ਸੌਦੇ ਨਾਲੋਂ ਵੱਧ ਪਿਆਰਾ ਹੁੰਦਾ ਸੀ ਰੂੰਗਾ

ਸੌਦੇ ਨਾਲੋਂ ਵੱਧ ਪਿਆਰਾ ਹੁੰਦਾ ਸੀ ਰੂੰਗਾ

ਸਮਾਂ ਤੇ ਸਮੁੰਦਰ ਦੀਆਂ ਲਹਿਰਾਂ ਵਿਚ ਇੱਕ ਵੱਡੀ ਸਮਾਨਤਾ ਇਹ ਹੁੰਦੀ ਹੈ ਕਿ ਇਹ ਬਹੁਤ ਕੁਝ ਨਵਾਂ ਲੈ ਕੇ ਆਉਂਦੇ ਹਨ ਤੇ ਪੁਰਾਣਾ ਸਮੇਟ ਕੇ ਲੈ ਜਾਂਦੇ ਹਨ ਜਾਣ ਵਾਲਾ ਹਰ ਪਲ ਇਤਿਹਾਸ ਬਣ ਜਾਂਦਾ ਹੈ ਤੇ ਆਉਣ ਵਾਲਾ ਪਲ ਨਵੀਆਂ ਪੈੜਾਂ ਪਾਉਂਦਾ ਹੈ ਬੀਤੇ ਸਮੇਂ ਦੇ ਅਹਿਸਾਸ ਏਨੇ ਲਜ਼ੀਜ਼ ਸਨ ਕਿ ਉਹ ਭੁੱਲੇ ਨਹੀਂ ਜਾ ਸਕਦੇ ਨਵੇਂ ਅਹਿਸਾਸ ਸਾਨੂੰ ਕੁਝ ਅਜੀਬ ਮਹਿਸੂਸ ਹੁੰਦੇ ਹਨ ਪੁਰਾਣੀਆਂ ਪਿਰਤਾਂ, ਮੋਹ-ਮੁਹੱਬਤਾਂ ਬੀਤੇ ਸਮੇਂ ਦੀਆਂ ਕਹਾਣੀਆਂ ਬਣਦੀਆਂ ਜਾ ਰਹੀਆਂ ਹਨ ਸਾਡੇ ਪਿਓ-ਦਾਦੇ ਦੇ ਜ਼ਮਾਨੇ ਦੀਆਂ ਬਹੁਤੀਆਂ ਰਹੁ-ਰੀਤਾਂ ਤੋਂ ਅਸੀਂ ਅਣਜਾਣ ਹਾਂ ਤੇ ਸਾਡੇ ਸਮੇਂ ਦੀਆਂ ਰਹੁ-ਰੀਤਾਂ ਤੋਂ ਸਾਡੇ ਬੱਚੇ ਅਨਜਾਣ ਹਨ

ਸਾਡੇ ਬਚਪਨ ਵਿਚ ਇਸੇ ਤਰ੍ਹਾਂ ਦੀ ਇੱਕ ਰੀਤ ਹੁੰਦੀ ਸੀ, ਰੂੰਗਾ ਅਜੋਕੇ ਬਹੁਤੇ ਬੱਚਿਆਂ ਨੂੰ ਤਾਂ ਇਸ ਰੂੰਗੇ ਸ਼ਬਦ ਦੇ ਅਰਥ ਵੀ ਪਤਾ ਨਹੀਂ ਹੋਣੇ ਸ਼ਹਿਰਾਂ ਵਿੱਚ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਦੇ ਬੱਚੇ ਤਾਂ ਯਕੀਨਨ ਇਸ ਤੋਂ ਬਿਲਕੁਲ ਹੀ ਅਣਜਾਣ ਹੋਣਗੇ ਕਿਉਂਕਿ ਨਾ ਅੱਜ-ਕੱਲ੍ਹ ਕੋਈ ਰੂੰਗਾ ਦਿੰਦਾ ਹੈ ਅਤੇ ਨਾ ਹੀ ਕੋਈ ਮੰਗਦਾ ਹੈ ਬਹੁਤੀ ਵਾਰ ਤਾਂ ਦੁਕਾਨ ’ਤੇ ਸਾਮਾਨ ਲੈਣ ਲਈ ਜਾਣ ਦੀ ਵੀ ਲੋੜ ਨਹੀਂ ਪੈਂਦੀ ਘਰ ਬੈਠੇ ਹੀ ਸਮਾਾਨ ਮਿਲ ਜਾਂਦਾ ਹੈ

