ਧਰਤੀ ਹੇਠਲੇ ਪਾਣੀ ਨੂੰ ਵਧਾਉਣ ਲਈ ਸੁਰੱਖਿਅਤ ਰੀਚਾਰਜਿੰਗ ਤਕਨੀਕਾਂ
ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦੇ ਕੇਵਲ 1.53% ਖੇਤਰ ਵਾਲਾ ਪੰਜਾਬ ਰਾਜ ਪਿਛਲੇ ਪੰਜ ਦਹਾਕਿਆਂ ਤੋਂ ਕੇਂਦਰੀ ਪੂਲ ਵਿੱਚ 27-40% ਚੌਲ ਅਤੇ 43-75% ਕਣਕ ਦਾ ਯੋਗਦਾਨ ਦੇ ਰਿਹਾ ਹੈ ਸਿੰਚਾਈ ਅਧੀਨ ਕੁੱਲ ਖੇਤਰ ਵਿੱਚੋਂ 99 ਰਕਬਾ ਹੈ, ਜਿਸ ਵਿੱਚੋਂ ਧਰਤੀ ਹੇਠਲੇ ਪਾਣੀ ਨਾਲ 72 ਪ੍ਰਤੀਸ਼ਤ ਅਤੇ ਨਹਿਰੀ ਪਾਣੀ ਨਾਲ 28 ਪ੍ਰਤੀਸ਼ਤ ਸਿੰਜਿਆ ਜਾਂਦਾ ਹੈ
ਝੋਨੇ-ਕਣਕ ਫਸਲਾਂ ਦੀ ਪ੍ਰਣਾਲੀ ਦੁਆਰਾ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ, ਧਰਤੀ ਹੇਠਲੇ ਪਾਣੀ ਦਾ ਵੱਧ ਤੋਂ ਵੱਧ ਇਸਤੇਮਾਲ ਕੀਤਾ ਜਾ ਰਿਹਾ ਹੈ ਕਿਉਂਕਿ ਸਤਹੀ ਪਾਣੀ ਦੀ ਸਪਲਾਈ ਅਢੁੱਕਵੀਂ ਹੈ ਟਿਊਬਵੈੱਲਾਂ ਦੀ ਗਿਣਤੀ ਮੌਜੂਦਾ ਸਮੇਂ ਵਿੱਚ ਵਧ ਕੇ 14.76 ਲੱਖ ਹੋ ਗਈ ਹੈ ਜੋ 1970-71 ਵਿੱਚ 1.92 ਲੱਖ ਸੀ ਇਹਨਾਂ ਸਾਰੇ ਕਾਰਨਾਂ ਕਰਕੇ, ਨਤੀਜਾ ਇਹ ਹੋਇਆ ਕਿ ਰਾਜ ਦੇ 109 ਬਲਾਕ ਅਤਿ-ਸੋਸ਼ਿਤ ਅਤੇ ਸਿਰਫ 22 ਬਲਾਕ ਸੁਰੱਖਿਅਤ ਹਨ ਇਹ 22 ਬਲਾਕ ਵੀ ਉਹ ਹਨ
ਜਿਨ੍ਹਾਂ ਵਿੱਚ ਜਾਂ ਤਾਂ ਪਾਣੀ ਮਾੜਾ ਹੈ (ਦੱਖਣ-ਪੱਛਮੀ ਪੰਜਾਬ), ਜਾਂ ਬਹੁਤ ਡੂੰਘਾ ਹੈ (ਕੰਢੀ ਇਲਾਕਾ) ਪਿਛਲੇ ਦੋ ਦਹਾਕਿਆਂ ਦੌਰਾਨ, ਰਾਜ ਵਿੱਚ ਹਰ ਸਾਲ ਜ਼ਮੀਨ ਹੇਠਲਾ ਪਾਣੀ ਔਸਤਨ 50 ਸੈਂਟੀਮੀਟਰ ਦੀ ਦਰ ਨਾਲ ਹੇਠਾਂ ਜਾ ਰਿਹਾ ਹੈ ਇਹ ਸਮੱਸਿਆ ਕੇਂਦਰੀ ਪੰਜਾਬ (ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਜਲੰਧਰ, ਮੋਗਾ, ਸੰਗਰੂਰ, ਫਤਿਹਗੜ੍ਹ ਸਾਹਿਬ, ਕਪੂਰਥਲਾ ਅਤੇ ਬਰਨਾਲਾ) ਵਿੱਚ ਹੋਰ ਵੀ ਗੰਭੀਰ ਹੈ, ਜਿੱਥੇ ਕਿ ਇਹ ਦਰ ਇੱਕ ਮੀਟਰ ਤੋਂ ਵੀ ਵੱਧ ਹੈ ਸੋ ਆਪਣੇ ਜ਼ਮੀਨ ਹੇਠਲੇ ਪਾਣੀ ਦੀ ਸਮੱਸਿਆ ‘ਤੇ ਬਹੁਤ ਜ਼ਿਆਦਾ ਦਬਾਅ ਹੈ
ਜਿਸ ਕਰਕੇ ਧਰਤੀ ਹੇਠਲੇ ਪਾਣੀ ਨੂੰ ਵਧਾਉਣ ਦੀ ਸਖ਼ਤ ਜ਼ਰੂਰਤ ਹੈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਨੇ ਜ਼ਮੀਨ ਹੇਠਲੇ ਪਾਣੀ ਨੂੰ ਰੀਚਾਰਜ ਕਰਨ ਦੀ ਤਕਨੀਕ ਵਿਕਸਿਤ ਕੀਤੀ ਹੈ ਜਿਵੇਂ ਕਿ ਛੱਤਾਂ ਰਾਹੀਂ, ਖੇਤਾਂ ਦਾ ਰੇੜੂ ਪਾਣੀ ਜਾਂ ਵਾਧੂ ਨਹਿਰੀ ਪਾਣੀ ਨੂੰ ਪੁਰਾਣੇ ਖੂਹਾਂ ਰਾਹੀਂ ਰੀਚਾਰਜ, ਝੋਨੇ ਵਿੱਚ ਵੱਟਾਂ ਦੀ ਉੱਚਾਈ ਅਤੇ ਪਿੰਡਾਂ ਦੇ ਛੱਪੜਾਂ ਦੇ ਪਾਣੀ ਦਾ ਸ਼ੁੱਧੀਕਰਨ ਅਤੇ ਇਸਤੇਮਾਲ
ਛੱਤਾਂ ਰਾਹੀਂ ਮੀਂਹ ਦੇ ਪਾਣੀ ਦੀ ਸੰਭਾਲ:
ਛੱਤਾਂ ਰਾਹੀਂ ਮੀਹ ਦੇ ਪਾਣੀ ਦੀ ਸੰਭਾਲ ਅੱਜ ਦੇ ਸਮੇਂ ਦੀ ਲੋੜ ਹੈ ਇਸ ਦੀ ਇੱਕ ਬਹੁਤ ਹੀ ਸਰਲ ਤੇ ਸਸਤੀ ਇਕਾਈ ਯੂਨੀਵਰਸਿਟੀ ਨੇ ਤਿਆਰ ਕੀਤੀ ਹੈ ਇਹ ਇਕਾਈ ਵਿੱਦਿਅਕ ਸੰਸਥਾਨਾਂ, ਧਾਰਮਿਕ ਸਥਾਨਾਂ, ਮੈਰਿਜ ਪੈਲਸਾਂ, ਸ਼ਾਪਿੰਗ ਕੰਪਲੈਕਸਾਂ, ਕਮਿਊਨਿਟੀ ਸੈਂਟਰਾਂ ਅਤੇ ਉਦਯੋਗਿਕ ਕੰਪਲੈਕਸਾਂ (ਜਿੱਥੇ ਕਿ ਵਾਤਾਵਰਨ ਪ੍ਰਦੂਸ਼ਿਤ ਨਹੀਂ ਹੁੰਦਾ) ਵਿੱਚ ਅਸਾਨੀ ਨਾਲ ਅਪਣਾਈ ਜਾ ਸਕਦੀ ਹੈ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਕ੍ਰਮਵਾਰ 13 ਅਤੇ 27 ਲੱਖ ਰਿਹਾਇਸ਼ੀ ਮਕਾਨ ਹਨ
