ਪੰਜਾਬ ਪੁਲਿਸ ’ਤੇ ਨਹੀਂ ਭਰੋਸਾ, ਸੀਬੀਆਈ ਤੋਂ ਕਰਵਾਈ ਜਾਵੇ ਕਤਲ ਦੀ ਜਾਂਚ
- ਮਹਿੰਦਰ ਪਾਲ ਬਿੱਟੂ ਦੀ ਪਤਨੀ ਸੰਤੋਸ਼ ਕੁਮਾਰੀ ਪੁੱਜੀ ਹਾਈਕੋਰਟ, ਸੀਬੀਆਈ ਤੋਂ ਜਾਂਚ ਦੀ ਕੀਤੀ ਮੰਗ
(ਅਸ਼ਵਨੀ ਚਾਵਲਾ) ਚੰਡੀਗੜ, 10 ਨਵੰਬਰ। ਬੇਅਦਬੀ ਮਾਮਲੇ ਵਿੱਚ ਝੂਠਾ ਫਸਾਉਣ ਤੋਂ ਬਾਅਦ ਪੁਲਿਸ ਵੱਲੋਂ ਦਿੱਤੇ ਗਏ ਤਸੀਹਿਆਂ ਦੀ ਪੋਲ ਨਾ ਖੁੱਲ੍ਹ ਜਾਵੇ, ਇਸ ਲਈ ਜੇਲ੍ਹ ਵਿੱਚ ਹੀ ਡੇਰਾ ਸ਼ਰਧਾਲੂ ਮਹਿੰਦਰ ਪਾਲ ਬਿੱਟੂ ਦਾ ਕਤਲ ਪੰਜਾਬ ਪੁਲਿਸ ਦੇ ਅਧਿਕਾਰੀਆਂ ਵੱਲੋਂ ਕਰਵਾ ਦਿੱਤਾ ਗਿਆ। ਇਸ ਲਈ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ ਥਾਂ ’ਤੇ ਸੀਬੀਆਈ ਤੋਂ ਕਰਵਾਈ ਜਾਵੇ। ਇਹ ਮੰਗ ਕਰਦਿਆਂ ਸਵ. ਮਹਿੰਦਰ ਪਾਲ ਬਿੱਟੂ ਦੀ ਧਰਮ ਪਤਨੀ ਸੰਤੋਸ਼ ਕੁਮਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪੁੱਜ ਗਈ ਹੈ।
ਸੰਤੋਸ਼ ਕੁਮਾਰੀ ਵੱਲੋਂ ਪਾਈ ਗਈ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਮਹਿੰਦਰਪਾਲ ਬਿੱਟੂ ਕਦੇ ਵੀ ਬੇਅਦਬੀ ਬਾਰੇ ਸੋਚ ਵੀ ਨਹੀਂ ਸਕਦਾ ਸੀ, ਪਰ ਉਸ ਨੂੰ ਇਸੇ ਦੋਸ਼ ਵਿੱਚ ਫੜ ਕੇ ਪੰਜਾਬ ਪੁਲਿਸ ਦੀ ਸਪੈਸ਼ਲ ਜਾਂਚ ਟੀਮ ਨੇ ਬੇਹੱਦ ਤਸੀਹੇ ਦਿੱਤੇ ਸਨ। ਪਟੀਸ਼ਨ ਵਿੱਚ ਦੱਸਿਆ ਹੈ ਕਿ ਮਹਿੰਦਰਪਾਲ ਬਿੱਟੂ ਵੱਲੋਂ ਜੇਲ੍ਹ ਅੰਦਰ ਡਾਇਰੀ ਲਿਖੀ ਜਾਂਦੀ ਸੀ, ਜਿਹੜੀ ਕਿ ਉਸ ਦੇ ਕੱਪੜੇ ਦੇ ਨਾਲ ਉਨਾਂ ਕੋਲ 2 ਸਾਲ ਪਹਿਲਾਂ ਪੁੱਜੀ ਸੀ। ਜਿਸ ਵਿੱਚ ਮਹਿੰਦਰ ਪਾਲ ਬਿੱਟੂ ਨੇ ਪੰਜਾਬ ਪੁਲਿਸ ’ਤੇ ਗੰਭੀਰ ਦੋਸ਼ ਲਗਾਏ ਹਨ ਅਤੇ ਸਾਰੇ ਮਾਮਲੇ ਬਾਰੇ ਡੂੰਘਾਈ ਨਾਲ ਜਾਣਕਾਰੀ ਵੀ ਦਿੱਤੀ ਹੈ।