ਓਦੋਂ ਸਾਡੇ ਮੁਹੱਲੇ ਵਿੱਚ ਦੋ ਦੁਕਾਨਾਂ ਹੀ ਹੁੰਦੀਆਂ ਸਨ ਜਾਂ ਫਿਰ ਸਾਮਾਨ ਲੈਣ ਲਈ ਰੇਲਵੇ ਫਾਟਕ ਲੰਘ ਕੇ ਦੋ-ਤਿੰਨ ਕਿਲੋਮੀਟਰ ਦੂਰ ਬਾਜ਼ਾਰ ਜਾਣਾ ਪੈਂਦਾ ਸੀ ਛੋਟੇ ਹੁੰਦੇ ਜਦ ਮਾਂ-ਬਾਪ ਨੇ ਕਰਿਆਨੇ ਦੀ ਦੁਕਾਨ ਤੋਂ ਕੋਈ ਸਾਮਾਨ ਲੈਣ ਸਾਨੂੰ ਭੇਜਣਾ ਤਾਂ ਪੂਰੇ-ਪੂਰੇ ਪੈਸੇ ਦੇਣੇ ਪੰਜ ਪੈਸੇ ਵੀ ਵੱਧ ਨਾ ਦੇਣੇ ਆਪਣੀ ਚੀਜ਼ ਲੈਣ ਲਈ ਬੱਸ ਸਾਰੇ ਦਿਨ ਵਿੱਚ 10 ਪੈਸੇ ਦਿੰਦੇ ਹੁੰਦੇ ਸਨ ਸਾਡੇ ਮਾਂ-ਬਾਪ ਸਾਨੂੰ ਮਾਂ-ਬਾਪ ਉਦੋਂ ਕਿਰਸੀ ਹੁੰਦੇ ਸਨ ਖਾਣ ਪਹਿਨਣ ਦੇ ਮਾਮਲੇ ਵਿੱਚ ਤਾਂ ਖਾਸ ਕਰਕੇ ਸ਼ਾਇਦ ਇਸੇ ਕਰਕੇ ਅੱਜ ਅਸੀਂ ਉਹਨਾਂ ਦੀਆਂ ਖਰੀਦੀਆਂ ਜਾਇਦਾਦਾਂ ਵਿੱਚ ਜ਼ਿੰਦਗੀ ਬਸਰ ਕਰ ਰਹੇ ਹਾਂ ਉਹਨਾਂ ਦਿਨਾਂ ਵਿੱਚ ਆਮਦਨ ਘਟ ਹੁੰਦੀ ਸੀ, ਇਸੇ ਕਰਕੇ ਖਰਚੇ ਸੀਮਤ ਰੱਖੇ ਜਾਂਦੇ ਸਨ ਉਦੋਂ 10 ਪੈਸਿਆਂ ਦੀ ਹੀ ਕਾਫ਼ੀ ਬੁੱਕਤ ਹੁੰਦੀ ਸੀ ਪਰ ਬਿੱਲਿਆਂ ਦੇ ਸਰ੍ਹਾਣੇ ਕਦ ਦਹੀਂ ਜੰਮਦਾ