ਮੰਨਿਆ ਜਾਵੇ ਕਿ ਹਰੇਕ ਘਰ ਦਾ ਔਸਤਨ ਬਾਰਿਸ਼ ਵਾਲਾ ਖੇਤਰ 100 ਮੀਟਰ ਹੋਵੇ ਤਾਂ 13500 ਕਰੋੜ ਲੀਟਰ ਪਾਣੀ ਦੀ ਬੱਚਤ ਹੋ ਸਕਦੀ ਹੈ ਇਸ ਨਾਲ ਨਾ-ਸਿਰਫ ਭੂਮੀਗਤ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ ਸਗੋਂ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਵੀ ਉੱਪਰ ਹੋਵੇਗਾ, ਇਸ ਤੋਂ ਇਲਾਵਾ ਇਸ ਨਾਲ ਸੜਕਾਂ ਦੀ ਹਾਲਤ ਵੀ ਸੁਧਰੇਗੀ ਅਤੇ ਮੱਛਰਾਂ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲੇਗਾ
ਛੱਤਾਂ ਉੱਪਰ ਇਕੱਠੇ ਹੋਏ ਪਾਣੀ ਦੇ ਨਮੂਨਿਆਂ ਦੇ ਟੈਸਟ ਕੀਤੇ ਗਏ ਜਿਨ੍ਹਾਂ ਵਿੱਚ ਪਾਇਆ ਗਿਆ ਕਿ ਇਸ ਵਿੱਚ ਜੀਵ-ਜੰਤੂਆਂ ਦੀ ਮੌਜੂਦਗੀ ਨਹੀਂ ਹੁੰਦੀ ਅਤੇ ਮੀਂਹ ਦਾ ਪਾਣੀ ਰਸਾਇਣਕ ਅਸ਼ੁੱਧੀਆਂ ਤੋਂ ਮੁਕਤ ਪਾਇਆ ਗਿਆ ਪਰ ਫਿਰ ਮੀਂਹ ਦੇ ਪਾਣੀ ਦੀ ਸਾਂਭ-ਸੰਭਾਲ ਕਰਨ ਲਈ ਇਹ ਜ਼ਰੂਰੀ ਹੈ ਕਿ ਪਾਣੀ ਵਿੱਚ ਮੌਜ਼ੂਦ ਮਿੱਟੀ ਅਤੇ ਗਾਰ ਨੂੰ ਸਾਫ ਕੀਤਾ ਜਾਵੇ ਇਕੱਠੇ ਕੀਤੇ ਪਾਣੀ ਦੀ ਸ਼ੁੱਧਤਾ ਲਈ ਫਿਲਟਰ ਦੀ ਲੋੜ ਹੈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਨੇ ਫਿਲਟ੍ਰੇਸ਼ਨ ਇਕਾਈ ਤਿਆਰ ਕੀਤੀ ਹੈ
ਇਸ ਇਕਾਈ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਪਹਿਲੇ ਭਾਗ ਵਿੱਚ, ਜੋ ਕਿ ਨਿਥਾਰਣ ਦਾ ਕੰਮ ਕਰਦਾ ਹੈ, ਪਾਣੀ ਵਿੱਚੋਂ ਮਿੱਟੀ ਤੇ ਗਾਰ ਹੇਠਾਂ ਬੈਠ ਜਾਂਦੀ ਹੈ ਤੇ ਇਸ ਤੋਂ ਬਾਅਦ ਪਾਣੀ ਫਿਲਟ੍ਰੇਸ਼ਨ ਇਕਾਈ ‘ਚੋਂ ਨਿੱਕਲ ਕੇ ਰੀਚਾਰਜ ਬੋਰ ਵਿੱਚ ਚਲਾ ਜਾਂਦਾ ਹੈ ਇਸ ਇਕਾਈ ਦਾ ਖਰਚਾ ਛੱਤ ਦੇ ਖੇਤਰਫਲ, ਬਾਰਿਸ਼ ਅਤੇ ਭੂਮੀਗਤ ਹਾਲਾਤਾਂ ‘ਤੇ ਨਿਰਭਰ ਕਰਦਾ ਹੈ
ਪਰ ਆਮ ਤੌਰ ‘ਤੇ ਇਸ ਦਾ ਖਰਚਾ, ਛੱਤ ਦੇ ਖੇਤਰਫਲ ਦੇ ਹਿਸਾਬ ਨਾਲ 100-500 ਮੀਟਰ ਤੱਕ ਤਕਰੀਬਨ 30 ਤੋਂ 70 ਹਜ਼ਾਰ ਤੱਕ ਹੁੰਦਾ ਹੈ, ਇਹ ਇਕਾਈ 15 ਤੋਂ 20 ਸਾਲ ਚੱਲਦੀ ਹੈ ਇਸ ਇਕਾਈ ਦੀ ਉਮਰ ਅਤੇ ਗੁਣਵੱਤਾ ਨੂੰ ਵਧਾਉਣ ਵਾਸਤੇ ਸਮੇਂ-ਸਮੇਂ ‘ਤੇ ਇਸਦੀ ਸਫਾਈ ਕਰਨੀ ਚਾਹੀਦੀ ਹੈ ਅਤੇ ਇਹ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਪਹਿਲੀ ਬਾਰਿਸ਼ ਦਾ ਪਾਣੀ ਇਸ ਇਕਾਈ ਵਿੱਚ ਨਾ ਪਾਇਆ ਜਾਵੇ ਅਤੇ ਛੱਤ ਨੂੰ ਸਾਫ ਰੱਖਿਆ ਜਾਵੇ
ਪੁਰਾਣੇ ਸੁੱਕੇ ਖੂਹਾਂ ਦੁਆਰਾ ਪਾਣੀ ਦਾ ਰਿਚਾਰਜ:
ਇਹ ਆਮ ਤੌਰ ‘ਤੇ ਦੇਖਿਆ ਗਿਆ ਹੈ ਕਿ ਭਾਰੀ ਮੀਂਹ ਦੌਰਾਨ ਖੇਤਾਂ ਵਿੱਚ ਬਹੁਤ ਸਾਰਾ ਪਾਣੀ ਖੜ੍ਹਾ ਹੋ ਜਾਂਦਾ ਹੈ ਜਿਸ ਨਾਲ ਝੋਨੇ ਤੋਂ ਬਿਨਾਂ ਹੋਰ ਫਸਲਾਂ ਜਿਵੇਂ ਕਿ ਮੱਕੀ, ਕਪਾਹ, ਸਬਜ਼ੀਆਂ, ਤੇਲ ਆਦਿ ਪ੍ਰਭਾਵਿਤ ਹੁੰਦੇ ਹਨ ਅਤੇ ਨਾਲ ਹੀ ਪਾਣੀ ਦੀ ਵੱਡੀ ਮਾਤਰਾ ਵਿੱਚ ਬਰਬਾਦੀ ਹੁੰਦੀ ਹੈ
