ਬੇਅਦਬੀ ਮਾਮਲਾ : ਫਰੀਦਕੋਟ ਅਦਾਲਤ ਨੇ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਭਰਾਵਾਂ ਦੀ ਗ੍ਰਿਫਤਾਰੀ ਸਬੰਧੀ ਮੰਗਿਆ ਜਵਾਬ

ਜਸਵਿੰਦਰ ਪੁਸ਼ਪਿੰਦਰ

(ਸੱਚ ਕਹੂੰ ਨਿਊਜ਼) ਫਰੀਦਕੋਟ। ਬੇਅਦਬੀ ਦੀਆਂ ਘਟਨਾਵਾਂ ਦੇ ਮਾਮਲੇ ’ਚ ਫਰੀਦਕੋਟ ਅਦਾਲਤ ਨੇ 2015 ’ਚ ਗ੍ਰਿਫਤਾਰ ਕੀਤੇ ਗਏ ਦੋ ਭਰਾਵਾਂ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਦੀ ਗ੍ਰਿਫਤਾਰੀ ਅਤੇ ਰਿਹਾਈ ਸਬੰਧੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਹੈ ਅਦਾਲਤ ਨੇ ਇਹ ਹੁਕਮ ਡੇਰਾ ਸੱਚਾ ਸੌਦਾ ਦੇ ਵਕੀਲਾਂ ਵੱਲੋਂ ਪਾਈ ਗਈ ਅਰਜੀ ਦੀ ਸੁਣਵਾਈ ਕਰਦਿਆਂ ਦਿੱਤਾ। (Sacrilege Faridkot Court)

ਜ਼ਿਕਰਯੋਗ ਹੈ ਕਿ ਸੰਨ 2015 ’ਚ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਵਾਸੀ ਪਿੰਡ ਪੰਜਗਰਾਈ ਜ਼ਿਲ੍ਹਾ ਫਰੀਦਕੋਟ ਦਾ ਬੇਅਦਬੀ ਦੇ ਮਾਮਲੇ ’ਚ ਹੱਥ ਸੀ।

ਇਹ ਵੀ ਪੜ੍ਹੋ:  ਬੇਅਦਬੀ ਮਾਮਲੇ ‘ਚ ਦੋਵਾਂ ਭਰਾਵਾਂ ਦੀ ਗੱਲਬਾਤ ਦਾ ਖੁਲਾਸਾ, ਕਬੂਲਨਾਮ

ਇਨ੍ਹਾਂ ਦੋਵਾਂ ਵਿਅਕਤੀਆਂ ਦੀ ਗੱਲਬਾਤ ਦੀ ਇੱਕ ਆਡੀਓ ਸਾਹਮਣੇ ਆਈ ਸੀ ਜਿਸ ਵਿੱਚ ਇਹ ਦੋਵੇਂ ਭਰਾ ਪਵਿੱਤਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ ਆਪਣੇ ਕੋਲ ਹੋਣ ਬਾਰੇ ਗੱਲ ਕਰ ਰਹੇ ਸਨ ਉਸ ਸਮੇਂ ਦੇ ਏਡੀਜੀਪੀ ਇਕਬਾਲ ਸਿੰਘ ਸਹੋਤਾ ਨੇ ਬਕਾਇਦਾ ਪ੍ਰੈੱਸ ਕਾਨਫਰੰਸ ਕਰਕੇ ਇਸ ਗੱਲ ਦਾ ਖੁਲਾਸਾ ਕੀਤਾ ਸੀ ਕਿ ਪੁਲਿਸ ਨੇ ਬੇਅਦਬੀ ਦਾ ਮਾਮਲਾ ਹੱਲ ਕਰ ਲਿਆ ਹੈ।

ਸਹੋਤਾ ਨੇ ਆਡੀਓ ਜਾਰੀ ਕਰਦਿਆਂ ਦੱਸਿਆ ਸੀ ਕਿ ਪਵਿੱਤਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗਾਂ ਦੀ ਚੋਰੀ ਇਨ੍ਹਾਂ ਵੱਲੋਂ ਹੀ ਕੀਤੀ ਗਈ ਸੀ ਇਨ੍ਹਾਂ ਦੋਸ਼ਾਂ ਦੇ ਆਧਾਰ ’ਤੇ ਪੁਲਿਸ ਨੇ ਇਨ੍ਹਾਂ ਦੋਵਾਂ ਭਰਾਵਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਪਰ ਕੁਝ ਜੱਥੇਬੰਦੀਆਂ ਦੇ ਦਬਾਅ ਕਰਕੇ ਬਾਅਦ ’ਚ ਇਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।

