ਪੰਚਾਇਤ ਸਕੱਤਰ ਸਤਨਾਮ ਸਿੰਘ ਅਤੇ ਧਰਮ ਸਿੰਘ ਵਿਰੁੱਧ ਵੀ ਹੋਵੇਗੀ ਕਾਰਵਾਈ
(ਗੁਰਤੇਜ ਜੋਸ਼ੀ) ਮਾਲੇਰਕੋਟਲਾ। ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਗੁਰਪ੍ਰੀਤ ਸਿੰਘ ਖਹਿਰ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਜ਼ਿਲ੍ਹਾ ਮਾਲੇਰਕੋਟਲਾ ਦੇ ਪਿੰਡ ਮਾਹੋਰਾਣਾ ਦੀ ਸਰਪੰਚ ਸ਼ਿਖਾ ਨੂੰ ਤੁਰੰਤ ਸਰਪੰਚ ਦੇ ਅਹੁਦੇ ਤੋਂ ਮੁਅੱਤਲ ਕਰਕੇ ਪੰਚਾਇਤ ਸਕੱਤਰ ਸਤਨਾਮ ਸਿੰਘ ਅਤੇ ਧਰਮ ਸਿੰਘ ਵਿਰੁੱਧ ਬਣਦੀ ਕਾਰਵਾਈ ਲਈ ਸਹਾਇਕ ਡਾਇਰੈਕਟਰ (ਪੰਚਾਇਤ ਸਕੱਤਰ ਸ਼ਾਖਾ) ਨੂੰ ਲਿਖਿਆ ਗਿਆ ਹੈ। (Sarpanch Suspended)
ਉਨ੍ਹਾਂ ਵੱਲੋਂ ਜਾਰੀ ਕੀਤੇ ਹੁਕਮਾਂ ਰਾਹੀਂ ਦੱਸਿਆ ਕਿ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮਾਲੇਰਕੋਟਲਾ ਵੱਲੋਂ ਪ੍ਰਾਪਤ ਰਿਪੋਰਟ ਅਨੁਸਾਰ ਪਿੰਡ ਮਾਹੋਰਾਣਾ ਦੀ ਸਰਪੰਚ ਸ਼ਿਖਾ ਵੱਲੋਂ ਸਾਉਣੀ ਇਜਲਾਸ ਨਾ ਬੁਲਾਉਣ, ਖ਼ਰਚ ਕੀਤੀਆਂ ਗ੍ਰਾਂਟਾਂ ਦਾ ਹਿਸਾਬ ਨਾ ਦੇਣ, ਬਗੈਰ ਕੋਰਮ ਤੋਂ ਮਤਾ ਪਾਸ ਕਰਕੇ ਅਦਾਇਗੀਆਂ ਕਰਨਾ, ਰਿਕਾਰਡ ਨੂੰ ਟੌਪਰ ਕਰਨਾ, ਗ੍ਰਾਮ ਪੰਚਾਇਤ ਦੀਆਂ ਦੁਕਾਨਾਂ ਦਾ ਕਿਰਾਇਆ ਸਹੀ ਢੰਗ ਨਾਲ ਪ੍ਰਾਪਤ ਨਾ ਕਰਨਾ ਅਤੇ ਹੋਰ ਸਮੱਗਰੀ ਨੂੰ ਖੁਰਦ ਬੁਰਦ ਕਰਨ ਦਾ ਦੋਸ਼ ਸਾਬਤ ਹੋਣ ਕਰਕੇ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਨਾ ਅਸੀਂ ਕਿਸੇ ਨਾਲ ਕੋਈ ਧੱਕਾ ਕੀਤਾ, ਨਾ ਕਦੇ ਕਰਨਾ ਚਾਹਾਂਗੇ : ਸਰਬਜੀਤ ਕੌਰ ਮਾਣੂੰਕੇ
ਇਸ ਤੋਂ ਇਲਾਵਾ ਸੁਣਵਾਈ ਦੌਰਾਨ ਸਰਪੰਚ ਵੱਲੋਂ ਖੁਦ ਮੰਨਿਆ ਗਿਆ ਹੈ ਕਿ ਪੰਚਾਇਤ ਦਾ ਸਾਰਾ ਰਿਕਾਰਡ ਸਬੰਧਤ ਪੰਚਾਇਤ ਸਕੱਤਰ ਕੋਲ ਹੈ ਜਦਕਿ ਪੰਜਾਬ ਪੰਚਾਇਤੀ ਰਾਜ ਐਕਟ 1994 ਦੀ ਧਾਰਾ 87 ਮੁਤਾਬਿਕ ਗ੍ਰਾਮ ਪੰਚਾਇਤ ਦੀ ਚੱਲ ਅਚੱਲ ਜਾਇਦਾਦ ਅਤੇ ਰਿਕਾਰਡ ਦੀ ਸੁਰੱਖਿਅਤ ਸੰਭਾਲ ਲਈ ਸਰਪੰਚ ਦੀ ਗੈਰ ਹਾਜ਼ਰੀ ਵਿੱਚ ਗ੍ਰਾਮ ਪੰਚਾਇਤ ਜਾਂ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੁਆਰਾ ਨਿਯੁਕਤ ਕੀਤਾ। (Sarpanch Suspended)
ਅਧਿਕਾਰਿਤ ਪੰਚ ਜ਼ਿੰਮੇਵਾਰ ਹੁੰਦਾ ਹੈ। ਇਸ ਉਪਰੰਤ ਸਾਰੇ ਤੱਥਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਤੇ ਪੰਜਾਬ ਪੰਚਾਇਤੀ ਰਾਜ ਐਕਟ 1994 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸ਼ਿਖਾ ਸਰਪੰਚ ਗ੍ਰਾਮ ਪੰਚਾਇਤ ਮਾਹੋਰਾਣਾ ਨੂੰ ਤੁਰੰਤ ਪ੍ਰਭਾਵ ਨਾਲ ਸਰਪੰਚ ਦੇ ਅਹੁਦੇ ਤੋਂ ਮੁਅੱਤਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਧਰਮ ਸਿੰਘ ਅਤੇ ਸਤਨਾਮ ਸਿੰਘ ਪੰਚਾਇਤ ਸਕੱਤਰ ਵਿਰੁੱਧ ਕਾਰਵਾਈ ਕਰਨ ਲਈ ਸਹਾਇਕ ਡਾਇਰੈਕਟਰ (ਪੰਚਾਇਤ ਸਕੱਤਰ ਸ਼ਾਖਾ) ਨੂੰ ਲਿਖਿਆ ਜਾਂਦਾ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਸਦੇ ਨਾਲ ਹੀ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਨੂੰ ਹਿਦਾਇਤ ਕੀਤੀ ਗਈ ਹੈ ਕਿ ਜਿਹੜੇ ਬੈਂਕਾਂ ਵਿੱਚ ਸਰਪੰਚ ਦੇ ਨਾਂਅ ’ਤੇ ਗ੍ਰਾਮ ਪੰਚਾਇਤ ਦੇ ਖਾਤੇ ਚੱਲਦੇ ਹਨ ਤੁਰੰਤ ਸੀਲ ਕਰਕੇ ਉਸ ਕੋਲੋਂ ਤੁਰੰਤ ਚਾਰਜ ਲੈ ਕੇ ਰਿਪੋਰਟ ਇਸ ਦਫ਼ਤਰ ਨੂੰ ਭੇਜੀ ਜਾਵੇ।