ਆਵਾਗਮਨ ਤੋਂ ਛੁਟਕਾਰਾ ਸਿਰਫ਼ ਮਨੁੱਖੀ ਜਨਮ ‘ਚ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਮਨੁੱਖੀ ਸਰੀਰ ਸਭ ਤੋਂ ਸ੍ਰੇਸ਼ਠ ਸਰੀਰ ਹੈ ਤੇ ਜੀਵ-ਆਤਮਾ ਨੂੰ ਇਹ ਸਰੀਰ 84 ਲੱਖ ਜੂਨਾਂ ਤੋਂ ਬਾਅਦ ਸਭ ਤੋਂ ਅਖੀਰ ‘ਚ ਪ੍ਰਾਪਤ ਹੁੰਦਾ ਹੈ ਮਨੁੱਖੀ ਸਰੀਰ ਹੀ ਇੱਕੋ-ਇੱਕ ਅਜਿਹਾ ਜ਼ਰੀਆ ਹੈ, ਜਿਸ ‘ਚ ਆਤਮਾ ਆਵਾਗਮਨ ਤੋਂ ਆਜ਼ਾਦੀ ਪ੍ਰਾਪਤ ਕਰ ਸਕਦੀ ਹੈ ਜੀਵ ਇਸ ਮਨੁੱਖ ਜੂਨੀ ‘ਚ ਮਾਲਕ ਦੀ ਭਗਤੀ-ਇਬਾਦਤ ਕਰੇ ਤੇ ਉਸ ਦੀ ਯਾਦ ‘ਚ ਸਮਾਂ ਲਾਵੇ ਤਾਂ ਆਤਮਾ ਆਵਾਗਮਨ ਤੋਂ ਆਜ਼ਾਦ ਹੋ ਸਕਦੀ ਹੈ ਤੇ ਮਾਲਕ ਦੇ ਦਰਸ਼-ਦੀਦਾਰ ਦੇ ਕਾਬਲ ਬਣ ਸਕਦੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਕਬੀਰ ਜੀ ਨੇ ਮਨੁੱਖੀ ਸਰੀਰ ਬਾਰੇ ਲਿਖਿਆ ਹੈ ਕਿ ਇਨਸਾਨੀ ਸਰੀਰ ਨੂੰ ਪ੍ਰਾਪਤ ਕਰਨ ਲਈ ਦੇਵੀ-ਦੇਵਤੇ ਵੀ ਤਰਸਦੇ ਹਨ ਕਿ ਕਦੋਂ ਮਨੁੱਖੀ ਸਰੀਰ ਪ੍ਰਾਪਤ ਹੋਵੇ ਅਤੇ ਉਹ ਮਾਲਕ ਦੀ ਭਗਤੀ-ਇਬਾਦਤ ਕਰਨ ਪਰ ਤੁਹਾਨੂੰ ਇਹ ਮਨੁੱਖੀ ਸਰੀਰ ਮਿਲ ਚੁੱਕਿਆ ਹੈ,
ਇਸ ਲਈ ਤੁਹਾਨੂੰ ਉਸ ਪ੍ਰਭੂ, ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਤਾਂਕਿ ਤੁਸੀਂ ਪਰਮਾਨੰਦ ਨੂੰ ਹਾਸਲ ਕਰ ਸਕੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਧਰਮ ਸ਼ਾਸਤਰਾਂ ‘ਚ ਇਹ ਲਿਖਿਆ ਹੈ ਕਿ ਇਨਸਾਨ ਕੇਵਲ ਇਨਸਾਨ ਨਹੀਂ, ਸਗੋਂ ਬਹੁਤ ਸਾਰੇ ਧਰਮ ਇਸ ਨਾਲ ਜੁੜੇ ਹੋਏ ਹਨ ਅਤੇ ਧਰਮ ਆਖਦਾ ਹੈ ਕਿ ਇਨਸਾਨ ਨੂੰ ਸਵੇਰੇ 2 ਤੋਂ 4 ਵਜੇ ਦੇ ਦਰਮਿਆਨ ਜਾਗਣਾ ਚਾਹੀਦਾ ਹੈ ਅਤੇ ਓਮ, ਹਰੀ, ਰਾਮ ਦੀ ਭਗਤੀ ਕਰਨੀ ਚਾਹੀਦੀ ਹੈ। ਇਸ ਤੋਂ ਬਾਅਦ ਜੋ ਕੰਮ-ਧੰਦਾ ਕਰਦੇ ਹੋ ਉਸ ‘ਚ ਮਿਹਨਤ ਕਰੋ, ਨਾ ਕਿ ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਠੱਗੀ, ਬੇਈਮਾਨੀ। ਹਮੇਸ਼ਾ ਮਿਹਨਤ, ਹੱਕ-ਹਲਾਲ ਦੀ ਕਮਾਈ ਅਤੇ ਕਮਾਈ ਦਾ ਪੰਜਵਾਂ ਜਾਂ ਸੱਤਵਾਂ ਹਿੱਸਾ ਨੇਕੀ ‘ਤੇ ਨੇਕ ਦਿਲ ਨਾਲ ਲਾਓ, ਨਾਲ ਹੀ ਪ੍ਰਭੂ ਦੀ ਬਣਾਈ ਸ੍ਰਿਸ਼ਟੀ ਨਾਲ ਬੇਗਰਜ਼, ਨਿਹਸਵਾਰਥ ਭਾਵਨਾ ਨਾਲ ਪ੍ਰੇਮ ਕਰੋ। ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਾਰੇ ਧਰਮ ਕਹਿੰਦੇ ਹਨ ਕਿ ਸਵੇਰੇ-ਸਵੇਰੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ ਪਰ ਕੋਈ-ਕੋਈ ਹੁੰਦਾ ਹੈ ਜੋ ਅਜਿਹਾ ਕਰਦਾ ਹੈ।
ਜ਼ਿਆਦਾਤਰ ਤਾਂ ਉਦੋਂ ਯਾਦ ਕਰਦੇ ਹਨ ਜਦੋਂ ਕੋਈ ਪਰੇਸ਼ਾਨੀ ਆਉਂਦੀ ਹੈ ਜਾਂ ਆਉਣ ਵਾਲੀ ਹੁੰਦੀ ਹੈ। ਨੌਕਰੀ ਜਾਣ ਦਾ ਡਰ ਹੋਵੇ ਤਾਂ ਮਾਲਕ ਸ਼ਹਿਦ ਵਰਗਾ ਲੱਗਣ ਲੱਗਦਾ ਹੈ। ਜਦੋਂ ਬੱਚਾ ਬਿਮਾਰ ਹੋਵੇ ਅਤੇ ਡਾਕਟਰ ਕਹਿ ਦੇਵੇ ਕਿ ਇਹ ਬਿਮਾਰੀ ਲਾਇਲਾਜ ਹੈ, ਉਦੋਂ ਮਾਲਕ ਬਹੁਤ ਮਿੱਠਾ ਲੱਗਦਾ ਹੈ। ਕੋਈ ਨੌਕਰੀ ਲਈ ਇੰਟਰਵਿਊ ਦੇਣ ਜਾਂਦਾ ਹੈ, ਉਸ ਸਮੇਂ ਉਹ ਮਾਲਕ ਨੂੰ ਕਹਿੰਦਾ ਹੈ ਕਿ ਹੇ ਭਗਵਾਨ! ਥੋੜ੍ਹਾ ਜਿਹਾ ਧੱਕਾ ਲਾ ਦੇਣਾ, ਤੇਰਾ ਕੀ ਜਾਵੇਗਾ। ਮੇਰਾ ਰੁਜ਼ਗਾਰ ਬਣ ਜਾਵੇਗਾ ਅਤੇ ਬਦਲੇ ‘ਚ ਤੈਨੂੰ ਪ੍ਰਸ਼ਾਦ ਖਵਾਵਾਂਗਾ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਨੌਕਰੀ ਚਾਹੁੰਦਾ ਹੈ 10 ਹਜ਼ਾਰ ਰੁਪਏ ਮਹੀਨਾ ਅਤੇ ਪ੍ਰਸ਼ਾਦ ਖਵਾਉਂਦਾ ਹੈ ਸਵਾ 25 ਰੁਪਏ ਦਾ। ਸਵਾ 25 ‘ਚ ਵੀ ਸਵਾ ਮਾਲਕ ਦਾ ਅਤੇ 25 ਦਾ ਖੁਦ ਖਾ ਜਾਂਦੇ ਹਨ।
ਇਹ ਕੁਰੀਤੀ ਹੈ ਕਿਉਂਕਿ ਭਗਵਾਨ ਕਿਸੇ ਦੇ ਪ੍ਰਸ਼ਾਦ ਦਾ ਭੁੱਖਾ ਨਹੀਂ ਹੈ। ਕੀ ਭਗਵਾਨ ਜੀ ਕਦੇ ਕਿਸੇ ਦੇ ਘਰ ਮੰਗਣ ਆਉਂਦੇ ਹਨ ਕਿ ਮੈਨੂੰ ਪ੍ਰਸ਼ਾਦ ਦਿਓ? ਨਹੀਂ, ਕਦੇ ਨਹੀਂ ਆਉਂਦਾ। ਭਾਈ ਜੋ ਤਹਾਨੂੰ 10 ਹਜ਼ਾਰ ਦੀ ਨੌਕਰੀ ਦਿਵਾ ਸਕਦਾ ਹੈ ਕੀ ਉਹ ਆਪਣੇ ਲਈ ਹਲਵਾਈ ਦੀ ਦੁਕਾਨ ‘ਤੇ ਜਾ ਕੇ ਤਾਜ਼ਾ-ਤਾਜ਼ਾ ਮਠਿਆਈ ਨਹੀਂ ਖਾ ਸਕਦਾ?