ਮੀਂਹ ਦੇ ਪਾਣੀ ਸੰਭਾਲ ਦੇ ਤਰੀਕਿਆਂ ਨੂੰ ਅਪਣਾ ਕੇ ਅਸੀਂ ਜ਼ਮੀਨੀ ਪਾਣੀ ਦੇ ਪੱਧਰ ਨੂੰ ਵਧਾ ਸਕਦੇ ਹਾਂ ਅਤੇ ਫਸਲਾਂ ਨੂੰ ਬਰਬਾਦ ਹੋਣ ਤੋਂ ਬਚਾ ਸਕਦੇ ਹਾਂ ਖੇਤਾਂ ਵਿੱਚ ਖੜ੍ਹੇ ਮੀਂਹ ਦੇ ਵਾਧੂ ਪਾਣੀ ਨੂੰ ਸੰਭਾਲਣ ਦਾ ਸਭ ਤੋਂ ਅਸਾਨ ਤਰੀਕਾ ਇਹ ਹੈ ਕਿ ਪੁਰਾਣੇ ਸੁੱਕੇ ਖੂਹਾਂ ਰਾਹੀਂ ਰੀਚਾਰਜ ਕੀਤਾ ਜਾਵੇ ਇਹ ਉਹ ਖੂਹ ਨੇ ਜਿਨ੍ਹਾਂ ਤੋਂ ਪਹਿਲਾਂ ਸਿੰਚਾਈ ਹੁੰਦੀ ਸੀ ਪਰ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾਣ ਕਰਕੇ ਅੱਜ ਇਹ ਸੁੱਕ ਗਏ ਹਨਆਮ ਤੌਰ ‘ਤੇ ਇਹ ਦੇਖਿਆ ਗਿਆ ਹੈ, ਕਿ ਖੂਹ 15 ਤੋਂ 35 ਫੁੱਟ ਡੂੰਘੇ ਅਤੇ 5 ਤੋਂ 6 ਫੁੱਟ ਵਿਆਸ ਦੇ ਹਨ ਨਹਿਰਾਂ ਦਾ ਵਾਧੂ ਪਾਣੀ ਵੀ ਇਹਨਾਂ ਰਾਹੀਂ ਰੀਚਾਰਜ ਕੀਤਾ ਜਾ ਸਕਦਾ ਹੈ
ਕਈ ਵਾਰੀ ਮੀਂਹ ਦੇ ਮੌਸਮ ਵਿੱਚ ਨਹਿਰੀ ਪਾਣੀ ਦੀ ਮਾਤਰਾ ਕਾਫੀ ਵਧ ਜਾਂਦੀ ਤੇ ਕਿਸਾਨ ਨੂੰ ਸਿੰਚਾਈ ਲਈ ਉਸ ਦੀ ਜਰੂਰਤ ਨਹੀਂ ਹੁੰਦੀ ਹਾੜੀ ਦੀ ਰੁੱਤ ਵਿੱਚ ਫਸਲ ਨੂੰ ਪਾਣੀ ਦੀ ਲੋੜ ਕਾਫੀ ਘੱਟ ਮਾਤਰਾ ਵਿੱਚ ਹੁੰਦੀ ਹੈ ਅਤੇ ਜੇਕਰ ਮੀਂਹ ਪੈ ਜਾਣ ਤਾਂ ਨਹਿਰੀ ਪਾਣੀ ਵਾਧੂ ਹੋ ਜਾਂਦਾ ਹੈ ਇਸ ਪਾਣੀ ਨੂੰ ਨਾ-ਵਰਤੋਂ ਵਿੱਚ ਆਉਣ ਵਾਲੇ ਖੂਹਾਂ ਰਾਹੀਂ ਰੀਚਾਰਜ ਕੀਤਾ ਜਾ ਸਕਦਾ ਹੈ ਪਰ ਇਹਨਾਂ ਖੂਹਾਂ ਨੂੰ ਵਰਤੋਂ ਵਿੱਚ ਲਿਆਉਣ ਲਈ ਇਹਨਾਂ ਦੀ ਸਫਾਈ ਬਹੁਤ ਜਰੂਰੀ ਹੈ ਇਹ ਗੱਲ ਆਮ ਸਾਹਮਣੇ ਆਉਂਦੀ ਹੈ ਕਿ ਜਾਂ ਤਾਂ ਇਹ ਖੂਹ ਕੂੜੇ-ਕਰਕਟ ਨਾਲ ਭਰ ਦਿੱਤੇ ਗਏ ਹਨ
