ ਮਸਲਿਆਂ ਨੂੰ ਹੱਲ ਕਰਨ ਪ੍ਰਤੀ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਰਵੱਈਏ ਕਾਰਨ ਐੱਸ.ਸੀ./ ਬੀ. ਸੀ. ਮੁਲਾਜਮਾਂ ਅਤੇ ਆਮ ਲੋਕਾਂ ਵਿੱਚ ਭਾਰੀ ਰੋਸ ਹੈ।
ਉੱਕਤ ਮਸਲਿਆਂ ਨੂੰ ਹੱਲ ਕਰਾਉਣ ਲਈ ਵਿੱਢੇ ਸੰਘਰਸ ਦੀ ਕੜੀ ਵਜੋਂ ਹੀ ਅੱਜ ਉਨ੍ਹਾਂ ਵੱਲੋਂ ਜਿਲ੍ਹਾ ਪੱਧਰੀ ਅਰਥੀ ਫੂਕ ਰੋਸ ਮੁਜਾਹਰਾ ਕਰਨ ਮਗਰੋਂ ਮੁੱਖ ਮੰਤਰੀ ਪੰਜਾਬ ਦੇ ਨਾਂਅ ਡਿਪਟੀ ਕਮਿਸ਼ਨਰ ਰਾਹੀਂ ਮੰਗ ਪੱਤਰ ਦਿੱਤਾ ਗਿਆ।ਇਸ ਰੋਸ ਮੁਜਾਹਰੇ ਨੂੰ ਭਰਾਤਰੀ ਜਥੇਬੰਦੀਆਂ ਵੱਲੋਂ ਵੀ ਭਰਪੂਰ ਹੁੰਗਾਰਾ ਮਿਲਿਆ। ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਐੱਸ. ਸੀ./ ਬੀ.ਸੀ. ਮੁਲਾਜਮਾਂ, ਵਿਦਿਆਰਥੀਆਂ ਅਤੇ ਸਮਾਜ ਦੇ ਮਸਲਿਆਂ ਨੂੰ ਹੱਲ ਕਰਨ ਲਈ ਸੁਹਿਰਦ ਯਤਨ ਨਾ ਕੀਤੇ ਤਾਂ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸਨ ਵਿੱਚ ਰਾਜਪਾਲ ਸਿੰਘ, ਬਲਵਿੰਦਰ ਸਿੰਘ, ਅਮਿ੍ਰਤ ਗੁਰਨੇ, ਪ੍ਰਵੀਨ ਭੀਖੀ, ਬੂਟਾ ਸਿੰਘ ਭੀਖੀ, ਸਿਕੰਦਰ ਸਿੰਘ, ਜਸਵਿੰਦਰ ਸਿੰਘ ਟਿੰਕੂ ਅਤੇ ਜਸਵੰਤ ਸਿੰਘ ਆਦਿ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।