ਉਹ ਦਸ ਪੈਸੇ ਸਾਡੀ ਜੇਬ੍ਹ ਵਿੱਚ ਦੋ ਮਿੰਟ ਵੀ ਨਾ ਟਿਕਦੇ ਤੇ ਜਦ ਅਸੀਂ ਦੁਕਾਨ ’ਤੇ ਘਰ ਦਾ ਕੋਈ ਸਾਮਾਨ ਲੈਣ ਜਾਣਾ ਤਾਂ ਸਾਮਾਨ ਨਾਲੋਂ ਜਿਆਦਾ ਸਾਡੀ ਦੁਕਾਨਦਾਰ ਵੱਲ ਨਿਗਾਹ ਹੁੰਦੀ ਕਿ ਉਹ ਸਾਨੂੰ ਰੂੰਗੇ ਵਿੱਚ ਕੀ ਦਿੰਦਾ ਹੈ ਸਾਮਾਨ ਦੇਣ ਤੋਂ ਬਾਦ ਦੁਕਾਨਦਾਰ ਮੁਫ਼ਤ ਵਿੱਚ ਜੋ ਚੀਜ਼ ਬੱਚਿਆਂ ਨੂੰ ਖਾਣ ਲਈ ਦਿੰਦੇ ਸਨ ਉਸਨੂੰ ਰੂੰਗਾ ਕਹਿੰਦੇ ਸਨ ਇਹ ਚੀਜ਼ ਕੋਈ ਟੋਫੀ, ਖਾਣ ਵਾਲੀ ਮਿੱਠੀ ਗੋਲੀ, ਗੁੜ ਦੀ ਡਲੀ ਜਾਂ ਥੋੜ੍ਹਾ ਜਿਹਾ ਨਮਕੀਨ ਭੁਜੀਆ ਹੁੰਦੇ ਸਨ ਉਸ ਸਮੇਂ ਲੋਕ ਲਾਲਚੀ ਨਹੀਂ ਸਨ ਹੁੰਦੇ ਅੱਜ ਤਾਂ ਛੋਟੀ ਤੋਂ ਛੋਟੀ ਚੀਜ਼ ਨੂੰ ਰੁਪਇਆ ਨਾਲ ਜ਼ਰਬਾਂ ਤਕਸੀਮਾਂ ਦਿੱਤੀਆਂ ਜਾਂਦੀਆਂ ਹਨ, ਉਦੋਂ ਇਹ ਗੱਲਾਂ ਨਹੀਂ ਸੋਚੀਆਂ ਜਾਂਦੀਆਂ ਸਨ

ਬੱਸ ਦੁਕਾਨਦਾਰ ਇਸ ਤਰ੍ਹਾਂ ਸੋਚਦਾ ਹੁੰਦਾ ਸੀ ਕਿ ਯਾਰ ਬੱਚਾ ਆਇਆ ਹੈ, ਖਾਲੀ ਨਾ ਮੋੜਾਂ ਜਦੋਂ ਕਦੇ ਦੁਕਾਨਦਾਰ ਰੂੰਗਾ ਦੇਣਾ ਭੁੱਲ ਜਾਂਦਾ ਜਾਂ ਜਾਣ-ਬੁੱਝ ਕੇ ਰੂੰਗਾ ਦੇਣ ਤੋਂ ਟਲ਼ ਰਿਹਾ ਹੁੰਦਾ ਤਾਂ ਅੱਗੋਂ ਰੂੰਗਾ ਮੰਗ ਲੈਣਾ ਜਾਂ ਉੱਥੇ ਹੀ ਨੀਵੀਂ ਪਾ ਕੇ ਪੈਰ ਦੇ ਅੰਗੂਠੇ ਨਾਲ ਮਿੱਟੀ ਖੁਰਚੀ ਜਾਣੀ ਤੇ ਦੁਕਾਨਦਾਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਣਾ ਤੇ ਉਸਨੇ ਰੂੰਗਾ ਦੇ ਕੇ ਸਾਨੂੰ ਰੁਖ਼ਸਤ ਕਰਨਾ

ਇੱਕ ਵਾਰ ਮੈਂ ਇਸੇ ਤਰ੍ਹਾਂ ਇੱਕ ਦੁਕਾਨ ਦੀ ਬੜੀ ਮਿੱਟੀ ਖੂਰਚੀ, ਪਰ ਦੁਕਾਨਦਾਰ ਸ਼ਾਇਦ ਮੇਰੇ ਨਾਲੋਂ ਜਿਆਦਾ ਢੀਠ ਸੀ ਆਪਣੀ ਦਾਲ ਨਾ ਗਲਦੀ ਦੇਖ ਕੇ ਮੈਂ ਦੁਕਾਨਦਾਰ ਨੂੰ ਕਿਹਾ, ‘‘ਚਾਚਾ ਜੀ, ਕੱਲ੍ਹ ਰਾਤੀਂ ਮੈਨੂੰ ਇੱਕ ਸੁਫ਼ਨਾ ਆਇਆ’’ ਗਲੀ ਗੁਆਂਢ ਵਿਚ ਪਿਤਾ ਦੇ ਹਮਉਮਰਾਂ ਨੂੰ ਚਾਚੇ-ਤਾਏ ਦੇ ਸੰਬੋਧਨ ਦਿੱਤੇ ਜਾਂਦੇ ਸਨ ਤੇ ਮਾਂ ਦੀਆਂ ਹਮਉਮਰ ਸਵਾਣੀਆਂ ਨੂੰ ਚਾਚੀਆਂ-ਤਾਈਆਂ ਦੇ ਸੰਬੋਧਨ ਦਿੱਤੇ ਜਾਂਦੇ ਸਨ ‘‘ਕੀ ਸੁਫ਼ਨਾ ਆਇਆ ਤੈਨੂੰ?’’

ਦੁਕਾਨਦਾਰ ਨੇ ਮੈਨੂੰ ਪੁੱਛਿਆ ‘‘ਮੈਨੂੰ ਮੇਰੀ ਬੀਬੀ ਨੇ (ਅਸੀਂ ਆਪਣੀ ਮਾਤਾ ਨੂੰ ਬਚਪਨ ਵਿਚ ਬੀਬੀ ਕਹਿ ਕੇ ਬੁਲਾਉਂਦੇ ਹੁੰਦੇ ਸਾਂ) ਸਰਫ ਲੈਣ ਥੋਡੀ ਦੁਕਾਨ ’ਤੇ ਭੇਜਿਆ ਗਲੀ ਦੇ ਮੋੜ ਤੋਂ ਪਤਾ ਨਹੀਂ ਕਿੱਥੋਂ ਇੱਕ ਕਾਲ਼ਾ ਨਾਗ਼ ਮੇਰੇ ਪਿੱਛੇ ਪੈ ਗਿਆ ਮੈਂ ਫੁੱਲ ਸਪੀਡ ’ਤੇ ਭੱਜਿਆ ਚਾਚਾ ਬੱਸ ਥੋਡੀ ਦੁਕਾਨ ’ਤੇ ਪਹੁੰਚਦੇ-ਪਹੁੰਚਦੇ ਮੇਰੇ ਤੇ ਸੱਪ ਵਿੱਚ ਬੱਸ ਏਨੀ ਕੁ ਵਿੱਥ ਰਹਿ ਗਈ ਸੀ, ਜਿੰਨੀ ਕੁ ਦੂਰ ਉਹ ਲਾਲ ਗੋਲੀਆਂ ਵਾਲਾ ਮਰਤਬਾਨ ਪਿਆ ਹੈ’’

ਤੇ ਜਦੋਂ ਦੁਕਾਨਦਾਰ ਨੇ ਮਰਤਬਾਨ ਵੱਲ ਦੇਖਿਆ ਤਾਂ ਉਸਦੇ ਝੱਟ ਸਮਝ ਆ ਗਿਆ ਕਿ ਕਿਹੜਾ ਇਹਨੂੰ ਸੁਫ਼ਨਾ ਆਇਆ, ਇਹ ਤਾਂ ਬਹਾਨੇ ਨਾਲ ਰੂੰਗਾ ਮੰਗਦਾ ਕਿਤੇ ਨਾ ਕਿਤੇ ਦੁਕਾਨਦਾਰ ਇਹ ਵੀ ਸੋਚਦਾ ਹੁੰਦਾ ਸੀ ਕਿ ਅੱਗੇ ਤੋਂ ਵੀ ਇਹ ਮੇਰੀ ਦੁਕਾਨ ’ਤੇ ਹੀ ਸੌਦਾ ਲੈਣ ਆਵੇ ਵਾਕਿਆ ਹੀ ਸੌਦੇ ਨਾਲੋਂ ਕਿਤੇ ਪਿਆਰਾ ਸਾਨੂੰ ਰੂੰਗਾ ਹੁੰਦਾ ਸੀ
ਬਠਿੰਡਾ
ਮੋ. 99889-95533
ਜਗਸੀਰ ਸਿੰਘ ਤਾਜ਼ੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.