SBI Bank Fraud: ਐਸਬੀਆਈ ਬੈਂਕ ਕਲਰਕ ਵੱਲੋਂ ਕਰੋੜਾਂ ਰੁਪਏ ਦੀ ਠੱਗੀ, ਕੇਸ ਦਰਜ

SBI Bank Fraud
SBI Bank Fraud: ਐਸਬੀਆਈ ਬੈਂਕ ਕਲਰਕ ਵੱਲੋਂ ਕਰੋੜਾਂ ਰੁਪਏ ਦੀ ਠੱਗੀ, ਕੇਸ ਦਰਜ

ਫ਼ਰੀਦਕੋਟ (ਗੁਰਪ੍ਰੀਤ ਪੱਕਾ/ਅਜੈ ਮਨਚੰਦਾ)। ਫ਼ਰੀਦਕੋਟ ਜ਼ਿਲ੍ਹੇ ਦੇ ਸਾਦਿਕ ਕਸਬੇ ਦੇ ਐਸਬੀਆਈ ਬੈਂਕ ਸ਼ਾਖਾ ਦੇ ਇੱਕ ਕਲਰਕ ਵੱਲੋਂ ਕਰੋੜਾਂ ਰੁਪਏ ਦੇ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਬੈਂਕ ਗਾਹਕਾਂ ਦੇ ਸੇਵਿੰਗ ਅਕਾਊਂਟਸ, ਲਿਮਿਟਸ ਤੇ ਐਫਡੀ ’ਚ ਹੇਰਾਫੇਰੀ ਕੀਤੀ ਹੈ। ਇਸ ਮਾਮਲੇ ’ਚ ਬੈਂਕ ਮੈਨੇਜਰ ਸ਼ਸ਼ਾਂਕ ਸ਼ੇਖਰ ਅਰੋੜਾ ਦੀ ਸ਼ਿਕਾਇਤ ’ਤੇ ਸਾਦਿਕ ਥਾਣਾ ਪੁਲਿਸ ਨੇ ਮੁਲਜ਼ਮ ਕਲਰਕ ਅਮਿਤ ਢੀਂਗਰਾ ਖਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ, ਜਦੋਂ ਬੈਂਕ ਕਰਮਚਾਰੀਆਂ ਨੇ ਸਾਦਿਕ ਕਸਬੇ ਦੀ ਐਸਬੀਆਈ ਸ਼ਾਖਾ ’ਚ ਆਪਣੀ ਐਫਡੀ ਦੀ ਅਦਾਇਗੀ ਲੈਣ ਆਏ ਵਿਅਕਤੀ ਨੂੰ ਦੱਸਿਆ ਕਿ ਐਫਡੀ ਜਾਅਲੀ ਹੈ।

ਇਹ ਖਬਰ ਵੀ ਪੜ੍ਹੋ : Punjab Officers Reshuffle: ਪੰਜਾਬ ਦੀਆਂ ਜ਼ੇਲ੍ਹਾਂ ’ਚ ਵੱਡਾ ਫੇਰਬਦਲ, ਬਦਲੇ ਗਏ ਇਹ ਅਧਿਕਾਰੀ, ਪੜ੍ਹੋ ਸੂਚੀ

ਤਾਂ ਉਹ ਹੈਰਾਨ ਰਹਿ ਗਿਆ। ਜਦੋਂ ਹੋਰ ਗਾਹਕਾਂ ਨੂੰ ਇਸ ਬਾਰੇ ਪਤਾ ਲੱਗਿਆ, ਤਾਂ ਲੋਕਾਂ ਨੇ ਆਪਣੇ ਬੈਂਕ ਖਾਤਿਆਂ, ਲਿਮਿਟਸ ਤੇ ਐਫਡੀ ਦੀ ਜਾਂਚ ਕਰਵਾਈ ਤੇ ਕਈ ਖਾਤਿਆਂ ’ਚ ਧੋਖਾਧੜੀ ਪਾਈ ਗਈ ਤੇ ਕਈ ਐਫਡੀ ਦੇ ਰਿਕਾਰਡ ਨਹੀਂ ਮਿਲੇ। ਮੰਗਲਵਾਰ ਨੂੰ ਬੈਂਕ ਦੇ ਖਾਤਾਧਾਰਕ ਸਵੇਰੇ ਹੀ ਪੁੱਜਣੇ ਸ਼ੁਰੂ ਹੋ ਗਏ। ਹਰ ਕੋਈ ਆਪਣੇ ਬੱਚਤ ਖਾਤੇ, ਲਿਮਟ, ਲਾਕਰ ’ਚ ਪਿਆ ਸੋਨਾ ਤੇ ਨਗਦੀ, ਮਿਊਚਲ ਫੰਡਾਂ ਦੇ ਖਾਤੇ ਦੀ ਜਾਂਚ ਕਰਾਉਣ ਲਈ ਕਾਹਲਾ ਸੀ। ਕਈ ਗਾਹਕ ਅਹਿਜੇ ਵੀ ਵੇਖੇ ਗਏ ਜਿਨ੍ਹਾਂ ਦੀ ਰਕਮ ਤਾਂ ਗ਼ਾਇਬ ਹੋਈ ਪਰ ਉਹ ਸਾਹਮਣੇ ਆਉਣ ਨੂੰ ਤਿਆਰ ਨਹੀਂ।

ਕਈ ਬਜ਼ੁਰਗਾਂ ਦੇ ਖਾਤੇ ’ਚੋਂ ਰਕਮ ਨਿਕਲਣ ਦਾ ਪਤਾ ਲੱਗਣ ਤੋਂ ਬਾਅਦ ਉਹ ਬੈਂਕ ’ਚ ਬੇਹੇਸ਼ ਹੋ ਗਏ ਜਿਨਾਂ ਨੂੰ ਮੁਢਲੀ ਸਹਾਇਤੀ ਲਈ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ। ਬੈਂਕ ’ਚ ਖਾਤਾ ਧਾਰਕਾਂ ਦੀਆਂ ਲੰਬੀਆਂ ਕਤਾਰਾਂ ਵੇਖੀਆਂ ਗਈਆਂ ਤੇ ਪ੍ਰਭਾਵਿਤ ਖਾਤਾ ਧਾਰਕਾਂ ਨੇ ਬੈਂਕ ਦੇ ਬਾਹਰ ਧਰਨਾ ਦਿੱਤਾ ਅਤੇ ਇਨਸਾਫ਼ ਦੀ ਮੰਗ ਕੀਤੀ। ਬੈਂਕ ਅਧਿਕਾਰੀਆਂ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਕੀਤੀ ਸੀ ਕਿ ਕੁਝ ਗਾਹਕਾਂ ਵੱਲੋਂ ਉਨ੍ਹਾਂ ਦੇ ਖਾਤਿਆਂ ਨਾਲ ਛੇੜਛਾੜ ਹੋ ਰਹੀ ਹੈ। ਪੜਤਾਲ ਕਰਨ ’ਤੇ ਸਾਰੇ ਵਿਅਕਤੀ ਅਮਿਤ ਧੀਂਗੜਾ ਵੱਲੋਂ ਫਰਾਡ ਕੀਤੇ ਜਾਣ ਬਾਰੇ ਕਹਿ ਰਹੇ ਹਨ।

ਬੀਤੀ ਰਾਤ ਸ਼ਸ਼ਾਂਕ ਸੇਖਰ ਅਰੋੜਾ ਪੁੱਤਰ ਅਸ਼ਵਨੀ ਅਰੋੜਾ ਵਾਸੀ ਸ਼੍ਰੀ ਮੁਕਤਸਰ ਸਾਹਿਬ ਦੇ ਬਿਆਨਾਂ ’ਤੇ ਅਮਿਤ ਧੀਂਗੜਾ ਵਾਸੀ ਫਰੀਦਕੋਟ ਖਿਲਾਫ ਧਾਰਾ 318(4), 316(2), 344 ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਬੈਂਕ ਮੁਲਾਜ਼ਮ ਫਰਾਰ ਹੈ। ਇਸ ਮਾਮਲੇ ’ਚ, ਬੈਂਕ ਦੇ ਮੁੱਖ ਪ੍ਰਬੰਧਕ ਅਰਵਿੰਦ ਕੁਮਾਰ ਨੇ ਕਿਹਾ ਕਿ ਬੈਂਕ ’ਚ ਪੈਸੇ ਜਮ੍ਹਾਂ ਕਰਵਾਉਣ ਵਾਲੇ ਕਿਸੇ ਵੀ ਗਾਹਕ ਦਾ ਇੱਕ-ਇੱਕ ਪੈਸਾ ਵਾਪਸ ਕਰ ਦਿੱਤਾ ਜਾਵੇਗਾ। ਪਰ ਦੂਜੇ ਪਾਸੇ ਬੈਂਕ ਅਧਿਕਾਰੀਆ ਨੇ ਮੰਨਿਆ ਕਿ ਉਨ੍ਹਾਂ ਕੋਲ 3 ਵਜੇ ਤੱਕ ਲਗਭਗ 5 ਕਰੋੜ ਦੀ ਠੱਗੀ ਦੀਆਂ ਸ਼ਿਕਾਇਤਾਂ ਪਹੁੰਚ ਗਈਆ ਹਨ। ਖਬਰ ਲਿਖੇ ਜਾਣ ਤੱਕ ਬੈਂਕ ’ਚ ਲੋਕਾਂ ਦਾ ਆਉਣਾ ਜਾਰੀ ਸੀ।