ਖੰਭਾਂ ਨਾਲ ਨਹੀਂ ਹੌਸਲੇ ਨਾਲ ਉੱਡਦਾ ਹੈ ਸੰਗਤਪੁਰੇ ਦਾ ਨੌਜਵਾਨ ਪਵਿੱਤਰ

ਹਾਦਸੇ ਵਿੱਚ ਅੰਗਹੀਣ ਹੋਇਆ, ਹੌਸਲਾ ਨਾ ਹਾਰਿਆ, ਉਭਰਦਾ ਦੌੜਾਕ ਬਣਿਆ

  • ਸਰਕਾਰ ਨੇ ਹਾਲੇ ਤਾਈਂ ਨਹੀਂ ਲਈ ਇਸ ਹੁਨਰਮੰਦ ਤੇ ਹਿੰਮਤੀ ਨੌਜਵਾਨ ਦੀ ਕੋਈ ਸਾਰ

ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ, ਸੰਗਰੂਰ। ਪ੍ਰਚੱਲਤ ਅਖਾਣ ਹੈ ਕਿ ‘ਖੰਭਾਂ ਨਾਲ ਨਹੀਂ ਹੌਸਲੇ ਨਾਲ ਉੱਡਿਆ ਜਾਂਦੈ’ ਇਸ ਅਖਾਣ ਦੇ ’ਕੱਲੇ-’ਕੱਲੇ ਹਰਫ਼ ਨੂੰ ਸੱਚ ਕਰ ਦਿਖਾਇਆ ਹੈ ਭਵਾਨੀਗੜ੍ਹ ਲਾਗਲੇ ਪਿੰਡ ਸੰਗਤਪੁਰਾ ਦੇ ਨੌਜਵਾਨ ਪਵਿੱਤਰ ਸਿੰਘ ਨੇ ਜਿਸ ਨੇ ਜ਼ਿੰਦਗੀ ਦੇ ਹਰ ਗੁੰਝਲਦਾਰ ਸਵਾਲ ਦਾ ਠੋਕਵਾਂ ਜਵਾਬ ਦਿੱਤਾ ਦਲਿਤ ਪਰਿਵਾਰ ਦਾ ਇਹ ਇਕਲੌਤਾ ਵਾਰਸ ਹਾਰ ਮੰਨ ਕੇ ਘਰ ਬੈਠਣ ਵਾਲਿਆਂ ਵਿੱਚੋਂ ਨਹੀਂ, ਇਸ ਨੇ ਆਪਣੇ ਸਿਦਕ ਤੇ ਹੌਸਲੇ ਨਾਲ ਹਰੇਕ ਮੁਸ਼ਕਿਲ ਨੂੰ ਸਰ ਕਰ ਵਿਖਾਇਆ ਪਰ ਅਫ਼ਸੋਸ ਸਰਕਾਰ ਵੱਲੋਂ ਇਸ ਹਿੰਮਤੀ ਨੌਜਵਾਨ ਦੀ ਕਦੇ ਪਿੱਠ ’ਤੇ ਥਾਪੀ ਨਹੀਂ ਦਿੱਤੀ ਅਤੇ ਨਾ ਹੀ ਵੱਡੀਆਂ-ਵੱਡੀਆਂ ਗੱਲਾਂ ਮਾਰਨ ਵਾਲੇ ਲੀਡਰਾਂ ਨੂੰ ਵੀ ਇਸ ਅਸਲੀ ਲੋੜਵੰਦ ਦਾ ਬੂਹਾ ਲੱਭਿਆ।