ਹੁਣ ਡੇਰਾ ਸੱਚਾ ਸੌਦਾ ਦੇ ਵਕੀਲਾਂ ਨੇ ਫਰੀਦਕੋਟ ਅਦਾਲਤ ’ਚ ਅਰਜੀ ਪਾ ਕੇ ਮੰਗ ਕੀਤੀ ਹੈ ਕਿ ਪੁਲਿਸ ਉਹ ਸਾਰਾ ਰਿਕਾਰਡ ਮੁਹੱਈਆ ਕਰਵਾਏ ਜਿਸ ਦੇ ਆਧਾਰ ’ਤੇ ਪੰਜਾਬ ਪੁਲਿਸ ਨੇ ਜਸਵਿੰਦਰ ਤੇ ਰੁਪਿੰਦਰ ਨੂੰ ਪਰਚਾ ਦਰਜ ਕਰਕੇ ਗ੍ਰਿਫਤਾਰ ਕੀਤਾ ਸੀ ਅਤੇ ਇਸੇ ਤਰ੍ਹਾਂ ਰਿਹਾਈ ਲਈ ਜੋ ਰਿਕਾਰਡ ਹੈ ਉਹ ਵੀ ਸੌਂਪਿਆ ਜਾਵੇ।

ਡੇਰਾ ਸੱਚਾ ਸੌਦਾ ਦੇ ਵਕੀਲ ਪਹਿਲਾਂ ਵੀ ਪ੍ਰੈੱਸ ਦੇ ਵਿੱਚ ਇਸ ਗੱਲ ਦਾ ਖੁਲਾਸਾ ਕਰ ਚੁੱਕੇ ਸਨ ਕਿ ਜਸਵਿੰਦਰ ਅਤੇ ਰੁਪਿੰਦਰ ਨੇ ਸੰਨ 2015 ਵਿੱਚ ਪੰਜਾਬ ਪੁਲਿਸ ਕੋਲ ਆਪਣਾ ਇਕਬਾਲਨਾਮਾ ਵੀ ਪੇਸ਼ ਕੀਤਾ ਸੀ ਇਸੇ ਤਰ੍ਹਾਂ ਉਸ ਸਮੇਂ ਮਾਮਲੇ ਦੀ ਜਾਂਚ ਕਰ ਰਹੇ ਡੀਆਈਜੀ ਰਣਬੀਰ ਸਿੰਘ ਖੱਟੜਾ ਨੇ ਵੀ ਇਹ ਗੱਲ ਮੀਡੀਆ ਦੇ ਸਾਹਮਣੇ ਸਪੱਸ਼ਟ ਕੀਤੀ ਸੀ ਕਿ ਪਵਿੱਤਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅੰਗ ਇਨ੍ਹਾਂ ਦੋਵਾਂ ਭਰਾਵਾਂ ਕੋਲ ਸਨ ਡੇਰਾ ਸੱਚਾ ਸੌਦਾ ਦੇ ਐਡਵੋਕੇਟ ਕੇਵਲ ਸਿੰਘ ਬਰਾੜ ਨੇ ਦੱਸਿਆ ਕਿ ਅਦਾਲਤ ਨੇ ਪੰਜਾਬ ਸਰਕਾਰ ਤੋਂ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਸਬੰਧੀ ਜਵਾਬ ਮੰਗਿਆ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 22 ਸਤੰਬਰ ਨੂੰ ਹੋਵੇਗੀ

