ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ 103ਵਾਂ ਅਵਤਾਰ ਮਹੀਨਾ
ਵੱਡੀ ਗਿਣਤੀ ਵਿੱਚ ਪੁੱਜੀ ਸਾਧ-ਸੰਗਤ ਨੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਕੀਤੀਆਂ ਸਾਂਝੀਆਂ
- ਇਕੱਠ ਅੱਗੇ ਸਾਰੇ ਪ੍ਰਬੰਧ ਪਏ ਛੋਟੇ
- ਵਾਹਨਾਂ ਦੀਆਂ ਲੱਗੀਆਂ ਦੂਰ-ਦੂਰ ਤੱਕ ਲਾਈਨਾਂ
(ਗੁਰਪ੍ਰੀਤ ਸਿੰਘ/ਜਸਵੀਰ ਸਿੰਘ ਗਹਿਲ /ਸੁਰਿੰਦਰਪਾਲ) ਰਾਜਗੜ੍ਹ ਸਲਾਬਤਪੁਰਾ। ਅੱਜ ਡੇਰਾ ਸੱਚਾ ਸੌਦਾ ਦੀ ਸਮੁੱਚੇ ਪੰਜਾਬ ਦੀ ਸਾਧ-ਸੰਗਤ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ 103ਵਾਂ ਅਵਤਾਰ ਮਹੀਨਾ ਭੰਡਾਰੇ ਦੇ ਰੂਪ ਵਿੱਚ ਨਾਮਚਰਚਾ ਕਰਕੇ ਸ਼ਰਧਾ ਪੂਰਵਕ ਮਨਾਇਆ ਇਸ ਮੌਕੇ ਵੱਡੀ ਗਿਣਤੀ ਵਿੱਚ ਸਾਧ-ਸੰਗਤ ਵੱਲੋਂ ਉਤਸ਼ਾਹ ਪੂਰਵਕ ਸ਼ਮੂਲੀਅਤ ਕੀਤੀ ਗਈ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਸਮਾਜ ਸੇਵੀਆਂ ਨੇ ਵੀ ਨਾਮਚਰਚਾ ’ਚ ਸ਼ਮੂਲੀਅਤ ਕੀਤੀ ਸਾਧ-ਸੰਗਤ ਵੱਲੋਂ ਕੋਰੋਨਾ ਨਿਯਮਾਂ ਦੀ ਪੂਰਨ ਪਾਲਣਾ ਕੀਤੀ ਗਈ ਜੋ ਵੀ ਸਾਧ-ਸੰਗਤ ਬਾਹਰੋਂ ਆ ਰਹੀ ਸੀ, ਨੂੰ ਸੇਵਾਦਾਰ ਸੈਨੇਟਾਈਜ਼ ਕਰਵਾ ਰਹੇ ਸਨ ਤੇ ਜਿਹਨਾਂ ਕੋਲ ਮਾਸਕ ਨਹੀਂ ਸਨ, ਨੂੰ ਮਾਸਕ ਵੀ ਦਿੱਤੇ ਗਏ ਨਾਮਚਰਚਾ ਦੀ ਕਾਰਵਾਈ ਦੌਰਾਨ ਡੇਰਾ ਸੱਚਾ ਸੌਦਾ ਦੇ ਸੀਨੀਅਰ ਵਾਈਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਨੇ ਪੰਜਾਬ ਦੀ ਸਾਧ-ਸੰਗਤ ਵੱਲੋਂ 2021 ਵਿੱਚ ਕੀਤੇ ਗਏ ਮਾਨਵਤਾ ਭਲਾਈ ਦੇ ਕਾਰਜਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਸਾਧ-ਸੰਗਤ ਨੇ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਦਾ ਨਾਅਰਾ ਲਾ ਕੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੱਤੀ ਅੱਜ ਸਲਾਬਤਪੁਰਾ ਦੀ ਧਰਤੀ ’ਤੇ ਸਾਧ-ਸੰਗਤ ਦਾ ਅਜਿਹਾ ਹੜ ਆਇਆ ਕਿ ਪਿਛਲੇ 10 ਦਿਨਾਂ ਤੋਂ ਪੈ ਰਹੀ ਹੱਡ ਚੀਰਵੀਂ ਠੰਢ ਤੇ ਮੀਂਹ ਕਿਧਰੇ ਉੱਡ ਗਿਆ। ਢੋਲ ਦੇ ਬੋਲਾਂ ’ਤੇ ਥਿੜਕਦੇ ਪ੍ਰੇਮੀਆਂ ਦੇ ਪੈਰ ਤੇ ਲਿਸ਼ਕਦੇ ਚਿਹਰੇ ਮਾਹੌਲ ਨੂੰ ਹੋਰ ਰੂਹਾਨੀ ਬਣਾ ਰਹੇ ਸੀ। ਇਕੱਠ ਦਾ ਇਹ ਆਲਮ ਸੀ ਕਿ ਸਵੇਰੇ 10 ਵਜੇ ਤੋਂ ਮੁੱਖ ਪੰਡਾਲ ਪੂਰੀ ਤਰ੍ਹਾਂ ਭਰ ਗਿਆ ਸੀ ਤੇ 2 ਵਜੇ ਦੇ ਕਰੀਬ ਸਮਾਪਤੀ ਤੋਂ ਬਾਅਦ ਵੀ ਸੰਗਤ ਦਾ ਆਸੇ ਪਾਸਿਓਂ ਆਉਣਾ ਜਾਰੀ ਸੀ। ਆਸਪਾਸ ਹੋਰ ਪੰਡਾਲਾਂ ’ਚ ਸਾਧ-ਸੰਗਤ ਦੇ ਵਾਹਨਾਂ ਦਾ ਵੱਡਾ ਜਾਮ ਲੱਗ ਗਿਆ ਜਿਸ ਕਾਰਨ ਸੰਗਤ ਨੂੰ ਕਈ ਕਿਲੋਮੀਟਰ ਤੱਕ ਤੁਰ ਕੇ ਪੰਡਾਲ ਵਿੱਚ ਆਉਣਾ ਪਿਆ।
ਸਾਧ-ਸੰਗਤ ਨੂੰ ਸੰਬੋਧਨ ਕਰਦਿਆਂ ਡੇਰਾ ਸੱਚਾ ਸੌਦਾ ਦੇ 45 ਮੈਂਬਰ ਹਰਚਰਨ ਸਿੰਘ ਇੰਸਾਂ ਨੇ ਕਿਹਾ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਅਵਤਾਰ ਮਹੀਨਾ ਮਨਾਉਣ ਲਈ ਪੰਜਾਬ ਦੀ ਸਾਧ-ਸੰਗਤ ਵੱਲੋਂ ਕੀਤੇ ਸਭ ਪ੍ਰਬੰਧ ਸਾਧ-ਸੰਗਤ ਦੇ ਅਥਾਹ ਪ੍ਰੇਮ ਮੂਹਰੇ ਛੋਟੇ ਰਹਿ ਗਏ। ਉਹਨਾਂ ਕਿਹਾ ਕਿ ਅੱਜ ਪ੍ਰੇਮੀ ਜਦੋਂ ਸੋਚਦਾ ਹੈ ਕਿ ਉਸ ਨੇ ਡੇਰੇ ਨਾਲ ਜੁੜ ਕੇ ਕੀ ਹਾਸਲ ਕੀਤਾ, ਉਸਨੂੰ ਇਹਨਾਂ ਨੌਜਵਾਨਾਂ ਵੱਲ ਵੇਖਣਾ ਚਾਹੀਦਾ ਹੈ ਜਿਹੜੇ ਅਧੁਨਿਕ ਯੁੱਗ ਵਿੱਚ ਵੀ ਇਨਸਾਨੀਅਤ ਦੀ ਸੇਵਾ ਵਿੱਚ ਜੁਟੇ ਹੋਏ ਨੇ।
ਉਹਨਾਂ ਕਿਹਾ ਕਿ ਉਹਨਾਂ ਨੂੰ ਉਦੋਂ ਹੈਰਾਨੀ ਹੁੰਦੀ ਹੈ ਜਦੋਂ ਨੌਜਵਾਨ ਪੁੱਤ ਦੀ ਲਾਸ਼ ਵਿਹੜੇ ਵਿੱਚ ਪਈ ਹੁੰਦੀ ਹੈ ਤੇ ਪਿਤਾ ਪੁੱਤ ਦੀ ਮਿ੍ਰਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਨ ਦੀ ਗੱਲ ਕਰਦਾ ਹੈ। ਇਹ ਹੀ ਨਹੀਂ ਡੇਰੇ ਵੱਲੋਂ ਅਰੰਭੇ 135 