ਲਗਭਗ 27-28 ਵਰਿ੍ਹਆਂ ਦੇ ਨੌਜਵਾਨ ਪਵਿੱਤਰ ਸਿੰਘ ਨੇ ਆਪਣੇ ਨਾਲ ਵਾਪਰੇ ਭਾਣੇ ਦੀ ਵਿਥਿਆ ਸੁਣਾਉਂਦਾ ਆਪ ਕਦੇ ਅੱਖ ਨਹੀਂ ਭਰਦਾ ਪਰ ਸੁਣਨ ਵਾਲੇ ਨੂੰ ਜ਼ਰੂਰ ਝੰਜੋੜ ਕੇ ਰੱਖ ਦਿੰਦਾ ਹੈ ਪਵਿੱਤਰ ਨੇ ਦੱਸਿਆ ਫਰਵਰੀ 2016 ਵਿੱਚ ਉਸ ਨੇ ਬੀ.ਐਸ.ਐਫ਼. ’ਚ ਭਰਤੀ ਹੋਣ ਲਈ ਲਿਖਤੀ ਟੈਸਟ ਦਿੱਤਾ ਸੀ ਜਿਹੜਾ ਕਿ ਉਹ ਪਾਸ ਕਰ ਗਿਆ, ਉਸ ਦਾ ਮੈਡੀਕਲ ਵਗੈਰਾ ਹੋਣਾ ਸੀ ਅਤੇ ਫ਼ਿਜ਼ਿਕਲ ਟੈਸਟ ਵੀ ਕਾਫ਼ੀ ਸਮੇਂ ਬਾਅਦ ਹੋਣਾ ਸੀ ਉਹ ਆਪਣੇ ਫ਼ਿਜ਼ੀਕਲ ਟੈਸਟ ਦੀ ਤਿਆਰੀ ਲਈ ਮਿਹਨਤ ਕਰ ਰਿਹਾ ਸੀ ਕਿ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਇੱਕ ਦਿਨ ਉਹ ਪਟਿਆਲਾ-ਚੰਡੀਗੜ੍ਹ ਰੋਡ ’ਤੇ ਬੱਸ ਵਿੱਚ ਸਵਾਰ ਹੋ ਕੇ ਆ ਰਿਹਾ ਸੀ ਕਿ ਆਹਮੋ-ਸਾਹਮਣੇ ਦੋ ਬੱਸਾਂ ਸੰਤੁਲਨ ਵਿਗੜਨ ਕਾਰਨ ਪਿਛਲੇ ਪਾਸਿਓਂ ਟਕਰਾ ਗਈਆਂ ਅਤੇ ਉਸ ’ਚ ਕੁਝ ਸਵਾਰੀਆਂ ਦੀ ਮੌਤ ਹੋ ਗਈ ਅਤੇ ਉਸ ਦੀ ਸੱਜੀ ਬਾਂਹ ਇਸ ਹਾਦਸੇ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਲੋਕਾਂ ਨੇ ਉਸ ਨੂੰ ਤੁਰੰਤ ਪੀਜੀਆਈ ਚੰਡੀਗੜ੍ਹ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਕਿਹਾ ਕਿ ਬਾਂਹ ਕਾਫ਼ੀ ਖਰਾਬ ਹੋ ਚੁੱਕੀ ਹੈ ਜਿਸ ਕਾਰਨ ਇਸ ਦੇ ਜੋੜ ਕੱਢਣੇ ਪੈਣਗੇ ਇਸ ਤੋਂ ਬਾਅਦ ਹੀ ਸੱਜੀ ਬਾਂਹ ਤੋਂ ਹੀਣਾ ਹੋ ਗਿਆ।

ਪਵਿੱਤਰ ਦੱਸਦਾ ਹੈ ਕਿ ਉਸ ਦੀ ਸੱਜੀ ਬਾਂਹ ਕਟਣ ਕਾਰਨ ਉਸ ਨੂੰ ਜ਼ਿੰਦਗੀ ਨੇ ਬੁਰੀ ਤਰ੍ਹਾਂ ਝਟਕਾ ਦਿੱਤਾ ਅਤੇ ਉਸ ਨੂੰ ਲੱਗਣ ਲੱਗਿਆ ਕਿ ਉਸ ਦਾ ਸਭ ਕੁਝ ਤਬਾਹ ਹੋ ਗਿਆ ਹੈ, ਜ਼ਿੰਦਗੀ ਵਿੱਚ ਕੁਝ ਨਹੀਂ ਰਿਹਾ ਸਭ ਤੋਂ ਵੱਡਾ ਝਟਕਾ ਉਸ ਦੀ ਬੀ.ਐਸ.ਐਫ. ਦੀ ਨੌਕਰੀ ਸੀ ਜਿਹੜੀ ਬਾਂਹ ਤੋਂ ਬਿਨਾ ਉਸ ਦੇ ਹੱਥੋਂ ਨਿੱਕਲ ਗਈ ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਘੁਟ-ਘੁਟ ਕੇ ਜਿਉਣ ਤੋਂ ਤੰਗ ਕੇ ਆ ਕੇ ਉਸ ਨੇ ਫੈਸਲਾ ਲੈ ਲਿਆ ਕਿ ਉਹ ਹਿੰਮਤ ਨਹੀਂ ਹਾਰੇਗਾ ਉਸ ਨੂੰ ਇੱਕ ਵਿਅਕਤੀ ਦੀ ਕਹੀ ਹੋਈ ਗੱਲ ਕਿ ਤੇਰੇ ਵਰਗੇ ਮੁੰਡਿਆਂ ’ਚ ਉਹ ਖ਼ਾਸ ਗੁਣ ਹੁੰਦੇ ਹਨ ਜਿਹੜੇ ਆਮ ’ਚ ਨਹੀਂ ਹੋ ਸਕਦੇ ਇਹ ਸ਼ਬਦ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ ਅਤੇ ਉਸ ਨੇ ਫੈਸਲਾ ਕਰ ਲਿਆ ਕਿ ਉਹ ਕਦੇ ਪਿੱਛੇ ਮੁੜ ਕੇ ਨਹੀਂ ਵੇਖੇਗਾ।