ਸੁਣੋ ਦੋਵਾਂ ਭਰਾਵਾਂ ਦਾ ਕਬੂਲਨਾਮਾ 

ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਦੀ ਭੂਮਿਕਾ

ਏਡੀਜੀਪੀ ਸਹੋਤਾ ਨੇ ਦੱਸਿਆ ਸੀ ਕਿ ਪੰਜਾਬ ’ਚ ਅਮਨ, ਸ਼ਾਂਤੀ ਨੂੰ ਭੰਗ ਕਰਨ ਲਈ ਸਾਲ 2015 ’ਚ ਬਰਗਾੜੀ ’ਚ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਦੇਸ਼ ਵਿਰੋਧੀ ਤਾਕਤਾਂ ਨੇ ਅੰਜਾਮ ਦਿੱਤਾ ਸੀ ਇਸ ਸਾਜਿਸ਼ ’ਚ ਦੋ ਸਕੇ ਭਰਾ ਜਸਵਿੰਦਰ ਸਿੰਘ ਤੇ ਰੁਪਿੰਦਰ ਸਿੰਘ ਵਾਸੀ ਪੰਜਗਰਾੲੀਂ ਜ਼ਿਲ੍ਹਾ ਫਰੀਦਕੋਟ ਸ਼ਾਮਲ ਸਨ ਤੇ ਉਨ੍ਹਾਂ ਨੂੰ ਫੰਡਿੰਗ ਬਾਹਰ ਤੋਂ ਕੀਤੀ ਜਾ ਰਹੀ ਸੀ।

ਇਕਬਾਲਪ੍ਰੀਤ ਸਿੰਘ ਸਹੋਤਾ ਨੇ ਕਿਹਾ ਸੀ ਕਿ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੁੱਲ ਸੱਤ ਕੇਸ ਦਰਜ ਕੀਤੇ ਗਏ ਸਨ, ਜਿਨ੍ਹਾਂ ’ਚੋਂ 5 ਨੂੰ ਸੁਲਝਾਉਣ ਦਾ ਉਨ੍ਹਾਂ ਦਾਅਵਾ ਕੀਤਾ ਸੀ ਇਨ੍ਹਾਂ ਪੰਜ ਕੇਸਾਂ ’ਚ ਬਰਗਾੜੀ ਕੇਸ ’ਚ ਦੋ ਮੁਲਜ਼ਮ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੂੰ ਐਸਆਈਟੀ ਨੇ ਗਿ੍ਰਫ਼ਤਾਰ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਜਾਂਚ ’ਚ ਪਤਾ ਲੱਗਾ ਕਿ ਇਨ੍ਹਾਂ ਦੋਵਾਂ ਭਰਾਵਾਂ ਦੀ ਵਿਦੇਸ਼ ’ਚ ਗੱਲ ਹੋ ਰਹੀ ਸੀ ਤੇ ਕੋਈ ਸਾਜਿਸ਼ ਚੱਲ ਰਹੀ ਸੀ ਤੇ ਪੈਸਿਆਂ ਦਾ ਲੈਣ-ਦੇਣ ਚੱਲ ਰਿਹਾ ਸੀ।

ਇਨ੍ਹਾਂ ਦੋਵਾਂ ਤੋਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਝ ਅੰਗ ਵੀ ਬਰਾਮਦ ਹੋਏ, ਜੋ ਕਿ ਸ੍ਰੀ ਗੁਰਦੁਆਰਾ ਸਾਹਿਬ ਤੋਂ ਇਹ ਲੈ ਕੇ ਗਏ ਸਨ ਉਨ੍ਹਾਂ ਕਿਹਾ ਕਿ ਕਾਨੂੰਨ ਦੇ ਅਨੁਸਾਰ ਜਦੋਂ ਅਸੀਂ ਇਨ੍ਹਾਂ ਦੋਵਾਂ ਭਰਾਵਾਂ ਦੀ ਪਹਿਲਾਂ ਵਾਲੀ ਕਾਲ ਇੰਟਰਸੈਪਟ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਇਨ੍ਹਾਂ ਨੇ ਫੋਨ ’ਤੇ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਗੱਲ ਕੀਤੀ ਸੀ ਤੇ ਉਹ ਗੱਲ ਅਸੀਂ ਅੱਜ ਸਭ ਨੂੰ ਸੁਣਾਈ (ਪ੍ਰੈਸ ਕਾਨਫਰੰਸ ’ਚ) ਹੈ ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇਨ੍ਹਾਂ ਨੇ ਇਹ ਘਿਨੌਣਾ ਕੰਮ ਕੀਤਾ ਹੈ। ਕਾਲ ’ਚ ਹੋਈ ਗੱਲ ਸਬੰਧੀ ਏਡੀਜੀਪੀ ਸਹੋਤਾ ਨੇ ਕਿਹਾ ਕਿ ਇਹ ਗੱਲ ਦੋਵਾਂ ਭਰਾਵਾਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦਰਮਿਆਨ ਹੋਈ ਸੀ ਉਨ੍ਹਾਂ ਦੱਸਿਆ ਕਿ ਗੱਲਬਾਤ ਇਸ ਪ੍ਰਕਾਰ ਹੈ:-