ਮਾਨਵਤਾ ਭਲਾਈ ਕੰਮ ਵੀ ਨਾਲੋ ਨਾਲ ਕਰਦਾ ਹੈ। ਅੱਜ ਦੇ ਸਮੇਂ ਵਿੱਚ ਇਹ ਗੱਲ ਕਿਸੇ ਅਜੂਬੇ ਤੋਂ ਘੱਟ ਨਹੀਂ। ਇਹ ਗੌਰਵਮਈ ਇਤਿਹਾਸ ਹੈ ਡੇਰਾ ਸੱਚਾ ਸੌਦਾ ਦਾ ਅਤੇ ਇਸ ਦੇ ਪਿੱਛੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੀ ਅਪਾਰ ਰਹਿਮਤ ਹੈ ਅਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ਹੈ। ਇਸ ਮੌਕੇ ਉਹਨਾਂ ਸਮੂਹ ਸਾਧ-ਸੰਗਤ ਨੂੰ ਹੱਥ ਖੜ੍ਹੇ ਕਰਵਾਕੇ ਅਪੀਲ ਕਰਵਾਈ ਕਿ ਡੇਰਾ ਸੱਚਾ ਸੌਦਾ ਵੱਲੋਂ ਸ਼ੁਰੂ ਕੀਤੇ ਗਏ ਮਾਨਵਤਾ ਭਲਾਈ ਕੰਮ ਇਕਜੁੱਟਤਾ ਨਾਲ ਕਰਦੇ ਰਹਿਣਗੇ।
ਇਸ ਮੌਕੇ 45 ਮੈਂਬਰ ਰਾਮ ਸਿੰਘ ਅਸਪਾਲ ਕਲਾਂ ਨੇ ਕਿਹਾ ਕਿ ਸਾਧ-ਸੰਗਤ ਆਪਣੇ ਪਿਆਰੇ ਸਤਿਗੁਰ ਦਾ ਪਵਿੱਤਰ ਅਵਤਾਰ ਮਹੀਨਾ ਬੜੀ ਖੁਸ਼ੀ ਨਾਲ ਮਨਾ ਰਹੀ ਹੈ ਉਹਨਾਂ ਇਹ ਵੀ ਆਖਿਆ ਕਿ ਅੱਜ ਬੁਰਾਈ ਦਾ ਚਾਰੇ ਪਾਸੇ ਬੋਲਬਾਲਾ ਹੈ। ਇਸ ਦੇ ਬਾਵਜੂਦ ਡੇਰਾ ਸ਼ਰਧਾਲੂ ਆਪਣੇ ਸਤਿਗੁਰ ਦੀ ਸਿੱਖਿਆ ਅਨੁਸਾਰ ਦੂਜਿਆਂ ਦੀ ਜ਼ਿੰਦਗੀ ਬਚਾਉਣ ਲਈ ਖੂਨਦਾਨ ਕਰ ਰਹੇ ਹਨ, ਹਾਦਸੇ ਦੇ ਜ਼ਖਮੀਆਂ ਨੂੰ ਹਸਪਤਾਲਾਂ ’ਚ ਛੱਡ ਰਹੇ ਹਨ ਉਹਨਾਂ ਆਖਿਆ ਕਿ ਡੇਰਾ ਸ਼ਰਧਾਲੂ ਮਾਨਵਤਾ ਭਲਾਈ ਦੇ 135 ਕਾਰਜ ਰਹੇ ਹਨ, ਇਸ ਦੇ ਬਾਵਜੂਦ ਡੇਰਾ ਸ਼ਰਧਾਲੂਆਂ ’ਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਲਾ ਕੇ ਉਹਨਾਂ ’ਤੇ ਤਸੱਦਦ ਕੀਤਾ ਜਾ ਰਿਹਾ ਹੈ ਜਿਸ ਸਤਿਗੁਰ ਨੇ ਸਾਨੂੰ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ, ਭਾਈਚਾਰਾ ਸਿਖਾਇਆ ਤੇ ਮਾਨਵਤਾ ਦੀ ਸੇਵਾ ਦੀ ਸਿੱਖਿਆ ਦਿੱਤੀ, ਉਹਨਾਂ ਬਾਰੇ ਤਰ੍ਹਾਂ-ਤਰ੍ਹਾਂ ਦੇ ਝੂਠੇ ਦੋਸ਼ ਲਾਏ ਜਾ ਰਹੇ ਹਨ ਰਾਮ ਸਿੰਘ ਨੇ ਆਖਿਆ ਕਿ ਸਾਧ-ਸੰਗਤ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਆਪਣੇ ਪਰਾਏ ਦੀ ਪਰਖ ਹੋਣੀ ਚਾਹੀਦੀ ਹੈ, ਜੋ ਸਾਡਾ ਸਾਥ ਦਿੰਦਾ ਹੈ, ਉਸ ਨਾਲ ਪਿਆਰ ਕਰਨਾ ਚਾਹੀਦਾ ਹੈ ਜੋ ਵਾਰ ’ਤੇ ਵਾਰ ਹੀ ਕਰਦਾ ਹੈ, ਉਸ ਬਾਰੇ ਵੀ ਸੋਚਣਾ ਚਾਹੀਦਾ ਹੈ ਸਭ ਦਾ ਸਤਿਕਾਰ ਕਰੋ ਪਰ ਹੁਸ਼ਿਆਰ ਵੀ ਰਹਿਣਾ ਚਾਹੀਦਾ ਹੈ।
ਸਾਰੀ ਦੁਨੀਆਂ ਇੱਕ ਪਾਸੇ ਮੇਰਾ ਸਤਿਗੁਰ ਪਿਆਰਾ ਇੱਕ ਪਾਸੇ
ਇਸ ਦੌਰਾਨ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ਵਾਲੀ ਆਡੀਓ ਵੀ ਸੁਣਾਈ ਗਈ, ਜਿਸ ’ਚ ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਾਧ-ਸੰਗਤ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਦਿਹਾੜਾ ਮਨਾ ਰਹੀ ਹੈ, ਮਨਾਵੇ ਵੀ ਕਿਉਂ ਨਾ। ਜਿਹੜੇ ਬਾਗਾਂ ’ਚ ਹਰਿਆਲੀ ਨਹੀਂ ਸੀ, ਉੱਥੇ ਗੁਲੋ ਗੁਲਜਾਰ ਖਿੜ ਗਏ, ਬੰਜਰ ਧਰਤੀ ’ਚ ਵੀ ਮਹਿਕਾਂ ਆਉਣ ਲੱਗੀਆਂ, ਬੇਅਬਾਦ ਜ਼ਮੀਨ ਉਪਜਾਊ ਹੋ ਗਈ, ਤੇ ਜਿੱਥੇ ਬੀਆਬਾਨ ਸੀ ਉੱਥੇ ਕੋਇਲਾਂ ਨੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ।ਇਹ ਸਭ ਉਸ ਸਤਿਗੁਰੂ ਮਾਲਕ ਦੀ ਦਇਆ ਰਹਿਮਤ ਦਾ ਕਮਾਲ ਹੈ।
ਇਹ ਨਹੀਂ ਕਿ ਇਹ ਹੋ ਚੁੱਕਿਆ ਹੈ, ਹੋਇਆ ਹੈ, ਹੋ ਰਿਹਾ ਹੈ ਤੇ ਕਈ ਗੁਣਾ ਵਧਕੇ ਹੁੰਦਾ ਹੀ ਜਾਣਾ ਹੈ। ਇਹ ਉਹਨਾਂ ਦੇ ਬਚਨ ਹਨ ਕਿ ਇਹ ਦੁਨੀਆਂ ਨੇ ਸੁਧਰਨਾ ਹੈ, ਬੁਰੇ ਕੰਮ ਛੱਡਣੇ ਹਨ, ਪਰਮਾਤਮਾ ਵਾਲੇ ਪਾਸੇ ਲੱਗਣਾ ਹੈ। ਕਹਿਣ ਵਾਲੇ ਕੁਝ ਵੀ ਕਹਿਣ, ਬੜਾ ਕੁਝ ਕਹਿੰਦੇ ਹਨ। ਲੋਕਾਂ ਨੂੰ ਰੋਕਦੇ ਹਨ, ਟੋਕਦੇ ਹਨ। ਬੜੀਆਂ ਸਕੀਮਾਂ ਚੱਲ ਰਹੀਆਂ ਹਨ, ਸੱਚੇ ਸੌਦੇ ਦੇ ਮੁਰੀਦਾਂ ਨੂੰ ਕਿਵੇਂ ਜੇਬ ’ਚ ਪਾ ਲਈਏ ਜਾਂ ਕਿਵੇਂ ਇਹਨਾਂ ਨੂੰ ਆਪਣੇ ਵੱਲ ਕਰ ਲਈਏ। ਬੜਾ ਕੁਝ ਹੋਇਆ ਸੀ, ਕਿਵੇਂ ਗੱਦੀ ’ਤੇ ਬੈਠ ਜਾਈਏ, ਸਾਰੇ ਲੋਕ ਆਪਣੇ ਮਗਰ ਹੋ ਜਾਣ। ਪਰ ਇਹ ਮਾਲਕ ਦੇ ਪਿਆਰੇ ਮਾਲਕ ਦੇ ਆਸਕ ਹਨ ਕਿਸੇ ਮਾਇਆ ਜਾਂ ਹੋਰ ਚੀਜਾਂ ਦੇ ਆਸਕ ਨਹੀਂ ਹਨ। ਬੜਾ ਲਾਲਚ ਦਿੱਤਾ ਗਿਆ। ਪੂਜਨੀਕ ਗੁਰੂ ਜੀ ਨੇ ਅੱਗੇ ਫਰਮਾਇਆ ਕਿ ਬੇਪਰਵਾਹ ਜੀ ਦੇ ਬਚਨ ਸਨ, ਚੰਦ ਗਧੇ ਹੋਣਗੇ ਜੋ ਲਾਲਚ ’ਚ ਪੈ ਜਾਂਦੇ ਹਨ, ਉਹ ਤੁਸੀਂ ਦੇਖ ਹੀ ਰਹੇ ਓ। ਅਦਰ ਵਾਈਜ ਮਾਲਕ ਦਾ ਪਿਆਰਾ ਟੱਸ ਤੋਂ ਮੱਸ ਨਹੀਂ ਹੁੰਦਾ। ਬੇਪਰਵਾਹ ਜੀ ਨੇ ਇੱਕ ਸ਼ਬਦ ਰਾਹੀਂ ਲਿਖਿਆ ਹੈ ਕਿ ਸਾਰੀ ਦੁਨੀਆਂ ਇੱਕ ਪਾਸੇ ਮੇਰਾ ਸਤਿਗੁਰ ਪਿਆਰਾ ਇੱਕ ਪਾਸੇ। ਇੱਥੇ ਖੜ੍ਹੀ ਹੈ ਸਾਧ ਸੰਗਤ ਪਰ ਇਹਨਾਂ ਨੂੰ ਖੜਾਇਆ ਕਿਸਨੇ ਹੈ, ਇਹ ਸਿੱਖਿਆ ਕਿਸ ਨੇ ਦਿੱਤੀ, ਸ਼ਾਹ ਸਤਿਨਾਮ ਜੀ, ਸ਼ਾਹ ਮਸਤਾਨ ਜੀ ਰਹਿਬਰ ਨੇ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅਵਤਾਰ ਦਿਹਾੜੇ ’ਤੇ ਜੇਕਰ ਮੁਰੀਦ ਨੇ ਆਪਣੇ ਮੁਰਸਿਦ ਕਾਮਿਲ ਨੂੰ ਕੋਈ ਤੋਹਫਾ ਦੇਣਾ ਹੈ ਤਾਂ ਉਹ ਤੋਹਫੇ ਦੇ ਰੂਪ ’ਚ ਆਪਣੀਆਂ ਬੁਰਾਈਆਂ ਦੇਵੇ, ਜਿਸ ਨਾਲ ਗੁਰੂ ਖੁਸ਼ ਹੁੰਦਾ ਹੈ।
ਭੰਡਾਰੇ ਮੌਕੇ ਕੀਤੇ ਮਾਨਵਤਾ ਭਲਾਈ ਕਾਰਜ
-ਹਜ਼ਾਰਾਂ ਦੀ ਗਿਣਤੀ ਵਿੱਚ ਗੁਰਦਾ ਦਾਨ ਕਰਨ ਦੇ ਫਾਰਮ ਭਰੇ
– 53 ਲੋੜਵੰਦਾਂ ਨੂੰ ਸਰਦੀ ਤੋਂ ਬਚਣ ਲਈ ਕੰਬਲ ਵੰਡੇ
– 21 ਭੈਣਾਂ ਨੂੰ ਸਵੈ ਰੁਜ਼ਗਾਰ ਲਈ ਸਿਲਾਈ ਮਸ਼ੀਨਾਂ ਵੰਡੀਆਂ
– 25 ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਦਿੱਤਾ
– ਮਾਣੂੰਕੇ ਬਲਾਕ ਵੱਲੋਂ ਇੱਕ ਲੋੜਵੰਦ ਪਰਿਵਾਰ ਨੂੰ ਨਵੇਂ ਬਣਾਏ ਮਕਾਨ ਦੀਆਂ ਚਾਬੀਆਂ ਦਿੱਤੀਆਂ
– ਲੋੜਵੰਦਾਂ ਨੂੰ ਟਰਾਈ ਸਾਈਕਲ ਵੀ ਦਿੱਤੇ ਗਏ।
ਭੰਡਾਰੇ ਵਿੱਚ ਪਹੁੰਚੀਆਂ ਰਾਜਸੀ ਸਖਸ਼ੀਅਤਾਂ
ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਕਾਂਗਰਸੀ ਆਗੂ ਹਰਮਿੰਦਰ ਸਿੰਘ ਜੱਸੀ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਸਿਹਤ ਮੰਤਰੀ ਸੁਰਜੀਤ ਜਿਆਣੀ, ਭਾਜਪਾ ਦੇ ਸੂਬਾਈ ਆਗੂ ਹਰਜੀਤ ਸਿੰਘ ਗਰੇਵਾਲ, ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਤੇ ਉਹਨਾਂ ਦੀ ਪਤਨੀ ਮਨੋਜ ਬਾਲਾ, ਬਠਿੰਡਾ ਤੋਂ ਆਪ ਦੇ ਉਮੀਦਵਾਰ ਜਗਰੂਪ ਸਿੰਘ ਗਿੱਲ, ਕਾਂਗਰਸੀ ਆਗੂ ਰਾਹੁਲਇੰਦਰ ਸਿੱਧੂ, ਅਕਾਲੀ ਦਲ ਦੇ ਦਿੜ੍ਹਬਾ ਤੋਂ ਉਮੀਦਵਾਰ ਗੁਲਜ਼ਾਰ ਸਿੰਘ, ਭਾਜਪਾ ਆਗੂ ਸੁਨੀਤਾ ਗਰਗ ਕੋਟਕਪੂਰਾ ਵੀ ਪੁੱਜੇ ਹੋਏ ਸਨ।
ਭੰਡਾਰੇ ’ਚ ਪਹੁੰਚੇ ਰਾਜਸੀ ਆਗੂਆਂ ਦੇ ਵਿਚਾਰ
ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜ਼ ਬੇਹੱਦ ਸ਼ਲਾਘਾਯੋਗ ਹਨ: ਹਰਜੀਤ ਗਰੇਵਾਲ
ਭਾਜਪਾ ਦੇ ਸੂਬਾਈ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਕੀਤੇ ਜਾਂਦੇ ਮਾਨਵਤਾ ਭਲਾਈ ਦੇ ਕੰਮ ਬੇਹੱਦ ਸ਼ਲਾਘਾਯੋਗ ਹਨ। ਉਹ ਉਨ੍ਹਾਂ ਨੂੰ ਨਮਨ ਕਰਦੇ ਹਨ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜ਼ ਵਰਲਡ ਰਿਕਾਰਡ ’ਚ ਵੀ ਦਰਜ਼ ਨੇ ਜੋ ਹੋਰਨਾਂ ਨੂੰ ਵੀ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ, ਸਾਨੂੰ ਵੀ ਦੂਜੇ ਦੇ ਚੰਗੇ ਕੰਮਾਂ ਨੂੰ ਸਲਾਹੁਣਾ ਚਾਹੀਦਾ ਹੈ।
ਸਰਹੱਦੀ ਲੋਕਾਂ ਨੂੰ ਨਸ਼ਾ ਮੁਕਤ ਕਰਨ ਦਾ ਸਿਹਰਾ ਡੇਰਾ ਸੱਚਾ ਸੌਦਾ ਨੂੰ ਜਾਂਦੈ : ਜਿਆਣੀ
ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਨਾਲ ਉਹ ਪਿਛਲੇ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਕਿਉਂਕਿ ਉਨ੍ਹਾਂ ਦਾ ਇਲਾਕਾ ਬਾਰਡਰ ਏਰੀਏ ਨਾਲ ਜੁੜਿਆ ਹੋਣ ਕਰਕੇ ਲੋਕ ਵੱਡੇ ਪੱਧਰ ’ਤੇ ਨਸ਼ਿਆਂ ਦੀ ਗ੍ਰਿਫਤ ’ਚ ਆ ਚੁੱਕੇ ਸਨ, ਜਿੰਨ੍ਹਾਂ ਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੇ ਸਹੀ ਰਾਹ ’ਤੇ ਲਿਆਂਦਾ। ਜਿਸ ਦੀ ਬਦੌਲਤ ਉਨ੍ਹਾਂ ਦਾ ਇਲਾਕਾ ਕਿਸੇ ਸਵਰਗ ਤੋਂ ਘੱਟ ਨਹੀ ਹੈ। ਉਨ੍ਹਾਂ ਕਿਹਾ ਕਿ ਚੰਗੇ ਕੰਮ ਕਰਨ ਲਈ ਹਰ ਕਿਸੇ ਨੂੰ ਇਕੱਠੇ ਹੋਣਾ ਪੈਣਾ ਹੈ।
ਮਾਨਵਤਾ ਭਲਾਈ ਦੀ ਸਪੱਸ਼ਟ ਝਲਕੀ ਮਿਲਦੀ ਹੈ : ਰਾਹੁਲਇੰਦਰ ਸਿੱਧੂ
ਕਾਂਗਰਸੀ ਆਗੂ ਤੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਸਪੁੱਤਰ ਰਾਹੁਲਇੰਦਰ ਸਿੱਧੂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂਆਂ ’ਚ ਮਾਨਵਤਾ ਭਲਾਈ ਨੂੰ ਲੈੈ ਕੇ ਸਪੱਸ਼ਟ ਝਲਕ ਮਿਲਦੀ ਹੈ ਜੋ ਗੱਲਾਂ ਹੀ ਨਹੀਂ ਬਲਕਿ ਮਾਨਵਤਾ ਭਲਾਈ ਕਾਰਜਾਂ ਨੂੰ ਅੰਜ਼ਾਮ ਵੀ ਦਿੰਦੇ ਹਨ। ਜਿਸ ਨੂੰ ਉਹ ਕਈ ਵਾਰ ਅੱਖੀਂ ਦੇਖ ਚੁੱਕੇ ਹਨ।
ਹਜ਼ਾਰਾਂ ਲੋਕਾਂ ਵਾਂਗ ਮੈਨੂੰ ਵੀ ਭੰਡਾਰੇ ’ਚ ਸ਼ਿਰਕਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ : ਧਰਮਸੋਤ
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ’ਚੋਂ ਹਜਾਰਾਂ ਲੋਕਾਂ ਨਾਲ ਮੈਨੂੰ ਵੀ ਭੰਡਾਰੇ ’ਤੇ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਹੈ, ਇੱਥੇ ਸਮੁੱਚੇ ਧਰਮਾਂ ਦੇ ਜੁੜੇ ਲੋਕ ਪਿਆਰ-ਮੁਹੱਬਤ ਦੀ ਗੱਲ ਕਰਦੇ ਹਨ ਨਾ ਕਿ ਕਿਸੇ ਨਾਲ ਨਫ਼ਰਤ ਦੀ ਗੱਲ ਕਰਦੇ ਹਨ। ਉਨ੍ਹਾਂ ਨੂੰ ਅਜਿਹਾ ਕੁੱਝ ਵੀ ਨਹੀਂ ਲੱਗਾ ਜੋ ਕਿਸੇ ਦੇ ਖਿਲਾਫ਼ ਹੋਵੇ, ਸਿਰਫ਼ ਪਿਆਰ ਹੀ ਪਿਆਰ ਨਜ਼ਰ ਆ ਰਿਹਾ ਹੈ ਜਿਸ ਨਾਲ ਭਾਈਚਾਰਕ ਸਾਂਝ ਹੋਰ ਵਧੇਰੇ ਮਜ਼ਬੂਤ ਹੋਵੇਗੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