ਪਵਿੱਤਰ ਨੇ ਦੱਸਿਆ ਕਿ ਦੌੜਾਂ ’ਚ ਉਸ ਦਾ ਪ੍ਰਦਰਸ਼ਨ ਆਰੰਭ ਤੋਂ ਵਧੀਆ ਹੋਣ ਕਾਰਨ ਉਸ ਨੇ ਦੌੜਾਕ ਬਣਨ ਦਾ ਫੈਸਲਾ ਲੈ ਲਿਆ ਅਤੇ ਉਸ ਨੇ ਹਰ ਰੋਜ਼ ਗਰਾਊਂਡ ’ਚ ਜਾ ਕੇ ਭੱਜਣਾ ਆਰੰਭ ਕਰ ਦਿੱਤਾ ਪਹਿਲਾਂ ਪਹਿਲ ਉਸ ਨੂੰ ਭੱਜਣ ਸਮੇਂ ਸੰਤੁਲਨ ਬਣਾਉਣ ’ਚ ਵੱਡੀ ਦਿੱਕਤ ਆਈ, ਜੇਕਰ ਉਹ ਗਰੁੱਪ ਵਿੱਚ ਭੱਜਦਾ ਸੀ ਤਾਂ ਸੰਤੁਲਨ ਹਿੱਲਣ ਕਾਰਨ ਦੂਜੇ ਦੌੜਾਕ ਨਾਲ ਟਕਰਾਅ ਕੇ ਜ਼ਮੀਨ ’ਤੇ ਡਿੱਗ ਪੈਂਦਾ ਉਹ ਹੌਲੀ-ਹੌਲੀ ਪਰਪੱਕ ਹੁੰਦਾ ਗਿਆ ਉਸ ਦੀ ਦੌੜਨ ਦੀ ਸਮਰੱਥਾ ਵਿੱਚ ਨਿਖ਼ਾਰ ਆਉਣ ਲੱਗਿਆ ਉਸ ਨੇ ਦੱਸਿਆ ਕਿ ਹੌਲੀ-ਹੌਲੀ ਉਸ ਨੇ ਮੁਕਾਬਲਿਆਂ ਵਿੱਚ ਹਿਸਾ ਲੈਣਾ ਆਰੰਭ ਕਰ ਦਿੱਤਾ ਜਿੱਥੋਂ ਉਸ ਦਾ ਹੌਸਲਾ ਵਧਦਾ ਗਿਆ ਉਸ ਦੇ ਗੋਲਡ ਮੈਡਲਾਂ ਦੀ ਗਿਣਤੀ ਵਧਣ ਲੱਗੀ ਨੈਸ਼ਨਲ, ਰਾਜ ਪੱਧਰ ਤੱਕ ਦੇ ਮੁਕਾਬਲਿਆਂ ’ਚ ਉਸ ਦੀ ਝੰਡੀ ਹੋਣ ਲੱਗੀ ਤੇ ਉਸ ਨੇ 16 ਤੋਂ ਜ਼ਿਆਦਾ ਗੋਲਡ ਮੈਡਲ ਜਿੱਤ ਲਏ।