ਰੁਪਿੰਦਰ: ‘‘ਹਾਂ, ਤੇਰੇ ਕੋਲ ਅਮਨਾ ਆਵੇਗਾ, ਆਪਣੇ ਘਰ ਉਸ ਦੇ ਨਾਲ ਕੋਈ ਬੰਦਾ ਆਵੇਗਾ, ਉਸ ਨੂੰ ਮਿਲਾਉਣਾ ਐ ਤੂੰ ਮੇਰੇ ਨਾਲ, ਕਿਵੇਂ ਕਰੀਏ
ਜਸਵਿੰਦਰ: ਇਉਂ ਹੀ ਗੱਲ ਬਾਹਰ ਨਿਕਲ ਜਾਂਦੀ ਹੈ
ਰੁਪਿੰਦਰ: ਕੰਮ ਬਹੁਤ ਜ਼ਰੂਰੀ ਹੈ, ਉਸ ਦੇ ਕੋਲ ਮਹਾਰਾਜ ਦਾ ਸਮਾਨ ਪਿਆ ਹੈ ਅੰਗ’’
ਜਸਵਿੰਦਰ: ਕਿਹੜੇ ਜਿਹੜੇ ਪਾੜੇ ਨੇ, ਕਿ ਜਿਹੜੇ ਬਾਕੀ,
ਰੁਪਿੰਦਰ: ਬਸ ਅਗਾਂਹ ਨ੍ਹੀਂ ਗੱਲ ਕਰੀਦੀ, ਫੇਰ ਹੁਣ
ਏਡੀਜੀਪੀ ਸਹੋਤਾ ਨੇ ਕਿਹਾ ਕਿ ਇਨ੍ਹਾਂ ਗੱਲਾਂ ਤੋਂ ਇਲਾਵਾ ਇਨ੍ਹਾਂ ਦੀ ਦੁਬਈ ਤੇ ਅਸਟਰੇਲੀਆ ’ਚ ਵੀ ਗੱਲ ਕੀਤੀ ਹੋਈ ਮਿਲੀ ਹੈ ਇਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਇੱਥੇ ਕੋਈ ਵਿਦੇਸ਼ੀ ਸਾਜਿਸ਼ ਤਹਿਤ ਸਾਜਿਸ਼ ਘੜੀ ਜਾ ਰਹੀ ਹੈ
ਅਸਟਰੇਲੀਆ ਤੋਂ ਆਈ ਕਾਲ ’ਤੇ ਰੁਪਿੰਦਰ ਦੇ ਨਾਲ ਹੋਈ ਗੱਲਬਾਤ ਦੀ ਟ੍ਰਾਂਸਿਪਟ :
ਨਾਮਲੂਮ : ਜਾਂ ਤਾਂ ਕਿਸੇ ਬੰਦੇ ਨੂੰ ਆਪਣਾ ਨੰਬਰ ਦੇ ਦੇ, ਅਸੀਂ ਤਾਂ ਬਾਹਰ ਆ ਨਹੀਂ ਸਕਦੇ
ਰੁਪਿੰਦਰ: ਮੈਂ ਕਹਿੰਦਾ ਹਾਂ ਕਿਸੇ ਹੋਰ ਦੇ ਹੱਥ ਨਾ ਲੱਗ ਜਾਵੇ, ਜੋ ਭੇਜਣੀ ਹੈ
ਨਾਮਲੂਮ ਵਿਅਕਤੀ : ਮੈਂ ਜਾਂ ਤਾਂ ਏਦਾਂ ਕਰਦਾ ਹਾਂ ਕਿ ਤੇਰੇ ਹੱਥ ਦੇ ਕੇ ਜਾਣ ਘਰੇ,
ਰੁਪਿੰਦਰ : ਮੈਂ ਤੁਹਾਨੂੰ ਅਕਾਊਂਟ ਭੇਜ ਦਿੰਦਾ ਹਾਂ, ਨਾਲ ਹੀ ਸਿੰਘਾਂ ਨੂੰ ਏਟੀਐਮ ਦੇ ਦਿਆਂਗਾ, ਜਿਵੇਂ-ਜਿਵੇਂ ਸੇਵਾ ਹੋਈ, ਓਵੇਂ ਦੇਈ ਜਾਣਗੇ
ਨਾਮਾਲੂਮ ਵਿਅਕਤੀ : ਤੂੰ ਮੈਨੂੰ ਆਪਣਾ ਅਕਾਊਂਟ ਭੇਜ, ਮੈਂ ਉਸ ’ਚ ਪਵਾ ਦਿੰਦਾ ਹਾਂ
ਰੁਪਿੰਦਰ : ਮੈਂ ਤੁਹਾਡੇ ਨਾਲ ਪਰਸਨਲ ਗੱਲ ਕਰਨੀ ਸੀਗੀ, ਮੈਂ ਕਿਤੇ ਬੈਠਾ ਹਾਂ, ਮੈਂ ਵਟਸਐਪ ਤੋਂ ਮੈਸੇਜ ਕਰਾਂਗਾ ਤੇ 85985 ਤੋਂ ਮਿਸ ਕਾਲ ਕਰਾਂਗਾ, ਤੇ ਤੁਸੀਂ ਕਾਲ ਕਰਿਓ।
ਨਾਮਾਲੂਮ ਵਿਅਕਤੀ : ਮੇਰਾ ਵੀਰ ਜ਼ਰੂਰ ਕਰੀਂ, ਸਾਨੂੰ ਸਭਨੂੰ ਬਹੁਤ ਫਿਕਰ ਹੈ ਕਿਉਂਕਿ ਨੇੜਲਾ ਬੰਦਾ ਤੂੰ ਹੀ ਹੈ’, ਜਿਸ ਤੋਂ ਕੋਈ ਗੱਲਬਾਤ ਪਤਾ ਲੱਗਦੀ ਹੈ।