ਮਹਿੰਦਰ ਪਾਲ ਬਿੱਟੂ ਵੱਲੋਂ ਲਿਖੀ ਗਈ 32 ਪੰਨਿਆਂ ਦੀ ਡਾਇਰੀ ਵਿੱਚ ਇਹ ਦੱਸਿਆ ਗਿਆ ਹੈ ਕਿ ਉਸ ਨੂੰ ਝੂਠੇ ਕੇਸ ਵਿੱਚ ਫਸਾਉਣ ਦੇ ਨਾਲ ਹੀ ਉਸ ਤੋਂ ਧੱਕੇ ਨਾਲ 164 ਦੇ ਬਿਆਨ ਵੀ ਲਏ ਗਏ ਸਨ। ਇਸ ਸਬੰਧੀ ਆਈ ਜੀ ਪੱੱਧਰ ਦੇ ਇੱਕ ਅਧਿਕਾਰੀ ਵੱਲੋਂ ਕਾਫ਼ੀ ਜਿਆਦਾ ਧੱਕਾਸ਼ਾਹੀ ਕਰਨ ਦੇ ਦੋਸ਼ ਲਗਾਏ ਗਏ ਹਨ।
ਮਹਿੰਦਰ ਪਾਲ ਬਿੱਟੂ ਨੂੰ ਨਾਭਾ ਜੇਲ੍ਹ ਵਿੱਚ ਮਰਵਾਉਣ ਬਾਰੇ ਪਹਿਲਾਂ ਹੀ ਉਸ ਨੂੰ ਦੱਸ ਦਿੱਤਾ ਗਿਆ ਸੀ ਕਿ ਉਹਨੂੰ ਨਾਭਾ ਜੇਲ੍ਹ ਵਿੱਚ ਮਰਵਾਇਆ ਵੀ ਜਾ ਸਕਦਾ ਹੈ। ਸੰਤੋਸ਼ ਕੁਮਾਰੀ ਨੇ ਆਪਣੀ ਪਟੀਸ਼ਨ ਵਿੱਚ ਦੋਸ਼ ਲਗਾਇਆ ਹੈ ਕਿ ਮਹਿੰਦਰ ਪਾਲ ਬਿੱਟੂ ਦੇ ਕਤਲ ਹੋਣ ਤੋਂ ਬਾਅਦ ਇਹ ਡਾਇਰੀ ਡਿਪਟੀ ਕਮਿਸ਼ਨਰ ਰਾਹੀਂ ਉਨਾਂ ਨੇ ਜਾਂਚ ਟੀਮ ਕੋਲ ਭੇਜੀ ਸੀ ਤਾਂ ਕਿ ਕਤਲ ਮਾਮਲੇ ਦੀ ਜਾਂਚ ਵਿੱਚ ਸਾਰਾ ਕੁਝ ਬਾਹਰ ਆ ਸਕੇ ਪਰ ਪਿਛਲੇ 2 ਸਾਲਾਂ ਦੌਰਾਨ ਇਸ ਮਾਮਲੇ ਵਿੱਚ ਕੁਝ ਵੀ ਨਹੀਂ ਕੀਤਾ ਗਿਆ।
ਉਨਾਂ ਕਿਹਾ ਕਿ ਮਹਿੰਦਰਪਾਲ ਬਿੱਟੂ ਨੂੰ ਇਸ ਕਰਕੇ ਮਰਵਾਇਆ ਗਿਆ ਸੀ ਕਿ ਉਹ ਜਲਦ ਹੀ ਜੇਲ੍ਹ ਵਿੱਚੋਂ ਜਮਾਨਤ ’ਤੇ ਬਾਹਰ ਆ ਜਾਏਗਾ ਅਤੇ ਪੰਜਾਬ ਪੁਲਿਸ ਦੀ ਸਾਰੀ ਪੋਲ ਉਹ ਖੋਲ੍ਹ ਦੇਵੇਗਾ ਇਸ ਲਈ ਪੁਲਿਸ ਨੇ ਆਪਣੀ ਪੋਲ ਖੁਲ੍ਹਣ ਦੇ ਡਰੋਂ ਹੀ ਮਹਿੰਦਰ ਪਾਲ ਬਿੱਟੂ ਨੂੰ ਮਰਵਾਇਆ ਹੈ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੇ 4-5 ਮਾਮਲੇ ਹੋ ਚੁੱਕੇ ਹਨ। ਇਸ ਲਈ ਕਤਲ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ ਥਾਂ ’ਤੇ ਸੀਬੀਆਈ ਤੋਂ ਕਰਵਾਈ ਜਾਵੇ। ਪਟੀਸ਼ਨ ਦੇ ਨਾਲ ਹੀ ਮਹਿੰਦਰਪਾਲ ਬਿੱਟੂ ਦੀ 32 ਪੰਨਿਆਂ ਦੀ ਡਾਇਰੀ ਵੀ ਹਾਈ ਕੋਰਟ ’ਚ ਪਾਈ ਗਈ ਪਟੀਸ਼ਨ ਦੇ ਨਾਲ ਲਾਈ ਗਈ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