ਸਰਦੂਲਗੜ੍ਹ (ਸੁਖਜੀਤ ਮਾਨ)। ਸਰਦੂਲਗੜ੍ਹ ਖੇਤਰ ਨੇੜਲੇ ਪਿੰਡਾਂ (Sardulgarh Ghagger) ’ਚ ਪਾਣੀ ਦਾ ਪੱਧਰ ਨਾ ਘਟਣ ਦੇ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ। ਪਿੰਡ ਭੱਲਣਵਾੜਾ ਦੇ ਵਾਸੀਆਂ ਨੇ ਪਾਣੀ ਰੋਕਣ ਲਈ ਬੰਨ੍ਹ ਬਣਾਇਆ ਹੋਇਆ ਸੀ ਉਹ ਰਾਤ ਕਰੀਬ 11:30 ਵਜੇ ਟੁੱਟ ਗਿਆ। ਪਿੰਡ ਦੇ ਸਾਬਕਾ ਸਰਪੰਚ ਤਰਸੇਮ ਸਿੰਘ ਨੇ ਦੱਸਿਆ ਕਿ ਖੇਤ ਡੁੱਬ ਗਏ ਪਰ ਪਿੰਡ ਦਾ ਹਾਲ ਦੀ ਘੜੀ ਬਚਾਅ ਹੈ। ਫੂਸ ਮੰਡੀ, ਸਾਧੂਵਾਲਾ ਆਦਿ ‘ਚੋਂ ਫੌਜ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।
ਫੌਜ ਅਧਿਕਾਰੀ ਲੈਫਟੀਨੈਂਟ ਕਰਨਲ ਪੀ ਕੇ ਰਾਏ ਨੇ ਦੱਸਿਆ ਕਿ ਉਹ ਚਾਂਦਪੁਰਾ ਬੰਨ੍ਹ ਪੂਰਨ ਲੱਗੀ ਟੀਮ ਦੇ ਲਗਾਤਾਰ ਸੰਪਰਕ ਵਿੱਚ ਹਨ। ਚਾਂਦਪੁਰਾ ’ਤੋਂ ਪਾਣੀ ਘਟਣ ਦੇ 48 ਘੰਟਿਆਂ ਦੇ ਬਾਅਦ ਸਰਦੂਲਗੜ੍ਹ ’ਚ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋਵੇਗਾ। ਉਹਨਾਂ ਦੱਸਿਆ ਕਿ ਪਹਿਲਾਂ ਫੂਸ ਮੰਡੀ ਦੇ ਵਿੱਚ ਰਾਹਤ ਸਮੱਗਰੀ ਲਿਜਾਣ ’ਚ ਦਿੱਕਤ ਆ ਰਹੀ ਸੀ ਪਰ ਹੁਣ ਫੂਸ ਮੰਡੀ ਦੇ ਲਈ ਇੱਕ ਵੱਖਰੀ ਕਿਸ਼ਤੀ ਦੇ ਰਾਹੀਂ ਰਾਹਤ ਸਮੱਗਰੀ ਲਿਜਾਈ ਜਾ ਰਹੀ ਹੈ। ( Sardulgarh Ghagger)
ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਹੁਣ ਤੱਕ 76 ਜਾਣਿਆਂ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਹੈ ਤਾਂ ਕਿ ਉਹਨਾਂ ਦੀ ਜਾਨ ਬਚਾਈ ਜਾ ਸਕੇ। ਉਹ ਲਗਾਤਾਰ ਲੋਕਾਂ ਤੱਕ ਰਾਹਤ ਸਮੱਗਰੀ ਪਾਣੀ, ਦੁੱਧ ਤੇ ਸੁੱਕਾ ਰਾਸ਼ਨ ਆਦਿ ਪਹੁੰਚਾ ਰਹੇ ਹਨ। ਇਸ ਤੋਂ ਇਲਾਵਾ ਫੌਜ ਦੀ ਮੈਡੀਕਲ ਟੀਮ ਵੀ ਹੜ੍ਹ ਪ੍ਰਭਾਵਿਤ ਇਲਾਕਿਆ ’ਚ ਜਾ ਰਹੀ ਹੈ ਤਾਂ ਕਿ ਲੋਕਾਂ ਨੂੰ ਮੈਡੀਕਲ ਸਹੂਲਤਾਂ ਵੀ ਨਾਲ ਨਾਲ ਦਿੱਤੀਆਂ ਜਾ ਸਕਣ।