ਇਸ ਗੱਲਬਾਤ ਤੋਂ ਬਾਅਦ ਜਦੋਂ ਇੱਕ ਪੱਤਰਕਾਰ ਨੇ ਏਡੀਜੀਪੀ ਸਹੋਤਾ ਨੂੰ ਪੁੱਛਿਆ ਕਿ ਇਸ ਤੋਂ ਕੀ ਪਤਾ ਲੱਗਦਾ ਹੈ ਤਾਂ ਉਨ੍ਹਾਂ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸਭ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਜੋ ਪੈਸੇ ਦੀ ਗੱਲ ਹੋ ਰਹੀ ਹੈ, ਉਸ ਤੋਂ ਲੱਗਦਾ ਹੈ ਕਿ ਵਿਦੇਸ਼ਾਂ ’ਚ ਪੰਜਾਬ ਦੀ ਅਮਨ ਸ਼ਾਂਤੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਘਿਨੌਣੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਏਡੀਜੀਪੀ ਸਹੋਤਾ ਨੇ ਕਿਹਾ ਸੀ ਕਿ ਮੈਂ ਸਭ ਤੋਂ ਇਨ੍ਹਾਂ ਘਿਨੌਣੀਆਂ ਸਾਜਿਸ਼ਾਂ ਨੂੰ ਨਾਕਾਮ ਕਰਨ ਲਈ ਸਹਿਯੋਗ ਮੰਗਦਾ ਹਾਂ।