ਇਹ ਦੇਖਿਆ ਗਿਆ ਹੈ ਕਿ ਇਹਨਾਂ ਖੂਹਾਂ ਦੇ ਆਲੇ-ਦੁਆਲੇ ਜੰਗਲੀ ਘਾਹ-ਬੂਟੀ ਕਾਫੀ ਹੁੰਦੀ ਹੈ ਇਹਨਾਂ ਨੂੰ ਵੀ ਸਾਫ ਕਰਨਾ ਜ਼ਰੂਰੀ ਹੈ ਕਿਉਂਕਿ ਖੂਹ ਖੇਤ ਵਿੱਚ ਉੱਚੀ ਥਾਂ ‘ਤੇ ਹੁੰਦਾ ਹੈ, ਜਿਸ ਕਰਕੇ ਪਾਣੀ ਦਾ ਰੁਖ ਖੂਹ ਵੱਲ ਮੋੜਨਾ ਪੈਂਦਾ ਹੈ ਵਰਖਾ ਰੁੱਤ ਸਮੇਂ ਖੂਹ ਵਿੱਚ ਜ਼ਹਿਰੀਲੀਆਂ ਗੈਸਾਂ ਹੁੰਦੀਆਂ ਹਨ ਜੋ ਕਿ ਜਾਨਲੇਵਾ ਹੋ ਸਕਦੀਆਂ ਹਨ, ਸਾਨੂੰ ਵਾਧੂ ਇਹਤਿਆਤ ਵਰਤਣ ਦੀ ਜ਼ਰੂਰਤ ਹੈ ਖੂਹ ਦੀ ਸਫ਼ਾਈ ਕਰਨ ਤੋਂ ਬਾਅਦ, ਤਲ ਦੇ 15 ਸੈਂਟੀਮੀਟਰ ਉੱਪਰਲੀ ਮਿੱਟੀ ਦੀ ਪਰਤ ਨੂੰ, ਸ਼ਿਲਿੰਗ ਪ੍ਰਭਾਵ ਤੋਂ ਬਚਾਉਣ ਲਈ, ਹਟਾ ਦੇਣਾ ਚਾਹੀਦਾ ਹੈ,
ਖੂਹ ਤੋਂ ਥੋੜ੍ਹਾ ਪਹਿਲਾਂ ਪਾਣੀ ਟੋਏ ਵਿੱਚ ਪਾ ਦੇਣਾ ਚਾਹੀਦਾ ਹੈ ਤਾਂ ਜੋ ਪਾਣੀ ਵਿਚਲਾ ਗਾਰ ਹੇਠਾਂ ਰਹਿ ਜਾਵੇ ਅਤੇ ਨਿੱਤਰਿਆ ਹੋਇਆ ਪਾਣੀ ਖੂਹ ਵੱਲ ਜਾਵੇ ਇਹ ਵੀ ਸ਼ਿਫਾਰਿਸ਼ ਕੀਤੀ ਜਾਂਦੀ ਹੈ ਕਿ ਟੋਏ ਦੀ ਬਨਾਵਟ ਸ਼ੰਕੂ ਆਕਾਰ ਵਿੱਚ ਕੀਤੀ ਜਾਵੇ ਤਾਂ ਉਹ ਪਾਸਿਆਂ ਤੋਂ ਡਿੱਗਦਾ ਨਹੀਂ ਹੈ
ਝੋਨੇ ਦੇ ਖੇਤਾਂ ‘ਚ ਵੱਟਾਂ ਦੀ ਵਾਧੂ ਉਚਾਈ:
ਝੋਨੇ ਦੇ ਖੇਤਾਂ ਵਿਚ ਵੱਟਾਂ ਦੀ ਉਚਾਈ ਨੂੰ ਵਧਾਇਆ ਜਾ ਸਕਦਾ ਹੈ ਤਾਂ ਜੋ ਮੀਂਹ ਦਾ ਪਾਣੀ ਅਤੇ ਕਿਸਾਨ ਦੇ ਖੇਤ ਦੀ ਖਾਦ ਉਸਦੇ ਖੇਤ ਵਿਚ ਰਹੇ ਝੋਨੇ ਦੇ ਖੇਤ ਵਿੱਚ, ਵੱਧ ਤੋਂ ਵੱਧ ਮੀਂਹ ਦੇ ਪਾਣੀ ਦੀ ਸੰਭਾਲ ਵਾਸਤੇ ਹਲਕੀਆਂ, ਮੱੱਧਮ ਅਤੇ ਭਾਰੀਆਂ ਜ਼ਮੀਨਾਂ ਵਿੱਚ ਵੱਟ ਦੀ ਉਚਾਈ 17.5, 22.5 ਅਤੇ 27.5 ਸੈਂਟੀਮੀਟਰ ਕ੍ਰਮਵਾਰ ਦੀ ਸਿਫਾਰਿਸ਼ ਕੀਤੀ ਗਈ ਹੈ ਇਸ ਸਾਧਾਰਨ ਅਭਿਆਸ ਨਾਲ ਝੋਨੇ ਦਾ ਖੇਤ ਬਰਸਾਤ ਦੇ ਮੌਸਮ ਵਿਚ ਰੀਚਾਰਜ ਬੇਸਿਨ ਦਾ ਕੰਮ ਕਰੇਗਾ