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਲੋਕ ਭਗਵਾਨ ਨੂੰ ਇੱਕ ਖਿਡੌਣੇ ਵਾਂਗ ਸਮਝਦੇ ਹਨ। ਜਿਸ ਤਰ੍ਹਾਂ ਕਿਸੇ ਬੱਚੇ ਤੋਂ ਕੰਮ ਕਰਵਾਉਣ ਲਈ ਤੁਸੀਂ ਉਸ ਨੂੰ ਟੌਫ਼ੀ ਦਾ ਲਾਲਚ ਦਿੰਦੇ ਹੋ ਅਤੇ ਬੱਚਾ ਉਸ ਟੌਫ਼ੀ ਦੇ ਲਾਲਚ ‘ਚ ਕੰਮ ਕਰ ਦਿੰਦਾ ਹੈ, ਉਸੇ ਤਰ੍ਹਾਂ ਕੀ ਤੁਸੀਂ ਭਗਵਾਨ ਨੂੰ ਬੱਚਾ ਨਹੀਂ ਸਮਝ ਰੱਖਿਆ? ਜਦੋਂ ਕੋਈ ਕੰਮ ਪੈਂਦਾ ਹੈ ਤਾਂ ਕਹਿੰਦਾ ਹੈ ਕਿ ਹੇ ਭਗਵਾਨ! ਆ ਜਾ ਤੈਨੂੰ ਲੱਡੂ, ਪੇੜੇ, ਦੇਸੀ ਘਿਓ, ਖੰਡ ਖਵਾਵਾਂਗਾ ਅਤੇ ਜਦੋਂ ਕੰਮ ਨਿਕਲ ਗਿਆ ਤਾਂ ਉਸ ਨੂੰ ਪਤਾ ਹੀ ਨਹੀਂ ਹੁੰਦਾ ਕਿ ਭਗਵਾਨ ਜੀ ਭੁੱਖੇ ਹਨ ਜਾਂ ਭਰ ਪੇਟ ਖਾ ਲਿਆ। ਆਪ ਜੀ ਨੇ ਅੱਗੇ ਫ਼ਰਮਾਇਆ ਕਿ ਆਦਮੀ ਦੇ ਜੀਵਨ ‘ਚ ਦੁੱਖਾਂ ਦਾ ਦੌਰ ਵੀ ਆਉਂਦਾ ਹੈ
ਪਰ ਸਾਰੇ ਧਰਮਾਂ ‘ਚ ਲਿਖਿਆ ਹੈ ਕਿ ਇਨਸਾਨ ਜੇਕਰ ਸੁੱਖ ‘ਚ ਸਿਮਰਨ ਕਰੇ ਤਾਂ ਉਸ ਨੂੰ ਦੁੱਖ ਕਦੇ ਨਹੀਂ ਆਉਂਦੇ ਪਰ ਇਨਸਾਨ ਤਾਂ ਦੁੱਖ ਦਾ ਇੰਤਜ਼ਾਰ ਕਰਦਾ ਰਹਿੰਦਾ ਹੈ ਕਿ ਕਦੋਂ ਦੁੱਖ ਆਵੇ ਅਤੇ ਉਹ ਸਿਮਰਨ ਕਰੇ। ਜੇਕਰ ਸੁੱਖ ‘ਚ ਹੀ ਸਿਮਰਨ ਕਰ ਲਿਆ ਜਾਵੇ ਤਾਂ ਦੁੱਖ ਕਦੇ ਆਵੇਗਾ ਹੀ ਨਹੀਂ ਅਤੇ ਜ਼ਿੰਦਗੀ ਸੁਖਮਈ ਲੰਘਦੀ ਰਹੇਗੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.