ਬਰਗਾੜੀ ਤੋਂ ਇਲਾਵਾ ਬੇਅਦਬੀ ਦੀਆਂ ਹੋਰ ਘਟਨਾਵਾਂ ’ਤੇ ਏਡੀਜੀਪੀ ਸਹੋਤਾ ਨੇ ਕਿਹਾ ਸੀ ਕਿ ਇਨ੍ਹਾਂ ਸਭ ਘਟਨਾਵਾਂ ਦਾ ਸਿਲਸਿਲਾ ਬਰਗਾੜੀ ਤੋਂ ਬਾਅਦ ਹੀ ਸ਼ੁਰੂ ਹੋਇਆ ਸੀ ਇਸ ਸਾਜਿਸ਼ ’ਚ ਜੋ ਵਿਦੇਸ਼ੀ ਹੱਥ ਹਨ, ਉਸ ਨੂੰ ਮੁੱਖ ਮੰਨ ਕੇ ਹੀ ਅਸੀਂ ਜਾਂਚ ਕਰ ਰਹੇ ਹਾਂ।
ਇਸ ਤੋਂ ਬਾਅਦ ਡੀਆਈਜੀ ਰਣਬੀਰ ਖੱਟੜਾ ਦੀ ਅਗਵਾਈ ਵਾਲੀ ਐਸਆਈਟੀ ਵੱਲੋਂ ਪੰਜਾਬ ਪੁਲਿਸ ਨੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਕੋਟਕਪੂਰਾ ਨਿਵਾਸੀ ਮਹਿੰਦਰਪਾਲ ਬਿੱਟੂ ਨੂੰ ਤਸੀਹੇ ਦੇ ਕੇ ਜਬਰੀ ਮੁਲਜ਼ਮ ਬਣਾਇਆ, ਜਿਸ ਦਾ ਬਾਅਦ ’ਚ ਇੱਕ ਸਾਜਿਸ਼ ਤਹਿਤ ਨਾਭਾ ਦੀ ਹਾਈ ਸਿਕਿਊਰਿਟੀ ਜੇਲ੍ਹ ’ਚ ਕਤਲ ਕਰਵਾਇਆ ਗਿਆ।

ਸਵਾਲ ਇਹ ਉੱਠਦਾ ਹੈ ਕਿ ਇਸ ਪੂਰੇ ਘਟਨਾ ਚੱਕਰ ’ਚ ਪੰਜਾਬ ਪੁਲਿਸ ਕਿਸ ਦੇ ਇਸ਼ਾਰੇ ’ਤੇ ਅਤੇ ਕਿਉ ਕੇਸ ਨੂੰ ਡੇਰਾ ਸੱਚਾ ਸੌਦਾ ਵੱਲ ਮੋੜ ਰਹੀ ਹੈ? ਓਧਰ ਡੇਰਾ ਸੱਚਾ ਸੌਦਾ ਵੱਲੋਂ ਮਾਣਯੋਗ ਹਾਈਕੋਰਟ ’ਚ ਪੰਜਾਬ ਪੁਲਿਸ ਵੱਲੋਂ ਪਿਛਲੇ ਦਿਨੀਂ ਪੂਜਨੀਕ ਗੁਰੂ ਜੀ ਦੇ ਮੰਗੇ ਗਏ ਪ੍ਰੋਡਕਸ਼ਨ ਵਾਰੰਟ ਦਾ ਵਿਰੋਧ ਕਰਦਿਆਂ ਘਟਨਾਵਾਂ ਦਾ ਨਾ ਸਿਰਫ਼ ਜ਼ਿਕਰ ਕੀਤਾ ਗਿਆ ਸਗੋਂ ਹਾਈਕੋਰਟ ਨੂੰ ਦੱਸਿਆ ਗਿਆ ਕਿ ਇਹ ਰਾਜਨੀਤਿਕ ਸਵਾਰਥਾਂ ਕਾਰਨ ਹੋ ਰਿਹਾ ਹੈ ਤੇ ਜਾਣਬੁੱਝ ਕੇ ਪੰਜਾਬ ਪੁਲਿਸ ਪੂਜਨੀਕ ਗੁਰੂ ਜੀ ਨੂੰ ਬਦਨਾਮ ਕਰਨ ਦੀ ਸਾਜਿਸ਼ ਤਹਿਤ ਉਕਤ ਬੇਅਦਬੀ ਕੇਸ ’ਚ ਨਾਮਜ਼ਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਦੋਂਕਿ ਪੂਰਾ ਮਾਮਲਾ ਵਿਦੇਸ਼ੀ ਸਾਜਿਸ਼ ਹੈ, ਜਿਸ ਦਾ ਖੁਲਾਸਾ ਖੁਦ ਪੰਜਾਬ ਪੁਲਿਸ ਕਰ ਚੁੱਕੀ ਹੈ।