ਉਸ ਨੇ ਦੱਸਿਆ ਕਿ ਲਗਾਤਾਰ ਕਈ ਸਾਲਾਂ ਤੱਕ ਉਹ ਆਪਣੀ ਖੇਡ ਨੂੰ ਇਸੇ ਤਰ੍ਹਾਂ ਜਾਰੀ ਰੱਖ ਰਿਹਾ ਹੈ ਉਸ ਨੇ ਦੱਸਿਆ ਕਿ ਉਸ ਦਾ ਪਿਤਾ ਮਜ਼ਦੂਰੀ ਕਰਦਾ ਹੈ ਜਿਸ ’ਤੇ ਪਰਿਵਾਰ ਦਾ ਸਾਰਾ ਬੋਝ ਹੈ ਪਵਿੱਤਰ ਦੱਸਦਾ ਹੈ ਕਿ ਉਸ ਦੀ ਪਤਨੀ ਅਤੇ ਦੋ ਬੱਚੀਆਂ ਦਾ ਖਰਚਾ ਵੀ ਉਸ ਦਾ ਪਿਤਾ ਹੀ ਚੁੱਕ ਰਿਹਾ ਹੈ ਉਸ ਨੇ ਕਈ ਵਾਰੀ ਕੈਬਨਿਟ ਮੰਤਰੀਆਂ ਤੇ ਸਥਾਨਕ ਲੀਡਰਾਂ ਕੋਲ ਅਰਜ਼ੀਆਂ ਦਿੱਤੀਆਂ ਪਰ ਕਿਸੇ ਨੇ ਉਸ ਦੀ ਕੋਈ ਮੱਦਦ ਨਹੀਂ ਕੀਤੀ ਉਸ ਨੇ ਦੱਸਿਆ ਕਿ ਉਸ ਦੀ ਡਾਈਟ ’ਤੇ ਵੱਡਾ ਖਰਚਾ ਆ ਰਿਹਾ ਹੈ ਜਿਸ ਲਈ ਉਸ ਨੂੰ ਵੱਡੀ ਪ੍ਰੇਸ਼ਾਨੀ ਆਉਂਦੀ ਹੈ ਕਿਉਂਕਿ ਉਸ ਦੀ ਖੇਡ ਜਾਰੀ ਰੱਖਣ ਲਈ ਡਾਈਟ (ਸੰਤੁਲਿਤ ਖਾਣਾ) ਹੀ ਸਭ ਤੋਂ ਜ਼ਰੂਰੀ ਹੈ ਉਸ ਨੇ ਸਰਕਾਰ ਤੇ ਪ੍ਰਸ਼ਾਸਨ ਅੱਗੇ ਅਰਜ਼ੋਈ ਕੀਤੀ ਹੈ ਕਿ ਉਸ ਨੂੰ ਖੇਡ ਨਾਲ ਕਿਸੇ ਵਿਭਾਗ ਵਿੱਚ ਕੋਈ ਛੋਟੀ ਮੋਟੀ ਨੌਕਰੀ ਦਿੱਤੀ ਜਾਵੇ।

ਉਸ ਦੀ ਮਾਂ ਨੇ ਰੋਂਦਿਆਂ ਦੱਸਿਆ ਕਿ ਅਸੀਂ ਹੁਣ ਤੱਕ ਇਸ ਦੀ ਖੇਡ ਜਾਰੀ ਰੱਖਣ ਵਿੱਚ ਥੋੜ੍ਹਾ ਬਹੁਤ ਕਰ ਰਹੇ ਹਾਂ ਉਸ ਨੇ ਦੱਸਿਆ ਕਿ ਹੁਣ ਅਸੀਂ ਬਜ਼ੁਰਗ ਹੋ ਰਹੇ ਹਾਂ, ਇਹ ਆਪਣੇ ਦੋਵੇਂ ਲੜਕੀਆਂ ਤੇ ਪਰਿਵਾਰ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਕਰੇਗਾ, ਇਹ ਸੋਚ ਕੇ ਡਰ ਜਾਂਦੇ ਹਨ ਉਸ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੇਰੇ ਪੁੱਤਰ ਨੂੰ ਕੋਈ ਯਥਾਯੋਗ ਨੌਕਰੀ ਦੇ ਕੇ ਉਸ ਦੀ ਹੌਸਲਾ ਅਫ਼ਜਾਈ ਕੀਤੀ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।