ਪਿੰਡ ਦੇ ਛੱਪੜਾਂ ਦਾ ਸ਼ੁੱਧੀਕਰਨ:
ਰਾਜ ਵਿੱਚ 18,000 ਤੋਂ ਵੱਧ ਪਿੰਡਾਂ ਦੇ ਛੱਪੜ ਹਨ, ਪਿੰਡਾਂ ਦੇ ਘਰਾਂ ਦਾ ਗੰਦਾ ਪਾਣੀ ਇਹਨਾਂ ਛੱਪੜਾਂ ਵਿਚ ਵਗਦਾ ਹੈ ਪਾਈਪਾਂ ਵਾਲੀ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਣਾਲੀ ਦੇ ਨਾਲ-ਨਾਲ ਪਿੰਡਾਂ ਦੇ ਘਰਾਂ ਤੱਕ ਪਹੁੰਚਣ ਨਾਲ, ਸਾਲਾਂ ਤੋਂ ਇਹਨਾਂ ਛੱਪੜਾਂ ਵਿੱਚ ਵਗਦਾ ਪਾਣੀ ਕਾਫੀ ਵਧ ਗਿਆ ਹੈ ਪਾਣੀ ਦੀ ਸਮਰੱਥਾ ਵਧਾਉਣ ਅਤੇ ਇਹ ਨਿਸ਼ਚਿਤ ਕਰਨ ਲਈ ਕਿ ਪਾਣੀ ਦੀ ਕੁਆਲਿਟੀ ਖੇਤੀਬਾੜੀ ਲਈ ਠੀਕ ਹੈ ਤਾਂ ਜੋ ਛੱਪੜਾਂ ਦਾ ਸ਼ੁੱਧੀਕਰਨ ਕੀਤਾ ਜਾਵੇ
ਇਸ ਦੇ ਨਾਲ ਨਾ ਸਿਰਫ਼ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਪਰ ਆਏਗਾ ਸਗੋਂ ਪੇਂਡੂ ਵਾਤਾਵਰਨ ਅਤੇ ਆਰਥਿਕ ਹਾਲਾਤਾਂ ਵਿੱਚ ਵੀ ਸੁਧਾਰ ਹੋਵੇਗਾ, ਪਾਣੀ ਨੂੰ ਖੇਤੀਬਾੜੀ ਦੇ ਖੇਤਾਂ ਵਿੱਚ ਲਿਜਾਣ ਲਈ ਇਹਨਾਂ ਤਲਾਬਾਂ ਵਿੱਚੋਂ ਜ਼ਮੀਨਦੋਜ਼ ਪਾਈਪਾਂ ਪਾਈਆਂ ਜਾਣੀਆਂ ਚਾਹੀਦੀਆਂ ਹਨ ਵਿਭਾਗ ਦੇ ਇੱਕ ਅੰਦਾਜੇ ਅਨੁਸਾਰ ਸਿੰਚਾਈ ਲਈ ਪਿੰਡ ਦੇ ਛੱਪੜ ਦੇ ਪਾਣੀ ਦੀ ਮੁਰੰਮਤ ਅਤੇ ਮੁੜ ਵਰਤੋਂ ਨਾਲ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਪ੍ਰਤੀ ਸਾਲ 6 ਸੈਮੀ. ਤੱਕ ਘਟ ਜਾਵੇਗੀ
ਧੰਨਵਾਦ ਸਹਿਤ, ਚੰਗੀ ਖੇਤੀ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।