ਇਸ ਸਾਜਿਸ਼ ’ਚ ਹੁਣ ਪੁਲਿਸ ਪੋਚਾਪਾਚੀ ਕਰ ਚੁੱਕੀ ਹੈ ਤੇ ਰਾਜਨੀਤਿਕ ਇਸ਼ਾਰਿਆਂ ’ਤੇ ਡੇਰਾ ਸੱਚਾ ਸੌਦਾ ਦੇ ਵਿਰੁੱਧ ਕਾਰਵਾਈ ਨੂੰ ਅੱਗੇ ਵਧਾਇਆ ਜਾ ਰਿਹਾ ਹੈ ਪੁਲਿਸ ਦੀ ਪੋਚਾਪਾਚੀ ਕਿਵੇਂ ਹੈ ਤੁਸੀਂ ਰੁਪਿੰਦਰ ਤੇ ਜਸਵਿੰਦਰ ਦੀ ਪੁਲਿਸ ਕਸਟਡੀ ਤੇ ਕੋਰਟ ’ਚ ਹੋਈ ਕਾਰਵਾਈ ਤੋਂ ਸਮਝ ਸਕਦੇ ਹੋ।

1. ਬਰਗਾੜੀ ’ਚ ਬੇਅਦਬੀ ਦੀਆਂ ਘਟਨਾਵਾਂ ਪਹਿਲੀ ਵਾਰ ਅਕਤੂਬਰ 2015 ’ਚ ਸਾਹਮਣੇ ਆਈਆਂ।

2. ਪੰਜਾਬ ਪੁਲਿਸ ਨੇ 20 ਅਕਤੂਬਰ 2015 ਨੂੰ ਰੁਪਿੰਦਰ ਤੇ ਜਸਵਿੰਦਰ ਨਾਂਅ ਦੇ ਦੋ ਵਿਅਕਤੀਆਂ ਨੂੰ ਗਿ੍ਰਫ਼ਤਾਰ ਕੀਤਾ ਜਿਨ੍ਹਾਂ ਨੇ ਪੁਲਿਸ ਪੁੱਛਗਿੱਛ ’ਚ ਮੰਨਿਆ ਕਿ ਉਨ੍ਹਾਂ ਬੇਅਦਬੀ ਕੀਤੀ ਹੈ, ਕਿਉਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮਾਫ਼ੀ ਦੇ ਦਿੱਤੀ ਗਈ ਹੈ ਇਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਇਸ ਤੋਂ ਬਾਅਦ ਉਨ੍ਹਾਂ ਬੇਅਦਬੀ ਦੀਆਂ ਘਿਨੌਣੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ।

3. ਰੁਪਿੰਦਰ ਤੇ ਜਸਵਿੰਦਰ ਦੇ ਲਾਈ ਡਿਟੈਕਟਸ਼ਨ ਟੈਸਟ ਲਈ ਜਦੋਂ ਪੁਲਿਸ ਨੇ ਅਦਾਲਤ ’ਚ ਪਟੀਸ਼ਨ ਦਿੱਤੀ ਉਦੋਂ ਅਦਾਲਤ ਨੇ ਦੋਵਾਂ ਮੁਲਜ਼ਮਾਂ ਤੋਂ ਉਨ੍ਹਾਂ ਤੋਂ ਲਾਈ ਡਿਟੈਕਟਸ਼ਨ ਟੈਸਟ ਦੇਣ ਬਾਰੇ ਮਨਜ਼ੂਰੀ ਚਾਹੀ ਉਦੋਂ ਰੁਪਿੰਦਰ ਤੇ ਜਸਵਿੰਦਰ ਦੋਵਾਂ ਨੇ ਲਾਈ ਡਿਟੈਕਟਸ਼ਨ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਇਹ ਇਸ਼ਾਰਾ ਕਰਦਾ ਹੈ ਕਿ ਉਹ ਆਪਣਾ ਜ਼ੁਰਮ ਲੁਕਾ ਰਹੇ ਸਨ।

4. ਪੁਲਿਸ ਨੇ ਉਦੋਂ ਅਚਾਨਕ ਜਾਂਚ ਰੋਕ ਕੇ ਦੋਵਾਂ ਮੁਲਜ਼ਮਾਂ ਨੂੰ ਛੱਡ ਦੇਣ ਦੀ ਅਦਾਲਤ ’ਚ ਪਟੀਸ਼ਨ ਲਾਈ, ਕਿਉ? ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦੀ ਉਸ ਪਟੀਸ਼ਨ ’ਤੇ ਮਾਣਯੋਗ ਅਦਾਲਤ ਨੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਮੁਲਜ਼ਮ ਰੁਪਿੰਦਰ ਤੇ ਜਸਵਿੰਦਰ ਨੂੰ ਪੁਲਿਸ ਦੀ ਪਟੀਸ਼ਨ ’ਤੇ ਸਿਰਫ਼ ਛੱਡ ਰਹੇ ਹਨ ਇਸ ਦਾ ਇਹ ਮਤਲਬ ਨਹੀਂ ਹੈ ਕਿ ਉਨ੍ਹਾਂ ਨੂੰ ਦੋਸ਼ ਮੁਕਤ ਕੀਤਾ ਜਾ ਰਿਹਾ ਹੈ।

5. ਹੁਣ ਛੇ ਸਾਲਾਂ ਬਾਅਦ ਵੀ ਬੇਅਦਬੀ ਕੇਸ ’ਚ ਰੁਪਿੰਦਰ ਤੇ ਜਸਵਿੰਦਰ ਵਿਰੁੱਧ ਜਾਂਚ ਕਿਉ ਰੁਕੀ ਹੋਈ ਹੈ?

6. ਬਰਗਾੜੀ ਬੇਅਦਬੀ ਕੇਸ ਦੀ ਜਾਂਚ ਕਰ ਰਹੀ ਮੌਜ਼ੂਦਾ ਐਸਆਈਟੀ ਦੇ ਮੁਖੀ ਆਈਜੀ ਐਸਪੀਐਸ ਪਰਮਾਰ ਨੇ ਕੀ ਰੁਪਿੰਦਰ ਅਤੇ ਜਸਵਿੰਦਰ ਤੋਂ ਕੋਈ ਪੁੱਛਗਿੱਛ ਕੀਤੀ ਹੈ? ਜੇਕਰ ਨਹੀਂ ਤਾਂ ਉਨ੍ਹਾਂ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ ਜਾ ਰਹੀ?

7. ਬੇਅਦਬੀ ਮਾਮਲੇ ’ਚ ਰੁਪਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਕੀ ਅੱਜ ਵੀ ਆਪਣਾ ਲਾਈ ਡਿਟੈਕਟਸ਼ਨ ਟੈਸਟ ਕਰਵਾਉਣ ਲਈ ਤਿਆਰ ਹਨ? ਜ਼ਿਕਰਯੋਗ ਹੈ ਕਿ ਉਕਤ ਬੇਅਦਬੀ ਮਾਮਲੇ ’ਚ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਪਣਾ ਲਾਈ ਡਿਟੈਕਟਸ਼ਨ ਟੈਸਟ (ਪਾਲੀਗ੍ਰਾਫ) ਕਰਵਾ ਚੁੱਕੇ ਹਨ ਜਿਸ ਆਧਾਰ ’ਤੇ ਡੇਰਾ ਸ਼ਰਧਾਲੂਆਂ ਨੂੰ ਬੇਅਦਬੀ ਦੇ ਮਾਮਲੇ ’ਚ ਸੀਬੀਆਈ ਕਲੀਨ ਚਿੱਟ ਦੇ ਚੁੱਕੀ ਹੈ।

8. ਕੀ ਪੰਜਾਬ ਪੁਲਿਸ ਇਸ ਗੱਲ ਤੋਂ ਇਨਕਾਰ ਕਰ ਸਕਦੀ ਹੈ ਕਿ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਨੇ ਪੁਲਿਸ ਦੇ ਸਾਹਮਣੇ ਬੇਅਦਬੀ ਕਰਨਾ ਕਬੂਲਿਆ ਸੀ।

ਅਜਿਹੇ ਬਹੁਤ ਸਾਰੇ ਸਵਾਲ ਹਨ ਜਿਨ੍ਹਾਂ ਦੇ ਜਵਾਬ ਪੰਜਾਬ ਪੁਲਿਸ ਅੱਜ ਤੱਕ ਆਮ ਲੋਕਾਂ ਅਤੇ ਅਦਾਲਤ ਨੂੰ ਨਹੀਂ ਦੇ ਸਕੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